ETV Bharat / state

Farmers Dharna: ਪ੍ਰਸ਼ਾਸਨ ਅਤੇ ਕਿਸਾਨ ਆਗੂਆਂ ਵਿਚਕਾਰ ਚਾਰ ਘੰਟੇ ਚੱਲੀ ਬੈਠਕ ਰਹੀ ਬੇਸਿੱਟਾ, ਕਿਸਾਨਾਂ ਵੱਲੋਂ ਸੂਬਾ ਪੱਧਰੀ ਧਰਨੇ ਦਾ ਐਲਾਨ

author img

By ETV Bharat Punjabi Team

Published : Nov 8, 2023, 11:03 AM IST

ਕਿਸਾਨਾਂ ਵੱਲੋਂ ਸੂਬਾ ਪੱਧਰੀ ਧਰਨੇ ਦਾ ਐਲਾਨ
ਕਿਸਾਨਾਂ ਵੱਲੋਂ ਸੂਬਾ ਪੱਧਰੀ ਧਰਨੇ ਦਾ ਐਲਾਨ

Stubble Burning Case: ਬਠਿੰਡਾ 'ਚ ਪ੍ਰਸ਼ਾਸਨਿਕ ਅਧਿਕਾਰੀ ਤੋਂ ਧੱਕੇ ਨਾਲ ਪਰਾਲੀ ਨੂੰ ਅੱਗ ਲਵਾਉਣ ਦੇ ਮਾਮਲੇ 'ਚ ਫੜੇ ਗਏ ਕਿਸਾਨਾਂ ਦੀ ਰਿਹਾਈ ਲਈ ਜਥੇਬੰਦੀਆਂ ਵਲੋਂ ਸੰਘਰਸ਼ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਪ੍ਰਸ਼ਾਸਨ ਨਾਲ ਵੀ ਕਿਸਾਨਾਂ ਦੀ ਮੀਟਿੰਗ ਹੋਈ ਜੋ ਬੇਸਿੱਟਾ ਰਹੀ।

ਕਿਸਾਨ ਆਗੂ ਜਾਣਕਾਰੀ ਦਿੰਦਾ ਹੋਇਆ

ਬਠਿੰਡਾ: ਪਿਛਲੇ ਦਿਨੀਂ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ 'ਚ ਪਰਾਲੀ ਨੂੰ ਅੱਗ ਨਾ ਲਾਉਣ ਲਈ ਕਿਸਾਨਾਂ ਨੂੰ ਸਮਝਾਉਣ ਆਏ ਪ੍ਰਸ਼ਾਸਨਿਕ ਅਧਿਕਾਰੀ ਤੋਂ ਧੱਕੇ ਨਾਲ ਕਿਸਾਨਾਂ ਵਲੋਂ ਪਰਾਲੀ ਨੂੰ ਅੱਗ ਲਗਵਾਈ ਗਈ ਸੀ। ਜਿਸ 'ਚ ਪੁਲਿਸ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਤੋਂ ਬਾਅਦ ਕਾਰਵਾਈ ਕਰਦਿਆਂ ਕਈ ਕਿਸਾਨਾਂ ਦੀ ਗ੍ਰਿਫ਼ਤਾਰੀ ਵੀ ਕੀਤੀ ਗਈ ਸੀ, ਜਿਸ 'ਚ ਕਿਸਾਨ ਜਥੇਬੰਦੀਆਂ ਵਲੋਂ ਉਨ੍ਹਾਂ ਕਿਸਾਨਾਂ ਦੀ ਰਿਹਾਈ ਲਈ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਸਬੰਧੀ ਪ੍ਰਸ਼ਾਸਨ ਅਤੇ ਕਿਸਾਨ ਆਗੂਆਂ ਵਿਚਕਾਰ ਚਾਰ ਘੰਟੇ ਚੱਲੀ ਬੈਠਕ ਬੇਸਿੱਟਾ ਰਹੀ ਤੇ ਕਿਸਾਨਾਂ ਵੱਲੋਂ ਸੂਬਾ ਪੱਧਰੀ ਧਰਨੇ ਦਾ ਐਲਾਨ ਕਰ ਦਿੱਤਾ ਗਿਆ।

ਅਧਿਕਾਰੀਆਂ ਨਾਲ ਹੋਈ ਮੀਟਿੰਗ ਬੇਸਿੱਟਾ : ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਸਕੱਤਰ ਕਾਕਾ ਸਿੰਘ ਕੋਟੜਾ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਅਧਿਕਾਰੀਆਂ ਨਾਲ ਹੋਈ ਮੀਟਿੰਗ ਬੇਸਿੱਟਾ ਰਹੀ ਹੈ। ਉਹਨਾਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਅੱਗੇ ਇਹ ਮੰਗ ਰੱਖੀ ਗਈ ਸੀ ਕਿ ਗ੍ਰਿਫਤਾਰ ਕੀਤੇ ਗਏ ਦੋਵੇਂ ਕਿਸਾਨ ਰਿਹਾਅ ਕੀਤੇ ਜਾਣ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਵਲੋਂ ਪਹਿਲਾਂ ਹਿਰਾਸਤ 'ਚ ਲਏ ਗਏ 70 ਤੋਂ 80 ਕਿਸਾਨਾਂ ਨੂੰ ਰਿਹਾਅ ਕਰਨ ਦਾ ਕਿਸਾਨ ਜਥੇਬੰਦੀਆਂ ਨੂੰ ਭਰੋਸਾ ਦਿੱਤਾ ਗਿਆ ਸੀ।

ਸਰਕਾਰਾਂ ਨੇ ਕਿਸਾਨਾਂ ਦੀ ਨਹੀਂ ਫੜੀ ਬਾਂਹ: ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਕਰੀਬ ਚਾਰ ਘੰਟੇ ਚੱਲੀ ਇਸ ਮੀਟਿੰਗ ਵਿੱਚ ਕਿਸਾਨਾਂ ਨੂੰ ਹੀ ਦੋਸ਼ੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਗਈ, ਜਦੋਂ ਕਿ ਸਰਕਾਰ ਵੱਲੋਂ ਗ੍ਰੀਨ ਟ੍ਰਿਬਿਊਨਲ ਅਤੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਤੱਕ ਦੀ ਪਾਲਣਾ ਨਹੀਂ ਕੀਤੀ। ਜਿਸ ਵਿੱਚ ਕਿਸਾਨਾਂ ਨੂੰ 200 ਰੁਪਏ ਬੋਨਸ ਪਰਾਲੀ ਦੀ ਸਾਂਭ ਸੰਭਾਲ ਨੂੰ ਦੇਣ ਲਈ ਕਿਹਾ ਗਿਆ ਸੀ, ਜਿਸ ਦੀ ਅੱਜ ਗ੍ਰੀਨ ਟ੍ਰਿਬਿਊਨਲ ਵਿੱਚ ਤਾਰੀਕ ਵੀ ਸੀ ਪਰ ਸਰਕਾਰ ਉਲਟਾ ਕਿਸਾਨਾਂ ਨੂੰ ਦੋਸ਼ੀ ਠਹਿਰਾਉਣ 'ਤੇ ਲੱਗੀ ਹੋਈ ਹੈ।

ਕਿਸਾਨਾਂ 'ਤੇ ਨਜਾਇਜ਼ ਪਰਚੇ ਕਰਕੇ ਫੜੋ ਫੜਾਈ: ਕਿਸਾਨ ਆਗੂ ਦਾ ਕਹਿਣਾ ਕਿ ਪੰਜਾਬ ਦਾ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਾਉਣਾ ਚਾਹੁੰਦਾ ਪਰੰਤੂ ਉਹ ਬੇਵਸ ਹੈ, ਕਿਉਂਕਿ ਸਰਕਾਰਾਂ ਕਿਸਾਨਾਂ ਦੀਆਂ ਬਾਂਹ ਨਹੀਂ ਫੜ ਰਹੀਆਂ। ਜਿਸ ਕਰਕੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣਾ ਸਾਡੀ ਮਜਬੂਰੀ ਬਣ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਸਾਡੇ ਬੰਦਿਆਂ ਉੱਪਰ ਨਜਾਇਜ਼ ਪਰਚੇ ਦਰਜ ਕਰਕੇ ਫੜੋ ਫੜਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਨੇਹੀਆਂ ਵਾਲਾ ਵਿਖੇ ਚੱਲ ਰਹੇ ਧਰਨੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਸੂਬਾ ਪੱਧਰੀ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਥਾਣਾ ਨਗੀਆਂ ਵਾਲਾ ਅੱਗੇ ਸੂਬਾ ਪੱਧਰੀ ਧਰਨਾ ਦਿੱਤਾ ਜਾਵੇਗਾ ਅਤੇ ਪੰਜਾਬ ਭਰ ਤੋਂ ਕਿਸਾਨ ਇਸ ਥਾਣੇ ਅੱਗੇ ਪਹੁੰਚ ਕੇ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕਰਨਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.