ETV Bharat / international

ਸਲੋਵਾਕੀਆ ਦੇ ਪ੍ਰਧਾਨ ਮੰਤਰੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੀ ਕੋਸ਼ਿਸ਼, ਕਈ ਨੇਤਾਵਾਂ ਨੇ ਕੀਤੀ ਹਮਲੇ ਦੀ ਨਿੰਦਾ - Slovakia PM Robert Fico Attack

author img

By PTI

Published : May 16, 2024, 11:14 AM IST

Slovakia PM Robert Fico Attack: ਸਲੋਵਾਕੀਆ ਦੇ ਪ੍ਰਧਾਨ ਮੰਤਰੀ ਰਾਬਰਟ ਫਿਕੋ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਹਮਲੇ 'ਚ ਉਹ ਗੰਭੀਰ ਰੂਪ ਨਾਲ ਜਖਮੀ ਹੋ ਗਏ ਹਨ ਅਤੇ ਉਨ੍ਹਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਦੁਨੀਆ ਭਰ ਦੇ ਨੇਤਾਵਾਂ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ।

Slovakia PM Robert Fico Attack
Slovakia PM Robert Fico Attack (Etv Bharat)

ਪ੍ਰਾਗ: ਸਲੋਵਾਕੀਆ ਦੇ ਪ੍ਰਧਾਨ ਮੰਤਰੀ ਰਾਬਰਟ ਫਿਕੋ 'ਤੇ ਬੁੱਧਵਾਰ ਨੂੰ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਦੱਸ ਦਈਏ ਕਿ ਉਨ੍ਹਾਂ ਨੂੰ ਇੱਕ ਸੱਭਿਆਚਾਰਕ ਪ੍ਰੋਗਰਾਮ ਤੋਂ ਬਾਅਦ ਜਨਤਕ ਤੌਰ 'ਤੇ ਗੋਲੀ ਮਾਰ ਦਿੱਤੀ ਗਈ ਸੀ। ਇਸ ਹਮਲੇ ਵਿੱਚ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਸੀ। ਇਸ ਘਟਨਾ ਨੇ ਯੂਰਪ ਦੇ ਛੋਟੇ ਜਿਹੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਇਸ ਦੌਰਾਨ ਰੱਖਿਆ ਮੰਤਰੀ ਰਾਬਰਟ ਕਾਲਿਨਾ ਨੇ ਹਸਪਤਾਲ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 59 ਸਾਲਾ ਰਾਬਰਟ ਫਿਕੋ ਦੇ ਪੇਟ ਵਿੱਚ ਗੋਲੀ ਲੱਗੀ ਹੈ।

ਉਨ੍ਹਾਂ ਨੇ ਮੀਡੀਆ ਨੂੰ ਦੱਸਿਆ ਕਿ ਫਿਕੋ ਦੀ ਸਰਜਰੀ ਅਜੇ ਪੂਰੀ ਨਹੀਂ ਹੋਈ ਹੈ। ਉਨ੍ਹਾਂ ਦੀ ਹਾਲਤ ਅਜੇ ਵੀ ਬੇਹੱਦ ਗੰਭੀਰ ਹੈ। ਸਲੋਵਾਕੀਆ ਦੀ ਸਰਕਾਰ ਦੁਆਰਾ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਰਾਜਧਾਨੀ ਤੋਂ ਲਗਭਗ 140 ਕਿਲੋਮੀਟਰ ਉੱਤਰ-ਪੂਰਬ ਵਿੱਚ ਹੈਂਡਲੋਵਾ ਸ਼ਹਿਰ ਦੇ ਇੱਕ ਸੱਭਿਆਚਾਰਕ ਕੇਂਦਰ ਦੇ ਬਾਹਰ ਘੱਟੋ ਘੱਟ ਚਾਰ ਗੋਲੀਆਂ ਚਲਾਈਆਂ ਗਈਆਂ ਸੀ।

ਰੱਖਿਆ ਮੰਤਰੀ ਦੇ ਨਾਲ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਗ੍ਰਹਿ ਮੰਤਰੀ ਮਾਤਸ ਸੁਤਾਜ ਐਸਟੋਕ ਨੇ ਕਿਹਾ ਕਿ ਇੱਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਕਰ ਲਿਆ ਗਿਆ ਹੈ। ਮੁੱਢਲੀ ਜਾਂਚ 'ਚ ਹੱਤਿਆ ਕਰਨ ਦੀ ਕੋਸ਼ਿਸ਼ ਪਿੱਛੇ ਸਿਆਸੀ ਕਾਰਨਾਂ ਬਾਰੇ ਪਤਾ ਲੱਗਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਫਿਕੋ ਰੂਸ ਪੱਖੀ ਰਾਜਨੀਤੀ ਦੇ ਆਧਾਰ 'ਤੇ ਪਿਛਲੇ ਸਾਲ ਹੀ ਸੱਤਾ 'ਚ ਵਾਪਸ ਆਏ ਸੀ। ਉਨ੍ਹਾਂ ਦੀ ਵਾਪਸੀ ਨੇ ਯੂਰਪੀਅਨ ਯੂਨੀਅਨ ਦੇ ਮੈਂਬਰਾਂ ਵਿੱਚ ਵੱਡੀ ਚਿੰਤਾ ਪੈਦਾ ਕੀਤੀ ਸੀ, ਕਿਉਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਉਹ ਆਪਣੇ ਦੇਸ਼ ਨੂੰ ਪੱਛਮੀ ਮੁੱਖ ਧਾਰਾ ਤੋਂ ਦੂਰ ਲੈ ਜਾਣਗੇ।

ਮਿਲੀ ਜਾਣਕਾਰੀ ਅਨੁਸਾਰ, ਰਾਬਰਟ ਫਿਕੋ ਨੂੰ ਹੈਂਡਲੋਵਾ ਤੋਂ 29 ਕਿਲੋਮੀਟਰ ਦੂਰ ਬੰਸਕ ਬਿਸਟ੍ਰਿਕਾ ਦੇ ਇੱਕ ਹਸਪਤਾਲ ਵਿੱਚ ਲਿਜਾਇਆ ਗਿਆ ਹੈ, ਕਿਉਂਕਿ ਰਾਜਧਾਨੀ ਬ੍ਰਾਟੀਸਲਾਵਾ ਤੱਕ ਪਹੁੰਚਣ ਵਿੱਚ ਬਹੁਤ ਸਮਾਂ ਲੱਗੇਗਾ। ਦੱਸ ਦਈਏ ਕਿ ਇਹ ਹਮਲਾ ਅਜਿਹੇ ਸਮੇਂ ਵਿੱਚ ਹੋਇਆ ਹੈ ਜਦੋਂ ਯੂਰਪੀ ਸੰਸਦ ਲਈ ਸੰਸਦ ਮੈਂਬਰਾਂ ਨੂੰ ਚੁਣਨ ਲਈ ਪੂਰੇ ਯੂਰਪ ਵਿੱਚ ਸਿਆਸੀ ਪ੍ਰਚਾਰ ਤੇਜ਼ ਹੋ ਗਿਆ ਸੀ।

ਸਾਬਕਾ ਰਾਸ਼ਟਰਪਤੀ ਜ਼ੁਜ਼ਾਨਾ ਕੈਪੁਟੋਵਾ ਦਾ ਬਿਆਨ: ਫਿਕੋ ਦੀ ਰਾਜਨੀਤਿਕ ਵਿਰੋਧੀ ਸਾਬਕਾ ਰਾਸ਼ਟਰਪਤੀ ਜ਼ੁਜ਼ਾਨਾ ਕੈਪੁਟੋਵਾ ਨੇ ਇੱਕ ਟੈਲੀਵਿਜ਼ਨ ਬਿਆਨ ਵਿੱਚ ਕਿਹਾ ਕਿ,"ਪ੍ਰਧਾਨ ਮੰਤਰੀ 'ਤੇ ਹਮਲਾ ਇੱਕ ਵਿਅਕਤੀ 'ਤੇ ਹਮਲਾ ਹੈ ਅਤੇ ਲੋਕਤੰਤਰ 'ਤੇ ਵੀ ਹਮਲਾ ਹੈ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਹਿੰਸਾ ਬਰਦਾਸ਼ਤਯੋਗ ਨਹੀਂ ਹੈ। ਸਮਾਜ ਵਿੱਚ ਜੋ ਨਫ਼ਰਤ ਭਰੀ ਬਿਆਨਬਾਜ਼ੀ ਅਸੀਂ ਦੇਖ ਰਹੇ ਹਾਂ, ਉਹ ਨਫ਼ਰਤ ਭਰੀਆਂ ਕਾਰਵਾਈਆਂ ਵੱਲ ਲੈ ਜਾਂਦੀ ਹੈ। ਆਓ ਮਿਲ ਕੇ ਇਸ ਨੂੰ ਰੋਕੀਏ।"

ਪੀਟਰ ਪੇਲੇਗ੍ਰਿਨੀ ਨੇ ਹਮਲੇ ਦੀ ਕੀਤੀ ਨਿੰਦਾ: ਫਿਕੋ ਦੇ ਸਹਿਯੋਗੀ ਰਾਸ਼ਟਰਪਤੀ ਚੁਣੇ ਗਏ ਪੀਟਰ ਪੇਲੇਗ੍ਰਿਨੀ ਨੇ ਗੋਲੀਬਾਰੀ ਨੂੰ ਸਲੋਵਾਕੀਆ ਲੋਕਤੰਤਰ ਲਈ ਖ਼ਤਰਾ ਦੱਸਿਆ ਹੈ। ਉਨ੍ਹਾਂ ਨੇ ਕਿਹਾ,"ਜੇਕਰ ਅਸੀਂ ਪੋਲਿੰਗ ਸਟੇਸ਼ਨਾਂ ਦੀ ਬਜਾਏ ਚੌਕਾਂ ਵਿੱਚ ਪਿਸਤੌਲਾਂ ਨਾਲ ਰਾਜਨੀਤਿਕ ਵਿਚਾਰ ਪ੍ਰਗਟ ਕਰਦੇ ਹਾਂ, ਤਾਂ ਅਸੀਂ ਸਲੋਵਾਕੀਆ ਦੀ ਪ੍ਰਭੂਸੱਤਾ ਦੇ 31 ਸਾਲਾਂ ਵਿੱਚ ਮਿਲ ਕੇ ਬਣਾਈਆਂ ਸਾਰੀਆਂ ਚੀਜ਼ਾਂ ਨੂੰ ਖ਼ਤਰੇ ਵਿੱਚ ਪਾ ਰਹੇ ਹਾਂ।" ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਕਿਹਾ ਕਿ,"ਉਹ ਚਿੰਤਤ ਹਨ ਅਤੇ ਹਿੰਸਾ ਦੇ ਇਸ ਭਿਆਨਕ ਕਾਰੇ ਦੀ ਨਿੰਦਾ ਕਰਦੇ ਹਾਂ। ਨਾਟੋ ਦੇ ਸਕੱਤਰ ਜਨਰਲ ਜੇਂਸ ਸਟੋਲਟਨਬਰਗ ਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਸ ਘਟਨਾ ਦੀ ਨਿੰਦਾ ਕੀਤੀ ਹੈ।

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਕੀਤੀ ਨਿੰਦਾ: ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਗੁਆਂਢੀ ਦੇਸ਼ ਦੇ ਮੁਖੀ ਵਿਰੁੱਧ ਹੋਈ ਹਿੰਸਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ,"ਇਹ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਕਿ ਹਿੰਸਾ ਕਿਸੇ ਵੀ ਦੇਸ਼, ਰੂਪ ਜਾਂ ਖਿੱਤੇ ਵਿੱਚ ਆਮ ਨਾ ਬਣ ਜਾਵੇ।" ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਹਮਲੇ ਤੋਂ ਬਾਅਦ ਹੁਣ ਸਲੋਵਾਕੀਆ ਦੀ ਸੰਸਦ ਅਗਲੇ ਨੋਟਿਸ ਤੱਕ ਮੁਲਤਵੀ ਕਰ ਦਿੱਤੀ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.