ETV Bharat / state

State Level Under-17 Volleyball Competition : PIS ਮੁਹਾਲੀ ਦੇ ਮੁੰਡੇ ਤੇ ਸਾਈਂ ਵਿੰਗ ਪਿੰਡ ਬਾਦਲ ਦੀਆਂ ਕੁੜੀਆਂ ਬਣੀਆਂ ਚੈਂਪੀਅਨ

author img

By ETV Bharat Punjabi Team

Published : Sep 30, 2023, 5:01 PM IST

Updated : Sep 30, 2023, 6:59 PM IST

Volleyball Competition, Barnala
Volleyball Competition

ਬਰਨਾਲਾ ਵਿੱਖੇ 67ਵੀਆਂ ਪੰਜਾਬ ਰਾਜ ਸਕੂਲ ਖੇਡਾਂ ਅੰਡਰ 17 ਵਾਲੀਬਾਲ ਦੇ ਮੁਕਾਬਲੇ ਹੋਏ ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਬਰ ਦੀਆਂ ਲੜਕੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਲੜਕਿਆਂ ਵਿੱਚ ਪੀ.ਆਈ.ਐਸ. ਮੁਹਾਲੀ ਦੇ ਮੁੰਡਿਆ ਨੇ ਸ਼ਾਨਦਾਰ ਪ੍ਰਦਰਸ਼ਨ ਦਿੱਤਾ।

ਬਰਨਾਲਾ: 67ਵੀਆਂ ਪੰਜਾਬ ਰਾਜ ਸਕੂਲ ਖੇਡਾਂ ਅੰਡਰ 17 ਵਾਲੀਬਾਲ ਦੇ ਅਖੀਰਲੇ ਅੱਜ ਮੈਚ (ਲੜਕਿਆਂ ਦੇ ਵਰਗ) ਵਿੱਚ ਪੀ.ਆਈ.ਐਸ. ਮੁਹਾਲੀ ਅਤੇ ਲੜਕੀਆਂ ਦੇ ਵਰਗ ਵਿੱਚ ਸਾਈਂ ਵਿੰਗ ਬਾਦਲ ਦੀਆਂ ਟੀਮਾਂ ਜੇਤੂ ਰਹੀਆਂ। ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਲਈ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਓਐਸਡੀ ਹਸਨਪ੍ਰੀਤ ਭਾਰਦਵਾਜ ਵੀ ਪਹੁੰਚੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਖੇਡਾਂ ਵਿੱਚ ਨੰਬਰ ਇੱਕ ਸੂਬਾ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਇਸ ਤਹਿਤ ਹੀ ਨਵੀਂ ਖੇਡ ਨੀਤੀ ਬਣਾ ਕੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਲਈ ਨਕਦ ਇਨਾਮੀ ਰਾਸ਼ੀ ਦਾ ਪ੍ਰਬੰਧ ਕੀਤਾ ਗਿਆ ਹੈ।

ਸਟੇਡੀਅਮ ਲਈ 70 ਲੱਖ ਰੁਪਏ ਦੀ ਗ੍ਰਾਂਟ : ਹਸਨਪ੍ਰੀਤ ਭਾਰਦਵਾਜ ਨੇ ਕਿਹਾ ਕਿ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੇ ਕੋਟੇ ਵਿੱਚੋਂ ਬਡਬਰ ਪਿੰਡ ਦੇ ਸਟੇਡੀਅਮ ਲਈ 70 ਲੱਖ ਰੁਪਏ ਦੀ ਗ੍ਰਾਂਟ ਦੇਣ ਅਤੇ ਬਡਬਰ ਪਿੰਡ ਨੂੰ ਵਾਲੀਬਾਲ ਦੀ ਨਰਸਰੀ ਵਜੋਂ ਵਿਕਸਤ ਕਰਨ ਦਾ ਐਲਾਨ ਕੀਤਾ ਹੈ। ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਡਾ. ਬਰਜਿੰਦਰਪਾਲ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਟੂਰਨਾਮੈਂਟ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ।

ਇੰਝ ਰਹੀਆਂ ਜੇਤੂ ਟੀਮਾਂ: ਡੀ.ਐਮ. ਸਪੋਰਟਸ ਬਰਨਾਲਾ ਸਿਮਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਡੀ.ਈ.ਓ. ਸੈਕੰਡਰੀ ਬਰਨਾਲਾ ਸ਼ਮਸ਼ੇਰ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਡਾ. ਬਰਜਿੰਦਰਪਾਲ ਸਿੰਘ ਦੀ ਅਗਵਾਈ ਵਿੱਚ ਕਰਵਾਏ ਜਾ ਰਹੇ ਮੁਕਾਬਲਿਆਂ ਵਿੱਚ ਅੱਜ ਹੋਏ ਲੜਕੀਆਂ ਦੇ ਸੈਮੀਫਾਈਨਲ ਮੁਕਾਬਲਿਆਂ ਵਿੱਚ ਬਰਨਾਲਾ ਨੇ ਜਲੰਧਰ ਅਤੇ ਸਾਈਂ ਵਿੰਗ ਬਾਦਲ ਨੇ ਫਰੀਦਕੋਟ ਨੂੰ ਹਰਾ ਕੇ ਫਾਈਨਲ ਵਿੱਚ ਦਾਖਲਾ ਲਿਆ, ਜਦਕਿ ਲੜਕਿਆਂ ਦੇ ਵਰਗ ਵਿੱਚ ਸਪੋਰਟਸ ਸਕੂਲ ਜਲੰਧਰ ਨੇ ਪਟਿਆਲਾ ਅਤੇ ਪੀ.ਆਈ.ਐਸ. ਮੁਹਾਲੀ ਨੇ ਪਠਾਨਕੋਟ ਨੂੰ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਫਾਈਨਲ ਵਿੱਚ ਪੀ.ਆਈ.ਐਸ. ਮੁਹਾਲੀ ਦੇ ਮੁੰਡਿਆਂ ਨੇ ਸਪੋਰਟਸ ਸਕੂਲ ਜਲੰਧਰ ਅਤੇ ਸਾਈਂ ਵਿੰਗ ਬਾਦਲ ਦੀਆਂ ਕੁੜੀਆਂ ਨੇ ਬਰਨਾਲਾ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ, ਜਦਕਿ ਫਰੀਦਕੋਟ ਦੀਆਂ ਕੁੜੀਆਂ ਨੇ ਜਲੰਧਰ ਅਤੇ ਪਠਾਨਕੋਟ ਦੇ ਮੁੰਡਿਆਂ ਨੇ ਪਟਿਆਲਾ ਨੂੰ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ ਹੈ।

ਬਡਬਰ ਦੀਆਂ ਲੜਕੀਆਂ ਦਾ ਸ਼ਾਨਦਾਰ ਪ੍ਰਦਰਸ਼ਨ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਬਰ ਦੀਆਂ ਲੜਕੀਆਂ ਨੇ 67ਵੀਆਂ ਪੰਜਾਬ ਰਾਜ ਸਕੂਲ ਖੇਡਾਂ ਵਾਲੀਬਾਲ ਅੰਡਰ 17 ਸਾਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਲ ਕੀਤਾ ਹੈ। ਜੇਤੂ ਟੀਮ ਦਾ ਸਕੂਲ ਪਹੁੰਚਣ 'ਤੇ ਸਕੂਲ ਮੁਖੀ ਜਸਵੀਰ ਸਿੰਘ ਅਤੇ ਸਮੂਹ ਸਟਾਫ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਡੀਪੀਈ ਪਰਮਜੀਤ ਕੌਰ ਨੇ ਦੱਸਿਆ ਕਿ 67ਵੀਆਂ ਪੰਜਾਬ ਰਾਜ ਸਕੂਲ ਖੇਡਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਬਰ ਦੀਆਂ ਲੜਕੀਆਂ ਨੇ ਜ਼ਿਲ੍ਹਾ ਬਰਨਾਲਾ ਦੀ ਨੁਮਾਇੰਦਗੀ ਕਰਦਿਆਂ ਪੰਜਾਬ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਹੈ।

Last Updated :Sep 30, 2023, 6:59 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.