ETV Bharat / state

ਬਲਵੰਤ ਸਿੰਘ ਰਾਜੋਆਣਾ ਵੱਲੋਂ ਚੌਥੇ ਦਿਨ ਭੁੱਖ ਹੜਤਾਲ ਖ਼ਤਮ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਐਸਜੀਪੀਸੀ ਪ੍ਰਧਾਨ ਨੇ ਕੀਤੀ ਸੀ ਮੁਲਾਕਾਤ

author img

By ETV Bharat Punjabi Team

Published : Dec 8, 2023, 12:17 PM IST

Updated : Dec 8, 2023, 12:35 PM IST

Hunger strike by Balwant Singh Rajoana ends on fourth day
ਬਲਵੰਤ ਸਿੰਘ ਰਾਜੋਆਣਾ ਵੱਲੋਂ ਚੌਥੇ ਦਿਨ ਭੁੱਖ ਹੜਤਾਲ ਖਤਮ

Hunger Strike Ends By Rajoana : ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਰਾਜੋਆਣਾ ਨਾਲ ਮੁਲਾਕਾਤ ਮਗਰੋਂ ਬਲਵੰਤ ਸਿੰਘ ਰਾਜੋਆਣਾ ਵੱਲੋਂ ਸ੍ਰੀ ਦਰਬਾਰ ਸਾਹਿਬ ਦਾ ਜਲ ਛਕ ਕੇ ਆਪਣੀ ਭੁੱਖ ਹੜਤਾਲ ਨੂੰ ਖ਼ਤਮ ਕੀਤਾ ਗਿਆ। ਜੇਲ੍ਹ ਵਿੱਚ ਬੰਦ ਰਾਜੋਆਣਾ ਵਲੋਂ 5 ਦਸੰਬਰ ਤੋਂ ਭੁੱਖ ਹੜਤਾਲ ਉੱਤੇ ਜਾਣ ਦਾ ਐਲਾਨ ਕੀਤਾ ਗਿਆ ਸੀ ।

ਪਟਿਆਲਾ: ਬਲਵੰਤ ਸਿੰਘ ਰਾਜੋਆਣਾ ਵੱਲੋਂ ਚੌਥੇ ਦਿਨ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ ਗਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰੁਘਵੀਰ ਸਿੰਘ ਵੱਲੋਂ ਕੇਂਦਰੀ ਜੇਲ੍ਹ ਪਟਿਆਲਾ 'ਚ ਰਾਜੋਆਣਾ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਐੱਸ.ਜੀ.ਪੀ.ਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਰਾਜੋਆਣਾ ਵੀ ਮੌਜ਼ੂਦ ਸਨ।

ਜਥੇਦਾਰ ਦੀ ਅਪੀਲ 'ਤੇ ਤੋੜੀ ਭੁੱਖ ਹੜਤਾਲ: ਕਾਬਲੇਜ਼ਿਕਰ ਹੈ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਰਾਜੋਆਣਾ ਨਾਲ ਮੁਲਾਕਾਤ ਕੀਤੀ ਗਈ। ਉਨ੍ਹਾਂ ਵੱਲੋਂ ਰਾਜੋਆਣਾ ਨੂੰ ਭੁੱਖ ਹੜਤਾਲ ਖਤਮ ਕਰਨ ਦੀ ਅਪੀਲ ਕੀਤੀ ਗਈ, ਜਿਸ ਨੂੰ ਸਵੀਕਾਰ ਕਰਦੇ ਹੋਏ ਬਲਵੰਤ ਸਿੰਘ ਰਾਜੋਆਣਾ ਵੱਲੋਂ ਪਿੱਛਲੇ ਚਾਰ ਦਿਨਾਂ ਤੋਂ ਜਾਰੀ ਭੁੱਖ ਹੜਤਾਲ ਨੂੰ ਖ਼ਤਮ ਕਰ ਦਿੱਤੀ ਗਈ। ਉਨ੍ਹਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਦਾ ਜਲ ਛਕ ਕੇ ਆਪਣੀ ਭੁੱਖ ਹੜਤਾਲ ਨੂੰ ਖ਼ਤਮ ਕੀਤਾ ਗਿਆ।

ਕਿਉਂ ਕੀਤੀ ਸੀ ਭੁੱਖ ਹੜਤਾਲ: ਦਰਅਸਲ ਨਰਾਜ਼ਗੀ ਦੇ ਚੱਲਦੇ ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਸੀ। ਦੱਸ ਦਈਏ ਕਿ ਉਨ੍ਹਾਂ ਦੀ ਰਿਹਾਈ ਅਤੇ ਸਜ਼ਾ ਮੁਆਫੀ ਦੀ ਅਪੀਲ ਪਿੱਛਲੇ ਕਈ ਸਾਲਾਂ ਤੋਂ ਪੈਂਡਿੰਗ ਪਈ ਹੋਈ ਹੈ, ਜਿਸ ਕਾਰਨ ਉਨ੍ਹਾਂ ਨੂੰ ਹੁਣ ਇਸ ਵਿੱਚ ਦਖਲ ਦੇਣਾ ਪੈ ਰਿਹਾ ਹੈ। ਰਾਜੋਆਣਾ ਚਾਹੁੰਦੇ ਹਨ ਕਿ ਸ਼੍ਰੋਮਣੀ ਕਮੇਟੀ ਵੱਲੋਂ 2011 ਵਿੱਚ ਰਾਸ਼ਟਰਪਤੀ ਨੂੰ ਦਿੱਤੀ ਗਈ ਰਹਿਮ ਦੀ ਅਪੀਲ ਵਾਪਸ ਲੈ ਲਵੇ। ਇਸ ਦੇ ਨਾਲ ਹੀ ਕੇਂਦਰ ਸਰਕਾਰ ਨੂੰ ਵੀ ਉਨ੍ਹਾਂ ਦੀ ਮੌਤ ਦੀ ਸਜ਼ਾ 'ਤੇ ਇਕਪਾਸੜ ਫੈਸਲਾ ਲੈਣਾ ਚਾਹੀਦਾ ਹੈ। ਉਹ ਅਕਾਲੀ ਦਲ ਤੋਂ ਇਸ ਗੱਲੋਂ ਵੀ ਨਾਰਾਜ਼ ਹਨ ਕਿ 10 ਸਾਲ ਰਾਜ ਅਤੇ ਕੇਂਦਰ ਵਿੱਚ ਇਕੱਠੇ ਰਹਿਣ ਦੇ ਬਾਵਜੂਦ ਉਸ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ ਅਤੇ ਨਾ ਹੀ ਉਸ ਦੀ ਸਜ਼ਾ ਬਾਰੇ ਕੋਈ ਫੈਸਲਾ ਲਿਆ ਗਿਆ।

2011 ਤੋਂ ਲੰਬਿਤ ਫਾਂਸੀ ਦੀ ਸਜ਼ਾ ਬਦਲਣ ਵਾਲੀ ਪਟੀਸ਼ਨ: ਬਲਵੰਤ ਸਿੰਘ ਰਾਜੋਆਣਾ ਲਈ ਐਸਜੀਪੀਸੀ ਵਲੋਂ ਰਾਸ਼ਟਰਪਤੀ ਨੂੰ 2011 ਵਿੱਚ ਮਰਸੀ ਪਟੀਸ਼ਨ ਪਾਈ ਗਈ, ਜੋ ਕਿ ਅੱਜ ਤੱਕ ਪੈਡਿੰਗ ਹੈ। ਦਰਅਸਲ, ਰਾਜੋਆਣਾ ਨੂੰ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ਾਂ ਤਹਿਤ ਫਾਂਸੀ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ, ਪਰ ਰਹਿਮ ਪਟੀਸ਼ਨ (Mercy Petition) ਕਾਰਨ ਉਨ੍ਹਾਂ ਨਾ ਤਾਂ ਫਾਂਸੀ ਦਿੱਤੀ ਗਈ ਅਤੇ ਨਾ ਹੀ ਉਨ੍ਹਾਂ ਦੀ ਸਜ਼ਾ ਉਮਰਕੈਦ ਵਿੱਚ ਤਬਦੀਲ ਕੀਤੀ ਗਈ।

20 ਦਸੰਬਰ ਨੂੰ ਰਾਸ਼ਟਰਪਤੀ ਭਵਨ ਤੱਕ ਪ੍ਰਦਰਸ਼ਨ: ਐਡਵੋਕੇਟ ਧਾਮੀ ਨੇ ਪੱਤਰ ਵਿੱਚ ਰਾਜੋਆਣਾ ਨੂੰ ਲਿਖਿਆ ਕਿ ਉਨ੍ਹਾਂ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਵੱਲੋਂ 20 ਦਸੰਬਰ 2023 ਨੂੰ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਦਿੱਲੀ ਤੋਂ ਰਾਸ਼ਟਰਪਤੀ ਭਵਨ ਤੱਕ ਇੱਕ ਭਰਵਾਂ ਪੰਥਕ ਪ੍ਰਦਰਸ਼ਨ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ। ਇਸ ਵਿਚ ਸਮੂਹ ਤਖ਼ਤ ਸਾਹਿਬਾਨ ਦੇ ਨੁਮਾਇੰਦੇ, ਸਿੰਘ ਸਾਹਿਬਾਨ, ਸੰਤ ਸਮਾਜ, ਨਿਹੰਗ ਸਿੰਘ ਜਥੇਬੰਦੀਆਂ, ਦਮਦਮੀ ਟਕਸਾਲ, ਕਾਰਸੇਵਾ ਵਾਲੇ ਮਹਾਂਪੁਰਖ, ਸਮੂਹ ਕਿਸਾਨ ਜਥੇਬੰਦੀਆਂ, ਨਿਰਮਲੇ ਤੇ ਉਦਾਸੀਨ ਸੰਪ੍ਰਦਾਵਾਂ, ਪੰਥਕ ਤੇ ਰਾਜਸੀ ਸਿੱਖ ਜਥੇਬੰਦੀਆਂ ਅਤੇ ਸਿੰਘ ਸਭਾਵਾਂ ਦੇ ਨੁਮਾਇੰਦਿਆਂ ਨੂੰ ਸ਼ਾਮਲ ਹੋਣ ਦੀ ਬੇਨਤੀ ਕੀਤੀ ਜਾ ਰਹੀ ਹੈ।

ਕਦੋਂ ਕੀਤਾ ਸੀ ਭੁੱਖ ਹੜਤਾਲ ਐਲਾਨ: ਜੇਲ੍ਹ ਵਿੱਚ ਬੰਦ ਰਾਜੋਆਣਾ ਵਲੋਂ 5 ਦਸੰਬਰ ਤੋਂ ਭੁੱਖ ਹੜਤਾਲ ਉੱਤੇ ਜਾਣ ਦਾ ਐਲਾਨ ਕੀਤਾ ਗਿਆ ਸੀ । ਉੱਥੇ ਹੀ, ਰਾਜੋਆਣਾ ਆਪਣੀ ਸਜ਼ਾ ਨੂੰ ਲੈ ਕੇ ਕੇਂਦਰ ਸਰਕਾਰ ਵਲੋਂ ਫੈਸਲਾ ਨਾ ਲੈਣ ਅਤੇ ਐਸਜੀਪੀਸੀ ਤੇ ਅਕਾਲੀ ਦਲ ਵਲੋਂ ਕੋਈ ਠੋਸ ਕਦਮ ਨਾ ਚੁੱਕੇ ਜਾਣ ਤੋਂ ਵੀ ਨਾਰਾਜ਼ ਹਨ। ਰਾਜੋਆਣਾ ਨੇ ਬੀਤੇ ਦਿਨੀਂ ਪ੍ਰਧਾਨ ਹਰਜਿੰਦਰ ਧਾਮੀ ਨਾਲ ਮੁਲਾਕਾਤ ਵੇਲ੍ਹੇ ਇਹ ਸਪਸ਼ਟ ਕੀਤਾ ਕਿ ਐਸਜੀਪੀਸੀ ਵਲੋਂ 2011 ਵਿੱਚ ਰਾਸ਼ਟਰਪਤੀ ਨੂੰ ਪਾਈ ਗਈ ਮਰਸੀ ਪਟੀਸ਼ਨ ਵੀ ਵਾਪਸ ਲਈ ਜਾਵੇ।

Last Updated :Dec 8, 2023, 12:35 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.