ਹੁਣ ਕਿਸਾਨਾਂ ਨੂੰ ਝੋਨਾ ਲਾਉਣ ਦੇ ਲਈ ਨਹੀਂ ਹੋਵੇਗੀ ਲੇਬਰ ਦੀ ਲੋੜ, ਵੇਖੋ ਇਸ ਟਰਾਂਸਪਲਾਂਟਰ ਰਾਹੀਂ ਰਿਮੋਟ ਨਾਲ ਲੱਗੇਗਾ ਝੋਨਾ

author img

By ETV Bharat Punjabi Team

Published : Mar 15, 2024, 4:34 PM IST

Paddy will be planted remotely through transplanter in Ludhiana

Paddy Planted Remotely: ਲੁਧਿਆਣਾ ਵਿੱਚ ਖੇਤੀਬਾੜੀ ਯੂਨੀਵਰਸਿਟੀ ਦੇ ਮਸ਼ੀਨ ਫਾਰਮਿੰਗ ਵਿਭਾਗ ਵੱਲੋਂ ਆਟੋਮੈਟਿਕ ਟਰਾਂਸਪਲਾਂਟਰ ਰਾਹੀਂ ਝੋਨਾ ਲਗਾਉਣ ਦੀ ਮਸ਼ੀਨ ਤਿਆਰ ਕੀਤੀ ਗਈ ਹੈ। ਇਸ ਮਸ਼ੀਨ ਦੀ ਆਮਦ ਨਾਲ ਝੋਨੇ ਲਗਾਉਣ ਲਈ ਲੇਬਰ ਦੀ ਜ਼ਰੂਰਤ ਨਹੀਂ ਪਵੇਗੀ।

ਡਾਕਟਰ ਸ਼ਿਵ ਕੁਮਾਰ, ਮਾਹਿਰ, ਮਸ਼ੀਨ ਫਾਰਮਿੰਗ ਵਿਭਾਗ

ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਕਸਰ ਹੀ ਆਪਣੀ ਨਵੀਆਂ ਕਾਢਾਂ ਅਤੇ ਨਵੀਆਂ ਤਕਨੀਕਾਂ ਕਰਕੇ ਜਾਣੀ ਜਾਂਦੀ ਹੈ। ਇਸ ਵਾਰ ਕਿਸਾਨ ਮੇਲੇ ਦੇ ਵਿੱਚ ਆਟੋਮੈਟਿਕ ਟਰਾਂਸਪਲਾਂਟਰ ਕਿਸਾਨਾਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ, ਖਾਸ ਕਰਕੇ ਹੁਣ ਇਹਨਾਂ ਵਾਕ ਬਿਹਾਇੰਡ ਟਰਾਂਸਪਲਾਂਟਰ ਨੂੰ ਪੀਏਯੂ ਦੇ ਮਸ਼ੀਨਰੀ ਵਿਭਾਗ ਵੱਲੋਂ ਰਿਮੋਟ ਦੇ ਨਾਲ ਜੋੜ ਦਿੱਤਾ ਗਿਆ ਹੈ। ਜਿਸ ਦੇ ਨਾਲ ਇਸ ਨੂੰ ਚਲਾਉਣਾ ਹੋਰ ਵੀ ਸੁਖਾਲਾ ਹੋ ਗਿਆ ਹੈ। ਇੱਕ ਘੰਟੇ ਦੇ ਵਿੱਚ ਦੋ ਕਿਲੋਮੀਟਰ ਦੀ ਰਫਤਾਰ ਨਾਲ ਚੱਲਣ ਵਾਲੇ ਇਸ ਆਟੋਮੈਟਿਕ ਮਸ਼ੀਨ ਦੇ ਵਿੱਚ ਚਾਰ ਤੋਂ ਲੈ ਕੇ ਛੇ ਲਾਈਨ ਤੱਕ ਝੋਨਾ ਕੱਦੂ ਵਾਲੇ ਖੇਤ ਦੇ ਵਿੱਚ ਆਸਾਨੀ ਦੇ ਨਾਲ ਲਗਾਇਆ ਜਾ ਸਕਦਾ ਹੈ। ਇਸ ਆਟੋਮੈਟਿਕ ਸਿਸਟਮ ਦੀ 300 ਮੀਟਰ ਤੱਕ ਦੀ ਰੇਂਜ ਹੈ, ਇਸ ਦਾ ਖਰਚਾ ਲਗਭਗ 3 ਲੱਖ 70 ਹਜ਼ਾਰ ਰੁਪਏ ਹੈ ਅਤੇ ਜੇਕਰ ਇਸ ਨੂੰ ਪੂਰੀ ਤਰ੍ਹਾਂ ਆਟੋਮੈਟਿਕ ਕਰਨਾ ਹੈ ਤਾਂ ਇਸ ਉੱਤੇ ਇੱਕ ਲੱਖ ਰੁਪਏ ਦਾ ਹੋਰ ਖਰਚਾ ਆਉਂਦਾ ਹੈ, ਜਿਸ ਨਾਲ ਕਿਸਾਨ ਆਸਾਨੀ ਦੇ ਨਾਲ ਆਪਣੇ ਖੇਤ ਦੇ ਬਾਹਰ ਬੈਠ ਕੇ ਖੜਾ-ਖੜਾ ਛੇ ਲਾਈਨਾਂ ਦੇ ਵਿੱਚ ਝੋਨਾ ਲਗਾ ਸਕਦਾ ਹੈ।




ਆਟੋਮੈਟਿਕ ਟਰਾਂਸਪਲਾਂਟਰ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਾਰਮ ਮਸ਼ੀਨਰੀ ਵਿਭਾਗ ਦੇ ਮਾਹਰ ਡਾਕਟਰ ਸ਼ਿਵ ਕੁਮਾਰ ਨੇ ਦੱਸਿਆ ਕਿ ਇਹ ਮਸ਼ੀਨਰੀ 5 ਸਾਲ ਪਹਿਲਾਂ ਹੀ ਆ ਗਈ ਸੀ ਪਰ ਇਹ ਦੋ ਤਰੀਕੇ ਦੀ ਆਉਂਦੀ ਹੈ। ਉਹਨਾਂ ਕਿਹਾ ਕਿ ਇਸ ਵਿੱਚ ਕਿਸਾਨ ਨੂੰ ਖੁਦ ਮਸ਼ੀਨ ਨੂੰ ਚਲਾਉਣਾ ਪੈਂਦਾ ਸੀ ਅਤੇ ਜੇਕਰ ਇਸ ਮਸ਼ੀਨ ਦੀ ਰਫਤਾਰ ਇੱਕ ਘੰਟੇ ਦੇ ਵਿੱਚ ਦੋ ਕਿਲੋਮੀਟਰ ਦੀ ਹੈ ਅਤੇ ਜੇਕਰ ਕਿਸਾਨ ਨੇ ਇਸ ਦੇ ਨਾਲ ਝੋਨਾ ਲਾਉਣਾ ਹੈ ਤਾਂ ਉਸ ਨੂੰ ਦਿਨ ਦੇ ਵਿੱਚ ਜੇਕਰ 10 ਘੰਟੇ ਕੰਮ ਕਰਨਾ ਹੈ ਤਾਂ 20 ਕਿਲੋਮੀਟਰ ਤੁਰਨਾ ਪੈਂਦਾ ਸੀ। ਉਹਨਾਂ ਕਿਹਾ ਕਿ ਇਸ ਨਾਲ ਉਸ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਉਹਨਾਂ ਕਿਹਾ ਕਿ ਜਿਸ ਵੇਲੇ ਝੋਨਾ ਲਗਾਇਆ ਜਾਂਦਾ ਹੈ ਉਸ ਵੇਲੇ ਟੈਂਪਰੇਚਰ 40 ਡਿਗਰੀ ਤੋਂ ਵੀ ਪਾਰ ਹੁੰਦਾ ਹੈ। ਅਜਿਹੇ ਵਿੱਚ 20 ਕਿਲੋਮੀਟਰ ਇੱਕ ਦਿਨ ਦੇ ਅੰਦਰ ਕੱਦੂ ਵਾਲੇ ਖੇਤ ਦੇ ਵਿੱਚ ਚੱਲਣਾ ਕਿਸਾਨ ਲਈ ਸੌਖਾ ਕੰਮ ਨਹੀਂ ਸੀ। ਜਿਸ ਨੂੰ ਅਸੀਂ ਸੌਖਾ ਬਣਾਉਣ ਦੇ ਲਈ ਇਸ ਮਸ਼ੀਨ ਨੂੰ ਆਟੋਮੈਟਿਕ ਕਰ ਦਿੱਤਾ ਹੈ ਅਤੇ ਇਸ ਨੂੰ ਰਿਮੋਟ ਦੇ ਨਾਲ ਜੋੜ ਦਿੱਤਾ ਹੈ। ਰਿਮੋਟ ਤਕਨੀਕ ਦੇ ਨਾਲ ਕਿਸਾਨ ਆਸਾਨੀ ਨਾਲ ਬਾਹਰ ਬੈਠ ਕੇ ਆਪਣੇ ਖੇਤ ਦੇ ਵਿੱਚ ਇਸ ਨੂੰ ਕੰਟਰੋਲ ਕਰ ਸਕਦਾ ਹੈ। ਖੱਬੇ ਪਾਸੇ ਸੱਜੇ ਪਾਸੇ ਲਿਜਾਉਣ ਤੋਂ ਇਲਾਵਾ ਇਸ ਦੀ ਰਫਤਾਰ ਕੰਟਰੋਲ ਕੀਤੀ ਜਾ ਸਕਦੀ ਹੈ। ਇਸ ਨੂੰ ਕਿਸ ਖੇਤ ਦੇ ਵਿੱਚ ਇਸਤੇਮਾਲ ਕਰਨਾ ਹੈ ਉਸ ਦੇ ਮੁਤਾਬਿਕ ਕਿਸਾਨ ਉਸ ਦੀ ਰੇਂਜ ਨੂੰ ਸੈੱਟ ਕਰਕੇ ਆਸਾਨੀ ਨਾਲ ਝੋਨਾ ਲਗਾ ਸਕਦਾ ਹੈ।



ਲੇਬਰ ਦੀ ਸਮੱਸਿਆ ਤੋਂ ਨਿਜਾਤ: ਇਸ ਦੌਰਾਨ ਡਾਕਟਰ ਸ਼ਿਵ ਕੁਮਾਰ ਨੇ ਦੱਸਿਆ ਕਿ ਕਿਸਾਨਾਂ ਨੂੰ ਝੋਨਾ ਲਾਉਣ ਵੇਲੇ ਅਕਸਰ ਹੀ ਲੇਬਰ ਦੀ ਬਹੁਤ ਵੱਡੀ ਸਮੱਸਿਆ ਆਉਂਦੀ ਸੀ। ਉਹਨਾਂ ਕਿਹਾ ਕਿ ਲੇਬਰ ਇੱਕ ਏਕੜ ਦੇ ਵਿੱਚ ਝੋਨਾ ਲਾਉਣ ਦਾ ਪੰਜ ਤੋਂ 6 ਹਜਾਰ ਰੁਪਏ ਮੰਗਦੀ ਹੈ। ਇਸ ਤੋਂ ਇਲਾਵਾ ਪੂਰੀ ਮਸ਼ੀਨ ਜਿਸ ਸਹੀ ਤਰੀਕੇ ਦੇ ਨਾਲ ਇਹ ਝੋਨਾ ਲਾਉਂਦੀ ਹੈ ਉਸ ਤਰ੍ਹਾਂ ਇਨਸਾਨ ਵੀ ਨਹੀਂ ਲਗਾ ਸਕਦਾ। ਉਹਨਾਂ ਕਿਹਾ ਕਿ ਛੇ ਲਾਈਨ ਦੇ ਵਿੱਚ ਝੋਨਾ ਲਗਾਇਆ ਜਾ ਸਕਦਾ ਹੈ। ਇਸ ਮਸ਼ੀਨ ਦਾ ਇੱਕ ਹੋਰ ਵਰਜ਼ਨ ਆਉਂਦਾ ਹੈ, ਜਿਸ ਵਿੱਚ ਚਾਰ ਲਾਈਨਾਂ ਵੀ ਹਨ। ਅਕਸਰ ਹੀ ਅਸੀਂ ਵੇਖਿਆ ਹੈ ਕਿ ਜਦੋਂ ਝੋਨੇ ਦੇ ਦਿਨ ਆਉਂਦੇ ਹਨ, ਉਦੋਂ ਲੇਬਰਾਂ ਜ਼ਿਆਦਾਤਰ ਆਪਣੇ ਘਰ ਵਾਪਸ ਚਲੀ ਜਾਂਦੀਆਂ ਹਨ। ਅਜਿਹੇ ਵਿੱਚ ਕਿਸਾਨਾਂ ਨੂੰ ਝੋਨਾ ਲਵਾਉਣ ਦੇ ਵਿੱਚ ਬਹੁਤ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਲੇਬਰ ਮੂੰਹ ਮੰਗੀ ਕੀਮਤ ਮੰਗਦੀ ਹੈ। ਕਈ ਵਾਰ ਲੇਬਰ ਨਾ ਮਿਲਣ ਕਰਕੇ ਝੋਨਾ ਸਮੇਂ ਸਿਰ ਨਹੀਂ ਲੱਗ ਪਾਉਂਦਾ ਜਿਸ ਕਰਕੇ ਕਿਸਾਨ ਨੂੰ ਝਾੜ ਦੇ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਝਾੜ ਘੱਟ ਨਿਕਲਦਾ ਹੈ ਪਰ ਇਸ ਮਸ਼ੀਨ ਦੇ ਆਟੋਮੈਟਿਕ ਹੋਣ ਦੇ ਨਾਲ ਉਹ ਆਸਾਨੀ ਨਾਲ ਇੱਕ ਕਿਸਾਨ ਵੀ ਰਿਮੋਟ ਦੇ ਨਾਲ ਇਸ ਮਸ਼ੀਨ ਨੂੰ ਇਸਤੇਮਾਲ ਕਰਕੇ ਆਪਣੇ ਖੇਤ ਦੇ ਵਿੱਚ ਝੋਨਾ ਲਗਾ ਸਕਦਾ ਹੈ ਉਸ ਨੂੰ ਲੇਬਰ ਦੀ ਲੋੜ ਨਹੀਂ ਪਵੇਗੀ।



ਕਿੰਨੀ ਕੀਮਤ ਅਤੇ ਸਬਸਿਡੀ: ਵਿਭਾਗ ਦੇ ਮਾਹਿਰ ਡਾਕਟਰ ਸ਼ਿਵ ਕੁਮਾਰ ਨੇ ਦੱਸਿਆ ਕਿ ਇਸ ਮਸ਼ੀਨ ਦੀ ਕੀਮਤ ਲਗਭਗ 3 ਲੱਖ 70 ਹਜਾਰ ਰੁਪਏ ਹੈ। ਇਸ ਉੱਤੇ ਪਹਿਲਾਂ ਹੀ ਸਰਕਾਰ ਵੱਲੋਂ ਸਬਸਿਡੀ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਕਿ ਜੇਕਰ ਮਸ਼ੀਨ ਖਰੀਦਣੀ ਹੈ ਤਾਂ ਕਿਸਾਨ ਨੂੰ ਅਸਾਨੀ ਨਾਲ ਸਬਸਿਡੀ ਮਿਲ ਸਕਦੀ ਹੈ ਅਤੇ ਜੇਕਰ ਇਸ ਨੂੰ ਆਟੋਮੈਟਿਕ ਕਰਨਾ ਹੈ ਤਾਂ ਇਸਦੇ ਲਗਭਗ ਇਕ ਲੱਖ ਰੁਪਏ ਤੱਕ ਦਾ ਖਰਚਾ ਹੈ, ਉਹਨਾਂ ਕਿਹਾ ਕਿ ਇਸ ਤਕਨੀਕ ਦੇ ਨਾਲ ਇਹ ਮਸ਼ੀਨ ਨੂੰ ਰਿਮੋਟ ਦੇ ਨਾਲ ਹੀ ਕੰਟਰੋਲ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਕਿਸਾਨ ਇਸ ਨੂੰ ਆਸਾਨੀ ਨਾਲ ਆਟੋਮੈਟਿਕ ਕਰ ਸਕਦੇ ਹਨ ਉਹਨਾਂ ਕਿਹਾ ਕਿ ਹਾਲਾਂਕਿ ਇਹ ਮਸ਼ੀਨ ਪਹਿਲਾਂ ਵੀ ਕਾਫੀ ਪ੍ਰਚਲਿਤ ਹੈ ਅਤੇ ਬਾਜ਼ਾਰ ਦੇ ਵਿੱਚ ਉਪਲਬਧ ਹੈ ਪਰ ਇਸ ਨੂੰ ਕਿਸਾਨ ਖੁਦ ਆਪਰੇਟ ਕਰਦਾ ਸੀ ਕਿਸਾਨ ਨੂੰ ਖੁਦ ਇਸ ਮਸ਼ੀਨ ਦੇ ਪਿੱਛੇ ਪਿੱਛੇ ਇਸ ਨੂੰ ਕੰਟਰੋਲ ਕਰਨ ਲਈ ਚੱਲਣਾ ਪੈਂਦਾ ਸੀ, ਪਰ ਹੁਣ ਉਹਨਾਂ ਨੇ ਇਸ ਨੂੰ ਆਟੋਮੈਟਿਕ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਉੱਤੇ ਹੋਰ ਅੱਗੇ ਐਡਵਾਂਸ ਕੰਮ ਚੱਲ ਰਿਹਾ ਹੈ ਫਿਲਹਾਲ ਪੀਏਯੂ ਵੱਲੋਂ ਜਲਦ ਹੀ ਇਸ ਦੀ ਸਿਖਲਾਈ ਵੀ ਕਿਸਾਨਾਂ ਨੂੰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਨੂੰ ਅੱਗੇ ਜਾ ਕੇ ਵੱਡੀਆਂ ਕੰਪਨੀਆਂ ਨੂੰ ਪੇਟੈਂਟ ਵੀ ਕਰਵਾਇਆ ਜਾ ਸਕਦਾ ਹੈ, ਜਿਸ ਨਾਲ ਇਸ ਤਕਨੀਕ ਨੂੰ ਕਿਸਾਨਾਂ ਦੇ ਲਈ ਹੋਰ ਸੁਖਾਲੇ ਢੰਗ ਦੇ ਨਾਲ ਵਰਤਿਆ ਜਾਵੇਗਾ ਅਤੇ ਇਹ ਹੋਰ ਸਸਤੀ ਵੀ ਹੋ ਸਕਦੀ ਹੈ।




ETV Bharat Logo

Copyright © 2024 Ushodaya Enterprises Pvt. Ltd., All Rights Reserved.