ETV Bharat / state

NIA Raid In Punjab: ਖਾਲਿਸਤਾਨੀ ਨੈੱਟਵਰਕ ਨੂੰ ਤੋੜਨ ਲਈ NIA ਨੇ ਪੰਜਾਬ 'ਚ ਨੱਪੀ ਪੈੜ, ਮੋਗਾ ਅਤੇ ਖੰਨਾ ਸਮੇਤ ਕਈ ਥਾਵਾਂ 'ਤੇ ਮਾਰੀ ਰੇਡ

author img

By ETV Bharat Punjabi Team

Published : Nov 22, 2023, 11:52 AM IST

Updated : Nov 22, 2023, 1:45 PM IST

ਪੰਜਾਬ ਦੇ ਮੋਗਾ ਅਤੇ ਖੰਨਾ 'ਚ ਐਨਆਈਏ ਵਲੋਂ ਖਾਲਿਸਤਾਨ ਨੈੱਟਚਰਕ ਨੂੰ ਤੋੜਨ ਦੇ ਇਰਾਦੇ ਨਾਲ ਰੇਡ ਕੀਤੀ ਗਈ ਹੈ। ਜਿਸ 'ਚ ਮੋਗਾ ਦੇ ਪਿੰਡ ਝੰਡੇਵਾਲਾ ਵਿੱਚ ਗੁਰਲਾਭ ਸਿੰਘ ਦੇ ਘਰ ਛਾਪਾ ਮਾਰਿਆ ਤਾਂ ਖੰਨਾ 'ਚ ਸਿਮਰਜੀਤ ਬੈਂਸ ਦੇ ਨਜ਼ਦੀਕੀ ਰਹੇ ਸਰਬਜੀਤ ਸਿੰਘ ਸੀਆਰ ਕੰਗ ਦੇ ਘਰ ਅਤੇ ਨਸ਼ਾ ਮੁਕਤੀ ਕੇਂਦਰ 'ਤੇ ਰੇਡ ਕੀਤੀ ਗਈ।

ਪੰਜਾਬ ਚ ਐਨਆਈਏ ਦੀ ਰੇਡ
ਪੰਜਾਬ ਚ ਐਨਆਈਏ ਦੀ ਰੇਡ

ਗੁਰਲਾਭ ਸਿੰਘ ਦੀ ਪਤਨੀ ਰੇਡ ਸਬੰਧੀ ਜਾਣਕਾਰੀ ਦਿੰਦੇ ਹੋਏ

ਮੋਗਾ/ਖੰਨਾ/ਚੰਡੀਗੜ੍ਹ: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਬੁੱਧਵਾਰ ਨੂੰ ਇਕ ਵਾਰ ਫਿਰ ਪੰਜਾਬ-ਹਰਿਆਣਾ 'ਚ ਖਾਲਿਸਤਾਨੀ ਨੈੱਟਵਰਕ ਨੂੰ ਖ਼ਤਮ ਕਰਨ ਲਈ ਛਾਪੇਮਾਰੀ ਕੀਤੀ ਹੈ। ਦੋਵਾਂ ਸੂਬਿਆਂ 'ਚ ਕਰੀਬ 15 ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਹੈ। ਪੰਜਾਬ ਦੇ ਮੋਗਾ ਵਿੱਚ ਗੁਰਲਾਭ ਸਿੰਘ ਅਤੇ ਲੁਧਿਆਣਾ ਦੇ ਖੰਨਾ 'ਚ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਨਜ਼ਦੀਕੀ ਰਹੇ ਲੋਕ ਇਨਸਾਫ਼ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਸੀਆਰ ਕੰਗ ਦੇ ਘਰ ਅਤੇ ਨਸ਼ਾ ਮੁਕਤੀ ਕੇਂਦਰ 'ਤੇ ਰੇਡ ਕੀਤੀ ਗਈ। ਇਸ ਤੋਂ ਇਲਾਵਾ ਹੋਰ ਥਾਵਾਂ 'ਤੇ ਵੀ ਜਾਂਚ ਚੱਲ ਰਹੀ ਹੈ। ਕੁਝ ਦਿਨ ਪਹਿਲਾਂ ਵੀ NIA ਨੇ ਕਈ ਸੂਬਿਆਂ 'ਚ ਖਾਲਿਸਤਾਨੀ ਨੈੱਟਵਰਕ ਦੇ ਠਿਕਾਣਿਆਂ 'ਤੇ ਕਾਰਵਾਈ ਕੀਤੀ ਸੀ।

ਮੋਗਾ 'ਚ ਗੁਰਲਾਭ ਸਿੰਘ ਦੇ ਘਰ ਰੇਡ: ਦੱਸ ਦਈਏ ਕਿ ਇਹ ਛਾਪੇਮਾਰੀ ਜਾਂਚ ਏਜੰਸੀ ਵੱਲੋਂ ਖਾਲਿਸਤਾਨੀ ਨੈੱਟਵਰਕ ਦੀ ਜਾਂਚ ਲਈ ਕੀਤੀ ਜਾ ਰਹੀ ਹੈ। ਬੁੱਧਵਾਰ ਸਵੇਰੇ ਜਾਂਚ ਏਜੰਸੀ ਨੇ ਮੋਗਾ ਦੇ ਚੜਿੱਕ ਦੇ ਪਿੰਡ ਝੰਡੇਵਾਲਾ ਵਿੱਚ ਗੁਰਲਾਭ ਸਿੰਘ ਦੇ ਘਰ ਛਾਪਾ ਮਾਰਿਆ। ਐਨਆਈਏ ਦੇ ਨਾਲ ਸਥਾਨਕ ਪੁਲਿਸ ਵੀ ਮੌਜੂਦ ਸੀ। ਟੀਮ ਨੇ ਗੁਰਲਾਭ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਤੋਂ ਕਰੀਬ ਢਾਈ ਘੰਟੇ ਪੁੱਛਗਿੱਛ ਕੀਤੀ। ਜਾਂਚ ਏਜੰਸੀ ਨੇ ਉਸ ਨੂੰ 24 ਨਵੰਬਰ ਨੂੰ ਚੰਡੀਗੜ੍ਹ ਬੁਲਾਇਆ ਹੈ। ਇਸ ਤੋਂ ਇਲਾਵਾ ਹਰਿਆਣਾ ਦੇ ਕੁਝ ਜ਼ਿਲ੍ਹਿਆਂ ਵਿਚ ਖਾਲਿਸਤਾਨੀ ਨੈੱਟਵਰਕ ਨਾਲ ਜੁੜੇ ਲੋਕਾਂ 'ਤੇ ਛਾਪੇ ਮਾਰੇ ਗਏ ਹਨ।

ਗੁਰਲਾਭ ਦੀ ਪਤਨੀ ਨੇ ਦੱਸੀ ਜਾਂਚ ਦੀ ਕਹਾਣੀ: ਇਸ ਦੌਰਾਨ ਗੁਰਲਾਭ ਸਿੰਘ ਦੀ ਪਤਨੀ ਦਾ ਕਹਿਣਾ ਕਿ ਉਸ ਵਲੋਂ ਆਪਣੇ ਅਤੇ ਪਤੀ ਦੇ ਸੋਸ਼ਲ ਮੀਡੀਆ ਖਾਤੇ 'ਤੇ ਪੰਜਾਬ ਦੇ ਮੁੱਦਿਆਂ ਸਣੇ ਸਾਹਿਤ ਅਤੇ ਇਤਿਹਾਸ ਸਬੰਧੀ ਲਿਖਿਆ ਜਾਂਦਾ ਹੈ। ਜਿਸ ਦੇ ਚੱਲਦੇ ਐਨਆਈਏ ਨੇ ਇਹ ਰੇਡ ਕੀਤੀ ਹੈ। ਉਨ੍ਹਾਂ ਕਿਹਾ ਕਿ ਖਾਲਿਸਤਾਨ ਨਾਲ ਉਹ ਕੋਈ ਸਬੰਧੀ ਨਹੀਂ ਰੱਖਦੇ, ਸਿਰਫ਼ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਐਨਆਈਏ ਵਲੋਂ ਬੈਂਕ ਖਾਤਿਆਂ ਦੀ ਵੀ ਪੁੱਛਗਿਛ ਕੀਤੀ ਗਈ ਸੀ ਤੇ ਹੁਣ ਜਾਂਚ ਲਈ ਚੰਡੀਗੜ੍ਹ ਬੁਲਾਇਆ ਗਿਆ ਹੈ।

ਖੰਨਾ 'ਚ ਹੋਈ ਰੇਡ ਸਬੰਧੀ ਜਾਣਕਾਰੀ ਦਿੰਦਾ ਹੋਇਆ ਸਰਬਜੀਤ ਸਿੰਘ ਸੀਆਰ ਕੰਗ

ਲੁਧਿਆਣਾ ਦੇ ਖੰਨਾ ਵਿੱਚ ਵੀ ਛਾਪੇਮਾਰੀ ਕੀਤੀ: NIA ਨੇ ਬੁੱਧਵਾਰ ਸਵੇਰੇ ਲੁਧਿਆਣਾ ਦੇ ਖੰਨਾ 'ਚ ਛਾਪੇਮਾਰੀ ਕੀਤੀ। ਇੱਥੇ ਸਿਮਰਜੀਤ ਸਿੰਘ ਬੈਂਸ ਦੇ ਨਜ਼ਦੀਕੀ ਰਹੇ ਲੋਕ ਇਨਸਾਫ਼ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਸੀਆਰ ਕੰਗ ਦੇ ਘਰ ਅਤੇ ਨਸ਼ਾ ਛੁਡਾਊ ਕੇਂਦਰ 'ਤੇ ਛਾਪਾ ਮਾਰਿਆ ਗਿਆ। ਐਨਆਈਏ ਦੀ ਟੀਮ ਸਵੇਰੇ ਕਰੀਬ 6 ਵਜੇ ਪਿੰਡ ਬਾਹੋਮਾਜਰਾ ਵਿੱਚ ਸੀਆਰ ਕੰਗ ਦੇ ਘਰ ਪਹੁੰਚੀ। ਉਥੇ ਕਰੀਬ 3 ਘੰਟੇ ਤੱਕ ਲੰਬੀ ਜਾਂਚ ਚੱਲਦੀ ਰਹੀ। ਕੰਗ ਦੇ ਵਿਦੇਸ਼ੀ ਸਬੰਧਾਂ ਦੀ ਜਾਂਚ ਕੀਤੀ ਗਈ। ਉਥੇ ਪੁੱਛਗਿੱਛ ਤੋਂ ਬਾਅਦ ਐਨਆਈਏ ਦੀ ਟੀਮ ਸੀਆਰ ਦੇ ਨਾਲ ਜੀਟੀ ਰੋਡ ਭੱਟੀਆਂ ਸਥਿਤ ਉਸਦੇ ਨਸ਼ਾ ਛੁਡਾਊ ਕੇਂਦਰ ਪਹੁੰਚੀ। ਇੱਥੇ ਵੀ ਕਰੀਬ ਅੱਧਾ ਘੰਟਾ ਜਾਂਚ ਚੱਲੀ। ਇਸ ਤੋਂ ਬਾਅਦ NIA ਦੀ ਟੀਮ ਰਵਾਨਾ ਹੋ ਗਈ।

ਕਿਉਂ ਕੀਤੀ ਗਈ ਰੇਡ: ਦੱਸਿਆ ਜਾ ਰਿਹਾ ਹੈ ਕਿ ਕਰੀਬ 10 ਮਹੀਨੇ ਪਹਿਲਾਂ ਸੀਆਰ ਕੰਗ ਨੇ ਅਮਰੀਕਾ ਬੈਠੇ ਬਾਬਾ ਬਘੇਲ ਨਾਮਕ ਵਿਅਕਤੀ ਨਾਲ ਫੋਨ 'ਤੇ ਗੱਲਬਾਤ ਕੀਤੀ ਸੀ। ਉਨ੍ਹਾਂ ਦੀ ਵੀਡੀਓ ਕਾਲ ਦੀ ਗੱਲਬਾਤ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋਈ ਸੀ। ਬਾਬਾ ਬਘੇਲ ਪਹਿਲਾਂ ਹੀ NIA ਸਮੇਤ ਦੇਸ਼ ਦੀਆਂ ਹੋਰ ਏਜੰਸੀਆਂ ਦੇ ਰਡਾਰ 'ਤੇ ਹੈ। ਇਸ ਲਈ ਐਨਆਈਏ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਇੱਥੇ ਛਾਪਾ ਮਾਰਿਆ। ਕੰਗ ਦਾ ਬਘੇਲ ਨਾਲ ਕੀ ਸਬੰਧ ਹੈ? ਕੰਗ ਨੇ ਬਘੇਲ ਨਾਲ ਕਿਉਂ ਗੱਲਬਾਤ ਕੀਤੀ ? ਹੁਣ ਤੱਕ ਕਿੰਨੀ ਵਾਰ ਗੱਲ ਕੀਤੀ ਗਈ ? ਇੱਕ ਦੂਜੇ ਨੂੰ ਕਿੰਨੇ ਸਮੇਂ ਤੋਂ ਜਾਣਦੇ ਹਨ? ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਸੀਆਰ ਕੰਗ ਤੋਂ ਜਾਣੇ ਗਏ। ਸੂਤਰਾਂ ਦੀ ਮੰਨੀਏ ਤਾਂ ਮੌਜੂਦਾ ਜਾਂਚ ਵਿੱਚ ਸੀਆਰ ਕੰਗ ਦਾ ਕੋਈ ਵਿਦੇਸ਼ੀ ਸਬੰਧ ਸਾਹਮਣੇ ਨਹੀਂ ਆਇਆ ਹੈ। ਜਿਸ ਕਾਰਨ NIA ਦੀ ਟੀਮ ਉਥੋਂ ਰਵਾਨਾ ਹੋ ਗਈ। ਛਾਪੇਮਾਰੀ ਦੀ ਅਗਵਾਈ ਕਰ ਰਹੇ ਅਧਿਕਾਰੀ ਨੇ ਕੁਝ ਵੀ ਦੱਸਣ ਤੋਂ ਇਨਕਾਰ ਕੀਤਾ।

ਸੀਆਰ ਕੰਗ ਮੀਡੀਆ ਸਾਹਮਣੇ ਆਏ: NIA ਦੇ ਛਾਪੇ ਤੋਂ ਬਾਅਦ ਸੀਆਰ ਕੰਗ ਖੁਦ ਮੀਡੀਆ ਦੇ ਸਾਹਮਣੇ ਆਏ। ਕੰਗ ਨੇ ਦੱਸਿਆ ਕਿ ਕਰੀਬ 10 ਮਹੀਨੇ ਪਹਿਲਾਂ ਉਹਨਾਂ ਨੇ ਡੇਹਲੋਂ ਵਿਖੇ ਸਕਰੈਪ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਸੀ। ਉਸ ਮਾਮਲੇ ਵਿੱਚ ਸਮਾਜ ਸੇਵੀ ਤੇ ਪੰਜਾਬ ਪੁਲੀਸ ਦੇ ਮੁਲਾਜ਼ਮ ਗੋਲਡੀ ਪੀਪੀ ਦੀ ਕਾਰਜਸ਼ੈਲੀ ’ਤੇ ਸਵਾਲ ਉਠਾਏ ਗਏ ਸਨ। ਗੋਲਡੀ ਪੀਪੀ ਨੂੰ ਲੈ ਕੇ ਕਈ ਵਾਰ ਸੋਸ਼ਲ ਮੀਡੀਆ 'ਤੇ ਲਾਈਵ ਹੋਏ ਸੀ। ਇਸ ਦੌਰਾਨ ਉਹਨਾਂ ਨੂੰ ਅਮਰੀਕਾ ਤੋਂ ਬਾਬਾ ਬਘੇਲ ਨਾਂ ਦੇ ਵਿਅਕਤੀ ਦਾ ਫੋਨ ਆਇਆ ਸੀ। ਜਿਸਨੂੰ ਉਹ ਬਿਲਕੁਲ ਨਹੀਂ ਜਾਣਦੇ। ਬਾਬਾ ਬਘੇਲ ਉਹਨਾਂ ਨੂੰ ਗੋਲਡੀ ਪੀਪੀ ਦਾ ਬਾਇਓਡਾਟਾ ਦੇਣ ਲਈ ਕਹਿ ਰਿਹਾ ਸੀ। ਉਹ ਖੁਦ ਗੋਲਡੀ ਬਾਰੇ ਖੁਲਾਸੇ ਕਰਨਾ ਚਾਹੁੰਦਾ ਸੀ। ਉਸ ਕੇਸ ਵਿੱਚ ਹੀ ਬਘੇਲ ਨਾਲ ਗੱਲਬਾਤ ਹੋਈ ਸੀ। ਸੀਆਰ ਕੰਗ ਨੇ ਦਾਅਵਾ ਕੀਤਾ ਕਿ ਉਹਨਾਂ ਦੇ ਕੋਈ ਵਿਦੇਸ਼ੀ ਸਬੰਧ ਸਾਹਮਣੇ ਨਹੀਂ ਆਏ। ਜਿਸਤੋਂ ਬਾਅਦ NIA ਦੀ ਟੀਮ ਨੇ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਭਵਿੱਖ 'ਚ ਉਨ੍ਹਾਂ ਨੂੰ ਬੁਲਾਇਆ ਗਿਆ ਤਾਂ ਉਹ ਸਬੂਤ ਲੈ ਕੇ ਜਾਂਚ 'ਚ ਸ਼ਾਮਲ ਹੋਣਗੇ।

ਗੁਰਦਾਸਪੁਰ 'ਚ NIA ਦੀ ਛਾਪੇਮਾਰੀ: ਗੁਰਦਾਸਪੁਰ ਦੀ ਬਟਾਲਾ ਤਹਿਸੀਲ ਦੇ ਸ਼੍ਰੀ ਹਰਗੋਬਿੰਦਪੁਰ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਪਿੰਡ ਬੁੱਲੇਵਾਲ 'ਚ ਕਿਰਪਾਲ ਸਿੰਘ ਨਾਂ ਦੇ ਵਿਅਕਤੀ ਦੇ ਘਰ NIA ਦੀ ਟੀਮ ਨੇ ਛਾਪਾ ਮਾਰਿਆ। ਸੂਤਰਾਂ ਅਨੁਸਾਰ ਕ੍ਰਿਪਾਲ ਸਿੰਘ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥੀ ਦੱਸਿਆ ਜਾਂਦਾ ਹੈ। ਛਾਪੇਮਾਰੀ ਦੌਰਾਨ ਮੀਡੀਆ ਨੂੰ ਦੂਰ ਰੱਖਿਆ ਗਿਆ ਹੈ।

ਦਿੱਲੀ ਪੁਲਿਸ ਨੇ ਬੀਤੇ ਦਿਨ ਕਾਬੂ ਕੀਤਾ ਸੀ ਖਾਲਿਸਤਾਨੀ: ਦੱਸ ਦਈਏ ਕਿ ਇੱਕ ਦਿਨ ਪਹਿਲਾਂ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਮਲਕ ਸਿੰਘ ਨੂੰ ਹਰਿਆਣਾ ਦੇ ਕੁਰੂਕਸ਼ੇਤਰ ਤੋਂ ਗ੍ਰਿਫ਼ਤਾਰ ਕੀਤਾ ਸੀ। 27 ਸਤੰਬਰ ਨੂੰ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਇਸ਼ਾਰੇ 'ਤੇ ਮਲਕ ਸਿੰਘ ਨੇ ਦਿੱਲੀ ਦੇ ISBT ਬੱਸ ਸਟੈਂਡ ਦੀਆਂ ਕੰਧਾਂ 'ਤੇ ਖਾਲਿਸਤਾਨ ਦੇ ਸਮਰਥਨ 'ਚ ਨਾਅਰੇ ਲਿਖੇ ਸਨ। ਇਸ ਤੋਂ ਇਲਾਵਾ ਪੰਨੂ ਨੇ ਉਸ ਨੂੰ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਮੈਚ ਤੋਂ ਪਹਿਲਾਂ ਦਿੱਲੀ ਏਅਰਪੋਰਟ ਸਮੇਤ ਕਈ ਹੋਰ ਥਾਵਾਂ 'ਤੇ ਖਾਲਿਸਤਾਨ ਦੇ ਸਮਰਥਨ 'ਚ ਨਾਅਰੇ ਲਿਖਣ ਦਾ ਕੰਮ ਦਿੱਤਾ ਸੀ।

Last Updated :Nov 22, 2023, 1:45 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.