ETV Bharat / state

ਪਿੰਡ ਸਭਰਾਂ 'ਚ 500 ਰੁਪਏ ਦੇ ਲੈਣ ਦੇਣ ਨੂੰ ਲੈ ਕੇ ਦੋ ਧਿਰਾਂ ਆਪਸ ਵਿੱਚ ਭਿੜੀਆਂ - fight between two parties

author img

By ETV Bharat Punjabi Team

Published : May 26, 2024, 12:39 PM IST

fight between two parties: ਤਰਨ ਤਾਰਨ ਦੇ ਹਲਕਾ ਪੱਟੀ ਦੇ ਪਿੰਡ ਸਭਰਾ 'ਚ ਪੰਜ ਸੋ ਦੇ ਲੇਣ ਦੇਣ ਨੂੰ ਲੈਕੇ ਦੋ ਧਿਰਾਂ ਆਪਸ 'ਚ ਭਿੜ ਗਈਆਂ। ਜਿਸ 'ਚ ਦੋਵੇਂ ਧਿਰਾਂ ਦੇ ਕੁਝ ਵਿਅਕਤੀ ਜ਼ਖ਼ਮੀ ਵੀ ਹੋ ਗਏ।

500 ਰੁਪਏ ਪਿਛੇ ਭਿੜੀਆਂ ਦੋ ਧਿਰਾਂ
500 ਰੁਪਏ ਪਿਛੇ ਭਿੜੀਆਂ ਦੋ ਧਿਰਾਂ (ETV BHARAT)

500 ਰੁਪਏ ਪਿਛੇ ਭਿੜੀਆਂ ਦੋ ਧਿਰਾਂ (ETV BHARAT)

ਤਰਨ ਤਾਰਨ: ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸਭਰਾ ਵਿਖੇ 500 ਰੁਪਏ ਦੇ ਲੈਣ ਦੇਣ ਨੂੰ ਲੈ ਕੇ ਦੋ ਧਿਰਾਂ ਆਪਸ ਵਿੱਚ ਭਿੜ ਗਈਆਂ। ਇਸ ਕਾਰਨ ਦੋਵੇਂ ਧਿਰਾਂ ਦੇ ਪੰਜ ਵਿਅਕਤੀ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਹਿਲੀ ਧਿਰ ਦੇ ਲਵਪ੍ਰੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਗੁਰਪ੍ਰੀਤ ਸਿੰਘ ਜੋ ਹਰਪਾਲ ਸਿੰਘ ਹੁਣਾਂ ਨਾਲ ਲੱਕੜਾਂ ਦੇ ਕੰਮ 'ਤੇ ਜਾਂਦਾ ਸੀ ਅਤੇ ਇਸ ਦੌਰਾਨ ਉਸ ਦੇ ਪਤੀ ਗੁਰਪ੍ਰੀਤ ਸਿੰਘ ਨੇ ਹਰਪਾਲ ਸਿੰਘ ਤੋਂ 500 ਰੁਪਏ ਵੱਧ ਦਿਹਾੜੀ ਦਾ ਫੜ ਲਿਆ ਤੇ ਅਗਲੇ ਦਿਨ ਉਹ ਕੰਮ 'ਤੇ ਨਹੀਂ ਗਿਆ। ਜਿਸ ਤੋਂ ਬਾਅਦ ਦੇਰ ਰਾਤ ਹਰਪਾਲ ਸਿੰਘ ਅਤੇ ਉਸ ਦੇ ਨਾਲ 15 ਤੋਂ 20 ਉਸਦੇ ਸਾਥੀ ਉਸ ਦੇ ਘਰ ਆਏ ਅਤੇ ਆਉਂਦੇ ਸਾਰ ਹੀ ਘਰ ਵਿੱਚ ਲੱਗੀ ਐਲਸੀਡੀ ਉਤਾਰਣ ਲੱਗ ਪਏ।

ਘਰ 'ਚ ਦਾਖ਼ਲ ਹੋ ਕੁੱਟਮਾਰ ਦੇ ਦੋਸ਼: ਉਨ੍ਹਾਂ ਦੱਸਿਆ ਕਿ ਇਸ ਤੋਂ ਉਹਨਾਂ ਨੇ ਰੋਕਿਆ ਤਾਂ ਹਰਪਾਲ ਸਿੰਘ ਅਤੇ ਉਸ ਦੇ ਸਾਥੀਆਂ ਨੇ ਉਸ ਦੀ ਅਤੇ ਉਸਦੇ ਸਾਰੇ ਪਰਿਵਾਰ ਦੀ ਕੁੱਟਮਾਰ ਕੀਤੀ ਅਤੇ ਉਨ੍ਹਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ, ਜਿੰਨ੍ਹਾਂ ਨੂੰ ਸਿਵਲ ਹਸਪਤਾਲ ਘਰਿਆਲਾ ਵਿਖੇ ਦਾਖਲ ਕਰਵਾਇਆ ਗਿਆ ਹੈ। ਪੀੜਤ ਔਰਤ ਨੇ ਦੱਸਿਆ ਕਿ ਹਰਪਾਲ ਸਿੰਘ ਅਤੇ ਉਸ ਦੇ ਸਾਥੀਆਂ ਨੇ ਉਹਨਾਂ ਦੇ ਘਰ ਉੱਪਰ ਇੱਟਾਂ ਰੋੜੇ ਚਲਾਏ, ਜਿਸ ਕਾਰਨ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਹੈ। ਪੀੜਤ ਲਵਪ੍ਰੀਤ ਕੌਰ ਨੇ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਉਹਨਾਂ ਵੱਲੋਂ ਦੇਰ ਰਾਤ ਪੁਲਿਸ ਚੌਂਕੀ ਸਭਰਾ ਵਿਖੇ ਦਰਖਾਸਤ ਵੀ ਦਿੱਤੀ ਗਈ ਪਰ ਕੋਈ ਵੀ ਪੁਲਿਸ ਮੁਲਾਜ਼ਮ ਉਥੇ ਨਹੀਂ ਆਇਆ ਤੇ ਨਾ ਹੀ ਉਹਨਾਂ ਦੀ ਅਜੇ ਤੱਕ ਕੋਈ ਸੁਣਵਾਈ ਹੋਈ ਹੈ।

ਦੂਜੀ ਧਿਰ ਨੇ ਨਕਾਰੇ ਇਲਜ਼ਾਮ: ਉਧਰ ਜਦ ਇਸ ਮਾਮਲੇ ਨੂੰ ਲੈ ਕੇ ਦੂਜੀ ਧਿਰ ਜੋ ਕਿ ਸਿਵਲ ਹਸਪਤਾਲ ਘਰਿਆਲਾ ਵਿਖੇ ਦਾਖਲ ਹਰਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ। ਉਨ੍ਹਾਂ ਕਿਹਾ ਕਿ ਗੁਰਪ੍ਰੀਤ ਸਿੰਘ ਡੇਢ ਮਹੀਨੇ ਤੋਂ ਉਹਨਾਂ ਦੇ ਨਾਲ ਕੰਮ ਕਰ ਰਿਹਾ ਹੈ ਅਤੇ ਨਸ਼ੇ ਪੱਤੇ ਦਾ ਆਦੀ ਹੈ ਅਤੇ ਹਰ ਰੋਜ਼ ਉਹ ਕੰਮ ਕਰਕੇ ਉਹਨਾਂ ਤੋਂ ਵੱਧ ਪੈਸੇ ਲੈ ਜਾਂਦਾ ਸੀ, ਜਿਸ ਕਰਕੇ ਉਸ ਵੱਲ 3500 ਤੋਂ 4000 ਰੁਪਏ ਬਣੇ ਹੋਏ ਸੀ, ਜੋ ਗੁਰਪ੍ਰੀਤ ਤੋਂ ਲੈਣੇ ਸੀ। ਉਨ੍ਹਾਂ ਕਿਹਾ ਕਿ ਹੁਣ ਗੁਰਪ੍ਰੀਤ ਸਿੰਘ ਉਹਨਾਂ ਦੇ ਨਾਲ ਕੰਮ 'ਤੇ ਵੀ ਨਹੀਂ ਸੀ ਜਾਂਦਾ।

ਦੂਜੀ ਧਿਰ ਨੇ ਵੀ ਲਾਏ ਕੁੱਟਮਾਰ ਦੇ ਦੋਸ਼: ਹਰਪਾਲ ਸਿੰਘ ਨੇ ਕਿਹਾ ਕਿ ਉਹ ਦੇਰ ਰਾਤ ਉਸੇ ਹੀ ਗਲੀ ਵਿੱਚ ਆਪਣੇ ਕਿਸੇ ਯਾਰ ਮਿੱਤਰ ਕੋਲ ਕਿਸੇ ਕੰਮ ਲਈ ਗਏ ਹੋਏ ਸਨ ਤਾਂ ਗੁਰਪ੍ਰੀਤ ਸਿੰਘ ਸਾਨੂੰ ਉੱਥੇ ਮਿਲ ਪਿਆ ਅਤੇ ਅਸੀਂ ਗੁਰਪ੍ਰੀਤ ਸਿੰਘ ਤੋਂ ਪੈਸੇ ਵਾਪਸ ਮੰਗੇ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਗੁਰਪ੍ਰੀਤ ਸਿੰਘ ਅੱਗੋਂ ਸਾਡੇ ਨਾਲ ਗਾਲੀ ਗਲੋਚ ਕਰਦਾ ਹੋਇਆ ਆਪਣੇ ਘਰ ਵਿੱਚੋਂ ਡਾਂਗ ਲੈ ਕੇ ਆਇਆ, ਜਿਸ ਨੇ ਆਉਂਦੇ ਸਾਰੇ ਉਸ ਦੇ ਸਿਰ ਵਿੱਚ ਮਾਰ ਦਿੱਤੀ ਅਤੇ ਉਸਦਾ ਸਿਰ ਪਾੜ ਦਿੱਤਾ। ਉਨ੍ਹਾਂ ਦੱਸਿਆ ਕਿ ਇੰਨੇ ਸਮੇਂ ਨੂੰ ਇਹਨਾਂ ਦਾ ਸਾਰਾ ਪਰਿਵਾਰ ਆ ਕੇ ਉਹਨਾਂ ਦੀ ਕੁੱਟਮਾਰ ਕਰਨ ਲੱਗ ਪਿਆ, ਜਿਸ ਕਾਰਨ ਉਸ ਦੇ ਅਤੇ ਉਸਦੇ ਭਰਾ ਦੇ ਗੰਭੀਰ ਸੱਟਾਂ ਲੱਗੀਆਂ ਹਨ। ਜਿਸ ਦੀ ਜਾਣਕਾਰੀ ਉਹਨਾਂ ਵੱਲੋਂ ਪੁਲਿਸ ਚੌਂਕੀ ਸਭਰਾ ਵਿਖੇ ਦਿੱਤੀ ਗਈ ਹੈ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ।

ਪੁਲਿਸ ਨੇ ਮਾਮਲੇ ਤੋਂ ਝਾੜਿਆ ਪੱਲਾ: ਉਧਰ ਇਸ ਮਾਮਲੇ ਨੂੰ ਲੈ ਕੇ ਜਦ ਪੁਲਿਸ ਚੌਂਕੀ ਸਭਰਾ ਦੇ ਇੰਚਾਰਜ ਬਲਜਿੰਦਰ ਸਿੰਘ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਕੈਮਰੇ ਦੇ ਅੱਗੇ ਆਉਣ ਤੋਂ ਸਾਫ ਇਨਕਾਰ ਕਰ ਦਿੱਤਾ। ਜਦ ਇਸ ਸਬੰਧੀ ਫੋਨ 'ਤੇ ਉਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਆਪਣਾ ਪੱਲਾ ਝਾੜਦੇ ਹੋਏ ਕਿਹਾ ਕਿ ਮੇਰੀ ਸੀਐਮ ਡਿਊਟੀ ਹੈ ਅਤੇ ਇਹਨਾਂ ਦੋ ਧਿਰਾਂ ਦੀਆਂ ਕੋਈ ਵੀ ਦਰਖਾਸਤਾਂ ਜਾਂ ਹਸਪਤਾਲ 'ਚੋਂ ਐਮਲਆਰ ਉਹਨਾਂ ਕੋਲ ਨਹੀਂ ਆਈ, ਅਸੀਂ ਇਸ ਵਿੱਚ ਕੁਝ ਨਹੀਂ ਕਰ ਸਕਦੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.