ETV Bharat / state

Punjab Liquor Policy: ਪੰਜਾਬ ਪੁੱਜਿਆ ਦਿੱਲੀ ਸ਼ਰਾਬ ਘੁਟਾਲੇ ਦਾ ਸੇਕ, ਵਿਰੋਧੀਆਂ ਦੇ ਨਿਸ਼ਾਨੇ 'ਤੇ ਮਾਨ ਸਰਕਾਰ, ਦਿੱਲੀ ਤੋਂ ਬਾਅਦ ਕੀ ਹੁਣ ਪੰਜਾਬ ਦੀ ਵਾਰੀ !

author img

By ETV Bharat Punjabi Team

Published : Nov 3, 2023, 12:52 PM IST

Updated : Nov 3, 2023, 2:31 PM IST

Punjab Liquor Policy
Punjab Liquor Policy

ਦਿੱਲੀ ਸ਼ਰਾਬ ਘੁਟਾਲੇ ਨੂੰ ਲੈਕੇ ਆਪ ਸੁਮਰੀਮੋ ਅਰਵਿੰਦ ਕੇਜਰੀਵਾਲ ਨੂੰ ਈਡੀ ਦਾ ਸੰਮਨ ਆਇਆ ਸੀ ਪਰ ਉਹ ਪੇਸ਼ ਨਹੀਂ ਹੋਏ। ਇਸ ਵਿਚਾਲੇ ਪੰਜਾਬ 'ਚ ਵੀ ਹੁਣ ਮਾਨ ਸਰਕਾਰ ਵਲੋਂ ਬਣਾਈ ਸ਼ਰਾਬ ਨੀਤੀ ਨੂੰ ਲੈਕੇ ਵਿਰੋਧੀ ਨਿਸ਼ਾਨਾ ਸਾਧ ਰਹੇ ਹਨ ਤੇ ਜਾਂਚ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਕਿ ਸਰਕਾਰ ਨੇ ਦਿੱਲੀ ਦੀ ਤਰਜ਼ 'ਤੇ ਹੀ ਪੰਜਾਬ 'ਚ ਵੀ ਸ਼ਰਾਬ ਨੀਤੀ ਲਾਗੂ ਕੀਤੀ ਸੀ। (Punjab Liquor Policy)

ਪੰਜਾਬ ਪੁੱਜਿਆ ਦਿੱਲੀ ਸ਼ਰਾਬ ਘੁਟਾਲੇ ਦਾ ਸੇਕ

ਲੁਧਿਆਣਾ: ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਸ਼ਰਾਬ ਘੁਟਾਲੇ ਦਾ ਸੇਕ ਹੁਣ ਪੰਜਾਬ ਦੇ ਵਿੱਚ ਵੀ ਪਹੁੰਚ ਚੁੱਕਾ ਹੈ, ਜਿਸ ਕਰਕੇ ਸਿਆਸਤ ਗਰਮਾ ਗਈ ਹੈ। ਵਿਰੋਧੀ ਪਾਰਟੀਆਂ ਨੇ ਪੰਜਾਬ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਦੇ ਵਿੱਚ ਸਥਾਨਕ ਚੋਣਾਂ ਹੋਣੀਆਂ ਹਨ ਅਤੇ ਉਸ ਤੋਂ ਪਹਿਲਾਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੰਤਰੀਆਂ ਦੀ ਗ੍ਰਿਫ਼ਤਾਰੀ ਅਤੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਪੁੱਛਗਿਛ ਲਈ ਸੰਮਨ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬੈਕਫੁੱਟ 'ਤੇ ਲਿਆ ਕੇ ਖੜਾ ਕਰ ਦਿੱਤਾ ਹੈ। ਪੰਜਾਬ ਦੇ ਵਿੱਚ ਵਿਰੋਧੀ ਪਾਰਟੀਆਂ ਨੂੰ ਮਾਨ ਸਰਕਾਰ ਦੇ ਖਿਲਾਫ ਇਕ ਹੋਰ ਮੁੱਦਾ ਮਿਲ ਗਿਆ ਹੈ ਅਤੇ ਉਹ ਜੰਮ ਕੇ ਇਸ ਦਾ ਫਾਇਦਾ ਵੀ ਚੁੱਕ ਰਹੇ ਹਨ। (Punjab Liquor Policy) (Delhi Liquor Scam)

ਮਜੀਠੀਆ ਨੇ ਚੁੱਕੇ ਮੁੱਖ ਮੰਤਰੀ ਮਾਨ 'ਤੇ ਸਵਾਲ: ਬੀਤੇ ਦਿਨ ਅਕਾਲੀ ਆਗੂ ਬਿਕਰਮ ਮਜੀਠੀਆ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਸਿੱਧੇ ਤੌਰ 'ਤੇ ਕਿਹਾ ਕਿ ਮਨੀਸ਼ ਸਿਸੋਦੀਆ ਦੇ ਨਾਲ ਸੰਜੇ ਸਿੰਘ ਗ੍ਰਿਫਤਾਰ ਹੋ ਚੁੱਕੇ ਹਨ ਅਤੇ ਇੱਕ ਹੋਰ ਮੰਤਰੀ ਨੂੰ ਸ਼ਰਾਬ ਘੁਟਾਲੇ ਮਾਮਲੇ ਦੇ ਵਿੱਚ ਗ੍ਰਿਫ਼ਤਾਰ ਕਰਨ ਦੀ ਤਿਆਰੀ ਹੋ ਰਹੀ ਹੈ। ਉਹਨਾਂ ਕਿਹਾ ਕਿ ਵਾਰੀ ਕੇਜਰੀਵਾਲ ਦੀ ਵੀ ਆਉਣੀ ਹੈ ਪਰ ਸ਼ਾਇਦ ਭਗਵੰਤ ਮਾਨ ਬਚ ਜਾਣ ਕਿਉਂਕਿ ਉਹਨਾਂ ਦੇ ਹੱਥ ਹੁਣ ਦਿੱਲੀ ਦੇ ਵਿੱਚ ਸੱਤਾ 'ਤੇ ਕਾਬਜ਼ ਇੱਕ ਬਹੁਤ ਵੱਡੀ ਪਾਰਟੀ ਦੇ ਨਾਲ ਜੁੜ ਚੁੱਕੇ ਹਨ। ਬਿਕਰਮ ਮਜੀਠੀਆ ਨੇ ਆਪਣੇ ਅੰਦਾਜ਼ ਦੇ ਵਿੱਚ ਕਿਹਾ ਕਿ ਸਭ ਫੜੇ ਜਾਣਗੇ, ਉਹਨਾਂ ਕਿਹਾ ਕਿ ਮੈਨੂੰ ਕੇਜਰੀਵਾਲ ਨੂੰ ਪੁੱਛਗਿੱਛ ਲਈ ਬੁਲਾਏ ਜਾਣ ਦਾ ਵੀ ਦੁੱਖ ਹੈ।

ਦਿੱਲੀ ਦੀ ਤਰਜ਼ 'ਤੇ ਬਣੀ ਸੀ ਪੰਜਾਬ ਦੀ ਸ਼ਰਾਬ ਨੀਤੀ: ਇਸ ਮੁੱਦੇ ਨੂੰ ਲੈ ਕੇ ਭਾਜਪਾ ਵੀ ਲਗਾਤਾਰ ਆਮ ਆਦਮੀ ਪਾਰਟੀ ਨੂੰ ਘੇਰ ਰਹੀ ਹੈ। ਬੀਤੇ ਦਿਨ ਲੁਧਿਆਣਾ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਸੀ ਕਿ ਸੁਪਰੀਮ ਕੋਰਟ ਨੇ ਇਹ ਸ਼ਰਾਬ ਘੁਟਾਲੇ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਧਿਰ ਬਣਾਇਆ ਹੈ ਅਤੇ ਹਾਲੇ ਹੋਰ ਵੀ ਵਿਕਟਾਂ ਡਿੱਗਣਗੀਆਂ। ਉਹਨਾਂ ਕਿਹਾ ਕਿ ਪੰਜਾਬ ਦੇ ਮੰਤਰੀ ਅਤੇ ਵਿਧਾਇਕ ਵੀ ਇਸ ਜਾਂਚ ਦੇ ਘੇਰੇ ਦੇ ਵਿੱਚ ਜਲਦ ਆਉਣਗੇ, ਕਿਉਂਕਿ ਛਾਤੀ ਠੋਕ ਕੇ ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਸੀ ਕਿ ਦਿੱਲੀ ਦੀ ਸ਼ਰਾਬ ਨੀਤੀ ਦੀ ਤਰਜ 'ਤੇ ਹੀ ਪੰਜਾਬ ਦੇ ਵਿੱਚ ਵੀ ਸ਼ਰਾਬ ਨੀਤੀ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਜਾਹਿਰ ਹੈ ਕਿ ਘੁਟਾਲਾ ਇੱਥੇ ਵੀ ਹੋਇਆ ਹੈ ਅਤੇ ਇਸ ਦੀ ਜਾਂਚ ਦੇ ਵਿੱਚ ਕਈ ਸ਼ਾਮਲ ਵੀ ਹੋਣਗੇ ਅਤੇ ਜੇਲ੍ਹ ਵੀ ਜਾਣਗੇ। ਸੁਨੀਲ ਜਾਖੜ ਨੇ ਸਾਫ ਕਿਹਾ ਕਿ ਕੋਈ ਵੀ ਨਹੀਂ ਬਚੇਗਾ, ਜਿਹੜੇ ਵੀ ਉਸ ਮੀਟਿੰਗ ਦੇ ਵਿੱਚ ਸ਼ਾਮਲ ਸਨ, ਭਾਵੇਂ ਸੰਦੀਪ ਪਾਠਕ ਸੀ, ਭਾਵੇਂ ਸੱਜੇ ਸਿੰਘ ਸੀ। ਜਾਖੜ ਨੇ ਕਿਹਾ ਕਿ ਕਈਆਂ ਦੀ ਹਾਲੇ ਗ੍ਰਿਫਤਾਰੀ ਹੋਰ ਹੋਵੇਗੀ।

ਦਿੱਲੀ ਸ਼ਰਾਬ ਘੁਟਾਲੇ 'ਚ ਸੁਪਰੀਮ ਕੋਰਟ ਨੇ ਆਮ ਆਦਮੀ ਪਾਰਟੀ ਨੂੰ ਧਿਰ ਬਣਾਇਆ ਹੈ, ਜਿਸ 'ਚ ਅਜੇ ਹੋਰ ਵਿਕਟਾਂ ਡਿੱਗਣਗੀਆਂ। ਪੰਜਾਬ ਦੇ ਮੰਤਰੀ ਅਤੇ ਵਿਧਾਇਕ ਵੀ ਇਸ ਜਾਂਚ ਦੇ ਘੇਰੇ ਦੇ ਵਿੱਚ ਜਲਦ ਆਉਣਗੇ, ਕਿਉਂਕਿ ਛਾਤੀ ਠੋਕ ਕੇ ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਸੀ ਕਿ ਦਿੱਲੀ ਦੀ ਸ਼ਰਾਬ ਨੀਤੀ ਦੀ ਤਰਜ 'ਤੇ ਹੀ ਪੰਜਾਬ ਦੇ ਵਿੱਚ ਵੀ ਸ਼ਰਾਬ ਨੀਤੀ ਬਣਾਈ ਗਈ ਹੈ। ਸੁਨੀਲ ਜਾਖੜ, ਪ੍ਰਧਾਨ , ਪੰਜਾਬ ਭਾਜਪਾ

ਈਡੀ ਸਾਹਮਣੇ ਪੇਸ਼ ਨਹੀਂ ਹੋਏ ਕੇਜਰੀਵਾਲ: ਇਸ ਤੋਂ ਪਹਿਲਾਂ ਦੋ ਨਵੰਬਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਸ਼ਰਾਬ ਨੀਤੀ ਦੇ ਵਿੱਚ ਪੁੱਛਗਿਛ ਲਈ ਬੁਲਾਇਆ ਗਿਆ ਸੀ ਪਰ ਅਰਵਿੰਦ ਕੇਜਰੀਵਾਲ ਨੇ ਪੇਸ਼ ਹੋਣ ਤੋਂ ਇਨਕਾਰ ਕਰਦਿਆਂ ਇੱਕ ਚਿੱਠੀ ਲਿਖ ਕੇ ਕਿਹਾ ਕਿ ਉਹ ਮੱਧ ਪ੍ਰਦੇਸ਼ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ। ਉਹ ਇਨਫੋਰਸਮੈਂਟ ਡਾਇਰੈਕਟਰੇਟ ਅੱਗੇ ਨਹੀਂ ਪੇਸ਼ ਹੋਣਗੇ। ਕੇਜਰੀਵਾਲ ਨੇ ਜਾਂਚ ਏਜੰਸੀ ਵੱਲੋਂ ਭੇਜੇ ਗਏ ਨੋਟਿਸ ਨੂੰ ਗੈਰ ਕਾਨੂੰਨੀ ਅਤੇ ਰਾਜਨੀਤਿਕ ਤੋਂ ਪ੍ਰੇਰਿਤ ਦੱਸਿਆ ਹੈ। ਉਹਨਾਂ ਈਡੀ ਅੱਗੇ ਸਾਫ ਤੌਰ 'ਤੇ ਪੇਸ਼ ਹੋਣ ਤੋਂ ਇਨਕਾਰ ਕਰਦੇ ਕਿਹਾ ਕਿ ਉਹ ਆਪਣਾ ਨੋਟਿਸ ਵਾਪਸ ਲੈਣ। ਵਿਰੋਧੀ ਧਿਰ ਦੇ ਆਗੂ ਲਗਾਤਾਰ ਪੰਜਾਬ ਦੇ ਵਿੱਚ ਵੀ ਸ਼ਰਾਬ ਨੀਤੀ ਦੇ ਵਿੱਚ ਹੋਈਆਂ ਉਣਤਾਈਆਂ ਦੀ ਜਾਂਚ ਕਰਨ ਦੀ ਮੰਗ ਕਰ ਰਹੇ ਹਨ। ਆਗੂਆਂ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਨਿਯਮਾਂ ਨੂੰ ਛਿੱਕੇ ਟੰਗ ਕੇ ਸ਼ਰਾਬ ਨੀਤੀ ਦੇ ਵਿੱਚ ਵੱਡਾ ਘੁਟਾਲਾ ਹੋਇਆ ਹੈ, ਉਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਹੋਇਆ ਹੈ। ਬਿਕਰਮ ਮਜੀਠੀਆ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਹਰਪਾਲ ਚੀਮਾ ਵੀ ਜੇਲ੍ਹ ਜਾਣਗੇ।

ਪੰਜਾਬ 'ਆਪ' ਵਿਧਾਇਕ ਦੇ ਠਿਕਾਣਿਆਂ 'ਤੇ ਛਾਪਾ: ਸ਼ਰਾਬ ਨੀਤੀ ਦੇ ਵਿੱਚ ਘੁਟਾਲੇ ਨੂੰ ਲੈ ਕੇ ਪੰਜਾਬ ਦੇ ਵਿੱਚ ਇਨਫੋਰਸਮੈਂਟ ਡਾਇਰੈਕਟ ਰੇਡ ਦੀ ਹਲਚਲ ਤੇਜ਼ ਹੋ ਗਈ ਹੈ। ਹਾਲਾਂਕਿ ਹੁਣ ਤੱਕ ਅਸਿੱਧੇ ਤੌਰ 'ਤੇ ਜ਼ਰੂਰ ਏਜੰਸੀ ਵੱਲੋਂ ਪੰਜਾਬ ਦੇ ਵਿੱਚ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ। ਬੀਤੇ ਦਿਨੀ ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਕਈ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ। ਹਾਲਾਂਕਿ ਇਸ ਨੂੰ ਦਿੱਲੀ ਸ਼ਰਾਬ ਨੀਤੀ ਘੁਟਾਲੇ ਦੇ ਨਾਲ ਮੀਡੀਆ ਰਿਪੋਰਟਾਂ ਦੇ ਵਿੱਚ ਲਿੰਕ ਕਰਕੇ ਦੱਸਿਆ ਜਾ ਰਿਹਾ ਹੈ। ਵਿਧਾਇਕ ਕੁਲਵੰਤ ਸਿੰਘ ਪੰਜਾਬ ਦੇ ਵਿੱਚ ਸਭ ਤੋਂ ਅਮੀਰ ਵਿਧਾਇਕਾਂ ਵਿੱਚੋਂ ਇੱਕ ਹਨ, ਉਹ ਰੀਅਲ ਸਟੇਟ ਕਾਰੋਬਾਰੀ ਹਨ। ਹਾਲਾਂਕਿ ਕੁਲਵੰਤ ਸਿੰਘ ਇਸ ਨੂੰ ਆਮ ਜਾਂਚ ਦਾ ਹਿੱਸਾ ਦੱਸ ਰਹੇ ਹਨ, ਪਰ ਵਿਰੋਧੀ ਪਾਰਟੀਆਂ ਇਸ ਕਾਰਵਾਈ ਨੂੰ ਲੇਟ ਦੱਸ ਰਹੀਆਂ ਹਨ। ਉਹਨਾਂ ਦਾ ਕਹਿਣਾ ਹੈ ਕਿ ਸ਼ਰਾਬ ਨੀਤੀ ਦੇ ਮਾਮਲੇ ਦੇ ਵਿੱਚ ਪਹਿਲਾਂ ਹੀ ਪੰਜਾਬ ਦੇ ਅੰਦਰ ਜਾਂਚ ਮੁਕੰਮਲ ਹੋ ਜਾਣੀ ਚਾਹੀਦੀ ਸੀ।

ਸਿਆਸੀ ਬਦਲਾਖੋਰੀ ਤਹਿਤ ਕੇਂਦਰ ਕਰ ਰਹੀ ਕਾਰਵਾਈ: ਇੱਕ ਪਾਸੇ ਜਿੱਥੇ ਪੰਜਾਬ ਦੇ ਵਿੱਚ ਲਗਾਤਾਰ ਵਿਰੋਧੀ ਪਾਰਟੀਆਂ ਸਰਕਾਰ ਨੂੰ ਘੇਰ ਰਹੀਆਂ ਹਨ ਤਾਂ ਉਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਆਗੂ ਇਸ ਨੂੰ ਸਿਆਸਤ ਤੋਂ ਪ੍ਰੇਰਿਤ ਦੱਸ ਰਹੇ ਹਨ ਅਤੇ 2024 ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਦਾ ਡਰ ਕਰਕੇ ਏਜੰਸੀਆਂ ਦੀ ਵਰਤੋਂ ਕਰਨ ਵੱਲ ਇਸ਼ਾਰਾ ਕਰ ਰਹੇ ਹਨ। ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਹੈ ਕਿ ਅਕਸਰ ਹੀ ਇਮਾਨਦਾਰ ਆਦਮੀ ਨੂੰ ਕਈ ਵਾਰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹੀ ਕਾਰਨ ਹੈ ਕਿ ਸਾਡੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੂੰ ਲਗਾਤਾਰ ਨਿਸ਼ਾਨੇ 'ਤੇ ਲਿਆ ਜਾ ਰਿਹਾ ਹੈ। ਸਿਆਸੀ ਬਦਲਾਖੋਰੀ ਕਰਕੇ ਉਹਨਾਂ ਨੂੰ ਏਜੰਸੀਆਂ ਦੀ ਵਰਤੋਂ ਨਾਲ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਵਿਧਾਇਕ ਨੇ ਕਿਹਾ ਕਿ ਸਾਡੀ ਪਾਰਟੀ ਅੰਦੋਲਨ ਵਿਚੋਂ ਨਿਕਲੀ ਪਾਰਟੀ ਹੈ ਤੇ ਕੇਜਰੀਵਾਲ ਦੇ ਪਾਰਟੀ ਜੁਝਾਰੂ ਲੀਡਰ ਹਨ, ਜੋ ਕਿਸੇ ਤੋਂ ਡਰਦੇ ਨਹੀਂ ਹਨ।

'ਆਪ' ਦੇ ਲੀਡਰਾਂ ਦੀ ਘੁਟਾਲੇ 'ਚ ਗ੍ਰਿਫ਼ਤਾਰੀ: ਕਾਬਿਲੇਗੌਰ ਹੈ ਕਿ ਮਾਣਯੋਗ ਸੁਪਰੀਮ ਕੋਰਟ ਵੱਲੋਂ ਵੀ ਇਸ ਮਾਮਲੇ ਦੇ ਵਿੱਚ ਲੱਗਭਗ 327 ਕਰੋੜ ਰੁਪਏ ਦੀ ਮਨੀ ਟਰੋਲ ਦੀ ਗੱਲ ਕਹੀ ਹੈ। ਸ਼ਰਾਬ ਘੁਟਾਲਾ ਮਾਮਲੇ ਦੇ ਵਿੱਚ ਹੁਣ ਦਿੱਲੀ ਦੇ ਵਿੱਚ ਮੰਤਰੀ ਮਨੀਸ਼ ਸਿਸੋਦੀਆ, ਸੰਜੇ ਸਿੰਘ, ਸਤਿੰਦਰ ਜੈਨ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ਦੇ ਵਿੱਚ ਕੇਜਰੀਵਾਲ ਨੂੰ ਸੀਬੀਆਈ ਵੱਲੋਂ ਵੀ ਪੁੱਛਗਿੱਛ ਲਈ ਬੁਲਾਇਆ ਗਿਆ ਸੀ ਅਤੇ ਲਗਭਗ 9 ਘੰਟੇ ਤੱਕ ਅਰਵਿੰਦ ਕੇਜਰੀਵਾਲ ਤੋਂ ਸੀਬੀਆਈ ਵੱਲੋਂ ਸ਼ਰਾਬ ਘੁਟਾਲੇ ਮਾਮਲੇ ਦੇ ਵਿੱਚ ਪੜਤਾਲ ਕੀਤੀ ਗਈ ਸੀ।

ਮਾਲੀਆ ਵੱਧਣ ਦਾ ਕੀਤਾ ਗਿਆ ਸੀ ਦਾਅਵਾ: ਦਰਅਸਲ ਦਿੱਲੀ ਦੀ ਸ਼ਰਾਬ ਨੀਤੀ ਤੋਂ ਬਾਅਦ ਕਈ ਤਰ੍ਹਾਂ ਦੇ ਬਦਲਾਅ ਕੀਤੇ ਗਏ ਸਨ, ਜਿਸ ਦੇ ਵਿੱਚ ਪਹਿਲਾਂ 60 ਫੀਸਦੀ ਸ਼ਰਾਬ ਦੇ ਠੇਕੇ ਸਰਕਾਰੀ ਸਨ ਅਤੇ 40 ਫੀਸਦੀ ਸ਼ਰਾਬ ਦੇ ਠੇਕੇ ਪ੍ਰਾਈਵੇਟ ਸਨ, ਜਦੋਂ ਕਿ ਨਵੀਂ ਨੀਤੀ ਤੋਂ ਬਾਅਦ 100 ਫੀਸਦੀ ਸ਼ਰਾਬ ਦੇ ਠੇਕੇ ਪ੍ਰਾਈਵੇਟ ਕਰ ਦਿੱਤੇ ਗਏ। ਇਸ ਤੋਂ ਇਲਾਵਾ ਐਲ 1 ਲਾਈਸੈਂਸ ਦੀ ਫੀਸ ਜੋ ਪਹਿਲਾਂ 25 ਲੱਖ ਰੁਪਏ ਨਿਰਧਾਰਿਤ ਕੀਤੀ ਗਈ ਸੀ, ਉਹ ਵਧਾ ਕੇ 5 ਕਰੋੜ ਰੁਪਏ ਕਰ ਦਿੱਤੀ ਗਈ। ਸਰਕਾਰ ਨੇ ਤਰਕ ਦਿੱਤਾ ਸੀ ਕਿ ਇਸ ਦੇ ਨਾਲ 3500 ਕਰੋੜ ਰੁਪਏ ਦਾ ਸਰਕਾਰ ਨੂੰ ਵਾਧੂ ਮਾਲੀਆ ਇਕੱਠਾ ਹੋਵੇਗਾ ਪਰ ਛੋਟੇ ਸ਼ਰਾਬ ਕਾਰੋਬਾਰੀਆਂ ਦਾ ਕੰਮ ਖਤਮ ਹੋ ਗਿਆ। ਦਿੱਲੀ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਇਸੇ ਨੀਤੀ ਨੂੰ ਲਾਗੂ ਕਰਨ ਦੀ ਗੱਲ ਕਹੀ ਗਈ ਸੀ। ਬੀਤੇ ਦਿਨੀ ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਸਣੇ ਲੁਧਿਆਣਾ ਵਿੱਚ ਵੀ ਅਕਸ਼ੇ ਛਾਬੜਾ ਦੇ ਕਈ ਠਿਕਾਣਿਆਂ 'ਤੇ ਈਡੀ ਵੱਲੋਂ ਛਾਪੇਮਾਰੀ ਕੀਤੀ ਗਈ ਸੀ।

Last Updated :Nov 3, 2023, 2:31 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.