ETV Bharat / state

ਲੁਧਿਆਣਾ ਦੇ ਪਿੰਡ ਪਮਾਲ ਦੀ ਮਿੱਟੀ ਹੈ ਕਮਾਲ, ਧਰਮਸ਼ਾਲਾ ਸਣੇ ਮੁਹਾਲੀ ਅਤੇ ਕਲਕੱਤਾ ਦੇ ਈਡਨ ਗਾਰਡਨ ਸਟੇਡੀਅਮ ਦੀਆਂ ਕ੍ਰਿਕਟ ਪਿੱਚਾਂ ਇਸ ਮਿੱਟੀ ਨਾਲ ਹੋਈਆਂ ਨੇ ਤਿਆਰ

author img

By ETV Bharat Punjabi Team

Published : Nov 21, 2023, 6:24 PM IST

International cricket pitches: ਲੁਧਿਆਣਾ ਦੇ ਪਿੰਡ ਪਮਾਲ ਦੀ ਮਿੱਟੀ ਦੇ ਹਰ ਪਾਸੇ ਚਰਚੇ ਹਨ, ਕਿਉਂਕਿ ਇਸ ਪਿੰਡ ਦੀ ਮਿੱਟੀ ਨਾਲ ਕਈ ਕੌਮਾਂਤਰੀ ਸਟੇਡੀਅਮਾਂ ਦੀ ਕ੍ਰਿਕਟ ਪਿੱਚਾਂ ਤਿਆਰ ਕੀਤੀਆਂ ਜਾ ਚੁੱਕੀਆਂ ਹਨ। (soil of village Pamal)

ਪਿੰਡ ਪਮਾਲ ਦੀ ਮਿੱਟੀ ਹੈ ਕਮਾਲ
ਪਿੰਡ ਪਮਾਲ ਦੀ ਮਿੱਟੀ ਹੈ ਕਮਾਲ

ਖੇਤ ਮਾਲਕ ਅਤੇ ਸਾਬਕਾ ਕ੍ਰਿਕਟਰ ਜਾਣਕਾਰੀ ਦਿੰਦੇ ਹੋਏ

ਲੁਧਿਆਣਾ: ਭਾਰਤ ਭਾਂਵੇਂ ਵਿਸ਼ਵ ਕੱਪ ਦਾ ਆਖਰੀ ਮੁਕਾਬਲਾ ਹਾਰ ਗਿਆ ਹੋਵੇ ਪਰ ਅਹਿਮਦਾਬਾਦ ਦੀ ਪਿੱਚ ਨੂੰ ਲੈ ਕੇ ਜ਼ਰੂਰ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਪਿੱਚ ਬਹੁਤ ਸਲੋ ਸੀ, ਪਰ ਲੁਧਿਆਣਾ ਦੇ ਵਿੱਚ ਇੱਕ ਅਜਿਹਾ ਪਿੰਡ ਹੈ, ਜਿਸ ਦੀ ਮਿੱਟੀ ਕਮਾਲ ਦੀ ਹੈ ਅਤੇ ਪਿੰਡ ਦਾ ਨਾਂ ਵੀ ਪਮਾਲ ਹੈ। ਇਸ ਪਿੰਡ ਦੀ ਮਿੱਟੀ ਨੂੰ ਬਲੈਕ ਡਾਇਮੰਡ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਪਿੰਡ ਦੇ ਕੁਝ ਹਿੱਸੇ 'ਚ ਮਿੱਟੀ ਦੇ ਵਿੱਚ 56.2 ਫ਼ੀਸਦੀ ਤੱਕ ਦੀ ਕਲੇਅ ਹੈ, ਜਿਸ ਕਾਰਨ ਇਹ ਮਿੱਟੀ ਬਹੁਤ ਜਿਆਦਾ ਬਾਉਂਸ ਦਿੰਦੀ ਹੈ। ਖਾਸ ਗੱਲ ਇਹ ਹੈ ਕਿ ਨਾ ਸਿਰਫ ਤੇਜ਼ ਗੇਂਦਬਾਜ਼ਾਂ ਨੂੰ ਸਗੋਂ ਸਪਿੰਨਰਾਂ ਨੂੰ ਵੀ ਇਸ ਮਿੱਟੀ ਦੀ ਬਣੀ ਪਿੱਚ ਤੋਂ ਕਾਫੀ ਫਾਇਦਾ ਮਿਲਦਾ ਹੈ। ਇਹ ਦਾਅਵਾ ਪਿੰਡ ਦੇ ਹੀ ਪਿੱਚ ਤਿਆਰ ਕਰਨ ਵਾਲੇ ਕਈ ਕੌਮਾਂਤਰੀ ਮੈਚ ਖੇਡ ਚੁੱਕੇ ਸਾਬਕਾ ਕ੍ਰਿਕਟਰ ਹਰਿੰਦਰ ਸਿੰਘ ਰਾਣਾ ਨੇ ਕੀਤਾ ਹੈ।

ਬਿਸ਼ਨ ਸਿੰਘ ਬੇਦੀ ਨੇ ਲੱਭੀ ਮਿੱਟੀ: ਹਰਿੰਦਰ ਰਾਣਾ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਭਾਰਤੀ ਟੀਮ ਦੇ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ ਵੱਲੋਂ ਇਸ ਮਿੱਟੀ ਦੀ ਖੋਜ ਕੀਤੀ ਗਈ ਸੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਉਸ ਵੇਲੇ ਇਰਾਨੀ ਕੱਪ ਅਤੇ ਰਣਜੀ ਟਰਾਫੀ ਮੈਚ ਖੇਡੇ ਗਏ ਸਨ। ਇਸ ਦੌਰਾਨ ਭਾਰਤ ਦੇ ਕਈ ਇੰਟਰਨੈਸ਼ਨਲ ਖਿਡਾਰੀਆਂ ਨੇ ਇੱਥੇ ਮੈਚ ਖੇਡਿਆ ਅਤੇ ਉਹ ਪਿੱਚ ਤੋਂ ਕਾਫੀ ਹੈਰਾਨ ਰਹਿ ਗਏ। ਜਿਸ ਤੋਂ ਬਾਅਦ ਬਿਸ਼ਨ ਸਿੰਘ ਬੇਦੀ ਨੇ ਕਿਹਾ ਕਿ ਅਜਿਹੀ ਪਿੱਚ ਪੂਰੇ ਭਾਰਤ ਦੇ ਵਿੱਚ ਬਣਨੀ ਚਾਹੀਦੀ ਹੈ ਅਤੇ ਇਹ ਮਿੱਟੀ ਪਿੰਡ ਪਮਾਲ ਤੋਂ ਲਿਆ ਕੇ ਪੰਜਾਬ ਦੇ ਲਗਭਗ ਸਾਰੇ ਹੀ ਕ੍ਰਿਕਟ ਦੇ ਵੱਡੇ ਸਟੇਡੀਅਮ ਦੇ ਵਿੱਚ ਪਾਈ ਗਈ ਅਤੇ ਪਿੱਚ ਤਿਆਰ ਕੀਤੀ ਗਈ।

ਕਈ ਸਟੇਡੀਅਮਾਂ 'ਚ ਵਰਤੀ ਗਈ ਹੈ ਮਿੱਟੀ: ਪਿੰਡ ਦੇ ਕੁਝ ਹੀ ਹਿੱਸੇ ਦੇ ਵਿੱਚ ਇਹ ਮਿੱਟੀ ਹੈ ਜਿਸ ਦੇ ਨਾਲ ਬਿਲਕੁਲ ਪਾਣੀ ਦਾ ਨਾਲਾ ਹੈ ਅਤੇ ਲਗਭਗ 5 ਏਕੜ ਦੇ ਕਰੀਬ ਜ਼ਮੀਨ ਦੇ ਵਿੱਚ ਮਿੱਟੀ ਦਾ ਰੰਗ ਪੂਰੀ ਤਰ੍ਹਾਂ ਕਾਲਾ ਹੈ। ਜਿਸ ਵਿੱਚ ਕਲੇਅ ਦੀ ਬਹੁਤ ਜਿਆਦਾ ਮਾਤਰਾ ਹੈ, ਇਸ ਕਰਕੇ ਇਸ ਦੀ ਪਿੱਚ ਵੀ ਚੰਗੀ ਤਿਆਰ ਹੁੰਦੀ ਹੈ। ਧਰਮਸ਼ਾਲਾ ਦੇ ਵਿੱਚ ਬਣਾਏ ਗਏ ਕ੍ਰਿਕਟ ਸਟੇਡੀਅਮ ਦੇ ਵਿੱਚ ਵੀ ਇਸ ਦੀ ਵਰਤੋਂ ਕੀਤੀ ਗਈ ਹੈ। ਇਸ ਤੋਂ ਇਲਾਵਾ ਮੁਹਾਲੀ ਦੇ ਪੀਸੀਏ ਸਟੇਡੀਅਮ ਦੇ ਵਿੱਚ, ਪੰਚਕੁਲਾ ਦੇ ਦੇਵੀ ਲਾਲ ਸਟੇਡੀਅਮ ਦੇ ਵਿੱਚ, ਕਲਕੱਤਾ ਦੇ ਈਡਨ ਗਾਰਡਨ ਦੇ ਵਿੱਚ ਵੀ ਇਸ ਮਿੱਟੀ ਦੀ ਵਰਤੋਂ ਕਰਕੇ ਪਿੱਚ ਤਿਆਰ ਕੀਤੀ ਗਈ ਹੈ। ਜਿਸ ਤੋਂ ਕਾਫੀ ਬਾਉਂਸ ਮਿਲਦਾ ਹੈ ਅਤੇ ਗੇਂਦਬਾਜ਼ਾਂ ਨੂੰ ਕਾਫੀ ਮਦਦ ਮਿਲਦੀ ਹੈ। ਇੰਨਾਂ ਹੀ ਨਹੀਂ ਲੁਧਿਆਣਾ ਦੇ ਮੁੱਲਾਂਪੁਰ ਦਾਖਾ ਦੇ ਵਿੱਚ ਬਣਾਏ ਗਏ ਖੇਡ ਸਟੇਡੀਅਮ ਦੇ ਵਿੱਚ ਵੀ ਇਸ ਮਿੱਟੀ ਦੀ ਵਰਤੋਂ ਕੀਤੀ ਗਈ ਹੈ।

ਪੀਏਯੂ ਨੇ ਕੀਤੀ ਜਾਂਚ: ਪਿੱਚ ਤਿਆਰ ਕਰਨ ਵਾਲੇ ਹਰਿੰਦਰ ਸਿੰਘ ਰਾਣਾ ਨੇ ਦੱਸਿਆ ਹੈ ਕਿ ਉਹ ਭਾਰਤ ਦੇ ਕਈ ਹਿੱਸਿਆਂ ਦੇ ਵਿੱਚ ਇਹ ਮਿੱਟੀ ਲਿਜਾ ਚੁੱਕੇ ਹਨ। ਉਹਨਾਂ ਨੇ ਕਿਹਾ ਕਿ ਇੱਕ ਪਿੱਚ ਬਣਾਉਣ ਲਈ ਲਗਭਗ 800 ਫੁੱਟ ਦੇ ਕਰੀਬ ਮਿੱਟੀ ਦੀ ਵਰਤੋਂ ਕਰਨੀ ਪੈਂਦੀ ਹੈ। ਉਹਨਾਂ ਨੇ ਕਿਹਾ ਕਿ ਇਹ ਮਿੱਟੀ ਦੇ ਵਿੱਚ ਕਲੇਅ ਦੀ ਮਾਤਰਾ ਬਹੁਤ ਜਿਆਦਾ ਹੈ। ਕੌਮਾਂਤਰੀ ਪੱਧਰ 'ਤੇ ਪਿੱਚ ਤਿਆਰ ਕਰਨ ਲਈ 50 ਫੀਸਦੀ ਤੋਂ ਵਧੇਰੇ ਕਲੇਅ ਦੀ ਮਾਤਰਾ ਵਾਲੀ ਮਿੱਟੀ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੋਇਲ ਸਾਇੰਸ ਵਿਭਾਗ ਵੱਲੋਂ ਜਦੋਂ ਇਸ ਦੀ ਜਾਂਚ ਕੀਤੀ ਗਈ ਤਾਂ ਲਗਭਗ ਹੁਣ ਵੀ 56.2 ਫੀਸਦੀ ਦੇ ਕਰੀਬ ਇਸ ਮਿੱਟੀ ਦੇ ਵਿੱਚ ਕਲੇਅ ਹੈ, ਜਿਸ ਕਰਕੇ ਇਸ ਦੀ ਪਿੱਚ ਤਿਆਰ ਹੁੰਦੀ ਹੈ।

ਭਾਰਤ ਦੇ ਕਈ ਹਿੱਸਿਆਂ ਦੇ ਵਿੱਚ ਲੁਧਿਆਣਾ ਦੇ ਪਿੰਡ ਪਮਾਲ ਦੀ ਮਿੱਟੀ ਜਾ ਚੁੱਕੀ ਹੈ। ਜਿਸ ਨਾਲ ਕਈ ਕਈ ਕੌੰਮਾਂਤਰੀ ਮੈਚਾਂ ਵਾਲੀਆਂ ਪਿੱਚਾਂ ਤਿਆਰ ਕੀਤੀਆਂ ਗਈਆਂ ਹਨ। ਇਸ ਪਿੰਡ ਦੀ ਮਿੱਟੀ ਦੇ ਨਾਲ ਧਰਮਸ਼ਾਲਾ, ਮੁਹਾਲੀ ਅਤੇ ਕੋਲਕੱਤਾ ਦੇ ਈਡਨ ਗਾਰਡਨ ਵਰਗੇ ਸਟੇਡੀਅਮਾਂ 'ਚ ਪਿੱਚਾਂ ਤਿਆਰ ਕੀਤੀਆਂ ਗਈਆਂ ਹਨ। -ਹਰਿੰਦਰ ਸਿੰਘ ਰਾਣਾ, ਸਾਬਕਾ ਕ੍ਰਿਕਟਰ

ਪੰਜਾਬ ਦੇ ਗਰਾਊਂਡਾਂ ਲਈ ਮਿੱਟੀ: ਪੰਜਾਬ 'ਚ ਵੀ ਕਾਫੀ ਹੱਦ ਤੱਕ ਇਸ ਥਾਂ ਤੋਂ ਮਿੱਟੀ ਦੀ ਵਰਤੋਂ ਕੀਤੀ ਜਾ ਚੁੱਕੀ ਹੈ ਅਤੇ ਜ਼ਮੀਨ ਦੇ ਮਾਲਕ ਕਿਸਾਨ ਅਮਰਜੀਤ ਸਿੰਘ ਨੇ ਦੱਸਿਆ ਕਿ ਲਗਭਗ 10 ਫੁੱਟ ਤੱਕ ਅਜਿਹੀ ਮਿੱਟੀ ਹੈ, ਉਸ ਤੋਂ ਬਾਅਦ ਆਮ ਮਿੱਟੀ ਆਉਣੀ ਸ਼ੁਰੂ ਹੋ ਜਾਂਦੀ ਹੈ। ਉਹਨਾਂ ਨੇ ਕਿਹਾ ਕਿ ਇਹ ਉਹਨਾਂ ਦੇ ਪਿੰਡ ਨੂੰ ਕੁਦਰਤੀ ਦੇਣ ਹੈ। ਅਜਿਹੀ ਮਿੱਟੀ ਦੇਸ਼ ਦੇ ਹੋਰ ਕਿਸੇ ਕੋਨੇ ਦੇ ਵਿੱਚ ਨਹੀਂ ਮਿਲਦੀ ਜੋ ਕਿ ਇਸ ਪਿੰਡ ਦੇ ਵਿੱਚ ਮਿਲਦੀ ਹੈ। ਉਹਨਾਂ ਨੇ ਕਿਹਾ ਕਿ ਫਿਲਹਾਲ ਅਸੀਂ ਮਿੱਟੀ ਦਾ ਇੱਕ ਵੱਡਾ ਹਿੱਸਾ ਰਾਖਵਾਂ ਰੱਖਿਆ ਹੈ। ਅਸੀਂ ਉਹ ਨਹੀਂ ਵੇਚ ਰਹੇ ਅਤੇ ਕਿਸੇ ਵੀ ਕੀਮਤ 'ਤੇ ਉਹ ਕਿਸੇ ਵੀ ਗਰਾਊਂਡ ਲਈ ਨਹੀਂ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਉਹ ਮਿੱਟੀ ਅਸੀਂ ਪੰਜਾਬ ਦੇ ਵਿੱਚ ਕੌਮਾਂਤਰੀ ਕ੍ਰਿਕਟ ਸਟੇਡੀਅਮਾਂ ਦੇ ਲਈ ਰਾਖਵੀਂ ਰੱਖੀ ਹੈ ਕਿ ਜਦੋਂ ਕੋਈ ਸਰਕਾਰ ਪੰਜਾਬ ਦੇ ਵਿੱਚ ਕੋਈ ਵੱਡਾ ਸਟੇਡੀਅਮ ਤਿਆਰ ਕਰੇਗੀ ਤਾਂ ਉੱਥੇ ਇਹ ਮਿੱਟੀ ਮੁਫਤ ਦੇ ਵਿੱਚ ਦਿੱਤੀ ਜਾਵੇਗੀ ਤਾਂ ਜੋ ਸਾਡੀ ਆਉਣ ਵਾਲੀ ਪੀੜੀ ਇਸ ਪਿੱਚ 'ਤੇ ਖੇਡ ਕੇ ਵਿਦੇਸ਼ੀ ਪਿੱਚਾਂ ਦੇ ਵਿੱਚ ਜਾ ਕੇ ਉਹਨਾਂ ਖਿਡਾਰੀਆਂ ਦਾ ਮੁਕਾਬਲਾ ਕਰ ਸਕਣ।

ਪਿੰਡ ਦੇ ਚਰਚੇ: ਵਿਸ਼ਵ ਕੱਪ ਹੋਣ ਤੋਂ ਬਾਅਦ ਇਸ ਪਿੰਡ ਦੇ ਚਰਚੇ ਪੂਰੇ ਵਿਸ਼ਵ ਭਰ ਦੇ ਵਿੱਚ ਹਨ ਕਿਉਂਕਿ ਅਹਿਮਦਾਬਾਦ ਵਿੱਚ ਜਿਸ ਪਿੱਚ 'ਤੇ ਮੈਚ ਖੇਡਿਆ ਗਿਆ ਸੀ, ਉਸ ਪਿੱਚ ਦੀ ਮਿੱਟੀ ਕਾਫੀ ਢਿੱਲੀ ਸੀ ਅਤੇ ਬਹੁਤ ਸਲੋ ਹੋਣ ਕਰਕੇ ਭਾਰਤ ਨੂੰ ਮੈਚ ਹਾਰਨਾ ਪਿਆ ਪਰ ਹਰਿੰਦਰ ਰਾਣਾ ਨੇ ਕਿਹਾ ਕਿ ਜੇਕਰ ਅਹਿਮਦਾਬਾਦ ਦੀ ਪਿੱਚ ਦੇ ਵਿੱਚ ਪਿੰਡ ਪਮਾਲ ਦੀ ਮਿੱਟੀ ਪਾਈ ਹੁੰਦੀ ਤਾਂ ਭਾਰਤ ਅੱਜ ਇਹ ਮੈਚ ਜਿੱਤ ਕੇ ਵਿਸ਼ਵ ਕੱਪ ਆਪਣੇ ਨਾਮ ਕਰ ਚੁੱਕਾ ਹੁੰਦਾ। ਉਹਨਾਂ ਕਿਹਾ ਕਿ ਪਿੱਚ ਦੇ ਵਿੱਚ ਮਿੱਟੀ ਬਹੁਤ ਅਹਿਮੀਅਤ ਰੱਖਦੀ ਹੈ ਅਤੇ ਇਸ ਮਿੱਟੀ ਨੂੰ ਇੰਟਰਨੈਸ਼ਨਲ ਪਿੱਚ ਨਿਰਮਾਣ ਐਸੋਸੀਏਸ਼ਨ ਦੇ ਚੇਅਰਮੈਨ ਰਹਿ ਚੁੱਕੇ ਦਲਜੀਤ ਸਿੰਘ ਵੱਲੋਂ ਵੀ ਮਾਨਤਾ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਉਹਨਾਂ ਦੋਵਾਂ ਨੇ ਮਿਲ ਕੇ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਇਸ ਮਿੱਟੀ ਦੇ ਨਾਲ ਪਿੱਚਾਂ ਤਿਆਰ ਕੀਤੀਆਂ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.