ETV Bharat / state

Lehenga Ban In Gurudwara: ਆਨੰਦ ਕਾਰਜ ਵੇਲੇ ਲਾੜੀ ਦੇ ਲਹਿੰਗਾ ਪਾਉਣ 'ਤੇ ਰੋਕ, ਲਹਿੰਗਾ ਵਪਾਰੀਆਂ ਨੇ ਕਿਹਾ- ਵਪਾਰ 'ਤੇ ਅਸਰ, ਕੈਂਸਲ ਹੋ ਰਹੀਆਂ ਨੇ ਐਡਵਾਂਸ ਬੁਕਿੰਗਾਂ

author img

By ETV Bharat Punjabi Team

Published : Dec 20, 2023, 1:48 PM IST

Lehenga Market Effected: ਪੰਜ ਸਿੰਘ ਸਾਹਿਬਾਨਾਂ ਵੱਲੋਂ ਜਾਰੀ ਹੁਕਮ ਤੋਂ ਬਾਅਦ ਵਿਆਹ ਲਈ ਕਿਰਾਏ 'ਤੇ ਬੁੱਕ ਕੀਤੇ ਲਹਿੰਗੇ ਕੁੜੀਆਂ ਵਲੋਂ ਕੈਂਸਲ ਕਰਵਾਏ ਜਾ ਰਹੇ ਹਨ। ਵਪਾਰੀਆਂ ਨੇ ਜਿੱਥੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ, ਉੱਥੇ ਹੀ ਉਹਨਾਂ ਨੇ ਕਿਹਾ ਕਿ ਕੰਮ ਉੱਤੇ ਅਸਰ ਤਾਂ ਹੈ, ਕੁੱਝ ਸਮਾਂ ਦੇਣ ਦੀ ਲੋੜ ਸੀ, ਤਾਂ ਜੋ ਲੱਖਾਂ ਦਾ ਸਟਾਕ ਖ਼ਤਮ ਹੋ ਸਕਦਾ। ਵੇਖੋ ਇਹ ਖਾਸ ਰਿਪੋਰਟ...

Lehenga Ban In Gurudwara
Lehenga Ban In Gurudwara

ਲਹਿੰਗਾ ਵਪਾਰੀਆਂ ਨਾਲ ਗੱਲਬਾਤ

ਲੁਧਿਆਣਾ: ਤਖ਼ਤ ਸ੍ਰੀ ਨੰਦੇੜ ਸਾਹਿਬ ਵੱਲੋਂ ਮਹਾਰਾਸ਼ਟਰ ਵਿੱਚ ਅਤੇ ਫਿਰ ਹੁਣ ਪੰਜ ਸਿੰਘ ਸਾਹਿਬਾਨਾਂ ਵੱਲੋਂ ਪੰਜਾਬ ਵਿੱਚ ਵੀ ਵਿਆਹ ਸਮਾਗਮ ਮੌਕੇ ਲਹਿੰਗਾ ਪਾ ਕੇ ਕੁੜੀ ਵੱਲੋਂ ਲਾਵਾਂ ਵਿੱਚ ਸ਼ਾਮਲ ਹੋਣ ਤੋਂ ਰੋਕ ਲਾਉਣ ਦੇ ਫੈਸਲੇ ਦਾ ਸਾਰੇ ਵਰਗਾ ਨੇ ਸਵਾਗਤ ਕੀਤਾ ਹੈ, ਪਰ ਇਸ ਫੈਸਲੇ ਦਾ ਅਸਰ ਪੰਜਾਬ ਦੀ ਸਭ ਤੋਂ ਵੱਡੀ ਲਹਿੰਗੇ ਦੀ ਹੋਲਸੇਲ ਅਤੇ ਕਿਰਾਏ ਦੀ ਮਾਰਕੀਟ ਉੱਤੇ ਵੇਖਣ ਨੂੰ ਮਿਲ ਰਿਹਾ ਹੈ। ਵਪਾਰੀਆਂ ਦੇ ਮੁਤਾਬਕ ਫੈਸਲਾ ਕਰਨ ਤੋਂ ਪਹਿਲਾਂ ਜੇਕਰ ਥੋੜਾ ਸਮਾਂ ਦੇ ਦਿੱਤਾ ਜਾਂਦਾ, ਤਾਂ ਸ਼ਾਇਦ ਉਨ੍ਹਾਂ ਦਾ ਨੁਕਸਾਨ ਘੱਟ ਹੁੰਦਾ।

ਪੰਜਾਬ ਵਿੱਚ ਲਗਭਗ 10 ਹਜ਼ਾਰ ਤੋਂ ਵਧੇਰੇ ਲਹਿੰਗਾ ਕਾਰੋਬਾਰੀ ਇਸ ਨਾਲ ਸਿੱਧੇ ਅਤੇ ਅਸਿੱਧੇ ਤੌਰ ਉੱਤੇ ਪ੍ਰਭਾਵਿਤ ਹੋਣਗੇ। ਸਿਰਫ ਪੰਜਾਬ ਵਿੱਚ ਹੀ ਨਹੀਂ, ਸਗੋਂ ਹਰਿਆਣਾ, ਜੰਮੂ-ਕਸ਼ਮੀਰ ਅਤੇ ਹਿਮਾਚਲ ਵਿੱਚ ਵੀ ਲੁਧਿਆਣਾ ਤੋਂ ਲਹਿੰਗੇ ਸਪਲਾਈ ਹੁੰਦੇ ਹਨ। ਉਸ ਉੱਤੇ ਵੀ ਮਾੜਾ (Lehenga Ban for Bridal During Anand Karj) ਅਸਰ ਹੁਣ ਵੇਖਣ ਨੂੰ ਮਿਲ ਰਿਹਾ ਹੈ, ਹਾਲਾਂਕਿ ਧਾਰਮਿਕ ਪੱਖ ਤੋਂ ਜੇਕਰ ਵੇਖਿਆ ਜਾਵੇ, ਤਾਂ ਇਸ ਦਾ ਮਹਿਲਾਵਾਂ ਤੇ ਵਪਾਰੀਆਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ।

Lehenga Ban In Gurudwara
ਲਹਿੰਗਾ ਵਪਾਰੀ

ਕਾਰੋਬਾਰ 'ਤੇ ਅਸਰ: ਪੰਜਾਬ ਦੀ ਸਭ ਤੋਂ ਵੱਡੀ ਲਹਿੰਗਾ ਮਾਰਕੀਟ ਚੌੜਾ ਬਾਜ਼ਾਰ ਅਤੇ ਕਿਰਾਏ ਦੇ ਲਹਿੰਗੇ ਦੀ ਸਭ ਤੋਂ ਵੱਡੀ ਮਾਰਕੀਟ ਘੁਮਾਰ ਮੰਡੀ ਵਿੱਚ ਸੁੰਨ ਪਸਰੀ ਹੋਈ ਹੈ। ਦੁਕਾਨਦਾਰਾਂ ਦਾ ਮੰਨਣਾ ਹੈ ਕਿ ਧਾਰਮਿਕ ਪੱਖ ਤੋਂ ਇਹ ਫੈਸਲਾ ਸਵਾਗਤ ਯੋਗ ਹੈ, ਪਰ ਉਨ੍ਹਾਂ ਦੇ ਕੰਮ ਉੱਤੇ ਇਸ ਦਾ ਅਸਰ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਲੱਖਾਂ-ਲੱਖਾਂ ਰੁਪਏ ਦੇ ਮਹਿੰਗੇ ਲਹਿੰਗੇ ਹਨ, ਜੋ ਕਿ ਹੁਣ ਖਰੀਦੇ ਨਹੀਂ ਜਾਣਗੇ। ਖਾਸ ਕਰਕੇ ਜਿਹੜੇ ਦੁਕਾਨਦਾਰ ਮਹਿੰਗੇ ਲਹਿੰਗੇ ਖਰੀਦ ਕੇ ਅੱਗੇ ਕਿਰਾਏ ਉੱਤੇ ਦਿੰਦੇ ਹਨ, ਉਨ੍ਹਾਂ ਦੇ ਕੰਮ ਉੱਤੇ ਇਸ ਦਾ ਜਿਆਦਾ ਪ੍ਰਭਾਵ ਪਿਆ ਹੈ।

ਲੁਧਿਆਣਾ ਘੁਮਾਰ ਮੰਡੀ ਵਿੱਚ ਸਥਿਤ ਕਿਰਾਏ ਉੱਤੇ ਲਹਿੰਗੇ ਦੇਣ ਵਾਲੇ ਕਾਰੋਬਾਰੀ ਨੇ ਕਿਹਾ ਕਿ ਹੁਣ ਤੋਂ ਹੀ ਉਨ੍ਹਾਂ ਨੂੰ ਫੋਨ ਆ ਰਹੇ ਹਨ ਅਤੇ ਲੋਕਾਂ ਨੇ ਲਹਿੰਗੇ ਜੋ ਕਿਰਾਏ ਉੱਤੇ ਲਏ ਸਨ, ਉਹ ਕੈਂਸਲ ਕਰਵਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਐਡਵਾਂਸ ਪੇਮੈਂਟ ਖ਼ਰਚ ਕੇ ਅਸੀਂ ਪਹਿਲਾਂ ਲਹਿੰਗੇ ਚੁੱਕੇ ਹਨ, ਪਰ ਹੁਣ ਉਨ੍ਹਾਂ ਨੂੰ ਪੱਲਿਓਂ ਪੈਸੇ ਦੇਣੇ ਪੈ ਰਹੇ ਹਨ। ਕਾਰੋਬਾਰੀ ਨੇ ਕਿਹਾ ਕਿ ਸਿਰਫ ਲੁਧਿਆਣਾ ਜਾਂ ਪੰਜਾਬ ਹੀ ਨਹੀਂ, ਸਗੋਂ ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਹਰਿਆਣਾ ਵਿੱਚ ਵੀ ਲੁਧਿਆਣਾ ਤੋਂ ਲਹਿੰਗੇ ਸਪਲਾਈ ਹੁੰਦੇ ਹਨ। ਇਕੱਲੇ ਲੁਧਿਆਣਾ ਵਿੱਚ 10 ਹਜ਼ਾਰ ਦੇ ਕਰੀਬ ਇਸ ਕਾਰੋਬਾਰ ਨਾਲ ਸਿੱਧੇ ਅਤੇ ਅਸਿੱਧੇ ਤੌਰ ਉੱਤੇ ਜੁੜੇ ਹੋਏ ਲੋਕ ਹਨ, ਜਿੰਨ੍ਹਾਂ ਦੇ ਰੁਜ਼ਗਾਰ ਉੱਤੇ ਇਸ ਦਾ ਅਸਰ ਪਿਆ ਹੈ।

ਧਾਰਿਮਕ ਮਰਿਯਾਦਾ: ਹਾਲਾਂਕਿ ਦੁਕਾਨਦਾਰਾਂ ਨੇ ਕਿਹਾ ਕਿ, 'ਜੇਕਰ ਧਾਰਮਿਕ ਪੱਖ ਤੋਂ ਦੇਖਿਆ ਜਾਵੇ ਤਾਂ ਇਹ ਫੈਸਲਾ ਸਹੀ ਹੈ, ਪਰ ਉੱਥੇ ਹੀ ਦੂਜੇ ਪਾਸੇ ਜੇਕਰ ਵਪਾਰਕ ਪੱਖ ਤੋਂ ਗੱਲ ਕੀਤੀ ਜਾਵੇ ਤਾਂ ਇਸ ਦਾ ਸਿੱਧਾ ਨੁਕਸਾਨ ਹੈ। ਕਾਰੋਬਾਰੀ ਨੇ ਕਿਹਾ ਕਿ ਜੇਕਰ ਸਾਨੂੰ ਥੋੜਾ ਜਿਹਾ ਪਹਿਲਾਂ ਇਸ ਸਬੰਧੀ ਸਮਾਂ ਦੇ ਦਿੱਤਾ ਜਾਂਦਾ, ਤਾਂ ਸ਼ਾਇਦ ਸਾਡੇ ਨੁਕਸਾਨ ਦੀ ਕੁਝ ਭਰਪਾਈ ਜ਼ਰੂਰ ਹੋ ਜਾਂਦੀ। ਅਸੀਂ ਸਟਾਕ ਕੱਢ ਸਕਦੇ ਸੀ।'

Lehenga Ban In Gurudwara
ਪੰਜ ਸਿੰਘ ਸਾਹਿਬਾਨਾਂ ਵੱਲੋਂ ਜਾਰੀ ਹੁਕਮ

ਕਾਰੋਬਾਰੀ ਨੇ ਕਿਹਾ ਕਿ ਵਿਆਹ ਸ਼ਾਦੀਆਂ ਦਾ ਕੰਮ ਪੰਜਾਬ ਵਿੱਚ ਸੀਜ਼ਨਲ ਹੈ ਅਤੇ ਪੰਜਾਬੀ ਵਿਆਹਾਂ ਉੱਤੇ ਪੈਸੇ ਵੀ ਖਰਚ ਕਰਦੇ ਹਨ। ਖਾਸ ਕਰਕੇ ਲੁਧਿਆਣਾ ਵਿੱਚ ਦੁਆਬੇ ਅਤੇ ਮਾਲਵੇ ਤੋਂ ਐਨਆਰਆਈ ਵੱਡੀ ਗਿਣਤੀ ਵਿੱਚ ਖਰੀਦਾਰੀ ਕਰਨ ਆਉਂਦੇ ਹਨ ਅਤੇ ਉਹ ਵਿਆਹ ਸ਼ਾਦੀਆਂ ਵਿੱਚ ਲਹਿੰਗੇ ਪਾਉਣੇ ਹੀ ਪਸੰਦ ਕਰਦੇ ਹਨ। ਖਾਸ ਕਰਕੇ ਲੜਕੀਆਂ ਨੂੰ ਇਸ ਗੱਲ ਦਾ ਡਰ ਹੈ ਕਿ ਜੇਕਰ ਉਹ ਲਹਿੰਗੇ ਪਾ ਕੇ ਚਲੀ ਗਈਆਂ ਤਾਂ ਕਿਤੇ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਤੋਂ ਬਾਹਰ ਹੀ ਨਾ ਕੱਢ ਦੇਣ, ਇਸ ਕਰਕੇ ਉਹ ਡਰਦੇ ਮਾਰੇ ਲਹਿੰਗੇ ਹੀ ਨਹੀਂ ਖਰੀਦ ਰਹੀਆਂ।

ਫੈਸਲੇ ਦਾ ਸਵਾਗਤ: ਨੌਜਵਾਨ ਪੀੜੀ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਉੱਥੇ ਹੀ, ਮਹਿਲਾਵਾਂ ਨੇ ਵੀ ਇਸ ਦਾ ਸਵਾਗਤ ਕੀਤਾ ਹੈ। ਨੌਜਵਾਨਾਂ ਨੇ ਕੈਮਰੇ ਅੱਗੇ ਆਉਣ ਤੋਂ ਇਨਕਾਰ ਕਰਦਿਆਂ ਇਹ ਜ਼ਰੂਰ ਕਿਹਾ ਹੈ ਕਿ ਇਹ ਮਰਿਆਦਾ ਦੀ ਪਾਲਣਾ ਬੇਹਦ ਜ਼ਰੂਰੀ ਹੈ, ਤਾਂ ਜੋ ਸਾਡੀ ਨੌਜਵਾਨ ਪੀੜੀ ਨੂੰ ਇਸ ਤੋਂ ਚੰਗੀ ਸੇਧ ਮਿਲ ਸਕੇ ਅਤੇ ਉਹ ਆਪਣੇ ਸੱਭਿਆਚਾਰ ਅਤੇ ਵਿਰਸੇ ਸਬੰਧੀ ਜਾਣੂ ਹੋ ਸਕੀਏ ਅਤੇ ਧਰਮ ਦਾ ਸਤਿਕਾਰ ਕਰੀਏ। ਉਥੇ ਹੀ, ਦੂਜੇ ਪਾਸੇ ਮਹਿਲਾ ਨੇ ਕਿਹਾ ਹੈ ਕਿ ਇਹ ਚੰਗਾ ਫੈਸਲਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜੇਕਰ ਕੋਈ ਵਿਆਹ ਦਾ ਪ੍ਰੋਗਰਾਮ ਹੋਵੇ, ਤਾਂ ਦੋ ਜਾਂ ਤਿੰਨ ਦਿਨ ਦੇ ਪ੍ਰੋਗਰਾਮ ਹੁੰਦੇ ਹਨ। ਵਿਆਹ ਤੋਂ ਬਾਅਦ ਕਈ ਲੋਕ ਰਿਸੈਪਸ਼ਨ ਵੀ ਰੱਖਦੇ ਹਨ, ਸ਼ਗਨ ਵੀ ਲਾਉਂਦੇ ਹਨ ਉਸ ਵੇਲ੍ਹੇ ਲੜਕੀਆਂ ਆਪਣਾ ਲਹਿੰਗਾ ਪਾ ਕੇ ਚਾਅ ਪੂਰੇ ਕਰ ਸਕਦੀਆਂ ਹਨ।

Lehenga Ban In Gurudwara
ਬੁਟੀਕ ਦਾ ਕੰਮ ਕਰਨ ਵਾਲੀ ਮਹਿਲਾ ਦੀ ਰਾਏ

ਬੁਟੀਕ ਦਾ ਕੰਮ ਕਰਦੀ ਮਹਿਲਾ ਗੁਰਜੀਤ ਕੌਰ ਨੇ ਕਿਹਾ ਕਿ ਗੁਰੂ ਮਰਿਆਦਾ ਦਾ ਧਿਆਨ ਰੱਖਣਾ ਵੀ ਜਰੂਰੀ ਹੈ। ਨਾਲ ਹੀ, ਇਸ ਦਾ ਕੰਮ ਉੱਤੇ ਵੀ ਮਾੜਾ ਅਸਰ ਨਹੀਂ ਪੈਣਾ ਚਾਹੀਦਾ। ਇਸ ਕਰਕੇ ਲਹਿੰਗਾ ਖਰੀਦਣਾ ਕੋਈ ਮਾੜੀ ਗੱਲ ਨਹੀਂ ਹੈ। ਲਹਿੰਗਾ ਲਾਵਾਂ ਵੇਲੇ ਪਾਉਣਾ ਗ਼ਲਤ ਹੈ। ਪਹਿਲਾਂ ਵੀ ਲੜਕੀਆਂ ਲਾਵਾਂ ਵੇਲੇ ਸੂਟ ਸਲਵਾਰ ਹੀ ਪਾਉਂਦੀਆਂ ਸਨ, ਉਸ ਤੋਂ ਬਾਅਦ ਉਹ ਬਦਲ ਲੈਂਦੀਆਂ ਸਨ। ਉਨ੍ਹਾਂ ਕਿਹਾ ਕਿ ਇਹ ਫੈਸਲਾ ਬਿਲਕੁਲ ਸਹੀ ਹੈ। ਵਿਆਹ ਤੋਂ ਇੱਕ ਦਿਨ ਬਾਅਦ ਰਿਸੈਪਸ਼ਨ ਤੇ ਜਾਂ ਫਿਰ ਕਿਸੇ ਹੋਰ ਪ੍ਰੋਗਰਾਮ ਉੱਤੇ ਲੜਕੀਆਂ ਲਹਿੰਗਾ ਜ਼ਰੂਰ ਪਾ ਸਕਦੀਆਂ ਹਨ।

ਬੀਤੇ ਦਿਨੀਂ ਲਿਆ ਫੈਸਲਾ: ਦਰਅਸਲ, ਇਹ ਫੈਸਲਾ ਬੀਤੇ ਦਿਨੀਂ ਤਖ਼ਤ ਸ਼੍ਰੀ ਨੰਦੇੜ ਸਾਹਿਬ ਦੇ ਜਥੇਦਾਰ ਵੱਲੋਂ ਲਿਆ ਗਿਆ ਸੀ ਜਿਸ ਵਿੱਚ ਸਾਫ ਤੌਰ ਉੱਤੇ ਇਹ ਕਿਹਾ ਗਿਆ ਸੀ ਕਿ ਲੜਕੀਆਂ ਵਿਆਹ ਸਮਾਗਮ ਮੌਕੇ ਲਾਵਾਂ ਲੈਣ ਸਮੇਂ ਲਹਿੰਗੇ ਜਾਂ ਫਿਰ ਕਿਸੇ ਵੀ ਤਰ੍ਹਾਂ ਦੇ ਘੱਗਰੇ ਆਦਿ ਪਾਉਣ ਤੋਂ ਗੁਰੇਜ ਕਰਨ, ਕਿਉਂਕਿ ਇਸ ਨਾਲ ਗੁਰ ਮਰਿਆਦਾ ਨੂੰ ਢਾਹ ਲੱਗਦੀ ਹੈ। ਆਨੰਦ ਕਾਰਜ ਸਮੇਂ ਲੜਕੀ ਵਲੋਂ ਭਾਰੀ ਲਹਿੰਗੇ ਪਾਇਆ ਹੋਣ ਕਰਕੇ ਉੱਠਣਾ-ਬੈਠਣਾ ਅਤੇ ਮੱਥਾ ਟੇਕਣਾ ਵਿੱਚ ਵੀ ਮੁਸ਼ਕਿਲ ਹੋ ਆਉਂਦੀ ਹੈ।

ਇੰਨਾ ਹੀ ਨਹੀਂ, ਸਗੋਂ ਵਿਆਹ ਦੇ ਕਾਰਡਾਂ ਉੱਤੇ ਨਾਮ ਦੇ ਨਾਲ ਅੱਗੇ ਸਿੰਘ ਅਤੇ ਕੌਰ ਨਾ ਲਏ ਜਾਣ ਉੱਤੇ ਵੀ ਸਵਾਲ ਖੜੇ ਕੀਤੇ ਗਏ ਸਨ ਅਤੇ ਕਿਹਾ ਗਿਆ ਸੀ ਕਿ ਕੌਰ ਅਤੇ ਸਿੰਘ ਲਾਉਣਾ ਵੀ ਲਾਜ਼ਮੀ ਬਣਾਇਆ ਜਾਣਾ ਚਾਹੀਦਾ ਹੈ। ਇਸ ਫੈਸਲੇ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨਾਂ ਨੇ ਵੀ ਇਸ ਫੈਸਲੇ ਦਾ ਸਵਾਗਤ ਕੀਤਾ ਸੀ ਅਤੇ ਸਿੱਖ ਭਾਈਚਾਰੇ ਨੂੰ ਇਹ ਸੰਦੇਸ਼ ਵੀ ਜਾਰੀ ਕੀਤਾ ਸੀ ਕਿ ਇਸ ਦੀ ਪਾਲਣਾ ਕਰਨੀ ਚਾਹੀਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.