ETV Bharat / state

ਝੁੱਗੀ ਝੋਪੜੀ ਵਾਲੇ ਬੱਚਿਆਂ ਨੂੰ ਨਿਵੇਕਲੀ ਸਿੱਖਿਆ ਦੇ ਰਹੇ ਵਕੀਲ ਹਰੀਓਮ ਜਿੰਦਲ, ਹਜ਼ਾਰ ਤੋਂ ਵੱਧ ਬੱਚਿਆਂ ਨੂੰ ਕਰ ਚੁੱਕੇ ਸਿੱਖਿਅਤ

author img

By ETV Bharat Punjabi Team

Published : Nov 14, 2023, 6:03 PM IST

Updated : Nov 14, 2023, 7:04 PM IST

ਝੁੱਗੀ ਝੋਪੜੀ ਵਾਲੇ ਬੱਚਿਆਂ ਨੂੰ ਲੁਧਿਆਣਾ ਦੇ ਐਡਵੋਕੇਟ ਹਰੀਓਮ ਜਿੰਦਲ ਸਿੱਖਿਆ ਦੇ ਰਹੇ ਹਨ। ਆਪਣੇ ਵਪਾਰ ਦਾ ਕੰਮ ਛੱਡ ਕੇ ਉਹ ਹੁਣ ਤੱਕ ਹਜ਼ਾਰ ਦੇ ਕਰੀਬ ਬੱਚਿਆਂ ਨੂੰ ਸਿੱਖਿਅਤ ਕਰ ਚੁੱਕੇ ਹਨ। (Children Day Special)

education to slum children
education to slum children

ਝੁੱਗੀ ਝੋਪੜੀ ਵਾਲੇ ਬੱਚਿਆਂ ਨੂੰ ਨਿਵੇਕਲੀ ਸਿੱਖਿਆ ਦੇ ਰਹੇ ਵਕੀਲ ਹਰੀਓਮ ਜਿੰਦਲ

ਲੁਧਿਆਣਾ: ਲੁਧਿਆਣਾ ਦੇ ਐਡਵੋਕੇਟ ਹਰੀਓਮ ਜਿੰਦਲ ਝੁੱਗੀ ਝੋਪੜੀ ਦੇ ਬੱਚਿਆਂ ਨੂੰ ਸਿੱਖਿਤ ਕਰਨ ਲਈ ਵੱਖਰੀ ਮੁਹਿੰਮ ਚਲਾ ਰਹੇ ਹਨ। ਪਿਛਲੇ 15 ਸਾਲ ਤੋਂ ਉਹ ਇਹ ਮੁਹਿੰਮ ਚਲਾ ਰਹੇ ਨੇ ਅਤੇ ਸੱਤ ਸਾਲ ਤੋਂ ਉਹਨਾਂ ਦੇ ਸਕੂਲ ਚੱਲ ਰਹੇ ਹਨ। ਜਿੱਥੇ ਉਹ ਝੁੱਗੀ ਝੋਪੜੀ ਦੇ ਬੱਚਿਆਂ ਨੂੰ ਸਿੱਖਿਆ ਮੁਹੱਈਆ ਕਰਵਾ ਰਹੇ ਹਨ। ਉਹ ਸਿੱਖਿਆ ਵੀ ਬੋਰਡ ਦੀ ਸਿੱਖਿਆ ਨਹੀਂ ਸਗੋਂ ਉਹਨਾਂ ਨੂੰ ਜਾਗਰੂਕ ਕਰਨ ਦੀ, ਸਮਾਜ ਪ੍ਰਤੀ ਚੰਗੀ ਕਲਪਨਾ ਕਰਨ ਦੀ, ਸਿੱਖਿਆ ਲੋਕਤੰਤਰ ਸਿੱਖਣ ਦੀ, ਸਿੱਖਿਆ ਆਪਣੇ ਮੌਲਿਕ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ ਦੀ ਸਿੱਖਿਆ ਹਾਸਲ ਕਰਵਾ ਰਹੇ ਹਨ। ਹਰੀ ਓਮ ਜਿੰਦਲ ਨੇ 2008 ਦੇ ਵਿੱਚ ਆਪਣਾ ਇਹ ਸਫਰ ਸ਼ੁਰੂ ਕੀਤਾ ਸੀ। 46 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਵਪਾਰ ਛੱਡ ਕੇ ਕਾਨੂੰਨ ਦੀ ਪੜ੍ਹਾਈ ਕੀਤੀ ਅਤੇ ਫਿਰ ਬੱਚਿਆਂ ਨੂੰ ਸਿੱਖਿਆ ਦੇਣੀ ਸ਼ੁਰੂ ਕੀਤੀ। ਇਕੱਲੇ ਲੁਧਿਆਣਾ ਦੇ ਵਿੱਚ ਉਹਨਾਂ ਦੇ ਤਿੰਨ ਸਕੂਲ ਝੁੱਗੀ ਝੋਪੜੀਆਂ ਦੇ ਵਿੱਚ ਚੱਲ ਰਹੇ ਹਨ, ਜਿੱਥੇ ਉਹਨਾਂ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ ਜੋ ਅਕਸਰ ਹੀ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਹਨ। (Education to slum children)

ਨਵਾਂ ਸਿੱਖਿਆ ਮਾਡਲ: ਐਡਵੋਕੇਟ ਹਰੀਓਮ ਦਾ ਮਕਸਦ ਸਾਡੀ ਸਿੱਖਿਆ ਪ੍ਰਣਾਲੀ ਦੇ ਵਿੱਚ ਸੁਧਾਰ ਲਿਆਉਣਾ ਹੈ। ਉਹਨਾਂ ਮੁਤਾਬਕ 75 ਸਾਲ ਤੋਂ ਗਰੀਬੀ ਹਟਾਉਣ ਦਾ ਨਾਰਾ ਦੇ ਰਹੀ ਇਹ ਸਿੱਖਿਆ ਦਾ ਮਾਡਲ ਗਰੀਬੀ ਮਿਟਾਉਣ ਦੇ ਵਿੱਚ ਨਾਕਾਮ ਸਾਬਿਤ ਰਿਹਾ ਹੈ, ਇਸ ਕਰਕੇ ਇਸ ਨੂੰ ਹੁਣ ਬਦਲਣ ਦੀ ਲੋੜ ਹੈ। ਉਨਾਂ ਦੀ ਏਬੀਸੀਡੀ ਆਮ ਏਬੀਸੀਡੀ ਤੋਂ ਵੱਖਰੀ ਹੈ। ਏ ਫਾੱਰ ਐਪਲ ਨਹੀਂ, ਸਗੋਂ ਉਹ ਬੱਚਿਆਂ ਨੂੰ ਏ ਫਾੱਰ ਐਡਮਿਨਸਟਰੇਸ਼ਨ ਪੜਾਉਂਦੇ ਹਨ। ਬੀ ਫਾੱਰ ਬੋਏ ਦੀ ਥਾਂ 'ਤੇ ਬੀ ਫਾੱਰ ਬੈਲਟ ਬੋਕਸ ਪੜਾਇਆ ਜਾਂਦਾ ਹੈ। ਉਹਨਾਂ ਦਾ ਮੰਨਣਾ ਹੈ ਕਿ ਜਦੋਂ ਇਹ ਬੱਚੇ ਵੱਡੇ ਹੋਣਗੇ ਤਾਂ ਆਪਣੇ ਮੌਲਿਕ ਅਧਿਕਾਰਾਂ ਪ੍ਰਤੀ ਉਹਨਾਂ ਨੂੰ ਪਤਾ ਹੋਵੇਗਾ ਤਾਂ ਉਹ ਚੰਗੀ ਸਰਕਾਰ ਚੁਣਨ 'ਚ ਸਮਰੱਥ ਹੋਣਗੇ, ਆਪਣੇ ਵੋਟ ਹੱਕ ਦੀ ਚੰਗੀ ਤਰ੍ਹਾਂ ਵਰਤੋ ਕਰ ਸਕਣਗੇ ਅਤੇ ਸਹੀ ਗਲਤ ਦਾ ਫੈਸਲਾ ਕਰ ਸਕਣਗੇ।

ਕਿਵੇਂ ਕੀਤੀ ਸ਼ੁਰੂਆਤ: ਐਡਵੋਕੇਟ ਹਰੀਓਮ ਜਿੰਦਲ ਇੱਕ ਵਪਾਰੀ ਸਨ ਪਰ ਉਹਨਾਂ ਨੇ ਸਿੱਖਿਆ ਦੇ ਵਿੱਚ ਸੁਧਾਰ ਲਿਆਉਣ ਦੇ ਲਈ ਇੱਕ ਮੁਹਿੰਮ ਸ਼ੁਰੂ ਕੀਤੀ। ਜਿਸ ਕਰਕੇ ਉਹਨਾਂ ਨੇ ਆਪਣੀ ਕਿਤਾਬ ਲਿਖੀ, ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਆਧੁਨਿਕ ਸਿੱਖਿਆ ਮਾਡਲ ਦੇ ਵਿੱਚ ਵੱਡੀ ਤਬਦੀਲੀਆਂ ਦੀ ਲੋੜ ਹੈ। ਸਕੂਲਾਂ ਦੇ ਵਿੱਚ ਹਾਲੇ ਵੀ ਰਵਾਇਤੀ ਸਿੱਖਿਆ ਪ੍ਰਣਾਲੀ ਚੱਲ ਰਹੀ ਹੈ, ਜੋ ਨਾ ਤਾਂ ਦੇਸ਼ ਬਦਲ ਸਕੀ ਹੈ ਅਤੇ ਨਾ ਹੀ ਦੇਸ਼ ਦੇ ਨਾਗਰਿਕਾਂ ਨੂੰ ਬਦਲ ਸਕੀ। ਜਿਸ ਕਰਕੇ ਉਹਨਾਂ ਨੇ ਆਪਣੇ ਨਵੇਂ ਸਿੱਖਿਆ ਮਾਡਲ ਨੂੰ ਪਹਿਲਾਂ ਝੁੱਗੀ ਝੋਪੜੀ ਦੇ ਬੱਚਿਆਂ ਨੂੰ ਪੜਾਉਣਾ ਸ਼ੁਰੂ ਕੀਤਾ। ਹੌਲੀ ਹੌਲੀ ਬੱਚੇ ਇਕੱਠੇ ਕੀਤੇ, ਝੁੱਗੀ ਚੋਪੜੀਆਂ ਦੇ ਵਿੱਚ ਬੱਚਿਆਂ ਨੂੰ ਪੜਨ ਲਈ ਤਿਆਰ ਕੀਤਾ। ਜਿਸ ਤੋਂ ਬਾਅਦ ਉਹਨਾਂ ਨੂੰ ਸਿੱਖਿਆ ਦੇਣੀ ਸ਼ੁਰੂ ਕੀਤੀ ਅਤੇ ਨਵੇਂ ਸਿੱਖਿਆ ਮਾਡਲ ਦੇ ਨਾਲ ਉਹਨਾਂ ਬੱਚਿਆਂ ਨੂੰ ਉਹਨਾਂ ਦੇ ਅਧਿਕਾਰਾਂ ਪ੍ਰਤੀ, ਉਹਨਾਂ ਦੇ ਕਰਤੱਵ ਪ੍ਰਤੀ, ਉਹਨਾਂ ਨੂੰ ਸੁਚੇਤ ਕੀਤਾ। ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਇਸ ਸਿੱਖਿਆ ਮਾਡਲ ਨੂੰ ਪੰਜਾਬ ਐਜੂਕੇਸ਼ਨ ਬੋਰਡ ਭੇਜਿਆ, ਜਿੱਥੇ ਉਸ ਦਾ ਰੀਵਿਊ ਹੋਇਆ ਅਤੇ ਉਸ ਮਾਡਲ ਦੀ ਸ਼ਲਾਘਾ ਵੀ ਹੋਈ ਪਰ ਉਸ ਨੂੰ ਪੰਜਾਬ ਬੋਰਡ ਵੱਲੋਂ ਲਾਗੂ ਨਹੀਂ ਕੀਤਾ ਗਿਆ।

ਜਦੋਂ ਤੱਕ ਅਸੀਂ ਬੱਚਿਆਂ ਨੂੰ ਚੰਗੀ ਸਿੱਖਿਆ ਨਹੀਂ ਦੇਵਾਂਗੇ, ਉਦੋਂ ਤੱਕ ਅਸੀਂ ਸਮਾਜ ਨੂੰ ਨਹੀਂ ਬਦਲ ਸਕਾਂਗੇ। ਇਸ ਕਰਕੇ ਇਹ ਜ਼ਰੂਰੀ ਹੈ ਕਿ ਸਿੱਖਿਆ ਦੇ ਵਿੱਚ ਤਬਦੀਲੀ ਲਿਆਂਦੀ ਜਾਵੇ ਤਾਂ ਹੀ ਦੇਸ਼ ਬਦਲੇਗਾ ਤੇ ਸਮਾਜ ਬਦਲੇਗਾ। -ਐਡਵੋਕੇਟ ਹਰੀਓਮ ਜਿੰਦਲ, ਸਮਾਜ ਸੇਵੀ

ਹਜ਼ਾਰ ਦੇ ਕਰੀਬ ਬੱਚਿਆਂ ਨੂੰ ਕਰ ਚੁੱਕੇ ਸਿੱਖਿਅਤ: ਐਡਵੋਕੇਟ ਹਰੀਓਮ ਜਿੰਦਲ ਦੀ ਕਲਾਸ ਦੇ ਵਿੱਚ ਕੋਈ ਵੀ ਉਮਰ ਦਾ ਵਿਦਿਆਰਥੀ ਹਿੱਸਾ ਲੈ ਸਕਦਾ ਹੈ ਅਤੇ ਪੜਾਈ ਕਰ ਸਕਦਾ ਹੈ। ਉਹਨਾਂ ਨੇ ਪਹਿਲਾਂ ਹੰਬੜਾ ਲੁਧਿਆਣਾ ਕੂੜੇ ਦੇ ਢੇਰ ਦੇ ਕੋਲ ਬੱਚਿਆਂ ਨੂੰ ਪੜਾਉਣਾ ਸ਼ੁਰੂ ਕੀਤਾ ਸੀ। ਪਹਿਲਾਂ ਪਹਿਲ ਉਹਨਾਂ ਨੇ ਬੜੀ ਮੁਸ਼ਕਿਲ ਦੇ ਨਾਲ ਬੱਚਿਆਂ ਨੂੰ ਇਕੱਠਾ ਕੀਤਾ ਕਿਉਂਕਿ ਅਕਸਰ ਹੀ ਬੱਚੇ 12 ਸਾਲ ਦੀ ਉਮਰ ਦੇ ਵਿੱਚ ਬਾਲ ਮਜ਼ਦੂਰੀ ਦੇ ਵਿੱਚ ਪੈ ਜਾਂਦੇ ਹਨ ਅਤੇ ਉਹ ਜਲਦੀ ਵਿਆਹ ਕਰ ਲੈਂਦੇ ਹਨ, ਜਿਸ ਕਰਕੇ ਉਹਨਾਂ ਨੇ ਫਿਰ ਇਹਨਾਂ ਬੱਚਿਆਂ ਨੂੰ ਪੜਾਉਣਾ ਸ਼ੁਰੂ ਕੀਤਾ। ਹੌਲੀ ਹੌਲੀ ਹੁਣ ਤੱਕ ਉਹ 1000 ਤੋਂ ਵਧੇਰੇ ਬੱਚਿਆਂ ਨੂੰ ਸਿੱਖਿਆ ਦੇ ਚੁੱਕੇ ਹਨ। ਇਸ ਤੋਂ ਇਲਾਵਾ ਹੁਣ ਤਿੰਨ ਪ੍ਰੋਜੈਕਟ ਉਹਨਾਂ ਦੇ ਲੁਧਿਆਣਾ ਦੇ ਵਿੱਚ ਚੱਲ ਰਹੇ ਹਨ, ਜਿੱਥੇ 250 ਦੇ ਕਰੀਬ ਬੱਚੇ ਝੁੱਗੀ ਝੋਪੜੀਆਂ ਨਾਲ ਸੰਬੰਧਿਤ ਉਹਨਾਂ ਤੋਂ ਇਹ ਸਿੱਖਿਆ ਹਾਸਲ ਕਰ ਰਹੇ ਹਨ। ਇਸ ਤੋਂ ਇਲਾਵਾ ਉਹਨਾਂ ਦੀ ਦੇਸ਼ ਭਰ ਦੇ 300 ਦੇ ਕਰੀਬ ਅਜਿਹੇ ਹੀ ਵੱਖ-ਵੱਖ ਸਮਾਜ ਸੇਵੀਆਂ ਦੇ ਨਾਲ ਵੀ ਟਾਈ ਅੱਪ ਚੱਲ ਰਿਹਾ ਹੈ ਜੋ ਬੱਚਿਆਂ ਨੂੰ ਇਸ ਤਰ੍ਹਾਂ ਦੀ ਸਿੱਖਿਆ ਮੁਹਈਆ ਕਰਵਾ ਰਹੇ ਹਨ।

ਵੱਖਰੀ ਸਿੱਖਿਆ ਦਾ ਮਾਡਲ: ਵਕੀਲ ਹਰੀਓਮ ਜਿੰਦਲ ਦਾ ਬੱਚਿਆਂ ਨੂੰ ਪੜਾਉਣ ਦਾ ਤਰੀਕਾ ਵੀ ਵੱਖਰਾ ਹੈ। ਉਹ ਬੱਚਿਆਂ ਨੂੰ ਮੌਜੂਦਾ ਹਾਲਾਤਾਂ ਦੇ ਮੁਤਾਬਿਕ ਪੜਾਉਂਦੇ ਹਨ। ਕਾਨੂੰਨ ਕਿਸ ਤਰ੍ਹਾਂ ਕੰਮ ਕਰਦਾ ਹੈ, ਕਾਨੂੰਨ ਦੀ ਪਾਲਣਾ ਕਰਨ ਵਾਲਿਆਂ ਦਾ ਕੀ ਹੱਕ ਹੈ ਅਤੇ ਉਹਨਾਂ ਦੇ ਅਧਿਕਾਰ ਖੇਤਰ ਬਾਰੇ, ਇਸ ਤੋਂ ਇਲਾਵਾ ਲੋਕਤੰਤਰ ਕੀ ਹੁੰਦਾ ਹੈ, ਲੋਕਤੰਤਰ ਦੇ ਵਿੱਚ ਲੋਕਾਂ ਦੇ ਕੀ ਅਧਿਕਾਰ ਹਨ। ਕਿਸ ਤਰ੍ਹਾਂ ਚੰਗੇ ਸਮਾਜ ਦੀ ਸਿਰਜਣਾ ਹੋ ਸਕਦੀ ਹੈ, ਇਸ ਬਾਰੇ ਉਹ ਜਾਣਕਾਰੀ ਦਿੰਦੇ ਹਨ। ਉਹਨਾਂ ਨੇ ਕਿਹਾ ਕਿ 75 ਸਾਲ ਦੇ ਵਿੱਚ ਸਾਡਾ ਸਿੱਖਿਆ ਦਾ ਮਾਡਲ ਕੁਝ ਵੀ ਬਦਲਣ 'ਚ ਨਾਕਾਮ ਰਿਹਾ ਹੈ ਕਿਉਂਕਿ ਦੇਸ਼ ਦੇ ਹਾਲਾਤ ਅੱਜ ਵੀ ਉਹੀ ਹਨ ਜੋ ਪਹਿਲਾਂ ਸਨ। ਜਦੋਂ ਤੱਕ ਅਸੀਂ ਬੱਚਿਆਂ ਨੂੰ ਚੰਗੀ ਸਿੱਖਿਆ ਨਹੀਂ ਦੇਵਾਂਗੇ, ਉਦੋਂ ਤੱਕ ਅਸੀਂ ਸਮਾਜ ਨੂੰ ਨਹੀਂ ਬਦਲ ਸਕਾਂਗੇ। ਇਸ ਕਰਕੇ ਇਹ ਜ਼ਰੂਰੀ ਹੈ ਕਿ ਸਿੱਖਿਆ ਦੇ ਵਿੱਚ ਤਬਦੀਲੀ ਲਿਆਂਦੀ ਜਾਵੇ ਤਾਂ ਹੀ ਦੇਸ਼ ਬਦਲੇਗਾ ਤੇ ਸਮਾਜ ਬਦਲੇਗਾ।

Last Updated :Nov 14, 2023, 7:04 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.