Compensation for Dog Bites: ਹੁਣ ਕੁੱਤੇ ਦੇ ਵੱਢਣ 'ਤੇ ਵੀ ਪੰਜਾਬ ਸਰਕਾਰ ਦੇਵੇਗੀ ਮੁਆਵਜ਼ਾ, ਪੜ੍ਹੋ ਪੂਰੀ ਖ਼ਬਰ

author img

By ETV Bharat Punjabi Desk

Published : Nov 14, 2023, 3:25 PM IST

Updated : Nov 14, 2023, 3:45 PM IST

Compensation for Dog Bites

ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕੁੱਤਿਆਂ ਦੇ ਵੱਢਣ ਦੇ ਮਾਮਲਿਆਂ ਨੂੰ ਲੈਕੇ ਸਖ਼ਤੀ ਦਿਖਾਉਂਦਿਆਂ ਪੰਜਾਬ ਅਤੇ ਹਰਿਆਣਾ ਸਰਕਾਰ ਸਣੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਪੀੜਤਾਂ ਨੂੰ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਹਨ।

ਚੰਡੀਗੜ੍ਹ : ਪੰਜਾਬ ਸਮੇਤ ਚੰਡੀਗੜ੍ਹ ਅਤੇ ਹਰਿਆਣਾ 'ਚ ਹੁਣ ਕੁੱਤੇ ਦੇ ਵੱਢਣ 'ਤੇ ਵੀ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਜਾਵੇਗਾ। ਦਰਅਸਲ ਪੰਜਾਬ ਅਤੇ ਹਰਿਆਣਾ ਹਾਈਕੋਰਟ ਕੁੱਤਿਆਂ ਦੇ ਵੱਢਣ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਸਖ਼ਤ ਨਜ਼ਰ ਆ ਰਿਹਾ ਹੈ। ਜਿਸ ਨੂੰ ਲੈ ਕੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਸਰਕਾਰਾਂ ਨੂੰ ਅਵਾਰਾ ਕੁੱਤੇ ਦੇ ਵੱਢਣ 'ਤੇ ਮੁਆਵਜ਼ਾ ਦੇਣ ਦੇ ਹੁਕਮ ਹਾਈਕੋਰਟ ਨੇ ਦਿੱਤੇ ਹਨ।

ਕਮੇਟੀ ਬਣਾਉਣ ਦੇ ਅਦਾਲਤੀ ਹੁਕਮ: ਅਦਾਲਤ ਨੇ ਇਕੱਠਿਆਂ 193 ਪਟੀਸ਼ਨਾਂ ਦਾ ਨਿਪਟਾਰਾ ਕਰਦੇ ਹੋਏ ਪੰਜਾਬ, ਹਰਿਆਣਾ ਦੀਆਂ ਸਰਕਾਰਾਂ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਕੁੱਤੇ ਦੇ ਵੱਢਣ ਸਬੰਧੀ ਮਾਮਲਿਆਂ 'ਚ ਮੁਆਵਜ਼ਾ ਨਿਰਧਾਰਿਤ ਕਰਨ ਲਈ ਕਮੇਟੀਆਂ ਬਣਾਉਣ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਕਿਹਾ ਹੈ ਕਿ ਇਹ ਕਮੇਟੀਆਂ ਸਬੰਧਿਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੀ ਅਗਵਾਈ 'ਚ ਗਠਿਤ ਕੀਤੀਆਂ ਜਾਣਗੀਆਂ। ਇਨ੍ਹਾਂ ਕਮੇਟੀਆਂ ਨੂੰ ਅਰਜ਼ੀ ਮਿਲਣ ਤੋਂ ਬਾਅਦ ਜਾਂਚ ਕਰਕੇ 4 ਮਹੀਨਿਆਂ ਦੇ ਅੰਦਰ-ਅੰਦਰ ਮੁਆਵਜ਼ਾ ਰਾਸ਼ੀ ਜਾਰੀ ਕਰਨੀ ਪਵੇਗੀ।

ਮੁਆਵਜ਼ੇ ਨੂੰ ਲੈਕੇ ਵੀ ਸੁਣਾਏ ਹੁਕਮ: ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਮੁਤਾਬਿਕ ਕੁੱਤੇ ਦੇ ਵੱਢਣ ਨਾਲ ਸਬੰਧਿਤ ਮਾਮਲਿਆਂ 'ਚ ਆਰਥਿਕ ਮਦਦ ਘੱਟੋ-ਘੱਟ 10,000 ਰੁਪਏ ਹੋਵੇਗੀ, ਜੋ ਕਿਸੇ ਸ਼ਖ਼ਸ ਦੇ ਸਰੀਰ 'ਤੇ ਕੁੱਤੇ ਵੱਲੋਂ ਮਾਰੇ ਗਏ ਪ੍ਰਤੀ ਦੰਦ ਦੇ ਹਿਸਾਬ ਨਾਲ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਕੁੱਤਾ ਜੇਕਰ ਕਿਸੇ ਵਿਅਕਤੀ ਦਾ ਮਾਸ ਨੋਚ ਲੈਂਦਾ ਹੈ ਤਾਂ ਪ੍ਰਤੀ 0.2 ਸੈਂਟੀਮੀਟਰ ਜ਼ਖਮ ਦੇ ਹਿਸਾਬ ਨਾਲ ਮੁਆਵਜ਼ਾ ਘੱਟੋ-ਘੱਟ 20 ਹਜ਼ਾਰ ਰੁਪਏ ਦਿੱਤਾ ਜਾਵੇਗਾ। ਇਸ ਸਬੰਧੀ ਅਦਾਲਤ ਨੇ ਸ਼ਿਕਾਇਤ ਮਿਲਣ 'ਤੇ ਪੁਲਿਸ ਨੂੰ ਵੀ ਡੀ.ਡੀ.ਆਰ. ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਜੇਕਰ ਕਿਸੇ ਪਾਲਤੂ ਕੁੱਤੇ ਨੇ ਵੱਢਿਆ ਹੈ ਤਾਂ ਉਸ ਦੇ ਮਾਲਕ ਨੂੰ ਮੁਆਵਜ਼ਾ ਦੇਣਾ ਪਵੇਗਾ।

ਅਵਾਰਾ ਜਾਨਵਰਾਂ ਲਈ ਵੀ ਅਹਿਮ ਫੈਸਲਾ: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇੱਕ ਅਹਿਮ ਫੈਸਲੇ ਵਿੱਚ ਪੰਜਾਬ, ਹਰਿਆਣਾ ਅਤੇ ਯੂਟੀ ਚੰਡੀਗੜ੍ਹ ਪ੍ਰਸ਼ਾਸਨ ਨੂੰ ਪਸ਼ੂਆਂ ਅਤੇ ਹੋਰ ਜਾਨਵਰਾਂ ਕਾਰਨ ਹੋਣ ਵਾਲੇ ਸੜਕ ਹਾਦਸਿਆਂ ਸਬੰਧੀ ਮੁਆਵਜ਼ਾ ਤੈਅ ਕਰਨ ਲਈ ਇੱਕ ਕਮੇਟੀ ਗਠਿਤ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਹਨ। ਹਾਈਕੋਰਟ ਦੇ ਹੁਕਮਾਂ ਮੁਤਾਬਿਕ ਲਾਵਾਰਿਸ ਪਸ਼ੂਆਂ ਵਿੱਚ ਗਾਂ, ਬਲਦ, ਖੋਤਾ, ਕੁੱਤਾ, ਨੀਲਗਾਂ, ਮੱਝਾਂ ਦੇ ਨਾਲ-ਨਾਲ ਜੰਗਲੀ, ਪਾਲਤੂ ਅਤੇ ਉਜਾੜੇ ਵਾਲੀਆਂ ਥਾਵਾਂ ਦੇ ਜਾਨਵਰ ਵੀ ਸ਼ਾਮਲ ਹੋਣਗੇ।

Last Updated :Nov 14, 2023, 3:45 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.