ETV Bharat / state

ਦਿੱਲੀ ਦੀ ਤਰਜ ’ਤੇ ਰਾਸ਼ਨ ਵੰਡ ਸਕੀਮ ਨੂੰ ਲੈਕੇ ਭਗਵੰਤ ਮਾਨ ਸਰਕਾਰ ਸਾਹਮਣੇ ਕੀ ਹੋਣਗੀਆਂ ਵੱਡੀਆਂ ਚੁਣੌਤੀਆਂ ?

author img

By

Published : Mar 24, 2022, 5:06 PM IST

Updated : Mar 24, 2022, 5:28 PM IST

ਪੰਜਾਬ ਵਿੱਚ ਰਾਸ਼ਨ ਵੰਡ ਸਕੀਮ ਦਾ ਕੱਚ-ਸੱਚ
ਪੰਜਾਬ ਵਿੱਚ ਰਾਸ਼ਨ ਵੰਡ ਸਕੀਮ ਦਾ ਕੱਚ-ਸੱਚ

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ ਬਣੀ ਹੈ। ਇਸ ਨੂੰ ਲੈਕੇ ਭਗਵੰਤ ਮਾਨ ਸਰਕਾਰ ਸਾਹਮਣੇ ਵੱਡੀਆਂ ਚੁਣੌਤੀਆਂ ਹਨ। ਇਸਦੇ ਚੱਲਦੇ ਪੰਜਾਬ ਵਿੱਚ ਆਟਾ ਦਾਲ ਸਕੀਮ ਨੂੰ ਦਿੱਲੀ ਦੀ ਤਰਜ ਉੱਪਰ ਮੁੜ ਸ਼ੁਰੂ ਕਰਨ ਦੀ ਚਰਚਾ ਨੇ ਜ਼ੋਰ ਫੜ੍ਹ ਲਿਆ ਹੈ। ਵੱਡਾ ਸਵਾਲ ਖੜ੍ਹਾ ਹੁੰਦਾ ਹੈ ਕੀ ਆਮ ਆਦਮੀ ਪਾਰਟੀ ਪੰਜਾਬ ਵਿੱਚ ਦਿੱਲੀ ਸਰਕਾਰ ਦੀ ਤਰ੍ਹਾਂ ਪੰਜਾਬ ਵਿੱਚ ਲੋਕਾਂ ਦੇ ਘਰ-ਘਰ ਤੱਕ ਰਾਸ਼ਨ ਮੁਹੱਈਆ ਕਰ ਸਕੇਗੀ।

ਜਲੰਧਰ: ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਡੋਰ ਸਟੈਪ ਡਿਲੀਵਰੀ ਦੀ ਸਕੀਮ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਲਾਭਪਾਤਰੀਆਂ ਨੂੰ ਕਣਕ ਅਤੇ ਚਾਵਲ ਅਤੇ ਚੀਨੀ ਦੇ ਪੈਕਟ ਬੈਗ ਘਰ ਘਰ ਪਹੁੰਚਾਏ ਜਾਂਦੇ ਹਨ। ਹੁਣ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਇਸ ਸਕੀਮ ਨੂੰ ਪੰਜਾਬ ਵਿੱਚ ਲਾਗੂ ਕਰਨ ਦੀ ਗੱਲ ਵੀ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਇਹ ਸਕੀਮ ਕਿਵੇਂ ਅਤੇ ਕਿਸ ਤਰ੍ਹਾਂ ਲਾਗੂ ਹੁੰਦੀ ਹੈ ਇਹ ਤਾਂ ਸਮਾਂ ਦੱਸੇਗਾ ਪਰ ਇਸ ਸਕੀਮ ਤੋਂ ਪਹਿਲਾਂ ਪੰਜਾਬ ਵਿੱਚ ਲੋਕਾਂ ਨੂੰ ਕਿਸ ਤਰ੍ਹਾਂ ਦਾ ਰਾਸ਼ਨ ਵੰਡਿਆ ਜਾ ਰਿਹਾ ਹੈ। ਪੇਸ਼ ਹੈ ਇਸ ਦੀ ਇੱਕ ਖਾਸ ਰਿਪੋਰਟ ....

ਪੰਜਾਬ ਵਿੱਚ ਰਾਸ਼ਨ ਵੰਡ ਸਕੀਮ ਦਾ ਕੱਚ-ਸੱਚ

ਰਾਸ਼ਨ ਦੇ ਨਾਮ ’ਤੇ ਸਿਰਫ਼ ਮਿਲ ਰਹੀ ਹੈ ਕਣਕ: ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਵਿੱਚ ਕਰੀਬ 40 ਲੱਖ 2 ਹਜ਼ਾਰ 761 ਅਜਿਹੇ ਲੋਕ ਹਨ ਜਿੰਨ੍ਹਾਂ ਕੋਲ ਸਰਕਾਰ ਵੱਲੋਂ ਬਣਾ ਕੇ ਦਿੱਤਾ ਗਿਆ ਨੀਲਾ ਕਾਰਡ ਹੈ ਜਿਸ ਉੱਪਰ ਇੰਨ੍ਹਾਂ ਲੋਕਾਂ ਨੂੰ ਦੋ ਰੁਪਏ ਕਿਲੋ ਕਣਕ ਮੁਹੱਈਆ ਕਰਵਾਈ ਜਾਂਦੀ ਹੈ ਜਦ ਕਿ ਇਸ ਕਣਕ ਨੂੰ ਲੋਕਾਂ ਤੱਕ ਪਹੁੰਚਾਉਣ ਲਈ 18,344 ਡਿੱਪੂ ਹੋਲਡਰ ਹਨ ਜੋ ਇਹ ਕਣਕ ਸਰਕਾਰ ਕੋਲੋਂ ਸਿੱਧੇ ਤੌਰ ’ਤੇ ਇਸ ਦੇ ਲਾਭਪਾਤਰੀਆਂ ਤੱਕ ਪਹੁੰਚਾਉਂਦੇ ਹਨ। ਇਕ ਸਮਾਂ ਸੀ ਜਦੋਂ ਪੰਜਾਬ ਵਿੱਚ ਰਾਸ਼ਨ ਕਾਰਡ ਉੱਪਰ ਲੋਕਾਂ ਨੂੰ ਕਣਕ, ਮਿੱਟੀ ਦਾ ਤੇਲ ਚੀਨੀ ਇੱਥੋਂ ਤੱਕ ਕਿ ਕੱਪੜੇ ਵੀ ਮੁਹੱਈਆ ਕਰਾਏ ਜਾਂਦੇ ਸੀ ਪਰ ਹੌਲੀ ਹੌਲੀ ਜਿੱਥੇ ਪੰਜਾਬ ਵਿੱਚ ਇਸ ਸਕੀਮ ਦਾ ਲਾਭ ਲੈਣ ਵਾਲੇ ਲੋਕਾਂ ਦੀ ਗਿਣਤੀ ਵਧਦੀ ਗਈ ਉਸਦੇ ਨਾਲ ਨਾਲ ਸਕੀਮ ਰਾਹੀਂ ਮਿਲਣ ਵਾਲੀਆਂ ਵਸਤੂਆਂ ਦੀ ਗਿਣਤੀ ਘਟਣ ਲੱਗ ਗਈ। ਅੱਜ ਪੰਜਾਬ ਵਿੱਚ ਸਿਰਫ ਲੋਕਾਂ ਨੂੰ ਦੋ ਰੁਪਏ ਕਿਲੋ ਕਣਕ ਹੀ ਇੰਨ੍ਹਾਂ ਕਾਰਡਾਂ ਉਪਰ ਮੁਹੱਈਆ ਕਰਵਾਈ ਜਾ ਰਹੀ ਹੈ।

ਕੇਂਦਰ ਸਰਕਾਰ ਵੱਲੋਂ ਚਲਾਈ ਜਾ ਰਹੀ ਇਸ ਆਟਾ ਦਾਲ ਸਕੀਮ ਵਿੱਚੋਂ ਦਾਲ ਗਾਇਬ ਹੋ ਚੁੱਕੀ ਹੈ ਜਿਸਦੇ ਚੱਲਦੇ ਸਿਰਫ਼ ਕਣਕ ਹੀ ਰਹਿ ਗਈ ਹੈ ਜੋ ਨੀਲੇ ਕਾਰਡ ਹੋਲਡਰਾਂ ਨੂੰ ਪ੍ਰਤੀ ਵਿਅਕਤੀ ਪੰਜ ਕਿਲੋ ਮਹੀਨੇ ਦੇ ਹਿਸਾਬ ਨਾਲ ਮਿਲਦੀ ਹੈ। ਇਸ ਬਾਰੇ ਦੱਸਦੇ ਹੋਏ ਡਿੱਪੂ ਹੋਲਡਰ ਦਰਸ਼ਨ ਲਾਲ ਕਹਿੰਦੇ ਹਨ ਕਿ ਜਿਸ ਤਰ੍ਹਾਂ ਦਿੱਲੀ ਵਿੱਚ ਰਾਸ਼ਨ ਦੀ ਹੋਮ ਡਿਲੀਵਰੀ ਕੀਤੀ ਜਾਂਦੀ ਹੈ ਉਹ ਚੀਜ਼ ਪੰਜਾਬ ਵਿੱਚ ਕਾਮਯਾਬ ਨਹੀਂ ਹੋ ਸਕਦੀ ਕਿਉਂਕਿ ਇਹ ਮੁਮਕਿਨ ਨਹੀਂ ਕਿ ਪਿੰਡਾਂ ਅਤੇ ਮੁਹੱਲੇ ਦੀਆਂ ਛੋਟੀਆਂ ਛੋਟੀਆਂ ਗਲੀਆਂ ਵਿੱਚ ਗੱਡੀਆਂ ਨੂੰ ਲੈ ਕੇ ਜਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਉਹ ਸਰਕਾਰ ਨੂੰ ਹਰ ਤਰ੍ਹਾਂ ਦੀ ਸਰਵਿਸ ਦੇਣ ਨੂੰ ਤਿਆਰ ਹਨ ਅਤੇ ਸਰਕਾਰ ਦੇ ਨਾਲ ਹਨ। ਦਰਸ਼ਨ ਲਾਲ ਨੇ ਦੱਸਿਆ ਕਿ ਪੰਜਾਬ ਵਿੱਚ ਖਾਧ ਅਪੂਰਤੀ ਮਹਿਕਮਾ ਟਰੱਕਾਂ ਵਿੱਚ ਇਸ ਕਣਕ ਨੂੰ ਡਿੱਪੂਆਂ ਤੱਕ ਪਹੁੰਚਾਉਂਦਾ ਹੈ ਜਿੱਥੇ ਇਸ ਤੋਂ ਸਿੱਧੀ ਸਪਲਾਈ ਲੋਕਾਂ ਨੂੰ ਦੇ ਦਿੱਤੀ ਜਾਂਦੀ ਹੈ।

ਦਿੱਲੀ ਚ ਕਿਸ ਤਰ੍ਹਾਂ ਵੰਡਿਆ ਜਾਂਦਾ ਹੈ ਰਾਸ਼ਨ: ਦਿੱਲੀ ਵਿੱਚ ਆਮ ਆਦਮੀ ਪਾਰਟੀ ਵੱਲੋਂ ਰਾਸ਼ਨ ਦੇ ਤੌਰ ਤੇ ਲੋਕਾਂ ਨੂੰ ਕਣਕ, ਚਾਵਲ, ਚੀਨੀ ਆਦਿ ਵਸਤੂਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਜਦਕਿ ਪੰਜਾਬ ਵਿੱਚ ਅਜਿਹਾ ਨਹੀਂ ਹੈ। ਹੁਣ ਦੇਖਣਾ ਇਹ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਇਸ ਦੇ ਤਹਿਤ ਲੋਕਾਂ ਨੂੰ ਕੀ ਸੁਵਿਧਾ ਦੇ ਸਕਦੀ ਹੈ ਕਿਉਂਕਿ ਕਣਕ ਤਾਂ ਪਹਿਲਾਂ ਹੀ ਦੋ ਰੁਪਏ ਕਿੱਲੋ ਲੋਕਾਂ ਨੂੰ ਦਿੱਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਕਰੀਬ 40 ਲੱਖ ਲੋਕ ਇਸ ਸੁਵਿਧਾ ਦਾ ਫਾਇਦਾ ਉਠਾ ਰਹੇ ਹਨ ਪਰ ਜਿਸ ਹਿਸਾਬ ਨਾਲ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਪੰਜਾਬ ਵਿੱਚ ਵੋਟਾਂ ਪਾਈਆਂ ਹਨ ਉਸ ਤੋਂ ਸਾਫ਼ ਹੈ ਕਿ ਇਕ ਪਾਸੇ ਜਿੱਥੇ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬਹੁਤ ਉਮੀਦਾਂ ਹਨ ਉੱਥੇ ਹੀ ਦੂਸਰੇ ਪਾਸੇ ਲੋਕਾਂ ਦੀਆਂ ਉਮੀਦਾਂ ਉੱਪਰ ਖਰਾ ਉੱਤਰਨ ਲਈ ਵੱਡੀਆਂ ਚੁਣੌਤੀਆਂ ਹਨ।

ਖਤਮ ਹੋਣ ਦੀ ਕਾਗਾਰ ’ਤੇ ਡਿੱਪੂ ਹੋਲਡਰ: ਉਧਰ ਦੂਸਰੇ ਪਾਸੇ ਇਹ ਗੱਲ ਵੀ ਸਾਫ਼ ਹੈ ਕਿ ਪੰਜਾਬ ਵਿੱਚ ਚਾਲੀ ਲੱਖ ਕਾਰਡ ਹੋਲਡਰਾਂ ਨੂੰ ਕਣਕ ਸਪਲਾਈ ਕਰਨ ਵਾਲੇ 18,344 ਡਿੱਪੂ ਨਹੀਂ ਚਾਹੁੰਦੇ ਕਿ ਪੰਜਾਬ ਵਿੱਚ ਸਰਕਾਰ ਲੋਕਾਂ ਨੂੰ ਘਰ ਘਰ ਜਾ ਕੇ ਰਾਸ਼ਨ ਮੁਹੱਈਆ ਕਰਾਏ ਕਿਉਂਕਿ ਇਸ ਤਰ੍ਹਾਂ ਹੋਣ ਨਾਲ ਇਨ੍ਹਾਂ ਡਿਪੂਆਂ ਦੇ ਮਾਲਕਾਂ ਨੂੰ ਸਿੱਧੇ ਤੌਰ ’ਤੇ ਇਹ ਨੁਕਸਾਨ ਹੋਏਗਾ ਕਿ ਜੋ ਕਮਿਸ਼ਨ ਉਨ੍ਹਾਂ ਨੂੰ ਇਸ ਕੰਮ ਦੇ ਬਦਲੇ ਮਿਲਦਾ ਉਹ ਬੰਦ ਹੋ ਜਾਵੇਗਾ। ਡਿੱਪੂ ਹੋਲਡਰਾਂ ਦਾ ਇਹ ਵੀ ਕਹਿਣਾ ਹੈ ਕਿ ਪਿਛਲੇ ਕਰੀਬ ਡੇਢ ਸਾਲ ਤੋਂ ਸਰਕਾਰ ਦੀ ਭੇਜੀ ਹੋਈ ਕਣਕ ਲੋਕਾਂ ਤੱਕ ਪਹੁੰਚਾ ਰਹੇ ਪਰ ਇਸ ਦੇ ਬਦਲੇ ਉਨ੍ਹਾਂ ਨੂੰ ਬਣਦਾ ਕਮਿਸ਼ਨ ਨਹੀਂ ਮਿਲ ਰਿਹਾ।

ਆਟਾ ਦਾਲ ਸਕੀਮ ਨੂੰ ਲੈਕੈ ਸਿਆਸਤ ਗਰਮਾਈ: ਇਸ ਮਾਮਲੇ ਵਿੱਚ ਹੁਣ ਤੋਂ ਹੀ ਰਾਜਨੀਤੀ ਗਰਮਾਉਣ ਲੱਗ ਪਈ ਹੈ। ਅਕਾਲੀ ਦਲ ਦੇ ਆਗੂ ਗੁਰਦੇਵ ਸਿੰਘ ਭਾਟੀਆ ਦਾ ਕਹਿਣਾ ਹੈ ਕਿ 2007 ਤੋਂ 2017 ਤੱਕ ਪੰਜਾਬ ਵਿੱਚ ਜਦੋਂ ਅਕਾਲੀ ਦਲ ਦੀ ਸਰਕਾਰ ਰਹੀ ਹੈ ਉਸ ਵੇਲੇ ਪੰਜਾਬ ਵਿੱਚ ਗ਼ਰੀਬ ਲੋਕਾਂ ਲਈ ਅਕਾਲੀ ਦਲ ਸਰਕਾਰ ਵੱਲੋਂ ਇੱਕ ਆਟਾ ਦਾਲ ਸਕੀਮ ਸ਼ੁਰੂ ਕੀਤੀ ਗਈ ਸੀ ਜਿਸ ਵਿੱਚ ਗ਼ਰੀਬਾਂ ਨੂੰ ਵੀਹ ਕਿੱਲੋ ਆਟਾ ਤੇ ਚਾਰ ਕਿਲੋ ਦਾਲ ਦਿੱਤੀ ਜਾਂਦੀ ਸੀ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਵਿਚ ਕਾਂਗਰਸ ਸਰਕਾਰ ਆਈ ਉਸ ਦੌਰਾਨ ਇਸ ਸਕੀਮ ਵਿੱਚੋਂ ਦਾਲ ਨੂੰ ਗਾਇਬ ਕਰ ਦਿੱਤਾ।

ਆਟਾ ਦਾਲ ਸਕੀਮ ਤੇ ਭਾਜਪਾ ਆਗੂ ਦਾ ਬਿਆਨ: ਪਾਸੇ ਭਾਰਤੀ ਜਨਤਾ ਪਾਰਟੀ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਕੇਂਦਰ ਸਰਕਾਰ ਰਾਸ਼ਨ ਭੇਜਦੀ ਹੈ ਪਰ ਉਸਦੀ ਵੰਡ ਪ੍ਰਣਾਲੀ ਠੀਕ ਨਹੀਂ ਹੈ। ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਜਨਰਲ ਸੈਕਟਰੀ ਰਾਜੇਸ਼ ਬਾਘਾ ਦਾ ਕਹਿਣਾ ਹੈ ਕਿ ਭਾਰਤੀ ਜਨਤਾ ਪਾਰਟੀ ਕੇਂਦਰ ਸਰਕਾਰ ਵੱਲੋਂ ਸੂਬਿਆਂ ਨੂੰ ਪੂਰਾ ਰਾਸ਼ਨ ਭੇਜਿਆ ਜਾਂਦਾ ਹੈ ਪਰ ਪੰਜਾਬ ਵਿਚ ਕਾਂਗਰਸ ਸਰਕਾਰ ਨੇ ਪਿਛਲੇ ਪੰਜ ਸਾਲ ਇਸ ਰਾਸ਼ਨ ਨੂੰ ਸਹੀ ਢੰਗ ਨਾਲ ਵੰਡਿਆ ਹੀ ਨਹੀਂ ਜਿਸ ਦਾ ਨਤੀਜਾ ਇਹ ਦੇਖਣ ਨੂੰ ਮਿਲਿਆ ਹੈ ਇਸ ਰਾਸ਼ਨ ਨੂੰ ਸਿਆਸੀ ਆਗੂਆਂ ਨੇ ਆਪਣੇ ਕਬਜ਼ੇ ਵਿਚ ਲੈ ਕੇ ਆਪਣੇ ਹਿਸਾਬ ਨਾਲ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ।

ਉਨ੍ਹਾਂ ਦੱਸਿਆ ਕਿ ਕਈ ਵਾਰ ਇਹ ਚੀਜ਼ਾਂ ਖ਼ਬਰਾਂ ਵਿੱਚ ਵੀ ਆਈਆਂ ਕਿ ਕੇਂਦਰ ਸਰਕਾਰ ਵੱਲੋਂ ਭੇਜੇ ਗਏ ਸਰਕਾਰੀ ਰਾਸ਼ਨ ਨੂੰ ਪੰਜਾਬ ਦੇ ਕਾਂਗਰਸੀ ਨੇਤਾ ਆਪਣੇ ਘਰਾਂ ਅਤੇ ਗੁਦਾਮਾਂ ਵਿੱਚ ਦੱਬ ਕੇ ਬੈਠੇ ਰਹੇ। ਰਾਜੇਸ਼ ਬਾਘਾ ਨੇ ਕਿਹਾ ਕਿ ਜੇਕਰ ਹਿਮਾਚਲ, ਹਰਿਆਣਾ ਅਤੇ ਹੋਰ ਪ੍ਰਦੇਸ਼ਾਂ ਵਿੱਚ ਦੇਖਿਆ ਜਾਵੇਗਾ ਇਹ ਕੰਮ ਪੂਰੇ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਦੇਖਣਾ ਇਹ ਹੈ ਕਿ ਆਮ ਆਦਮੀ ਪਾਰਟੀ ਇਸ ਉੱਪਰ ਕਿੰਨਾ ਕੁ ਖਰਾ ਉੱਤਰਦੀ ਹੈ।

ਫਿਲਹਾਲ ਹੁਣ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਪੰਜਾਬ ਵਿਚ ਦਿੱਲੀ ਵਾਲਾ ਮਾਡਲ ਚਲਾਉਣ ਵਿੱਚ ਕਿਸ ਤਰਾਂ ਕਾਮਯਾਬ ਹੁੰਦੀ ਹੈ। ਕਿਉਂਕਿ ਇੱਕ ਪਾਸੇ ਮਾਫੀਆ ਨੂੰ ਖ਼ਤਮ ਕਰਨਾ ਅਤੇ ਦੂਸਰੇ ਪਾਸੇ ਲੋਕਾਂ ਤੱਕ ਸਹੀ ਰਾਸ਼ਨ ਪਹੁੰਚਾਣ ਦੇ ਨਾਲ ਨਾਲ ਡਿਪੂ ਹੋਲਡਰਾਂ ਨੂੰ ਬਰਕਰਾਰ ਰੱਖਣਾ ਇੱਕ ਵੱਡਾ ਚੈਲੰਜ ਹੈ।

ਇਹ ਵੀ ਪੜ੍ਹੋ: ਜਾਣੋ ਨਵੀਂ ਸਰਕਾਰ ਤੋਂ ਬਾਅਦ ਵੀ ਕਿਵੇਂ ਜਾਰੀ ਹੈ ਮਾਈਨਿੰਗ ਦਾ ਗੋਰਖਧੰਦਾ ! ਵੇਖੋ ਇਸ ਖਾਸ ਰਿਪੋਰਟ...

Last Updated :Mar 24, 2022, 5:28 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.