ETV Bharat / state

Punjab Assembly Election 2022: ਵੋਟਾਂ ਦੌਰਾਨ ਰਾਜਨੀਤਕ ਪਾਰਟੀਆਂ ਦੀ ਪਹਿਲੀ ਪਸੰਦ ਬਣੇ ਫ਼ਿਲਮੀ ਤੇ ਖੇਡ ਜਗਤ ਦੇ ਸਿਤਾਰੇ

author img

By

Published : Feb 11, 2022, 7:59 AM IST

Punjab Assembly Election 2022: ਚੋਣਾਂ ਵਿੱਚ ਫ਼ਿਲਮੀ ਤੇ ਖੇਡ ਜਗਤ ਦੇ ਸਿਤਾਰੇ ਰਾਜਨੀਤਿਕ ਪਾਰਟੀਆਂ ਦੀ ਪਹਿਲੀ ਪਸੰਦ ਬਣ ਰਹੇ ਹਨ। ਹਰ ਇੱਕ ਪਾਰਟੀ ਵੱਲੋਂ ਇਹਨਾਂ ’ਤੇ ਦਾਅ ਖੇਡਿਆ ਜਾ ਰਿਹਾ ਹੈ। ਆਖਿਰਕਾਰ ਹੁਣ ਤਕ ਕਿਹੜੇ-ਕਿਹੜੇ ਸਿਤਾਰੇ ਨੇ ਸਿਆਸਤ ਵਿੱਚ ਪੈਰ ਧਰਿਆ ਹੈ, ਪੜੋ ਇਹ ਖ਼ਾਸ ਰਿਪੋਰਟ...

ਰਾਜਨੀਤਕ ਪਾਰਟੀਆਂ ਦੀ ਪਹਿਲੀ ਪਸੰਦ ਬਣੇ ਫ਼ਿਲਮੀ ਤੇ ਖੇਡ ਜਗਤ ਦੇ ਸਿਤਾਰੇ
ਰਾਜਨੀਤਕ ਪਾਰਟੀਆਂ ਦੀ ਪਹਿਲੀ ਪਸੰਦ ਬਣੇ ਫ਼ਿਲਮੀ ਤੇ ਖੇਡ ਜਗਤ ਦੇ ਸਿਤਾਰੇ

ਜਲੰਧਰ: ਪੰਜਾਬ ਦੀ ਰਾਜਨੀਤੀ ਦੇ ਇਤਿਹਾਸ ਵਿੱਚ ਫਿਲਮ ਅਤੇ ਖੇਡ ਜਗਤ ਦੇ ਲੋਕਾਂ ਦਾ ਆਉਣਾ ਕੋਈ ਨਵੀਂ ਗੱਲ ਨਹੀਂ ਹੈ। ਸ਼ੁਰੂ ਤੋਂ ਹੀ ਜਿੱਥੇ ਇੱਕ ਪਾਸੇ ਰਾਜਨੀਤਿਕ ਪਾਰਟੀਆਂ ਦੀ ਪਸੰਦ ਸਿਤਾਰੇ ਰਹੇ ਹਨ ਉਧਰ ਦੂਸਰੇ ਪਾਸੇ ਇਨ੍ਹਾਂ ਸਿਤਾਰਿਆਂ ਦੀ ਪਸੰਦ ਵੀ ਰਾਜਨੀਤੀ ਖ਼ੂਬ ਰਹੀ ਹੈ।

ਪਿਛਲੇ ਸਮੇਂ ਚੋਣਾਂ ਲੜ ਕੇ ਰਾਜਨੀਤੀ ਵਿੱਚ ਕਦਮ ਰੱਖਣ ਵਾਲੇ ਸਿਤਾਰੇ

ਵੱਖ-ਵੱਖ ਰਾਜਨੀਤਿਕ ਪਾਰਟੀਆਂ ਲਈ ਪੰਜਾਬ ਦੇ ਹੀ ਨਹੀਂ ਬਲਕਿ ਬਾਲੀਵੁੱਡ ਦੇ ਸਿਤਾਰੇ ਵੀ ਚੋਣਾਂ ਲੜੇ ਚੁੱਕੇ ਹਨ, ਫਿਰ ਚਾਹੇ ਉਨ੍ਹਾਂ ਵਿੱਚ ਫ਼ਿਲਮੀ ਸਿਤਾਰੇ ਹੋਣ, ਗਾਇਕ, ਕਾਮੇਡੀਅਨ ਜਾ ਫਿਰ ਇਸੇ ਕਿੱਤੇ ਨਾਲ ਜੁੜੇ ਹੋਰ ਲੋਕ ਹੋਣ। ਇੱਕ ਸਮਾਂ ਸੀ ਜਦੋਂ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਬਾਲੀਵੁੱਡ ਸਟਾਰ ਵਿਨੋਦ ਖੰਨਾ ਲੋਕ ਸਭਾ ਚੋਣਾਂ ਲੜੇ ਅਤੇ ਚਾਰ ਵਾਰ ਲਗਾਤਾਰ ਜਿੱਤ ਕੇ ਇਸ ਇਲਾਕੇ ਦੀ ਸੇਵਾ ਕੀਤੀ।

ਇਹ ਵੀ ਪੜੋ: ਪੰਜਾਬ ਚੋਣਾਂ: ਨਵੇਂ ਚਿਹਰਿਆਂ ਨਾਲ ਵਿਰਾਸਤ ਦੀ ਸਿਆਸਤ !

ਇਸ ਤੋਂ ਬਾਅਦ ਮਸ਼ਹੂਰ ਕਾਮੇਡੀਅਨ ਭਗਵੰਤ ਮਾਨ, ਰਾਜ ਗਾਇਕ ਹੰਸ ਰਾਜ ਹੰਸ, ਗਾਇਕ ਬਲਕਾਰ ਸਿੱਧੂ, ਲੋਕ ਗਾਇਕ ਮੁਹੰਮਦ ਸਦੀਕ, ਨਵਜੋਤ ਸਿੰਘ ਸਿੱਧੂ ਵਰਗੇ ਸਿਤਾਰੇ ਜਿਨ੍ਹਾਂ ਨੇ ਪੰਜਾਬ ਦੀ ਰਾਜਨੀਤੀ ਵਿੱਚ ਹਿੱਸਾ ਲੈਂਦੇ ਹੋਏ ਕਈ ਵਾਰ ਚੋਣਾਂ ਲੜੀਆਂ ਅਤੇ ਇਨ੍ਹਾਂ ਵਿੱਚੋਂ ਕਈਆਂ ਨੇ ਜਿੱਤ ਕੇ ਪੰਜਾਬ ਦੀ ਲੋਕ ਸਭਾ ਅਤੇ ਵਿਧਾਨ ਸਭਾ ਸੀਟਾਂ ਉਤੇ ਆਪਣਾ ਦਮ ਵੀ ਦਿਖਾਇਆ, ਪਰ ਕਈ ਸਿਤਾਰੇ ਅਜਿਹੇ ਵੀ ਹਨ ਜੋ ਹਾਰ ਕੇ ਰਾਜਨੀਤੀ ਤੋਂ ਤੋਬਾ ਕਰ ਚੁੱਕੇ ਹਨ।

ਕੁਝ ਨਾਮੀ ਸਿਤਾਰੇ ਜਿਨ੍ਹਾਂ ਦੀ ਰਾਜਨੀਤੀ ’ਚ ਲੰਮੀ ਪਾਰੀ

ਵਿਨੋਦ ਖੰਨਾ: ਵਿਨੋਦ ਖੰਨਾ ਨੇ ਪੰਜਾਬ ਦੀ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਚਾਰ ਵਾਰ ਚੋਣਾਂ ਲੜੀਆਂ ਅਤੇ ਚਾਰੋਂ ਵਾਰ ਇਹ ਸੀਟ ’ਤੇ ਚੋਣਾਂ ਜਿੱਤ ਕੇ ਇਸ ਨੂੰ ਅਕਾਲੀ ਦਲ ਭਾਜਪਾ ਗੱਠਜੋੜ ਦੀ ਝੋਲੀ ਵਿੱਚ ਪਾਇਆ, ਜਦਕਿ 2009 ਵਿੱਚ ਉਨ੍ਹਾਂ ਦੀ ਇੱਕ ਵਾਰ ਹਾਰ ਵੀ ਹੋਈ ਸੀ। ਵਿਨੋਦ ਖੰਨਾ ਗੁਰਦਾਸਪੁਰ ਦੇ ਲੋਕਾਂ ਦੇ ਖੂਬ ਚਿਹੇਤੇ ਰਹੇ ਅਤੇ ਇਸ ਦੌਰਾਨ ਉਨ੍ਹਾਂ ਨੇ ਗੁਰਦਾਸਪੁਰ ਦੇ ਕਈ ਵਿਕਾਸ ਕਾਰਜਾਂ ਨੂੰ ਸੰਪੰਨ ਕਰਵਾਇਆ ਜਿਨ੍ਹਾਂ ਵਿੱਚ ਦਰਿਆਵਾਂ ਦੇ ਪੁਲ ਵੀ ਸ਼ਾਮਲ ਹਨ।

ਭਗਵੰਤ ਮਾਨ: ਪੰਜਾਬ ਦੇ ਮਸ਼ਹੂਰ ਗਾਇਕ ਅਤੇ ਕਾਮੇਡੀਅਨ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਵੱਲੋਂ 2014 ਦੀਆਂ ਚੋਣਾਂ ਸੰਗਰੂਰ ਇਲਾਕੇ ਲਈ ਲੜੀਆਂ ਅਤੇ ਇਸ ਵਿੱਚ ਉਨ੍ਹਾਂ ਨੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੂੰ 2 ਲੱਖ ਵੋਟਾਂ ਨਾਲ ਹਰਾ ਕੇ ਪੰਜਾਬ ਵਿੱਚ ਇੱਕ ਵੱਖਰਾ ਕੀਰਤੀਮਾਨ ਸਥਾਪਤ ਕੀਤਾ ਸੀ। ਭਗਵੰਤ ਮਾਨ ਜੋ ਕਿਸੇ ਵੇਲੇ ਮਨਪ੍ਰੀਤ ਬਾਦਲ ਦੀ ਪੁਰਾਣੀ ਪਾਰਟੀ ਪੀਪਲਜ਼ ਪਾਰਟੀ ਆਫ ਪੰਜਾਬ ਦਾ ਹਿੱਸਾ ਸਨ ਅੱਜ ਨਾ ਸਿਰਫ ਆਮ ਆਦਮੀ ਪਾਰਟੀ ਵੱਲੋਂ ਇੱਕ ਸਾਂਸਦ ਹਨ ਨਾਲ ਹੀ ਇਸ ਵਾਰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ ਨੂੰ ਪਾਰਟੀ ਦੇ ਸੀਐਮ ਅਹੁਦੇ ਨਾਲ ਨਿਵਾਜਿਆ ਹੈ।

ਨਵਜੋਤ ਸਿੰਘ ਸਿੱਧੂ: ਨਵਜੋਤ ਸਿੰਘ ਸਿੱਧੂ ਜੋ ਕਿ ਇੱਕ ਸਾਬਕਾ ਕ੍ਰਿਕਟਰ ਅਤੇ ਅਦਾਕਾਰ ਵੀ ਹਨ। ਸਿੱਧੂ ਨੇ ਆਪਣੀ ਰਾਜਨੀਤਕ ਪਾਰੀ ਦੀ ਸ਼ੁਰੂਆਤ ਅੰਮ੍ਰਿਤਸਰ ਤੋਂ 2004 ਵਿੱਚ ਕੀਤੀ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਅੰਮ੍ਰਿਤਸਰ ਈਸਟ ਵਿਧਾਨ ਸਭਾ ਸੀਟ ਤੋਂ ਚੋਣਾਂ ਲੜੀਆਂ ਹਨ। ਇਸ ਸੀਟ ਤੋਂ ਸਿੱਧੂ 2 ਵਾਰ ਚੋਣਾਂ ਲੜੇ ਅਤੇ ਦੋਨੋਂ ਵਾਰ ਜਿੱਤ ਹਾਸਲ ਕੀਤੀ। ਇਸ ਤੋਂ ਬਾਅਦ 2017 ਵਿਚ ਉਹ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਤੇ ਅੱਜ ਉਹ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦੇ ਰੂਪ ਵਿੱਚ ਪਾਰਟੀ ਨਾਲ ਕੰਮ ਕਰ ਰਹੇ ਹਨ।

ਹੰਸ ਰਾਜ ਹੰਸ: ਹੰਸ ਰਾਜ ਹੰਸ ਦੀ ਰਾਜਨੀਤੀ ਦੀ ਸ਼ੁਰੂਆਤ 2009 ਵਿੱਚ ਅਕਾਲੀ ਦਲ ਭਾਜਪਾ ਗੱਠਜੋੜ ਵੱਲੋਂ ਜਲੰਧਰ ਲੋਕ ਸਭਾ ਸੀਟ ’ਤੇ ਚੋਣਾਂ ਲੜਨ ਨਾਲ ਹੋਈ ਸੀ, ਪਰ ਹੰਸ ਰਾਜ ਹੰਸ ਇਨ੍ਹਾਂ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰ ਚੌਧਰੀ ਸੰਤੋਖ ਸਿੰਘ ਕੋਲੋਂ ਹਾਰ ਗਏ ਸਨ।

ਕਾਂਗਰਸੀ ਉਮੀਦਵਾਰ ਕੋਲੋਂ ਹਾਰ ਤੋਂ ਬਾਅਦ ਵੀ ਹੰਸ ਰਾਜ ਹੰਸ ਨੇ ਰਾਜਨੀਤੀ ਵਿੱਚ ਆਪਣੀ ਹਾਰ ਨਹੀਂ ਮੰਨੀ ਅਤੇ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ। ਅੱਜ ਹੰਸ ਰਾਜ ਹੰਸ ਦਿੱਲੀ ਤੋਂ ਲੋਕ ਸਭਾ ਸਾਂਸਦ ਹਨ ਜਿਨ੍ਹਾਂ ਨੇ ਇੱਕ ਵੱਡੇ ਅੰਕੜੇ ਤੋਂ ਆਪਣੇ ਵਿਰੋਧੀ ਨੂੰ ਹਰਾਇਆ ਹੈ।

ਜ਼ਿਕਰਯੋਗ ਹੈ ਕਿ ਹੰਸ ਰਾਜ ਹੰਸ ਨੇ 2009 ਵਿੱਚ ਅਕਾਲੀ ਦਲ ਵਿੱਚ ਸ਼ਾਮਲ ਹੋਏ ਸਨ ਤੇ ਉਹ ਜਲੰਧਰ ਸੀਟ ਤੋਂ ਹਰ ਗਏ ਸਨ। ਇਸ ਤੋਂ ਮਗਰੋਂ ਉਨ੍ਹਾਂ ਨੇ ਅਕਾਲੀ ਦਲ ਨੂੰ ਛੱਡਕੇ ਕੁਝ ਸਮੇਂ ਬਾਅਦ 2016 ਵਿੱਚ ਕਾਂਗਰਸ ਦਾ ਹੱਥ ਫੜ ਲਿਆ, ਪਰ ਉਸੇ ਸਾਲ ਦੇ ਅਖ਼ੀਰ ਵਿੱਚ ਉਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ।

ਸੰਨੀ ਦਿਓਲ: ਸੰਨੀ ਦਿਓਲ ਨੇ ਆਪਣੀ ਰਾਜਨੀਤੀ ਦੀ ਸ਼ੁਰੂਆਤ ਪੰਜਾਬ ਦੀ ਗੁਰਦਾਸਪੁਰ ਲੋਕ ਸਭਾ ਸੀਟ ਤੋਂ 2019 ਵਿੱਚ ਚੋਣਾਂ ਲੜ ਕੇ ਕੀਤੀ ਅਤੇ ਇਸ ਵੇਲੇ ਉਹ ਗੁਰਦਾਸਪੁਰ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਸਾਂਸਦ ਹਨ।

ਪੰਜਾਬੀ ਗਾਇਕ ਮੁਹੰਮਦ ਸਦੀਕ: ਮੁਹੰਮਦ ਸਦੀਕ ਜਿਨ੍ਹਾਂ ਨੂੰ ਸਮੂਹ ਪੰਜਾਬੀ ਜਗਤ ਲੋਕ ਗਾਇਕ ਦੇ ਨਾਮ ਤੋਂ ਜਾਣਦਾ ਹੈ। ਉਨ੍ਹਾਂ ਨੇ ਆਪਣੀ ਰਾਜਨੀਤੀ ਦੀ ਸ਼ੁਰੂਆਤ 2012 ਵਿੱਚ ਕੀਤੀ ਜਦੋਂ ਵਿਧਾਨ ਸਭਾ ਚੋਣਾਂ ਵਿੱਚ ਬਰਨਾਲਾ ਜ਼ਿਲ੍ਹੇ ਦੀ ਭਦੌੜ ਸੀਟ ਤੋਂ ਚੋਣਾਂ ਲੜੀਆਂ ਜਿਸ ਵਿੱਚ ਉਨ੍ਹਾਂ ਨੇ ਅਕਾਲੀ ਦਲ ਆਗੂ ਅਤੇ ਸਾਬਕਾ ਆਈਏਐਸ ਦਰਬਾਰਾ ਸਿੰਘ ਗੁਰੂ ਨੂੰ ਹਰਾਇਆ ਸੀ। ਇਸ ਤੋਂ ਬਾਅਦ 2017 ਵਿੱਚ ਉਨ੍ਹਾਂ ਨੇ ਜੈਤੋ ਤੋਂ ਚੋਣਾਂ ਲੜੀਆਂ ਅਤੇ ਅੱਜ ਵੀ ਉਨ੍ਹਾਂ ਦੀ ਰਾਜਨੀਤੀ ਵਿੱਚ ਪੈਰ ਪੂਰੇ ਮਜ਼ਬੂਤ ਹਨ।

ਕਿਰਨ ਖੇਰ: ਮਸ਼ਹੂਰ ਬਾਲੀਵੁੱਡ ਅਦਾਕਾਰ ਅਨੁਪਮ ਖੇਰ ਦੀ ਪਤਨੀ ਕਿਰਨ ਖੇਰ ਨੇ ਰਾਜਨੀਤੀ ਵਿੱਚ ਕਦਮ 2014 ਵਿੱਚ ਰੱਖਿਆ ਅਤੇ ਉਦੋਂ ਤੋਂ ਲੈ ਕੇ ਹੁਣ ਤਕ ਉਹ ਚੰਡੀਗੜ੍ਹ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਸਾਂਸਦ ਹਨ। ਕਿਰਨ ਖੇਰ ਜੋ ਕਿ ਖ਼ੁਦ ਇੱਕ ਮਸ਼ਹੂਰ ਬਾਲੀਵੁੱਡ ਅਦਾਕਾਰਾ ਹਨ, ਰਾਜਨੀਤੀ ਵਿੱਚ ਉਨ੍ਹਾਂ ਦਾ ਪੈਰ ਅੱਜ ਉਨੇ ਹੀ ਮਜ਼ਬੂਤ ਹਨ ਜਿਨੇ ਬਾਲੀਵੁੱਡ ਵਿੱਚ ਹਨ।

ਸਿੱਧੂ ਮੂਸੇਵਾਲਾ: ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਨੇ ਵੀ ਰਾਜਨੀਤੀ ਵਿੱਚ ਪੈਰ ਰੱਖ ਲਿਆ ਹੈ ਤੇ ਉਹ ਪਹਿਲੀ ਵਾਰ ਚੋਣ ਲੜ ਰਹੇ ਹਨ। ਸਿੱਧੂ ਮੂਸੇਵਾਲਾ ਕਾਂਗਰਸ ਵਿੱਚ ਸ਼ਾਮਲ ਹੋਏ ਤੇ ਹੁਣ ਉਹ ਮਾਨਸਾ ਤੋਂ ਚੋਣ ਲੜ ਰਹੇ ਹਨ।

ਰਾਜਨੀਤੀ ਵਿੱਚ ਹੱਥ ਅਜ਼ਮਾਉਣ ਤੋਂ ਬਾਅਦ ਕਈਆਂ ਨੇ ਰਾਜਨੀਤੀ ਨੂੰ ਅਲਵਿਦਾ ਵੀ ਕਿਹਾ

ਪੰਜਾਬ ਦੀ ਰਾਜਨੀਤੀ ਵਿੱਚ ਕਈ ਐਸੇ ਫ਼ਿਲਮੀ ਸਿਤਾਰੇ ਵੀ ਹਨ ਜਿਨ੍ਹਾਂ ਨੇ ਰਾਜਨੀਤੀ ਵਿੱਚ ਅਲੱਗ-ਅਲੱਗ ਪਾਰਟੀਆਂ ਵੱਲੋਂ ਆਪਣਾ ਹੱਥ ਅਜ਼ਮਾਇਆ, ਪਰ ਬਾਅਦ ਵਿੱਚ ਉਹ ਰਾਜਨੀਤੀ ਨੂੰ ਅਲਵਿਦਾ ਕਹਿ ਗਏ।

ਗੁਰਪ੍ਰੀਤ ਘੁੱਗੀ: ਇਨ੍ਹਾਂ ਵਿੱਚ ਸਭ ਤੋਂ ਵੱਡਾ ਨਾਮ ਆਉਂਦਾ ਹੈ ਪੰਜਾਬ ਦੇ ਮਸ਼ਹੂਰ ਕਾਮੇਡੀਅਨ ਗੁਰਪ੍ਰੀਤ ਘੁੱਗੀ ਦਾ ਜਿਨ੍ਹਾਂ ਨੇ ਰਾਜਨੀਤੀ ਵਿੱਚ ਕਦਮ ਆਮ ਆਦਮੀ ਪਾਰਟੀ ਦੇ ਨਾਲ ਰੱਖਿਆ ਸੀ, ਪਰ ਰਾਜਨੀਤੀ ਵਿੱਚ ਉਹ ਇੱਕ ਲੰਮਾ ਸਫ਼ਰ ਤੈਅ ਨਹੀਂ ਕਰ ਪਾਏ।

ਮਸ਼ਹੂਰ ਗਾਇਕ ਬਲਕਾਰ ਸਿੱਧੂ: ਬਲਕਾਰ ਸਿੱਧੂ ਜੋ ਕਿ ਭਗਵੰਤ ਮਾਨ ਦੇ ਖ਼ਾਸ ਦੋਸਤਾਂ ਵਿਚੋਂ ਰਹੇ ਹਨ। ਬਲਕਾਰ ਸਿੱਧੂ ਪਹਿਲਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਆਮ ਆਦਮੀ ਪਾਰਟੀ ਵੱਲੋਂ 2014 ਜ਼ਿਮਨੀ ਚੋਣਾਂ ਵਿੱਚ ਉਨ੍ਹਾਂ ਨੂੰ ਤਲਵੰਡੀ ਸਾਬੋ ਤੋਂ ਚੋਣਾਂ ਲੜਨ ਲਈ ਟਿਕਟ ਦਿੱਤੀ ਗਈ, ਪਰ ਬਾਅਦ ਵਿੱਚ ਉਨ੍ਹਾਂ ਦਾ ਨਾਮ ਪੰਜਾਬ ਵਿੱਚ ਗਨ ਕਲਚਰ ਪ੍ਰਮੋਟ ਕਰਨ ਵਾਲੇ ਗਾਣਿਆਂ ਅਤੇ ਮਾਨਵ ਤਸਕਰੀ ਵਰਗੇ ਮਾਮਲਿਆਂ ਵਿੱਚ ਆਉਣ ਕਰਕੇ ਉਹ ਇਹ ਚੋਣਾਂ ਨਹੀਂ ਲੜ ਸਕੇ।

ਜੱਸੀ ਜਸਰਾਜ: ਜੱਸੀ ਜਸਰਾਜ ਨੂੰ ਆਮ ਆਦਮੀ ਪਾਰਟੀ ਵੱਲੋਂ 2014 ਦੀਆਂ ਅਸੈਂਬਲੀ ਚੋਣਾਂ ਲਈ ਬਠਿੰਡਾ ਤੋਂ ਸੀਟ ਦਿੱਤੀ ਗਈ, ਪਰ ਉਹ ਇਨ੍ਹਾਂ ਚੋਣਾਂ ਵਿੱਚ ਤੀਸਰੇ ਨੰਬਰ ’ਤੇ ਰਹੇ।

ਮਿਸ ਪੂਜਾ: ਇਹਨਾਂ ਤੋਂ ਇਲਾਵਾ ਪੰਜਾਬ ਵਿੱਚ ਮਿਸ ਪੂਜਾ ਵੀ 2013 ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਸਨ, ਪਰ ਉਹ ਬਹੁਤਾ ਸਮਾਂ ਰਾਜਨੀਤੀ ਵਿੱਚ ਨਹੀਂ ਰਹਿ ਸਕੇ।

ਮਾਹੀ ਗਿੱਲ: ਪੰਜਾਬੀ ਅਤੇ ਬਾਲੀਵੁੱਡ ਫਿਲਮ ਜਗਤ ਦੀ ਅਦਾਕਾਰਾ ਮਾਹੀ ਗਿੱਲ ਖ਼ੂਬ ਚਰਚਾ ਵਿੱਚ ਹੈ। ਮਾਹੀ ਗਿੱਲ ਜਿਨ੍ਹਾਂ ਨੂੰ ਲੋਕ ਇੱਕ ਮਸ਼ਹੂਰ ਫ਼ਿਲਮ ਅਦਾਕਾਰ ਦੇ ਰੂਪ ਵਿੱਚ ਜਾਣਦੇ ਹਨ, ਉਹ ਹੁਣੇ ਹੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਵੱਲੋਂ ਹੁਣ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਲਈ ਜਗ੍ਹਾ ਜਗ੍ਹਾ ਜਾ ਕੇ ਉਨ੍ਹਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ। ਦੇਖਣਾ ਇਹ ਹੈ ਕਿ ਮਾਹੀ ਗਿੱਲ ਜਿਨ੍ਹਾਂ ਨੇ ਆਪਣੀ ਰਾਜਨੀਤੀ ਦੇ ਸਫ਼ਰ ਦੀ ਸ਼ੁਰੂਆਤ ਕੁਝ ਦਿਨ ਪਹਿਲਾਂ ਹੀ ਕੀਤੀ ਹੈ ਆਉਣ ਵਾਲੇ ਸਮੇਂ ਵਿੱਚ ਉਹ ਇਸ ਰਸਤੇ ’ਤੇ ਹੋਰ ਕਿੰਨਾ ਚਿਰ ਚੱਲ ਪਾਉਂਦੀ ਹੈ।

ਪੰਜਾਬ ਵਿੱਚ ਫ਼ਿਲਮੀ ਸਿਤਾਰੇ ਹੀ ਨਹੀਂ ਖੇਡ ਜਗਤ ਦੇ ਸਿਤਾਰੇ ਵੀ ਖੇਡ ਰਹੇ ਹਨ ਪਾਰੀ

ਇਨ੍ਹਾਂ ਫਿਲਮੀ ਸਿਤਾਰਿਆਂ ਤੋਂ ਇਲਾਵਾ ਪੰਜਾਬ ਵਿੱਚ ਕਈ ਕਬੱਡੀ ਹਾਕੀ ਅਤੇ ਹੋਰ ਖੇਡਾਂ ਦੇ ਸਿਤਾਰਿਆਂ ਨੇ ਵੀ ਖੂਬ ਰਾਜਨੀਤੀ ਵਿੱਚ ਆਪਣਾ ਹੱਥ ਅਜ਼ਮਾਇਆ ਹੈ। ਇਸ ਵੇਲੇ ਜੇਕਰ ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਦੀ ਗੱਲ ਕਰੀਏ ਤਾਂ ਇਸ ਵਿੱਚ ਇਸ ਵੇਲੇ ਇੱਕੋ ਹੀ ਸੀਟ ਤੋਂ ਚੋਣਾਂ ਲੜ ਰਹੇ 2 ਹਾਕੀ ਓਲੰਪੀਅਨ ਸਭ ਤੋਂ ਜ਼ਿਆਦਾ ਚਰਚਾ ਵਿੱਚ ਹਨ।

ਇਹ ਵੀ ਪੜੋ: ਪੰਜਾਬ ਦੇ ਚੋਣ ਰੰਗ, ਨਾਅਰਿਆਂ ਰਾਹੀਂ ਵੀ ਜਾਰੀ ਜੰਗ

ਜਲੰਧਰ ਛਾਉਣੀ ਸੀਟ ਤੋਂ ਪੰਜਾਬ ਦੇ ਸਿੱਖਿਆ ਅਤੇ ਖੇਡ ਮੰਤਰੀ ਪਰਗਟ ਸਿੰਘ ਨੂੰ ਕਾਂਗਰਸ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ ਜਦ ਕਿ ਉਨ੍ਹਾਂ ਦੇ ਵਿਰੋਧ ਵਿੱਚ ਸਾਬਕਾ ਹਾਕੀ ਓਲੰਪੀਅਨ ਅਤੇ ਸਾਬਕਾ ਆਈਬੀਐਸ ਅਫ਼ਸਰ ਸੁਰਿੰਦਰ ਸਿੰਘ ਸੋਢੀ ਨੂੰ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਬਣਾਇਆ ਹੈ। ਇਸ ਤਰ੍ਹਾਂ ਪੰਜਾਬ ਦੀਆਂ ਹੋਰ ਕਈ ਸੀਟਾਂ ਉਪਰ ਕਈ ਖਿਡਾਰੀ ਆਪਣੀ ਕਿਸਮਤ ਅਜ਼ਮਾ ਰਹੇ ਹਨ।

ਪੰਜਾਬ ਦੀ ਰਾਜਨੀਤੀ ਵਿੱਚ ਹੁਣ ਦੇਖਣਾ ਇਹ ਹੈ ਕਿ ਪੰਜਾਬ ਦੀ ਰਾਜਨੀਤੀ ਵਿੱਚ ਕਦਮ ਰੱਖਣ ਵਾਲੇ ਇਹ ਸਿਤਾਰੇ ਆਉਣ ਵਾਲੇ ਸਮੇਂ ਵਿੱਚ ਖ਼ੁਦ ਆਪਣੇ ਆਪ ਨੂੰ ਬਦਲਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.