ETV Bharat / state

ਅਰਜਨ ਅਵਾਰਡੀ ਡੀਐੱਸਪੀ ਦਲਬੀਰ ਸਿੰਘ ਦਿਓਲ ਦੀ ਮਿਲੀ ਲਾਸ਼, ਪਰਿਵਾਰ ਨੇ ਕੀਤੀ ਇਨਸਾਫ ਦੀ ਮੰਗ

author img

By ETV Bharat Punjabi Team

Published : Jan 2, 2024, 10:39 AM IST

Arjan Awardee DSP Dalbir Singh Deol was found Dead in Jalandhar, the family demanded justice
ਅਰਜਨ ਅਵਾਰਡੀ ਡੀਐੱਸਪੀ ਦਲਬੀਰ ਸਿੰਘ ਦਿਓਲ ਦੀ ਮਿਲੀ ਲਾਸ਼, ਪਰਿਵਾਰ ਨੇ ਕੀਤੀ ਇਨਸਾਫ ਦੀ ਮੰਗ

DSP Dalbir Singh Deol : ਡੀਐੱਸਪੀ ਦਲਬੀਰ ਸਿੰਘ ਦਿਓਲ ਦੀ ਭੇਤਭਰੇ ਹਲਾਤਾਂ ਵਿੱਚ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਮ੍ਰਿਤਕ ਡੀਐਸਪੀ ਅਰਜਨ ਅਵਾਰਡ ਦੇ ਨਾਲ ਸਨਮਾਨਿਤ ਸਨ। ਵੇਟ ਲਿਫਟਿੰਗ ’ਚ ਵੀ ਕਈ ਮੈਡਲ ਹਾਸਿਲ ਕਰ ਚੁੱਕੇ ਸਨ। ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਪਰਿਵਾਰ ਨੇ ਕੀਤੀ ਇਨਸਾਫ ਦੀ ਮੰਗ

ਕਪੂਰਥਲਾ : ਬੀਤੇ ਦਿਨੀਂ ਜਲੰਧਰ 'ਚ ਪੰਜਾਬ ਪੁਲਿਸ ਦੇ ਡੀਐਸਪੀ ਦਲਬੀਰ ਸਿੰਘ ਦਿਓਲ ਦੀ ਭੇਤਭਰੇ ਹਲਾਤਾਂ ਵਿੱਚ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਮਿਲੀ ਜਾਣਕਾਰੀ ਮੁਤਾਬਿਕ ਜਲੰਧਰ ਦੀ ਬਸਤੀ ਬਾਵਾ ਖੇਲ ਨਹਿਰ 'ਚ ਮ੍ਰਿਤਕ ਦੇਹ ਮਿਲੀ। ਇਸ ਸਬੰਧੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਡੀਐੱਸਪੀ ਦਲਬੀਰ ਸਿੰਘ ਦਿਓਲ ਅਰਜਨ ਅਵਾਰਡ ਦੇ ਨਾਲ ਸਨਮਾਨਿਤ ਸਨ। ਵੇਟ ਲਿਫਟਿੰਗ ’ਚ ਵੀ ਕਈ ਮੈਡਲ ਹਾਸਿਲ ਕਰ ਚੁੱਕੇ ਸਨ। ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਨਾਲ ਹੀ ਇਲਾਕੇ ਦੇ ਸੀਸੀਟੀਵੀ ਵੀ ਚੈੱਕ ਕੀਤੇ ਜਾ ਰਹੇ ਹਨ।

ਪੁਲਿਸ ਕਰ ਰਹੀ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ : ਦਸਣਯੋਗ ਹੈ ਕਿ ਦਲਬੀਰ ਸਿੰਘ ਕਪੂਰਥਲਾ ਦੇ ਪਿੰਡ ਖੋਜੇਵਾਲ ਦੇ ਰਹਿਣ ਵਾਲੇ ਸਨ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀ ਨੇ ਦੱਸਿਆ ਕਿ ਕਿਸੀ ਨਾਲ ਕੋਈ ਰੰਜਿਸ਼ ਦੀ ਗੱਲ ਵੀ ਨਹੀਂ ਸੁਣੀ ਸੀ। ਆਖਰੀ ਸਮੇਂ ਦਲਬੀਰ ਸਿੰਘ ਬੱਸ ਸਟੈਂਡ ਗਏ ਸਨ। ਫਿਰ ਉਹਨਾਂ ਦੀ ਲਾਸ਼ ਬਸਤੀ ਬਾਵਾ ਖੇਲ ਦੀ ਨਹਿਰ ਵਿੱਚ ਕਿਵੇਂ ਪਹੁੰਚੀ ਇਸ ਨੂੰ ਲੈਕੇ ਪੁਲਿਸ ਵੱਲੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

ਡੀਐੱਸਪੀ ਦੀਆਂ ਪ੍ਰਾਪਤੀਆਂ : ਉਹਨਾਂ ਭਾਰਤ ਲਈ ਵੇਟਲਿਫਟਰ ਵੱਜੋਂ ਕਈ ਵੱਡੇ ਮੁਕਾਬਲੇ ਜਿੱਤੇ ਅਤੇ ਕਈ ਮੈਡਲ ਹਾਸਿਲ ਕੀਤੇ ਸਨ। ਦਲਬੀਰ ਸਿੰਘ ਨੇ 1998 ਵਿੱਚ ਹੋਈਆਂ ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਉਸ ਸਮੇਂ ਏਸ਼ਿਆਈ ਖੇਡਾਂ ਵਿੱਚ ਕਿਸੇ ਭਾਰਤੀ ਵੇਟਲਿਫਟਰ ਵੱਲੋਂ ਜਿੱਤਿਆ ਗਿਆ ਇਹ ਦੂਜਾ ਤਮਗਾ ਸੀ। ਇਸ ਤੋਂ ਬਾਅਦ ਦਲਬੀਰ ਨੇ 1999 ਵਿੱਚ ਇੰਗਲੈਂਡ ਵਿੱਚ ਹੋਈ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਦਲਬੀਰ ਸਿੰਘ ਨੂੰ ਵੇਟਲਿਫਟਿੰਗ ਵਿੱਚ ਚੰਗੇ ਪ੍ਰਦਰਸ਼ਨ ਲਈ ਸਾਲ 2000 ਵਿੱਚ ਭਾਰਤ ਸਰਕਾਰ ਵੱਲੋਂ ਅਰਜਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਦਲਬੀਰ ਸਿੰਘ ਨੂੰ ਭਾਰਤ ਵਿੱਚ ਮਹਾਰਾਜਾ ਰਣਜੀਤ ਸਿੰਘ ਅਵਾਰਡ ਅਤੇ ਹੋਰ ਕਈ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਦਲਬੀਰ ਸਿੰਘ ਨੇ ਕੁਝ ਸਮਾਂ ਪਹਿਲਾਂ ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਦੱਸਿਆ ਸੀ ਕਿ ਪਿੰਡ ਖੋਜੇਵਾਲ ਵਿੱਚ ਸਾਲ 1986-87 ਵਿੱਚ ਪਿੰਡ ਦੇ ਲੜਕਿਆਂ ਵੱਲੋਂ ਲੋਹੜੀ ਮੰਗਣ ’ਤੇ ਇਕੱਠੇ ਕੀਤੇ ਪੈਸਿਆਂ ਨਾਲ ਜਿੰਮ ਵਿੱਚ ਵੇਟ ਲਿਫਟਿੰਗ ਦਾ ਸਾਮਾਨ ਲਿਆਂਦਾ ਗਿਆ ਸੀ। ਫਿਰ ਉਹ ਇਸ ਖੇਡ ਨਾਲ ਜੁੜ ਗਿਆ।

ਰਿਟਾਇਰ ਹੋਣ ਵਾਲੇ ਸਨ ਦਲਬੀਰ ਸਿੰਘ : ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦਲਬੀਰ ਸਿੰਘ ਇਸ ਸਾਲ ਪੰਜਾਬ ਪੁਲਿਸ ਤੋਂ ਰਿਟਾਇਰ ਹੋਣ ਜਾ ਰਿਹਾ ਸੀ, ਉਹ ਆਪਣੇ ਪਿੱਛੇ ਦੋ ਬੇਟੇ ਅਤੇ ਪਤਨੀ ਛੱਡ ਗਏ ਹਨ । ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਸਹੀ ਜਾਂਚ ਕੀਤੀ ਜਾਵੇ ਤਾਂ ਜੋ ਪਰਿਵਾਰ ਨੂੰ ਇਨਸਾਫ ਮਿਲ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.