ETV Bharat / state

ਮੀਂਹ ਨਾਲ ਨੁਕਸਾਨੇ ਇਲਾਕਿਆਂ 'ਚ ਪਹੁੰਚੇ CM ਮਾਨ, ਪੰਜਾਬ ਦੇ ਲੋਕਾਂ ਨੂੰ ਕਿਹਾ-ਸਥਿਤੀ ਕਾਬੂ ਹੇਠ, ਘਬਰਾਉਣਾ ਨਹੀਂ...

author img

By

Published : Jul 10, 2023, 5:35 PM IST

Review of relief and rescue operations at the ground level by the Chief Minister
ਮੀਂਹ ਨਾਲ ਨੁਕਸਾਨੇ ਇਲਾਕਿਆਂ 'ਚ ਪਹੁੰਚੇ CM ਮਾਨ, ਪੰਜਾਬ ਦੇ ਲੋਕਾਂ ਨੂੰ ਕਿਹਾ-ਸਥਿਤੀ ਕਾਬੂ ਹੇਠ, ਘਬਰਾਉਣਾ ਨਹੀਂ...

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੀਂਹ ਕਾਰਨ ਤੇਜ਼ ਪਾਣੀ ਨਾਲ ਨੁਕਸਾਨੇ ਗਏ ਇਲਾਕਿਆਂ ਦਾ ਦੌਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਥਿਤੀ ਕਾਬੂ ਹੇਠ ਹੈ ਤੇ ਘਬਰਾਉਣ ਦੀ ਲੋੜ ਨਹੀਂ ਹੈ।

ਐਸ.ਏ.ਐਸ.ਨਗਰ/ਰੋਪੜ : ਪੰਜਾਬ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਅਤੇ ਕਈ ਇਲਾਕੇ ਨੁਕਸਾਨੇ ਗਏ ਹਨ। ਇਸੇ ਦੀ ਜਾਣਕਾਰੀ ਅਤੇ ਬਚਾਅ ਕਾਰਜਾਂ ਦੀ ਨਿਗਰਾਨੀ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੀਂਹ ਨਾਲ ਪ੍ਰਭਾਵਿਤ ਇਲਾਕਿਆਂ ਦਾ ਤੂਫ਼ਾਨੀ ਦੌਰਾ ਕੀਤਾ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਲਗਾਤਾਰ ਮੀਂਹ ਪੈਣ ਕਾਰਨ ਪ੍ਰਭਾਵਿਤ ਹੋਏ ਨੀਵੇਂ ਇਲਾਕਿਆਂ ਵਿੱਚੋਂ ਸੁਰੱਖਿਅਤ ਕੱਢੇ ਗਏ ਲੋਕਾਂ ਨਾਲ ਗੱਲਬਾਤ ਵੀ ਕੀਤੀ।

ਸਥਿਤੀ ਚਿੰਤਾਜਨਕ ਹੈ : ਮੋਹਾਲੀ ਦੇ ਫੇਜ਼ 6 ਵਿੱਚ ਸਥਿਤ ਰੈਣ ਬਸੇਰਾ, ਜਮੁਨਾ ਅਪਾਰਟਮੈਂਟਸ ਖਰੜ, ਪਿੰਡ ਕਜੌਲੀ, ਬੂਥਗੜ੍ਹ ਅਤੇ ਰੋਪੜ ਜ਼ਿਲ੍ਹੇ ਦਾ ਦੌਰਾ ਕਰਨ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਪਹਿਲੇ ਮੁੱਖ ਮੰਤਰੀਆਂ ਵਾਂਗ ਖ਼ਾਨਾਪੂਰਤੀ ਕਰਨ ਲਈ ਸਥਿਤੀ ਦਾ ਜਾਇਜ਼ਾ ਲੈਣ ਨਹੀਂ ਸਗੋੋਂ ਖੁਦ ਲੋਕਾਂ ਨੂੰ ਮਿਲ ਰਹੇ ਨੇ। ਉਨ੍ਹਾਂ ਕਿਹਾ ਕਿ ਸਥਿਤੀ ਚਿੰਤਾਜਨਕ ਹੈ ਪਰ ਫਿਰ ਵੀ ਸੂਬਾ ਸਰਕਾਰ ਜਾਨੀ ਨੁਕਸਾਨ ਨੂੰ ਘੱਟ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਬਚਾਅ ਕਾਰਜਾਂ ਲਈ ਐਨ.ਡੀ.ਆਰ.ਐਫ. ਦੀਆਂ ਟੀਮਾਂ ਲਾਈਆਂ ਗਈਆਂ ਹਨ ਪਰ ਅਜੇ ਤੱਕ ਇਸ ਕੰਮ ਲਈ ਅਧਿਕਾਰਤ ਤੌਰ 'ਤੇ ਫੌਜ ਨੂੰ ਨਹੀਂ ਲਾਇਆ ਗਿਆ।

  • ਮੈਂ ਖੁਦ ਗਰਾਊਂਡ ਜ਼ੀਰੋ ਤੇ ਮੌਜੂਦ ਹਾਂ ..ਸਥਿਤੀ ਬਿਲਕੁਲ ਕੰਟਰੋਲ ਵਿੱਚ ਹੈ ..ਅਫ਼ਸਰ ਅਤੇ ਮੰਤਰੀ-ਵਿਧਾਇਕ ਲੋਕਾਂ ਦੇ ਹਰ ਵਕਤ ਪਹੁੰਚ ਵਿੱਚ ਹਨ ..ਸਹਾਇਤਾ ਵਿੱਚ ਕੋਈ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ.. pic.twitter.com/XOJrjd6Yhh

    — Bhagwant Mann (@BhagwantMann) July 10, 2023 " class="align-text-top noRightClick twitterSection" data=" ">

ਦੇਸ਼ ਦੇ ਗ੍ਰਹਿ ਮੰਤਰੀ ਨੂੰ ਦੱਸੀ ਸਥਿਤੀ : ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਐਤਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲ ਹੋਈ ਸੀ ਜਿਸ ਦੌਰਾਨ ਉਨ੍ਹਾਂ ਨੇ ਸ਼ਾਹ ਨੂੰ ਸੂਬੇ ਦੀ ਸਮੁੱਚੀ ਸਥਿਤੀ ਬਾਰੇ ਜਾਣੂ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਫਿਲਹਾਲ ਰਾਹਤ ਅਤੇ ਬਚਾਅ ਕਾਰਜਾਂ ਲਈ ਕੇਂਦਰੀ ਸਹਾਇਤਾ ਦੀ ਲੋੜ ਨਹੀਂ ਹੈ ਕਿਉਂਕਿ ਸਥਿਤੀ ਕਾਬੂ ਹੇਠ ਹੈ। ਹਾਲਾਂਕਿ, ਭਗਵੰਤ ਮਾਨ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਸਥਿਤੀ ਨਾਲ ਨਿਪਟਣ ਲਈ ਕੇਂਦਰ ਸਰਕਾਰ ਤੋਂ ਮਦਦ ਮੰਗੀ ਜਾਵੇਗੀ।

ਫਸਲਾਂ ਦੇ ਨੁਕਸਾਨ ਦੀ ਹੋਵੇਗੀ ਗਿਰਦਾਵਰੀ : ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਸੂਬੇ ਵਿੱਚ ਭਾਰੀ ਮੀਂਹ ਕਾਰਨ ਫਸਲਾਂ, ਘਰਾਂ ਅਤੇ ਹੋਰ ਨੁਕਸਾਨ ਦਾ ਪਤਾ ਲਾਉਣ ਲਈ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਮੀਂਹਾਂ ਕਾਰਨ ਹੋਏ ਨੁਕਸਾਨ ਦਾ ਪਹਿਲ ਦੇ ਆਧਾਰ 'ਤੇ ਪਤਾ ਲਾਉਣ ਲਈ ਤੁਰੰਤ ਗਿਰਦਾਵਰੀ ਕਰਵਾਉਣ ਵਾਸਤੇ ਡਿਪਟੀ ਕਮਿਸ਼ਨਰਾਂ ਨੂੰ ਵਿਸਥਾਰਤ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ। ਭਗਵੰਤ ਮਾਨ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਕੁਦਰਤ ਦੇ ਕਹਿਰ ਕਾਰਨ ਪੈਦਾ ਹੋਏ ਹਾਲਾਤ ਵਿੱਚ ਸਰਕਾਰ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ।

ਲੋਕਾਂ ਨੂੰ ਕੀਤੀ ਅਪੀਲ : ਇਸ ਦੌਰਾਨ ਮੁੱਖ ਮੰਤਰੀ ਨੇ ਲੋਕਾਂ ਨੂੰ ਬਿਲਕੁਲ ਵੀ ਨਾ ਘਬਰਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਲੋਕਾਂ ਦੀ ਸੇਵਾ ਵਿੱਚ ਹਰ ਵੇਲੇ ਹਾਜ਼ਰ ਹੈ ਅਤੇ ਸੂਬੇ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਬਣੇ ਹਾਲਾਤਾਂ 'ਤੇ ਨਿਰੰਤਰ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਕੁਦਰਤੀ ਆਫ਼ਤ ਹੈ ਅਤੇ ਸਾਰਿਆਂ ਦੇ ਪੂਰਨ ਸਹਿਯੋਗ ਨਾਲ ਇਸ ਸਥਿਤੀ ਦਾ ਸੁਚੱਜੇ ਢੰਗ ਨਾਲ ਟਾਕਰਾ ਕੀਤਾ ਜਾਵੇਗਾ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਸੂਬਾ ਸਰਕਾਰ ਇਸ ਔਖੀ ਘੜੀ ਵਿੱਚ ਪੰਜਾਬ ਦੇ ਲੋਕਾਂ ਦੇ ਨਾਲ ਹੈ ਅਤੇ ਲੋਕਾਂ ਨੂੰ ਇਸ ਸੰਕਟ ਵਿੱਚੋਂ ਕੱਢਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਭਗਵੰਤ ਮਾਨ ਨੇ ਲੋਕਾਂ ਨੂੰ ਕਿਸੇ ਵੀ ਗੱਲ ਦੀ ਚਿੰਤਾ ਨਾ ਕਰਨ ਦੀ ਅਪੀਲ ਕੀਤੀ ਕਿਉਂਕਿ ਸੂਬਾ ਸਰਕਾਰ ਹਾਲਾਤਾਂ ਨੂੰ ਸੁਖਾਵੇਂ ਬਣਾਉਣ ਲਈ ਠੋਸ ਉਪਰਾਲੇ ਕਰ ਰਹੀ ਹੈ।

ਔਖੀ ਘੜੀ ਵੇਲੇ ਲੋਕਾਂ ਦੀ ਮਦਦ : ਮੁੱਖ ਮੰਤਰੀ ਨੇ ਕਿਹਾ ਕਿ ਉਹ ਨਿੱਜੀ ਤੌਰ 'ਤੇ ਸੂਬੇ ਦੇ ਹਰ ਕੋਨੇ ਤੋਂ ਪਲ-ਪਲ ਉੱਤੇ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰੀ ਮੀਂਹ ਕਿਸੇ ਵੀ ਵਿਅਕਤੀ ਦੇ ਵੱਸ ਤੋਂ ਬਾਹਰ ਹੈ ਪਰ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਸਰਕਾਰ ਵੱਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਹੀ ਸਾਰੇ ਕੈਬਨਿਟ ਮੰਤਰੀ, ਵਿਧਾਇਕ ਅਤੇ ਅਧਿਕਾਰੀ ਆਪੋ-ਆਪਣੇ ਖੇਤਰਾਂ ਵਿੱਚ ਮੌਜੂਦ ਹਨ ਅਤੇ ਇਸ ਔਖੀ ਘੜੀ ਵਿੱਚ ਲੋੜਵੰਦ ਲੋਕਾਂ ਤੱਕ ਪਹੁੰਚ ਕਰ ਰਹੇ ਹਨ।

ਹੜ੍ਹਾਂ ਤੋਂ ਬਚਾਅ ਵਾਸਤੇ ਠੋਸ ਪ੍ਰਬੰਧ : ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦੇ ਜਾਨ-ਮਾਲ ਦੀ ਰਾਖੀ ਲਈ ਹੜ੍ਹਾਂ ਤੋਂ ਬਚਾਅ ਵਾਸਤੇ ਠੋਸ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀਜ਼ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਰਾਹਤ ਕਾਰਜ ਤੇਜ਼ੀ ਨਾਲ ਚਲਾ ਰਹੇ ਹਨ। ਭਗਵੰਤ ਮਾਨ ਨੇ ਦੱਸਿਆ ਕਿ ਨੀਵੇਂ ਅਤੇ ਪ੍ਰਭਾਵਿਤ ਇਲਾਕਿਆਂ ਵਿੱਚ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ।

ਸਾਰੇ ਜ਼ਿਲ੍ਹਿਆਂ ਵਿੱਚ ਹੜ੍ਹ ਕੰਟਰੋਲ ਰੂਮ ਸਥਾਪਤ : ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਹੜ੍ਹ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ, ਜਿਨ੍ਹਾਂ ਦੇ ਨੰਬਰ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੇਵਾ ਲਈ ਇਨ੍ਹਾਂ ਕੰਟਰੋਲ ਰੂਮਾਂ ਵਿੱਚ 24 ਘੰਟੇ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਭਗਵੰਤ ਮਾਨ ਨੇ ਕਿਹਾ ਕਿ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਐਮਰਜੈਂਸੀ ਦੀ ਸਥਿਤੀ ਵਿੱਚ ਲੋਕਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਸਬੰਧੀ ਆਉਣ ਵਾਲੀ ਕਾਲ 'ਤੇ ਤੁਰੰਤ ਕਾਰਵਾਈ ਕਰਨਾ ਯਕੀਨੀ ਬਣਾਉਣ। (ਪ੍ਰੈੱਸ ਨੋਟ)

ETV Bharat Logo

Copyright © 2024 Ushodaya Enterprises Pvt. Ltd., All Rights Reserved.