ETV Bharat / state

ਨਿਕਾਰਾਗੁਆ ਮਨੁੱਖੀ ਤਸਕਰੀ ਮਾਮਲੇ ਦੀ ਜਾਂਚ ਲਈ ਪੰਜਾਬ ਪੁਲਿਸ ਵੱਲੋਂ ਚਾਰ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ

author img

By ETV Bharat Punjabi Team

Published : Dec 30, 2023, 10:38 PM IST

Nicaragua human trafficking case: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ। ਜਿਸ ਦੇ ਚੱਲਦੇ ਨਿਕਾਰਾਗੁਆ ਮਨੁੱਖੀ ਤਸਕਰੀ ਮਾਮਲੇ ਦੀ ਜਾਂਚ ਲਈ ਪੰਜਾਬ ਪੁਲਿਸ ਵੱਲੋਂ ਚਾਰ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ।

SIT to investigate
SIT to investigate

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ 'ਤੇ, ਬਿਊਰੋ ਆਫ਼ ਇਨਵੈਸਟੀਗੇਸ਼ਨ (ਬੀ.ਓ.ਆਈ.) ਦੇ ਡਾਇਰੈਕਟਰ ਐਲ. ਕੇ. ਯਾਦਵ ਵੱਲੋਂ ਅੱਜ ਨਿਕਾਰਾਗੁਆ ਮਨੁੱਖੀ ਤਸਕਰੀ ਮਾਮਲੇ ਵਿੱਚ ਮਨੁੱਖੀ ਤਸਕਰੀ ਸਬੰਧੀ ਜਾਂਚ ਲਈ ਚਾਰ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਗਿਆ ਹੈ।

ਇਹ ਮੈਂਬਰ ਕਰਨਗੇ ਜਾਂਚ: ਇਸ ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਐਸਪੀ ਇਨਵੈਸਟੀਗੇਸ਼ਨ ਫਿਰੋਜ਼ਪੁਰ ਰਣਧੀਰ ਕੁਮਾਰ ਕਰ ਰਹੇ ਹਨ, ਜਦਕਿ ਇਸ ਦੇ ਤਿੰਨ ਮੈਂਬਰਾਂ ਵਿੱਚ ਏਸੀਪੀ ਸਿਵਲ ਲਾਈਨ ਲੁਧਿਆਣਾ ਜਸਰੂਪ ਕੌਰ ਬਾਠ, ਡੀਐਸਪੀ ਇਨਵੈਸਟੀਗੇਸ਼ਨ ਫਿਰੋਜ਼ਪੁਰ ਬਲਕਾਰ ਸਿੰਘ ਸੰਧੂ ਅਤੇ ਡੀਐਸਪੀ ਹੈੱਡਕੁਆਰਟਰ ਪਟਿਆਲਾ ਦਲਬੀਰ ਸਿੰਘ ਸਿੱਧੂ ਸ਼ਾਮਲ ਹਨ।

ਸਮਰੱਥ ਅਦਾਲਤ ਕੋਲ ਸੌਂਪਣਗੇ ਰਿਪੋਰਟ: ਐਸਆਈਟੀ ਨੂੰ ਜਲਦ ਤੋਂ ਜਲਦ ਅੰਤਮ ਰਿਪੋਰਟ ਸਮਰੱਥ ਅਦਾਲਤ ਕੋਲ ਸੌਂਪਣ ਲਈ ਕਿਹਾ ਗਿਆ ਹੈ। ਇਸ ਕੇਸ ਵਿੱਚ ਸਹਾਇਤਾ ਲਈ ਐਸਆਈਟੀ ਵੱਲੋਂ ਕਿਸੇ ਹੋਰ ਅਧਿਕਾਰੀ/ਕਰਮਚਾਰੀ ਦਾ ਵੀ ਸਹਿਯੋਗ ਲਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਨਿਕਾਰਾਗੁਆ ਮਨੁੱਖੀ ਤਸਕਰੀ ਮਾਮਲੇ ਸਬੰਧੀ ਵੱਖ-ਵੱਖ ਅਖਬਾਰਾਂ ਵਿਚ ਖ਼ਬਰਾਂ ਛਪੀਆਂ ਸਨ ਜਿਸ ਵਿੱਚ 303 ਭਾਰਤੀ ਯਾਤਰੀਆਂ, ਜਿਨ੍ਹਾਂ ਵਿਚ ਜ਼ਿਆਦਾਤਰ ਪੰਜਾਬ ਅਤੇ ਗੁਜਰਾਤ ਨਾਲ ਸਬੰਧਤ ਸਨ, ਨੂੰ ਫਰਾਂਸੀਸੀ ਅਧਿਕਾਰੀਆਂ ਵੱਲੋਂ ਹਿਰਾਸਤ ਵਿਚ ਲਿਆ ਗਿਆ ਹੈ।

ਫਰਾਂਸ 'ਚ ਮਨੁੱਖੀ ਤਸਕਰੀ ਦੀ ਗੱਲ ਆਈ ਸੀ ਸਾਹਮਣੇ: ਫਰਾਂਸ ਵਿੱਚ ਸ਼ੁੱਕਰਵਾਰ ਨੂੰ ਇੱਕ ਨਾਗਰਿਕ ਜਹਾਜ਼ ਨੂੰ ਰੋਕਿਆ ਗਿਆ ਸੀ। ਇੱਕ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਇਸ ਜਹਾਜ਼ 'ਚ 300 ਦੇ ਕਰੀਬ ਭਾਰਤੀ ਸਵਾਰ ਸਨ। ਇਸ ਨੇ ਯੂਏਈ ਦੇ ਦੁਬਈ ਏਅਰਪੋਰਟ ਤੋਂ ਉਡਾਣ ਭਰੀ ਸੀ। ਰਿਪੋਰਟ ਵਿਚ ਕਿਹਾ ਗਿਆ ਸੀ ਕਿ ਇਹ ਫਲਾਈਟ ਈਂਧਨ ਲਈ ਫਰਾਂਸ ਦੇ ਇਕ ਛੋਟੇ ਹਵਾਈ ਅੱਡੇ ਵਾਟਰੀ 'ਤੇ ਰੁਕਿਆ ਸੀ। ਇਸ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਕਿ ਇਸ ਵਿੱਚ ਮੌਜੂਦ ਭਾਰਤੀ ਨਾਗਰਿਕ ਮਨੁੱਖੀ ਤਸਕਰੀ ਦਾ ਸ਼ਿਕਾਰ ਹੋਣ ਜਾ ਰਹੇ ਹਨ। ਇਸ ਤੋਂ ਬਾਅਦ ਪੁਲਿਸ ਨੇ ਇਸ ਜਹਾਜ਼ ਨੂੰ ਰੋਕ ਲਿਆ ਸੀ। ਇਸ ਦੌਰਾਨ ਜਾਂਚ 'ਚ ਇਹ ਗੱਲ ਸਾਹਮਣੇ ਆਈ ਸੀ ਕਿ ਉਕਤ ਜਹਾਜ਼ 'ਚ ਸਵਾਰ 300 ਦੇ ਕਰੀਬ ਭਾਰਤੀਆਂ ਵਿਚੋਂ ਜ਼ਿਆਦਾਤਰ ਪੰਜਾਬ ਦੇ ਲੋਕ ਸ਼ਾਮਲ ਸਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.