ETV Bharat / state

ਭਾਜਪਾ ਆਗੂ ਜ਼ਾਕਿਰ ਹੁਸੈਨ ਦਾ ਬਿਆਨ, ਘੱਟ ਗਿਣਤੀ ਭਾਈਚਾਰੇ ਦਾ ਸਭ ਤੋਂ ਵੱਧ ਵਿਕਾਸ ਨਰਿੰਦਰ ਮੋਦੀ ਸਰਕਾਰ ਨੇ ਕੀਤਾ

author img

By ETV Bharat Punjabi Team

Published : Dec 30, 2023, 7:26 PM IST

BJP Sneh Samwad Yatra: ਭਾਜਪਾ ਘੱਟ ਗਿਣਤੀ ਮੋਰਚਾ ਦੇ ਕੌਮੀ ਮੀਤ ਪ੍ਰਧਾਨ ਜ਼ਾਕਿਰ ਹੁਸੈਨ ਨੇ ‘ਸਨੇਹ ਸੰਵਾਦ ਯਾਤਰਾ’ ਸਬੰਧੀ ਉੱਤਰੀ ਕਲਸਟਰ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ, ਜਿਸ 'ਚ ਉਨ੍ਹਾਂ ਦੱਸਿਆ ਕਿ ਪੰਜਾਬ 'ਚ 15 ਜਨਵਰੀ ਤੋਂ ਇਸ ਯਾਤਰਾ ਦੀ ਸ਼ੁਰੂਆਤ ਹੋਵੇਗੀ।

ਭਾਜਪਾ ਘੱਟ ਗਿਣਤੀ ਮੋਰਚਾ
ਭਾਜਪਾ ਘੱਟ ਗਿਣਤੀ ਮੋਰਚਾ

ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਦੇਸ਼ ਭਰ ਵਿੱਚ ਘੱਟ ਗਿਣਤੀ ਸਨੇਹ ਸੰਵਾਦ ਯਾਤਰਾ ਕੱਢੇਗੀ। ਇਹ ਯਾਤਰਾ ਸਾਰੇ ਲੋਕ ਸਭਾ ਹਲਕਿਆਂ ਅਤੇ ਵਿਧਾਨ ਸਭਾ ਹਲਕਿਆਂ ਵਿੱਚ ਕੱਢੀ ਜਾਵੇਗੀ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਡਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਰਦੇਸ਼ਾਂ 'ਤੇ ਭਾਜਪਾ ਘੱਟ ਗਿਣਤੀ ਮੋਰਚਾ ਪੰਜਾਬ 'ਚ ਵੀ 'ਸਨੇਹ ਸੰਪਰਕ ਯਾਤਰਾ' ਦਾ ਆਯੋਜਨ ਕਰੇਗਾ। ਇਹ ਜਾਣਕਾਰੀ ਭਾਜਪਾ ਘੱਟ ਗਿਣਤੀ ਮੋਰਚਾ ਦੇ ਕੌਮੀ ਮੀਤ ਪ੍ਰਧਾਨ ਅਤੇ ਵਕਫ਼ ਬੋਰਡ ਹਰਿਆਣਾ ਦੇ ਚੇਅਰਮੈਨ ਚੌਧਰੀ ਜ਼ਾਕਿਰ ਹੁਸੈਨ ਨੇ ਭਾਜਪਾ ਘੱਟ ਗਿਣਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਥਾਮਸ ਮਸੀਹ ਦੀ ਪ੍ਰਧਾਨਗੀ ਹੇਠ ਚੰਡੀਗੜ੍ਹ ਭਾਜਪਾ ਹੈੱਡਕੁਆਰਟਰ ਵਿਖੇ ਆਯੋਜਿਤ ਪੱਤਰਕਾਰ ਸੰਮੇਲਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ।

ਉੱਤਰੀ ਕਲੱਸਟਰ ਦੀ ਮੀਟਿੰਗ: ਇਸ ਮੌਕੇ ਉਨ੍ਹਾਂ ਨਾਲ ਘੱਟ ਗਿਣਤੀ ਮੋਰਚਾ ਦੇ ਕੌਮੀ ਇੰਚਾਰਜ ਗੁਲਾਮ ਮੁਸਤਫਾ, ਭਾਜਪਾ ਪੰਜਾਬ ਦੇ ਬੁਲਾਰੇ ਐਸ.ਐਸ. ਚੰਨੀ, ਭਾਜਪਾ ਦੇ ਸੂਬਾ ਮੀਡੀਆ ਸਕੱਤਰ ਹਰਦੇਵ ਸਿੰਘ ਉੱਭਾ, ਮੁਹੰਮਦ ਖੁਰਸ਼ੀਦ ਅਲੀ, ਬਿਲਾਲ ਸ਼ਾਹ ਆਦਿ ਵੀ ਹਾਜ਼ਰ ਸਨ। ਥਾਮਸ ਮਸੀਹ ਨੇ ਸੂਬੇ ਦੇ ਮੁੱਖ ਦਫਤਰ ਪਹੁੰਚਣ 'ਤੇ ਰਾਸ਼ਟਰੀ ਅਹੁਦੇਦਾਰਾਂ ਦਾ ਗੁਲਦਸਤੇ ਅਤੇ ਦੁਸ਼ਾਲਾ ਦੇ ਕੇ ਸਵਾਗਤ ਕੀਤਾ। ਚੌਧਰੀ ਜ਼ਾਕਿਰ ਹੁਸੈਨ ਨੇ ਕਿਹਾ ਕਿ ਭਾਜਪਾ ਘੱਟ ਗਿਣਤੀ ਮੋਰਚਾ ਦੇ ਕੌਮੀ ਪ੍ਰਧਾਨ ਜਮਾਲ ਸਿੱਦੀਕੀ ਦੇ ਪ੍ਰੋਗਰਾਮ ਦੀ ਰੂਪ-ਰੇਖਾ ਤਹਿਤ ਦੇਸ਼ ਨੂੰ ਛੇ ਸਮੂਹਾਂ ਵਿੱਚ ਵੰਡਿਆ ਗਿਆ ਹੈ। ਜਿਸ ਦੇ ਤਹਿਤ ਅੱਜ ਭਾਜਪਾ ਪੰਜਾਬ ਦੇ ਹੈੱਡਕੁਆਰਟਰ ਚੰਡੀਗੜ ਵਿਖੇ ਉੱਤਰੀ ਕਲੱਸਟਰ ਦੀ ਮੀਟਿੰਗ ਕੀਤੀ ਗਈ ਹੈ, ਜਿਸ ਵਿੱਚ ਲੱਦਾਖ, ਹਿਮਾਚਲ, ਪੰਜਾਬ, ਹਰਿਆਣਾ, ਉਤਰਾਖੰਡ, ਚੰਡੀਗੜ੍ਹ, ਦਿੱਲੀ ਆਦਿ ਸੂਬੇ ਸ਼ਾਮਿਲ ਹਨ। ਇਸ ਮੀਟਿੰਗ ਵਿੱਚ ਇਨ੍ਹਾਂ ਰਾਜਾਂ ਦੇ ਇੰਚਾਰਜ, ਸਹਿ-ਇੰਚਾਰਜ ਅਤੇ ਸੂਬਾ ਪ੍ਰਧਾਨ ਹਾਜ਼ਰ ਸਨ।

15 ਜਨਵਰੀ ਤੋਂ ਸਨੇਹ ਸੰਵਾਦ ਯਾਤਰਾ: ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਇਸ ਸਨੇਹ ਯਾਤਰਾ ਦੇ ਕੰਮਕਾਜ ਨੂੰ ਦੇਖਣ ਲਈ ਸਾਰੇ ਰਾਜਾਂ ਵਿੱਚ ਟੀਮਾਂ ਦਾ ਗਠਨ ਕੀਤਾ ਜਾਵੇਗਾ ਅਤੇ ਇਹ ਟੀਮ ਹਰ ਲੋਕਸਭਾ ਹਲਕੇ ਵਿੱਚ ਇੱਕ ਟੀਮ ਬਣਾਏਗੀ ਜੋ ਲੋਕਸਭਾ ਵਿੱਚ ਇਸ ਯਾਤਰਾ ਦੇ ਕੰਮਕਾਜ ਦੀ ਨਿਗਰਾਨੀ ਕਰੇਗੀ। ਇਹ ਸਨੇਹ ਸੰਵਾਦ ਯਾਤਰਾ 15 ਜਨਵਰੀ ਤੋਂ ਸ਼ੁਰੂ ਹੋਵੇਗੀ। ਇਸ ਯਾਤਰਾ ਦੌਰਾਨ ਘੱਟ ਗਿਣਤੀ ਵਰਗ ਦੇ ਲੋਕਾਂ ਨੂੰ ਭਾਜਪਾ ਨਾਲ ਜੋੜ ਕੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਘੱਟ ਗਿਣਤੀ ਲੋਕਾਂ ਲਈ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ ਅਤੇ ਇਸ ਦਾ ਲਾਭ ਕਿਵੇਂ ਲਿਆ ਜਾ ਸਕਦਾ ਹੈ ਉਸ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ।

ਮੋਦੀ ਸਰਕਾਰ 'ਚ ਘੱਟ ਗਿਣਤੀਆਂ ਦਾ ਵਿਕਾਸ: ਉਹਨਾ ਕਿਹਾ ਕਿ ਘੱਟ ਗਿਣਤੀ ਭਾਈਚਾਰੇ ਦੀ ਭਲਾਈ ਲਈ ਜਿੰਨੇ ਕੰਮ ਮੋਦੀ ਦੀ ਸਰਕਾਰ ਨੇ ਕੀਤੇ ਹਨ, ਉਹਨੇ ਕੰਮ ਕਿਸੇ ਹੋਰ ਸਰਕਾਰ ਨੇ ਅੱਜ ਤੱਕ ਨਹੀਂ ਕੀਤੇ। ਉਨ੍ਹਾਂ ਸਮੁੱਚੇ ਘੱਟ ਗਿਣਤੀ ਭਾਈਚਾਰੇ ਨੂੰ ਕੇਂਦਰ ਦੀ ਮੋਦੀ ਸਰਕਾਰ ਦਾ ਸਾਥ ਦੇਣ ਦਾ ਸੱਦਾ ਦਿੰਦਿਆਂ ਕਿਹਾ ਕਿ ਭਾਜਪਾ ਹੀ ਇਕ ਅਜਿਹੀ ਪਾਰਟੀ ਹੈ ਜੋ ਸਾਰੇ ਵਰਗਾਂ ਨੂੰ ਨਾਲ ਲੈ ਕੇ ਅੱਗੇ ਵਧਦੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੀ ਜਨਤਾ ਨਾਲ ਕੀਤੇ ਵਾਅਦੇ ਪੂਰੇ ਕੀਤੇ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ 2024 ਦੀਆਂ ਚੋਣਾਂ ਵਿੱਚ ਦੇਸ਼ ਦੀ ਜਨਤਾ ਦੇ ਸਮਰਥਨ ਨਾਲ ਜਿੱਤ ਪ੍ਰਾਪਤ ਕਰਕੇ ਇਸ ਯਾਤਰਾ ਨੂੰ ਜਾਰੀ ਰੱਖਿਆ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.