ETV Bharat / state

Punjab Flood News: ਕਈ ਪਿੰਡਾਂ 'ਚ ਮਚੀ ਹਾਹਾਕਾਰ, 500 ਦੇ ਕਰੀਬ ਪਿੰਡਾਂ 'ਚ ਤਬਾਹੀ ਦਾ ਮੰਜ਼ਰ ਬਿਆਂ ਕਰਦੀਆਂ ਇਹ ਤਸਵੀਰਾਂ- ਖਾਸ ਰਿਪੋਰਟ

author img

By

Published : Jul 13, 2023, 1:37 PM IST

Updated : Jul 13, 2023, 2:03 PM IST

ਪੂਰੇ ਪੰਜਾਬ ਵਿਚ ਐਨਡੀਆਰੈਅਫ ਦੀਆਂ 14 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ, 2 ਟੀਮਾਂ ਐਸਡੀਆਰਐਫ ਦੀਆਂ ਹੜ ਪ੍ਰਭਾਵਿਤ ਖੇਤਰ ਵਿਚ ਵਿਸ਼ੇਸ਼ ਤੌਰ 'ਤੇ ਹਨ ਅਤੇ ਭਾਰਤੀ ਫੌਜ ਦੀਆਂ ਟੁਕੜੀਆਂ ਦੀ ਮਦਦ ਵੀ ਲਈ ਜਾ ਰਹੀ ਹੈ।

Punjab Flood News
Punjab Flood News

ਚੰਡੀਗੜ੍ਹ : ਪੰਜਾਬ ਵਿੱਚ ਸਾਰੇ ਪਾਸੇ ਹੜ੍ਹ ਨੇ ਤਬਾਹੀ ਮਚਾ ਰੱਖੀ ਹੈ। 500 ਦੇ ਕਰੀਬ ਪਿੰਡ ਹੜ੍ਹ ਦੀ ਚਪੇਟ ਵਿਚ ਹਨ। ਜਿੱਥੇ ਵੀ ਨਜ਼ਰ ਮਾਰੀ ਜਾਵੇ ਉਸ ਪਾਸੇ ਪਾਣੀ ਹੀ ਪਾਣੀ ਵਿਖਾਈ ਦੇ ਰਿਹਾ ਹੈ। ਪੰਜਾਬ ਦੇ 13 ਜ਼ਿਲ੍ਹੇ ਹੜ੍ਹ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ। ਪੂਰੇ ਪੰਜਾਬ ਵਿਚ ਹੜ੍ਹ ਨਾਲ 11 ਮੌਤਾਂ ਹੋਣ ਦੀ ਪੁਸ਼ਟੀ ਹੋਈ ਅਤੇ ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ। ਹੜ੍ਹ ਨਾਲ ਪ੍ਰਭਾਵਿਤ ਪਿੰਡਾਂ ਵਿਚੋਂ ਜ਼ਿਆਦਾਤਰ ਦਰਿਆ ਦੇ ਨੇੜੇ ਅਤੇ ਸਰਹੱਦੀ ਖੇਤਰਾਂ ਵਿਚ ਹਨ।

ਪੂਰੇ ਪੰਜਾਬ ਵਿਚ ਐਨਡੀਆਰੈਅਫ ਦੀਆਂ 14 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ, 2 ਟੀਮਾਂ ਐਸਡੀਆਰਐਫ ਦੀਆਂ ਹੜ ਪ੍ਰਭਾਵਿਤ ਖੇਤਰ ਵਿਚ ਵਿਸ਼ੇਸ਼ ਤੌਰ 'ਤੇ ਹਨ ਅਤੇ ਭਾਰਤੀ ਫੌਜ ਦੀਆਂ ਟੁਕੜੀਆਂ ਦੀ ਮਦਦ ਵੀ ਲਈ ਜਾ ਰਹੀ ਹੈ। ਪਟਿਆਲਾ, ਫ਼ਿਰੋਜ਼ਪੁਰ, ਫਤਿਹਗੜ੍ਹ ਸਾਹਿਬ, ਜਲੰਧਰ, ਪਠਾਨਕੋਟ ਅਤੇ ਰੋਪੜ ਵਿਚ ਬਚਾਅ ਕਾਰਜ ਜਾਰੀ ਹਨ। ਸ਼ਨੀਵਾਰ ਤੋਂ ਸੋਮਵਾਰ ਤੱਕ ਪੰਜਾਬ ਵਿਚ ਜ਼ੋਰਦਾਰ ਮੀਂਹ ਲਗਾਤਾਰ ਪਿਆ ਜਿਸ ਕਾਰਨ ਅਜਿਹੇ ਹਾਲਾਤ ਪੈਦਾ ਹੋਏ। ਹਾਲਾਂਕਿ ਬੀਤੇ ਕੱਲ੍ਹ ਤੋਂ ਮੀਂਹ ਰੁੱਕਿਆ ਹੋਇਆ ਹੈ।



Punjab Flood News
500 ਦੇ ਕਰੀਬ ਪਿੰਡਾਂ 'ਚ ਤਬਾਹੀ ਦਾ ਮੰਜ਼ਰ



ਮੌਜੂਦਾ ਹਾਲਾਤ:
ਫਿਰੋਜ਼ਪੁਰ 'ਚ ਸਤਲੁਜ ਦਰਿਆ 'ਤੇ ਬਣਿਆ ਹਜ਼ਾਰੇ ਦਾ ਪੁਲ ਵਹਿ ਗਿਆ ਹੈ। ਜਿਸ ਕਾਰਨ ਦੋ ਦਰਜਨ ਦੇ ਕਰੀਬ ਪਿੰਡ ਪ੍ਰਭਾਵਿਤ ਹੋਏ ਹਨ। ਫਿਰੋਜ਼ਪੁਰ ਦੇ ਕਰੀਬ 60 ਪਿੰਡ ਪਾਣੀ ਵਿੱਚ ਡੁੱਬ ਗਏ ਹਨ।

ਪਟਿਆਲਾ 'ਚ ਪੱਤੜ-ਖਨੋਰੀ ਪੁਲ ਰੁੜ੍ਹ ਗਿਆ। ਜਿਸ ਕਾਰਨ ਸੰਗਰੂਰ ਰੋਡ ਦਾ ਦਿੱਲੀ ਨਾਲ ਸੰਪਰਕ ਕੱਟਿਆ ਗਿਆ ਹੈ।

ਜਲੰਧਰ ਦੇ ਸ਼ਾਹਕੋਟ 'ਚ ਹੜ੍ਹ ਕਾਰਨ ਸੇਵਾਮੁਕਤ ਅਧਿਆਪਕ ਦਾ ਸਸਕਾਰ ਸੜਕ 'ਤੇ ਹੀ ਕਰਨਾ ਪਿਆ। ਇੱਥੋਂ ਦਾ ਸ਼ਮਸ਼ਾਨਘਾਟ ਵੀ ਹੜ੍ਹ ਦੇ ਪਾਣੀ ਵਿੱਚ ਡੁੱਬ ਗਿਆ ਹੈ। ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਪਿੰਡ ਦੇ ਮਾਸਟਰ ਸੋਹਣ ਸਿੰਘ ਦੀ ਮੌਤ ਹੜ੍ਹਾਂ ਕਾਰਨ ਸਿਹਤ ਸੇਵਾਵਾਂ ਦੀ ਘਾਟ ਕਾਰਨ ਹੋਈ ਸੀ।


500 ਦੇ ਕਰੀਬ ਪਿੰਡ ਹੜ੍ਹ ਦੀ ਚਪੇਟ 'ਚ: ਅੰਕੜਿਆਂ ਮੁਤਾਬਿਕ ਇਸ ਵੇਲੇ 500 ਦੇ ਕਰੀਬ ਪਿੰਡ ਹੜ੍ਹ ਦੀ ਚਪੇਟ 'ਚ ਹਨ। ਇਨ੍ਹਾਂ ਵਿਚੋਂ ਮੁਹਾਲੀ ਜ਼ਿਲ੍ਹੇ ਦੋ 268 ਪਿੰਡ, ਰੋਪੜ ਦੇ 140, ਹੁਸ਼ਿਆਰਪੁਰ ਦੇ 25 ਅਤੇ ਮੋਗਾ ਦੇ 30 ਪਿੰਡ ਸ਼ਾਮਿਲ ਹਨ। ਪਟਿਆਲਾ ਦੇ ਵੀ ਸੈਂਕੜੇ ਪਿੰਡ ਐਸਵਾਈਐਲ ਦੀ ਮਾਰ ਹੇਠ ਹਨ। ਡੇਰਾ ਬੱਸੀ ਵਿਚ ਅਜੇ ਵੀ 25 ਲੋਕ ਫਸੇ ਹੋਏ ਹਨ ਜਿਹਨਾਂ ਨੂੰ ਬਚਾਉਣ ਲਈ ਐਨਡੀਆਰਐਫ ਦੀ ਮਦਦ ਲਈ ਜਾ ਰਹੀ ਹੈ। ਖੰਨਾ, ਨਵਾਂਸ਼ਹਿਰ, ਜਗਰਾਉਂ ਅਤੇ ਤਰਨਤਾਰਨ ਦੇ 138 ਪਿੰਡਾਂ ਦੀ ਹਾਲਤ ਵਿਚ ਅਜੇ ਕੁਝ ਵੀ ਸੁਧਰੀ ਨਹੀਂ । ਇਸੇ ਦਰਮਿਆਨ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਸਾਰੇ ਜ਼ਿਲ੍ਹਿਆਂ ਦੇ ਡੀਸੀਜ਼ ਦੀ ਮੀਟਿੰਗ ਕੀਤੀ ਹੈ ਜਿਸ ਵਿੱਚ ਵੱਖ-ਵੱਖ ਜ਼ਿਲ੍ਹਿਆਂ ਵਿਚ ਹੜ੍ਹਾਂ ਦੀ ਸਥਿਤੀ ਤੋਂ ਇਲਾਵਾ ਮਾਝੇ ਅਤੇ ਦੁਆਬੇ ਵਿਚ ਆ ਰਹੀਆਂ ਚੁਣੌਤੀਆਂ ਨਾਲ ਲੜਨ ਦੀ ਵਿਉਂਤਬੰਦੀ ਬਾਰੇ ਵੀ ਚਰਚਾ ਕੀਤੀ ਗਈ।






ਕਪੂਰਥਲਾ ਅਤੇ ਜਲੰਧਰ ਦਾ ਖੇਤਰ ਵੀ ਪ੍ਰਭਾਵਿਤ :
ਸਤਲੁਜ ਦਰਿਆ ਨਾਲ ਲੱਗਦਾ ਕਪੂਰਥਲਾ ਅਤੇ ਜਲੰਧਰ ਦਾ ਇਲਾਕਾ ਹੜ੍ਹਾਂ ਦੀ ਮਾਰ ਹੇਠ ਹੈ। ਇਥੋਂ ਦੇ 50 ਤੋਂ ਜ਼ਿਆਦਾ ਪਿੰਡਾਂ ਨੂੰ ਪਹਿਲਾਂ ਹੀ ਖਾਲੀ ਕਰਵਾ ਲਿਆ ਗਿਆ। ਇਥੇ ਸਭ ਤੋਂ ਜ਼ਿਆਦਾ ਪ੍ਰਭਾਵ ਧੁੱਸੀ ਬੰਨ੍ਹ ਟੁਟਣ ਕਰਕੇ ਪਿਆ। ਬੀਤੇ ਦਿਨ ਮੰਡਾਲੀ ਨੇੜੇ ਧੁੱਦੀ ਬੰਨ੍ਹ ਟੁੱਟਿਆ ਜਿਸ ਕਾਰਨ ਪਿੰਡਾਂ ਵਿਚ ਪਾਣੀ ਵੜਨਾ ਸ਼ੁਰੂ ਹੋ ਗਿਆ। ਸ਼ਾਹਕੋਟ ਦੇ ਲੋਹੀਆਂ ਵਿਚ ਵੀ ਦੋ ਥਾਵਾਂ ਤੋਂ ਧੁੱਸੀ ਬੰਨ੍ਹ ਟੁੱਟਿਆ। ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਵੱਲੋਂ ਇਸ ਦੀ ਰਿਪੇਅਰ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।



Punjab Flood News
ਕਪੂਰਥਲਾ ਅਤੇ ਜਲੰਧਰ ਦਾ ਖੇਤਰ ਵੀ ਪ੍ਰਭਾਵਿਤ

ਇਸ ਦੇ ਨਾਲ ਹੀ, ਜਲੰਧਰ ਸ਼ਹਿਰ ਦੇ ਅੰਦਰ ਕਾਲੀਆ ਕਾਲੋਨੀ 'ਚ ਵੀ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਰਾਤ ਭਰ ਇੱਥੇ ਨਹਿਰ ਦੀਆਂ ਕੰਧਾਂ ਨੂੰ ਮਜ਼ਬੂਤ ​​ਕਰਨ ਦਾ ਕੰਮ ਚੱਲਦਾ ਰਿਹਾ। ਜੇਕਰ ਇੱਥੇ ਪਾਣੀ ਆਉਂਦਾ ਹੈ ਤਾਂ ਕਾਲੀਆ ਕਲੋਨੀ ਦੇ ਨਾਲ-ਨਾਲ ਗੁਰੂ ਅਮਰਦਾਸ ਕਲੋਨੀ ਅਤੇ ਵੇਰਕਾ ਮਿਲਕ ਪਲਾਂਟ ਦਾ ਇਲਾਕਾ ਵੀ ਪ੍ਰਭਾਵਿਤ ਹੋਵੇਗਾ। ਧੁੱਸੀ ਬੰਨ੍ਹ ਤੇ ਸੜਕ ਬਣਾਉਣ ਦਾ ਕਾਰਜ ਕੀਤਾ ਜਾ ਰਿਹਾ ਹੈ ਜੋ ਅਜੇ ਤੱਕ ਪੂਰਾ ਨਹੀਂ ਹੋ ਸਕਿਆ। ਜਲੰਧਰ ਜ਼ਿਲ੍ਹੇ ਅਧੀਨ ਆਉਂਦੀ ਕਾਲੀ ਬੇਈ ਨਦੀ ਵਿਚ ਪਾੜ ਪਿਆ। ਜਦਕਿ ਫਿਲੌਰ ਅਤੇ ਲੁਧਿਆਣਾ ਵਿਚ ਕੋਈ ਵੱਡਾ ਨੁਕਸਾਨ ਨਹੀਂ ਹੋਇਆ। ਕਪੂਰਥਲਾ ਅਧੀਨ ਆਉਂਦਾ ਸੁਲਤਾਨਪੁਰ ਲੋਧੀ ਪਾਣੀ ਵਿਚ ਘਿਿਰਆ ਹੋਇਆ ਹੈ। ਗਿੱਦੜ ਪਿੰਡੀ ਨੂੰ ਬਾਕੀਆਂ ਨਾਲੋਂ ਜ਼ਿਆਦਾ ਨੁਕਸਾਨ ਹੋਇਆ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਖਦਸ਼ਾ ਜਤਾਇਆ ਕਿ ਇਹ ਹੜ੍ਹ ਦਾ ਪਾਣੀ ਅੱਗੇ ਹੋਰ ਪਿੰਡਾਂ ਵਿਚ ਵੀ ਨੁਕਸਾਨ ਪਹੁੰਚਾ ਸਕਦਾ ਹੈ।

ਪਾਣੀ ਛੱਡਣ ਦੀ ਤਿਆਰੀ: ਅੱਜ ਤੱਕ ਭਾਖੜਾ ਡੈਮ ਵਿੱਚ ਪਿਛਲੇ ਸਾਲ ਦੇ ਮੁਕਾਬਲੇ 60 ਫੁੱਟ ਵੱਧ ਪਾਣੀ ਰਿਕਾਰਡ ਕੀਤਾ ਗਿਆ ਹੈ। ਭਾਖੜਾ ਡੈਮ ਦੇ ਤਾਜ਼ਾ ਅੰਕੜਿਆਂ ਅਨੁਸਾਰ ਡੈਮ ਵਿੱਚ 1631 ਪੁਆਇੰਟ 18 ਫੁੱਟ ਪਾਣੀ ਹੈ। ਬੇਸ਼ੱਕ ਇਹ ਅਜੇ ਵੀ ਖਤਰੇ ਦੇ ਨਿਸ਼ਾਨ ਤੋਂ 50 ਫੁੱਟ ਹੇਠਾਂ ਹੈ ਪਰ ਪਿਛਲੇ ਸਾਲ ਇਸੇ ਦਿਨ ਭਾਖੜਾ ਡੈਮ ਦਾ ਪਾਣੀ ਦਾ ਪੱਧਰ 1572 ਫੁੱਟ ਸੀ। ਜਿਸ ਸਬੰਧੀ ਬੋਰਡ 2 ਦਿਨਾਂ ਬਾਅਦ ਪਾਣੀ ਛੱਡ ਸਕਦਾ ਹੈ।

ਲੁਧਿਆਣਾ 'ਚ ਹੜ੍ਹ ਦੇ ਹਾਲਾਤ: ਲੁਧਿਆਣਾ ਦੇ ਵਿਚ ਹਾਲਾਂਕਿ ਬੀਤੇ 48 ਘੰਟਿਆਂ ਤੋਂ ਮੀਂਹ ਬੰਦ ਹੈ, ਪਰ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਸਤਲੁਜ ਦਰਿਆ ਦੇ ਨਾਲ ਲੱਗਦੇ ਲਾਡੋਵਾਲ ਇਲਾਕੇ ਦੇ ਪਿੰਡ, ਸਿੱਧਵਾਂ ਕਨਾਲ ਇਲਾਕੇ ਦੇ ਪਿੰਡ ਹੜ੍ਹ ਦੇ ਪ੍ਰਭਾਵ ਹੇਠ ਆਏ ਹਨ। ਲੁਧਿਆਣਾ ਸ਼ਹਿਰ ਚੋਂ 20 ਕਿਲੋਮੀਟਰ ਲੰਘਣ ਵਾਲਾ ਬੁੱਢਾ ਦਰਿਆ ਵਲੀਪੁਰ ਪਿੰਡ ਜਾ ਕੇ ਸਤਲੁਜ ਦਰਿਆ ਦੇ ਵਿੱਚ ਮਿਲਦਾ ਹੈ। ਸਤਲੁਜ ਦਰਿਆ ਦਾ ਪੱਧਰ ਬੁੱਢੇ ਨਾਲੇ ਨੇ ਪਾਣੀ ਪਿੱਛੇ ਭੇਜਣਾ ਸ਼ੁਰੂ ਕਰ ਦਿੱਤਾ ਜਿਸ ਕਰਕੇ ਲੁਧਿਆਣਾ ਦੇ ਧਰਮਪੁਰਾ, ਢੋਕਾ ਮੁਹੱਲਾ, ਤਾਜਪੁਰ ਰੋਡ, ਵਿਧਾਨ ਸਭਾ ਹਲਕਾ ਕੇਂਦਰੀ, ਚੰਦਰ ਨਗਰ, ਹੈਬੋਵਾਲ ਦੇ ਇਲਾਕੇ 'ਚ ਪਾਣੀ ਦੀ ਮਾਰ ਪਈ।

ਬੁੱਢੇ ਦਰਿਆ 'ਤੇ ਲੱਗਿਆ ਭੱਟੀਆਂ ਸੀਵਰੇਜ ਟਰੀਟਮੈਂਟ ਪਲਾਂਟ ਬੰਦ ਹੋਣ ਕਰਕੇ ਪ੍ਰਿੰਟਿੰਗ ਕਰਨ ਵਾਲੀਆਂ ਫੈਕਟਰੀਆਂ ਵੀ ਬੰਦ ਕਰਨ ਦੇ ਹੁਕਮ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਕੀਤੇ ਗਏ ਹਨ। ਉਧਰ ਸ਼ਹਿਰ ਦੇ ਵਿੱਚ ਜਲਥਲ ਦੇ ਨਾਲ ਪੇਂਡੂ ਖੇਤਰਾਂ ਵਿੱਚ ਵੀ ਹਾਲ ਕੁਝ ਠੀਕ ਨਹੀਂ ਹੈ। ਲੁਧਿਆਣਾ ਦੇ ਮੁੱਲਾਂਪੁਰ ਦਾਖਾ ਦੇ ਨਾਲ ਲਗਦੇ ਕਈ ਪਿੰਡਾਂ ਦੇ ਵਿੱਚ ਪਾਣੀ ਨੇ ਪੁਲ ਤੋੜ ਦਿੱਤੇ ਨੇ, ਖ਼ਾਸੀ ਕਲਾਂ ਅਤੇ ਪਿੰਡ ਭੁਖੜੀ ਨੂੰ ਜੋੜਾਂ ਵਾਲਾ ਪੁਲ ਤਬਾਹ ਹੋ ਗਿਆ।



Punjab Flood News
ਪਿੰਡ ਹੜ੍ਹ ਦੀ ਚਪੇਟ 'ਚ

ਰੋਪੜ ਦਾ ਮੰਦਾ ਹਾਲ : ਪੰਜਾਬ ਦਾ ਰੋਪੜ ਜ਼ਿਲ੍ਹਾ ਸਭ ਤੋਂ ਜ਼ਿਆਦਾ ਹੜ ਨਾਲ ਪ੍ਰਭਾਵਿਤ ਰਿਹਾ। ਰੋਪੜ ਦੇ ਕਈ ਪਿੰਡਾਂ ਵਿਚ 5 ਤੋਂ 6 ਫੁੱਟ ਤੱਕ ਪਾਣੀ ਅਜੇ ਵੀ ਮੌਜੂਦ ਹੈ। ਰੋਪੜ ਦੇ ਨੂਰਪੂਰ ਬੇਦੀ, ਚਮਕੌਰ ਸਾਹਿਬ ਅਤੇ ਮੋਰਿੰਡਾ ਵਿਚ ਸੈਂਕੜੇ ਲੋਕਾਂ ਨੂੰ ਆਪਣਾ ਘਰ ਛੱਡ ਬੇਘਰ ਹੋਣਾ ਪਿਆ। ਪਾਣੀ ਦੀ ਤਬਾਹੀ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲ ਰਿਹਾ। ਅਜੇ ਤੱਕ ਰੋਪੜ ਜ਼ਿਲ੍ਹੇ ਵਿਚ ਪ੍ਰਭਾਵਿਤ ਪਿੰਡਾਂ ਅਤੇ ਖੇਤਰਾਂ ਦੇ ਅਧਿਕਾਰਤ ਅੰਕੜੇ ਸਾਹਮਣੇ ਨਹੀਂ ਆਏ, ਪਰ ਰੋਪੜ ਵਿਚੋਂ ਜੋ ਤਸਵੀਰਾਂ ਸਾਹਮਣੇ ਆਈਆਂ ਉਹ ਖੌਫਨਾਕ ਹਨ। ਰੋਪੜ ਵਿਚ ਇਸ ਵੇਲੇ ਸਤਲੁਜ ਦਾ ਪਾਣੀ 42000 ਕਿਊਸਿਕ ਰਹਿ ਗਿਆ ਹੈ ਜੋ ਕਿ ਆਫ਼ਤ ਸਮੇਂ 1.80 ਲੱਖ ਕਿਊਸਿਕ 'ਤੇ ਪੁੱਜ ਗਿਆ ਸੀ।


ਸਰਕਾਰ ਜਾਰੀ ਕਰੇਗੀ 71.50 ਕਰੋੜ ਦੀ ਰਾਸ਼ੀ : ਮੁੱਖ ਮੰਤਰੀ ਭਗਵੰਤ ਮਾਨ ਜਲਦ ਹੀ 71.50 ਕਰੋੜ ਰੁਪਏ ਦੀ ਹੋਰ ਰਾਸ਼ੀ ਜਾਰੀ ਕਰਨਗੇ, ਤਾਂ ਜੋ ਹੜ੍ਹ ਪ੍ਰਭਾਵਿਤਾਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾ ਸਕੇ। ਪੰਜਾਬ ਦੇ ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਕਿ ਹੜ੍ਹ ਪ੍ਰਭਾਵਿਤਾਂ ਤੱਕ ਰਾਸ਼ਣ ਅਤੇ ਦਵਾਈਆਂ ਪੁੱਜਦੀਆਂ ਕੀਤੀਆਂ ਜਾਣ, ਤਾਂ ਜੋ ਕੋਈ ਵੀ ਵਿਅਕਤੀ ਇਨ੍ਹਾਂ ਜ਼ਰੂਰੀ ਵਸਤਾਂ ਤੋਂ ਵਾਂਝਾ ਨਾ ਹੋਵੇ। ਉਨ੍ਹਾਂ ਕਿਹਾ ਕਿ ਹੜ੍ਹਾਂ ਦੌਰਾਨ ਜੇਕਰ ਕਿਸੇ ਵੀ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਪਰਿਵਾਰ ਨੂੰ ਤੁਰੰਤ 4 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦਿੱਤੀ ਜਾਵੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸਰਕਾਰ ਵੱਲੋਂ 33.50 ਕਰੋੜ ਰੁਪਏ ਪਹਿਲਾਂ ਹੀ ਜਾਰੀ ਕਰਨ ਦਾ ਦਾਅਵਾ ਕੀਤਾ ਗਿਆ ਹੈ।

Last Updated :Jul 13, 2023, 2:03 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.