ETV Bharat / state

Bikram Majithia Targeted CM Mann: ਮੁੱਖ ਮੰਤਰੀ ਮਾਨ ਵਲੋਂ ਨਵੇਂ ਜੱਜਾਂ ਨੂੰ ਲੈਕੇ ਦਿੱਤੇ ਬਿਆਨ 'ਤੇ ਗਰਮ ਹੋਇਆ ਮਜੀਠੀਆ, ਮੰਤਰੀਆਂ 'ਤੇ ਵੀ ਲਾਏ ਇਲਜ਼ਾਮ, ਕਿਹਾ- ਕੁਲਚਿਆਂ ਪਿੱਛੇ ਰਗੜਿਆ ਹੋਟਲ ਮਾਲਕ

author img

By ETV Bharat Punjabi Team

Published : Oct 17, 2023, 5:48 PM IST

ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪਿਛਲੇ ਦਿਨੀਂ ਨਵੇਂ ਬਣੇ ਜੱਜਾਂ ਨੂੰ ਲੈਕੇ ਦਿੱਤੇ ਬਿਆਨ 'ਤੇ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਸ਼ਬਦੀ ਨਿਸ਼ਾਨੇ ਸਾਧੇ ਹਨ। ਜਿਸ 'ਚ ਉਨ੍ਹਾਂ ਸੂਬੇ ਦੇ ਐਡਵੋਕੇਟ ਜਨਰਲ ਤੋਂ ਮੰਗ ਕੀਤੀ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੀਸੀਐਸ (ਜੁਡੀਸ਼ੀਅਲ) ਪ੍ਰੀਖਿਆ ਨੂੰ ਲੈਕੇ ਦਿੱਤੇ ਬਿਆਨ 'ਤੇ ਫੌਜਦਾਰੀ ਮਾਣਹਾਨੀ ਦਾ ਨੋਟਿਸ ਭੇਜਣ।

Bikram Majithia Targeted CM Mann
Bikram Majithia Targeted CM Mann

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੰਜਾਬ ਸਰਕਾਰ 'ਤੇ ਹਮਲਾਵਰ ਰੁਖ ਅਪਣਾ ਰਹੀ ਹੈ, ਜਿਸ 'ਚ ਅਕਾਲੀ ਲੀਡਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਰ ਰੋਜ਼ ਕਿਸੇ ਨਾ ਕਿਸੇ ਮੁੱਦੇ 'ਤੇ ਘੇਰਦੇ ਨਜ਼ਰ ਆ ਰਹੇ ਹਨ। ਇਸ ਦੇ ਚੱਲਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਨਮ ਦਿਨ ਮੌਕੇ ਵੀ ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਉਨ੍ਹਾਂ ਨੂੰ ਨਿਸ਼ਾਨੇ 'ਤੇ ਲਿਆ ਹੈ, ਜਿਸ 'ਚ ਮਜੀਠੀਆ ਵਲੋਂ ਪਿਛਲੇ ਦਿਨੀਂ ਨਵੇਂ ਬਣੇ ਜੱਜਾਂ ਨੂੰ ਲੈਕੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਦਿੱਤੇ ਬਿਆਨਾਂ ਨੂੰ ਮੁੱਦਾ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਮਜੀਠੀਆ ਵਲੋਂ ਆਪ ਸਰਕਾਰ ਦੇ ਮੰਤਰੀਆਂ ਨੂੰ ਵੀ ਘੇਰਿਆ ਹੈ।

ਮੁੱਖ ਮੰਤਰੀ ਨੂੰ ਫੌਜਦਾਰੀ ਮਾਣਹਾਨੀ ਦਾ ਨੋਟਿਸ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਸੂਬੇ ਦੇ ਐਡਵੋਕੇਟ ਜਨਰਲ ਤੋਂ ਮੰਗ ਕੀਤੀ ਹੈ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੀਸੀਐਸ (ਜੁਡੀਸ਼ੀਅਲ) ਪ੍ਰੀਖਿਆ, ਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਨਿਗਰਾਨੀ ਹੇਠ ਹੁੰਦੀ ਹੈ, ਪਹਿਲੀ ਵਾਰ ਪਾਰਦਰਸ਼ਤਾ ਨਾਲ ਕਰਵਾਏ ਜਾਣ ਦਾ ਦਾਅਵਾ ਕਰ ਕੇ ਨਿਆਂਪਾਲਿਕਾ ’ਤੇ ਸਵਾਲ ਖੜ੍ਹੇ ਕਰਨ ਲਈ ਉਹਨਾਂ ਨੂੰ ਫੌਜਦਾਰੀ ਮਾਣਹਾਨੀ ਦਾ ਨੋਟਿਸ ਭੇਜਣ।

  • " class="align-text-top noRightClick twitterSection" data="">

ਪੀਸੀਐਸ (ਜੁਡੀਸ਼ੀਅਲ) ਦੀ ਪ੍ਰੀਖਿਆ ਪਾਰਦਰਸ਼ੀ: ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਅਕਾਲੀ ਆਗੂ ਮਜੀਠੀਆ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਮਾਨ ਨੇ ਹਾਈ ਕੋਰਟ ’ਤੇ ਪਿਛਲੇ ਸਮੇਂ ਦੌਰਾਨ ਪੀਸੀਐਸ (ਜੁਡੀਸ਼ੀਅਲ) ਦੀ ਪ੍ਰੀਖਿਆ ਪਾਰਦਰਸ਼ੀ ਢੰਗ ਨਾਲ ਨਾ ਕਰਵਾਉਣ ਦੇ ਦੋਸ਼ ਲਗਾਏ ਹਨ। ਉਹਨਾਂ ਕਿਹਾ ਕਿ ਸੰਵਿਧਾਨ ਦੀ ਧਾਰਾ 234 ਦੇ ਮੁਤਾਬਕ ਪੀਸੀਐਸ (ਜੁਡੀਸ਼ੀਅਲ) ਪ੍ਰੀਖਿਆ ਹਮੇਸ਼ਾ ਹਾਈ ਕੋਰਟ ਦੀ ਨਿਗਰਾਨੀ ਹੇਠ ਹੁੰਦੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਅਦਾਲਤ ਦੀ ਇਮਾਨਦਾਰੀ ’ਤੇ ਸਵਾਲ ਚੁੱਕੇ ਹਨ ਤੇ ਉਹਨਾਂ ਖਿਲਾਫ ਫੌਜਦਾਰੀ ਮਾਣਹਾਨੀ ਦੀ ਕਾਰਵਾਈ ਹੋਣੀ ਚਾਹੀਦੀਹੈ। ਇਸ ਦੇ ਨਾਲ ਹੀ ਮਜੀਠੀਆ ਨੇ ਕਿਹਾ ਕਿ ਜੇਕਰ ਐਡਵੋਕੇਟ ਜਨਰਲ ਨੇ ਆਪਣੀ ਜ਼ਿੰਮੇਵਾਰੀ ਨਾ ਨਿਭਾਈ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਹਾਈ ਕੋਰਟ ਦੇ ਚੀਫ ਜਸ‌ਟਿਸ ਕੋਲ ਪਟੀਸ਼ਨ ਦਾਇਰ ਕਰ ਕੇ ਮੁੱਖ ਮੰਤਰੀ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਦੀ ਮੰਗ ਕਰੇਗਾ।

ਸੂਬੇ ਵਿਚ ਗੈਰਕਾਨੂੰਨੀ ਮਾਇਨਿੰਗ : ਬਿਕਰਮ ਮਜੀਠੀਆ ਨੇ ਇਹ ਵੀ ਦੱਸਿਆ ਕਿ ਕਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਵਿਚ ਗੈਰਕਾਨੂੰਨੀ ਮਾਇਨਿੰਗ ਵਿਚ ਲੱਗੇ ਸਰਗਨਾ ਖਿਲਾਫ ਕਾਰਵਾਈ ਲਈ ਹਾਈ ਕੋਰਟ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਰੋਪੜ ਵਿੱਚ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਹੁਕਮਾਂ ’ਤੇ ਗੈਰ ਕਾਨੂੰਨੀ ਮਾਇਨਿੰਗ ਕੀਤੀ ਜਾ ਰਹੀ ਹੈ ਪਰ ਐੱਸ.ਐੱਸ.ਪੀ ਵਿਵੇਕਸ਼ੀਲ ਸੋਨੀ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕਰ ਰਹੇ ਹਾਲਾਂਕਿ ਇਸ ਮਾਮਲੇ ਵਿਚ ਇਕ ਵਕੀਲ ਤੇ ਉਸਦੇ ਸਾਥੀ ਵੱਲੋਂ ਰਾਜਪਾਲ ਨੂੰ ਚਿੱਠੀ ਲਿਖ ਕੇ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਹੈ।

ਟਰੱਕ ਯੂਨੀਅਨ ਦੇ ਪ੍ਰਧਾਨ ਤੇ ਭਰਾ ਦੀ ਕੁੱਟਮਾਰ: ਉਹਨਾਂ ਕਿਹਾ ਕਿ ਹਾਲਾਤ ਇੰਨੇ ਵਿਗੜ ਗਏ ਹਨ ਕਿ ਟਰੱਕ ਯੂਨੀਅਨ ਦੇ ਪ੍ਰਧਾਨ ਵੀਰ ਸਿੰਘ ਤੇ ਉਹਨਾਂ ਦੇ ਭਰਾ ਨਾਜ਼ਰ ਸਿੰਘ ’ਤੇ ਸਿਰਫ ਇਸ ਕਰ ਕੇ ਹਮਲਾ ਕੀਤਾ ਗਿਆ ਕਿ ਉਹ ਮੰਤਰੀ ਵੱਲੋਂ ਕੀਤੀ ਜਾ ਰਹੀ ਨਜਾਇਜ਼ ਮਾਇਨਿੰਗ ਦਾ ਵਿਰੋਧ ਕਰ ਰਹੇ ਹਨ। ਇਸ ਦੌਰਾਨ ਉਹਨਾਂ ਦੇ ਧਾਰਮਿਕ ਕਕਾਰਾਂ ਦੀ ਵੀ ਬੇਅਦਬੀ ਕੀਤੀ ਗਈ।

ਹਾਈ ਕੋਰਟ ਤੋਂ ਝਾੜ ਪੈਣ ਦੇ ਬਾਵਜੂਦ ਮਾਫ਼ੀਆ ਸਰਗਰਮ: ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਨਜਾਇਜ਼ ਮਾਇਨਿੰਗ ਮਾਫੀਆ ਖਿਲਾਫ ਕਾਰਵਾਈ ਨਾ ਕਰਨ 'ਤੇ ਹਾਈ ਕੋਰਟ ਤੋਂ ਝਾੜ ਪੈਣ ਦੇ ਬਾਵਜੂਦ ਰੋਪੜ ਦੇ ਐੱਸਐੱਸਪੀ ਮਾਇਨਿੰਗ ਮਾਫੀਆ ਖਿਲਾਫ ਕਾਰਵਾਈ ਨਹੀਂ ਕਰ ਰਹੇ। ਉਹਨਾਂ ਇਹ ਵੀ ਦੱਸਿਆ ਕਿ ਨਿਊ ਸਲਤੁਜ ਸਟੋਨ ਕ੍ਰੈਸ਼ਰ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਪਰ ਉਸਦੇ ਮਾਲਕਾਂ ਨੂੰ ਅਣਪਛਾਤੇ ਕਰਾਰ ਦਿੱਤਾ ਗਿਆ ਹੈ। ਉਹਨਾਂ ਨੇ ਵੀਡੀਓ ਵੀ ਵਿਖਾਈਆਂ ਜਿਸ ਵਿਚ ਜੰਗਲਾਤ ਵਿਭਾਗ ਦੀ ਜ਼ਮੀਨ ’ਤੇ ਨਜਾਇਜ਼ ਮਾਇਨਿੰਗ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਹਰਜੋਤ ਬੈਂਸ ਦੇ ਚਾਚਾ ਬਚਿੱਤਰ ਬੈਂਸ ਰੋਪੜ ਵਿਚ ਵਿਆਪਕ ਨਜਾਇਜ਼ ਮਾਇਨਿੰਗ ਕਰ ਰਹੇ ਹਨ।

ਕੁਲਚਿਆਂ ਪਿੱਛੇ ਮੰਤਰੀਆਂ ਨੇ ਰਗੜਿਆ ਹੋਟਲ ਵਾਲਾ: ਮਜੀਠੀਆ ਨੇ ਐੱਮ ਕੇ ਹੋਟਲ ਵਿਚ ਤਿੰਨ ਮੰਤਰੀਆਂ ਵੱਲੋਂ ਕਮਰੇ ਵਿਚ ਕੁਲਚੇ ਛੋਲੇ ਖਾਣ ਤੋਂ ਬਾਅਦ ਉਹਨਾਂ ਦਾ ਬਿੱਲ ਮੰਗਣ ’ਤੇ ਹੋਟਲ ਖਿਲਾਫ ਪ੍ਰਦੂਸ਼ਣ ਐਕਟ, ਆਬਕਾਰੀ ਐਕਟ ਤੇ ਫੂਡ ਕਵਾਲਟੀ ਦੇ ਨੋਟਿਸ ਭੇਜੇ ਜਾਣ ਦੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਆਮ ਆਦਮੀ ਮੰਤਰੀਆਂ ਨੇ ਹੋਟਲ ਦੇ ਸਾਹਮਣੇ ਤੋਂ ਕੁਲਚੇ ਛੋਲੇ ਵਾਲੇ ਤੋਂ ਕੁਲਚੇ ਨਹੀਂ ਖਾਧੇ ਪਰ ਹੋਟਲ ਵਿਚ ਆ ਕੇ ਇਹ ਖਾ ਲਏ ਤੇ ਬਿਨਾਂ ਕਮਰੇ ਦਾ ਕਿਰਾਇਆ ਦਿੱਤਿਆਂ ਕਮਰੇ ਵਿਚ ਬੈਠ ਕੇ ਇਹ ਖਾਧੇ ਹਨ। ਮਜੀਠੀਆ ਨੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਮੰਤਰੀ ਹਰਪਾਲ ਚੀਮਾ, ਮੀਤ ਹੇਅਰ ਤੇ ਅਮਨ ਅਰੋੜਾ ਨੇ ਹੋਟਲ ਮਾਲਕ ਨੂੰ ਤੰਗ ਪ੍ਰੇਸ਼ਾਨ ਕਰਨ ਵਾਸਤੇ ਆਪਣਾ ਪ੍ਰਭਾਵ ਵਰਤਿਆ ਤੇ ਉਸ ਨੂੰ ਵਾਰ-ਵਾਰ ਨੋਟਿਸ ਜਾਰੀ ਕੀਤੇ ਗਏ, ਜਿਸ ਕਾਰਨ ਉਸਨੇ ਉਸ ਖਿਲਾਫ ਗੈਰ ਕਾਨੂੰਨੀ ਕਾਰਵਾਈ ’ਤੇ ਰੋਕ ਵਾਸਤੇ ਅਦਾਲਤ ਕੋਲ ਪਹੁੰਚ ਕੀਤੀ।

ਪੰਜਾਬ ਆਬਕਾਰੀ ਮਾਮਲੇ 'ਚ ਸੀਬੀਆਈ ਜਾਂਚ ਦੀ ਮੰਗ: ਅਕਾਲੀ ਆਗੂ ਬਿਕਰਮ ਮਜੀਠੀਆ ਨੇ ਆਪ ਸਰਕਾਰ ’ਤੇ ਇਹ ਸਵਾਲ ਵੀ ਚੁੱਕੇ ਕਿ ਉਹ ਪੰਜਾਬ ਆਬਕਾਰੀ ਮਾਮਲੇ ਵਿਚ ਸੀ.ਬੀ.ਆਈ ਨੂੰ ਦੋ ਆਈ.ਏ.ਐਸ ਅਫਸਰਾਂ ਕੇ.ਏ. ਪੀ. ਸਿਨਹਾ ਤੇ ਵਰੁਣ ਰੂਜਮ ਖਿਲਾਫ ਕਾਰਵਾਈ ਦੀ ਪ੍ਰਵਾਨਗੀ ਕਿਉਂ ਨਹੀਂ ਦੇ ਰਹੀ। ਉਹਨਾਂ ਕਿਹਾ ਕਿ ਸਰਕਾਰ ਜਾਣਦੀ ਹੈ ਕਿ ਇਹਨਾਂ ਅਫਸਰਾਂ ’ਤੇ ਕੇਸ ਚੱਲਿਆ ਤਾਂ ਘੁਟਾਲੇ ਵਿਚ ਆਪ ਲੀਡਰਸ਼ਿਪ ਦੀ ਭੂਮਿਕਾ ਵੀ ਬੇਨਕਾਬ ਹੋ ਜਾਵੇਗੀ।

ਖੁੱਲ੍ਹੀ ਬਹਿਸ ਨੂੰ ਲੈਕੇ ਸਰਕਾਰ 'ਤੇ ਸਵਾਲ: ਇਸ ਦੇ ਨਾਲ ਹੀ ਬਿਕਰਮ ਮਜੀਠੀਆ ਵਲੋਂ 1 ਨਵੰਬਰ ਨੂੰ ਕੀਤੀ ਜਾਣ ਵਾਲੀ ਖੁੱਲ੍ਹੀ ਬਹਿਸ ਨੂੰ ਲੈਕੇ ਵੀ ਸੁਨੀਲ ਜਾਖੜ ਦੀ ਹਮਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਬਹਿਸ ਸੁਤੰਤਰ ਜਗ੍ਹਾ 'ਤੇ ਹੋਣੀ ਚਾਹੀਦੀ ਹੈ ਅਤੇ ਇੱਕ ਪੈਨਲ ਦੇ ਅਧੀਨ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਮਜੀਠੀਆ ਨੇ ਮੁੱਖ ਮੰਤਰੀ 'ਤੇ ਤੰਜ ਕੱਸਦਿਆਂ ਕਿਹਾ ਕਿ ਉਹ ਦੂਜਿਆਂ ਸਾਹਮਣੇ ਤਾਂ ਡਰਾਈ ਫਰੂਟ ਜਾਂ ਜੂਸ ਰੱਖਣ ਦੀ ਗੱਲ ਕਰਦੇ ਨੇ ਪਰ ਕੀ ਉਹ ਆਪਣੀ ਆਦਤ ਅਨੁਸਾਰ ਸ਼ਰਾਬ ਦਾ ਘੁੱਟ ਲਗਾ ਕੇ ਆਉਣਗੇ ਜਾਂ ਉਥੇ ਹੀ ਲਾਉਣਗੇ। ਮਜੀਠੀਆ ਨੇ ਕਿਹਾ ਕਿ ਐਸਵਾਈਐਲ ਮਾਮਲੇ 'ਚ ਸੁਪਰੀਮ ਕੋਰਟ 'ਚ ਅਰਵਿੰਦ ਕੇਜਰੀਵਾਲ ਨੇ ਹਰਿਆਣਾ ਨਾਲ ਸਹਿਮਤੀ ਪ੍ਰਗਟਾਈ ਹੈ, ਜਿਸ 'ਤੇ ਪੰਜਾਬ ਸਰਕਾਰ ਨੇ ਕੋਈ ਵਿਰੋਧ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜੇ ਕੇਜਰੀਵਾਲ ਦੀ ਸਹਿਮਤੀ ਖਿਲਾਫ਼ ਮੁੱਖ ਮੰਤਰੀ ਬੋਲਦੇ ਹਨ ਤਾਂ ਹੀ ਇਹ ਦੇ ਸਟੈਂਡ ਸਪੱਸ਼ਟ ਹੋਣ ਦਾ ਪਤਾ ਲੱਗੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.