ETV Bharat / state

Fish Farming In Barnala : ਮੱਛੀ ਪਾਲਣ ਦੇ ਧੰਦੇ ਨੇ ਉਦਮੀ ਕਿਸਾਨ ਦੀ ਬਦਲੀ ਜ਼ਿੰਦਗੀ, ਹੋਰਨਾਂ ਕਿਸਾਨਾਂ ਲਈ ਬਣਿਆ ਮਾਰਗਦਰਸ਼ਕ

author img

By ETV Bharat Punjabi Team

Published : Oct 18, 2023, 1:26 PM IST

Updated : Oct 18, 2023, 2:15 PM IST

Fish Farming In Barnala
Fish Farming In Barnala

ਪੰਜਾਬ ਵਿੱਚ ਹੁਣ ਬਹੁਤ ਸਾਰੇ ਕਿਸਾਨ ਰਵਾਇਤੀ ਖੇਤੀ ਦੇ ਨਾਲ-ਨਾਲ ਸਹਾਇਕ ਧੰਦੇ ਅਪਨਾਉਣ ਲੱਗੇ ਹਨ। ਅਜਿਹੀ ਇੱਕ ਮਿਸਾਲ ਕਾਇਮ ਕਰਦਾ ਉਦਮੀ ਕਿਸਾਨ ਸਾਹਮਣੇ ਆਇਆ ਹੈ, ਜੋ ਕਿ ਬਰਨਾਲਾ ਦੇ ਪਿੰਡ ਬਡਬਰ ਦਾ ਰਹਿਣ ਵਾਲਾ ਹੈ। ਕਿਸਾਨ ਸੁਖਪਾਲ ਸਿੰਘ ਵਲੋਂ ਮੱਛੀ ਪਾਲਣ ਦਾ ਧੰਦਾ ਕੀਤਾ ਜਾ ਰਿਹਾ ਹੈ, ਜੋ ਕਿ ਉਸ ਨੂੰ ਲੱਖਾਂ ਦੀ ਕਮਾਈ ਦੇ ਰਿਹਾ ਹੈ। (Fish Farming In Barnala)

ਮੱਛੀ ਪਾਲਣ ਦੇ ਧੰਦੇ ਨੇ ਉਦਮੀ ਕਿਸਾਨ ਦੀ ਬਦਲੀ ਜ਼ਿੰਦਗੀ

ਬਰਨਾਲਾ: ਪੰਜਾਬ ਵਿੱਚ ਜਿੱਥੇ ਰਵਾਇਤੀ ਖੇਤੀ ਘਾਟੇ ਦਾ ਧੰਦਾ ਬਣੀ ਹੋਈ ਹੈ, ਉੱਥੇ ਹੀ ਬਰਨਾਲਾ ਜ਼ਿਲ੍ਹੇ ਦੇ ਪਿੰਡ ਬਡਬਰ ਦਾ ਕਿਸਾਨ ਸੁਖਪਾਲ ਸਿੰਘ ਸਹਾਇਕ ਧੰਦਾ ਅਪਣਾ ਨੇ ਚੰਗੀ ਕਮਾਈ ਕਰਕੇ ਰਾਹਦਸੇਰਾ ਬਣਿਆ ਹੋਇਆ ਹੈ। ਕਿਸਾਨ ਸੁਖਪਾਲ ਸਿੰਘ ਵਲੋਂ ਕਈ ਸਾਲਾਂ ਤੋਂ ਮੱਛੀ ਪਾਲਣ ਦਾ ਕਾਰੋਬਾਰ ਕਰਕੇ ਲੱਖਾਂ ਰੁਪਏ ਦੀ ਕਮਾਈ ਕੀਤੀ ਜਾ ਰਹੀ ਹੈ। ਸੁਖਪਾਲ ਸਿੰਘ ਅਨੁਸਾਰ ਸਿੰਘ ਪੰਜਾਬ ਦੇ ਨੌਜਵਾਨ ਵਿਦੇਸ਼ ਜਾਣ ਦੀ ਥਾਂ ਆਪਣੀ ਜ਼ਮੀਨ ਵਿੱਚ ਖੇਤੀ ਦੇ ਨਾਲ ਸਹਾਇਕ ਧੰਦੇ (Fish Farming In Punjab) ਅਪਣਾ ਕੇ ਚੰਗੀ ਕਮਾਈ ਕਰ ਸਕਦੇ ਹਨ।

ਇਨ੍ਹਾਂ ਮੱਛੀਆਂ ਨੂੰ ਪਾਲ ਰਹੇ: ਇਸ ਮੌਕੇ ਗੱਲਬਾਤ ਕਰਦਿਆਂ ਮੱਛੀ ਪਾਲਣ ਦਾ ਧੰਦਾ ਕਰਦੇ ਕਿਸਾਨ ਸੁਖਪਾਲ ਸਿੰਘ ਨੇ ਕਿਹਾ ਕਿ ਉਹ 2016 ਤੋਂ ਮੱਛੀ ਪਾਲਣ ਦਾ ਕੰਮ ਕਰ ਰਿਹਾ ਹੈ। ਉਸ ਨੇ ਢਾਈ ਏਕੜ ਤੋਂ ਮੱਛੀ ਦਾ ਧੰਦਾ ਸ਼ੁਰੂ ਕੀਤਾ ਸੀ। ਇਸ ਕਾਰੋਬਾਰ ਤੋਂ ਚੰਗਾ ਮੁਨਾਫ਼ਾ ਹੋਣ ਤੋਂ ਬਾਅਦ ਇਹ 22 ਏਕੜ ਤੱਕ ਪਹੁੰਚ ਚੁੱਕਿਆ ਹੈ। ਪਿੰਡ ਦੇ ਗੰਦੇ ਪਾਣੀ ਅਤੇ ਵਾਧੂ ਪਏ ਛੱਪੜਾਂ ਦੀ ਸਫ਼ਾਈ ਕਰਕੇ ਇਹ ਰਕਬਾ ਵਧਾਇਆ ਗਿਆ ਹੈ, ਜਿਸ ਉਪਰ ਉਹਨਾਂ ਦਾ ਕਾਫ਼ੀ ਖਰਚ ਵੀ ਆਇਆ ਹੈ। ਉਨ੍ਹਾਂ ਕਿਹਾ ਕਿ ਮੱਛੀ ਪਾਲਣ ਵਿੱਚ ਉਹ ਰੇਹੂ, ਕਤਲਾ, ਮਰਾਕ, ਗੋਲਡਨ, ਕੌਮਨ ਕਾਰਪ, ਗਰਾਸ ਕਾਰਲ ਛੇ ਤਰ੍ਹਾਂ ਦੀ ਮੱਛੀ ਪਾਲ ਰਹੇ ਹਨ।

ਸਹਾਇਕ ਧੰਦਾ ਵੱਧ ਮੁਨਾਫੇ ਵਾਲਾ: ਸੁਖਪਾਲ ਨੇ ਕਿਹਾ ਕਿ ਇਹ ਸਹਾਇਕ ਧੰਦਾ ਰਵਾਇਤੀ ਖੇਤੀ ਤੋਂ ਬਹੁਤ ਜਿਆਦਾ ਮੁਨਾਫ਼ੇ ਵਾਲਾ ਹੈ। ਉਹਨਾਂ ਕਿਹਾ ਕਿ ਮੱਛੀ ਪਾਲਣ ਦੇ ਨਾਲ ਨਾਲ ਡਾਇਰੀ, ਪਿਗਰੀ, ਡੱਕ, ਮੁਰਗੀ ਫਾਰਮ ਦਾ ਧੰਦਾ ਮਿਕਸ ਕਰਕੇ ਵੀ ਚਲਾਇਆ ਜਾ ਸਕਦਾ ਹੈ। ਆਉਣ ਵਾਲੇ ਸਮੇਂ ਵਿੱਚ ਉਹ ਡੱਕ, ਪਿਗਰੀ ਅਤੇ ਮੁਰਗੀ ਦਾ ਧੰਦਾ ਮੱਛੀ ਪਾਲਣ ਦੇ ਨਾਲ ਸ਼ੁਰੂ ਕਰਨ ਜਾ ਰਹੇ ਹਨ। ਉਹਨਾਂ ਕਿਹਾ ਕਿ ਰਵਾਇਤੀ ਖੇਤੀ ਨਾਲੋਂ ਇਸ ਧੰਦੇ ਦਾ ਮੁਨਾਫ਼ਾ ਬਹੁਤ ਜਿਆਦਾ ਹੈ। ਉਨ੍ਹਾਂ ਕਿਹਾ ਕਿ ਪ੍ਰਤੀ ਏਕੜ ਵਿੱਚ ਡੇਢ ਤੋਂ ਪੌਣੇ ਦੋ ਲੱਖ ਰੁਪਏ ਕਮਾਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚੋਂ ਵਿਦੇਸ਼ਾਂ ਨੂੰ ਜਾ ਰਹੇ ਨੌਜਵਾਨ ਆਪਣੇ ਖੇਤਾਂ ਵਿੱਚ ਕੰਮ ਕਰਨ। ਖੇਤੀ ਦੇ ਨਾਲ ਸਹਾਇਕ ਧੰਦੇ ਕਰਕੇ ਚੰਗੀ ਕਮਾਈ ਕਰ ਸਕਦੇ ਹਨ। ਵਿਦੇਸ਼ਾਂ ਵਾਂਗ ਇੱਥੇ ਰਹਿ ਕੇ ਵੀ ਚੰਗੀ ਕਮਾਈ ਹੋ ਸਕਦੀ ਹੈ। ਜੇਕਰ ਤਰੀਕੇ (Fish Farming In Barnala) ਨਾਲ ਖੇਤੀ ਕੀਤੇ ਜਾਵੇ, ਤਾਂ ਸਾਡੇ ਬੱਚਿਆਂ ਨੂੰ ਵਿਦੇਸ਼ ਜਾਣ ਦੀ ਲੋੜ ਨਹੀਂ ਪਵੇਗੀ।

Fish Farming In Barnala
ਕਿਸਾਨ ਸੁਖਪਾਲ ਸਿੰਘ

ਤਿੰਨ ਮਹੀਨੇ ਵਿੱਚ ਮੱਛੀ ਤਿਆਰ ਹੋ ਜਾਂਦੀ : ਕਿਸਾਨ ਸੁਖਪਾਲ ਸਿੰਘ ਨੇ ਕਿਹਾ ਕਿ ਮੱਛੀ ਪਾਲਣ ਦਾ ਪੂੰਗ ਨਰਸਰੀ ਵਿੱਚ ਤਿਆਰ ਕੀਤਾ ਜਾ ਰਿਹਾ ਹੈ। ਪ੍ਰਤੀ ਏਕੜ ਮੱਛੀ ਦਾ ਬੱਚਾ ਮਾਰਚ ਮਹੀਨੇ ਵਿੱਚ ਛੱਡਿਆ ਜਾਂਦਾ ਹੈ। ਤਿੰਨ ਮਹੀਨੇ ਵਿੱਚ ਮੱਛੀ ਤਿਆਰ ਹੋ ਜਾਂਦੀ ਹੈ। ਜਿਸਤੋਂ ਬਾਅਦ ਇਹ ਮੱਛੀ ਕੱਢ ਕੇ ਲੁਧਿਆਣਾ ਮੰਡੀ ਵਿੱਚ ਵੇਚਿਆ ਜਾਂਦਾ ਹੈ। ਇਸਦੇ ਮੰਡੀਕਰਨ ਵਿੱਚ ਕੋਈ ਸਮੱਸਿਆ ਨਹੀਂ ਹੈ। ਲੁਧਿਆਣਾ ਤੋਂ ਵਪਾਰੀਆਂ ਦੀ ਲੇਬਰ ਆ ਕੇ ਮੱਛੀ ਫ਼ੜਦੀ ਅਤੇ ਉਸਦਾ ਕੰਡਾ ਕਰਵਾ ਕੇ ਸਾਨੂੰ ਪੈਸੇ ਦੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਮੱਛੀ ਪਾਲਣ ਦੇ ਧੰਦੇ ਵਿਚ ਧਿਆਨ ਬਹੁਤ ਦੇਣਾ ਪੈਂਦਾ ਹੈ। ਪਾਣੀ ਸਮੇਂ ਸਮੇਂ ਚੈਕ ਕਰਨਾ ਪੈਂਦਾ ਹੈ।

ਕਿਸਾਨ ਕੋਲੋਂ ਟ੍ਰੇਨਿੰਗ ਲੈ ਰਹੇ ਹੋਰ ਕਿਸਾਨ : ਮੱਛੀ ਨੂੰ ਫ਼ੀਡ ਸਹੀ ਤਰੀਕੇ ਚੰਗੀ ਕੁਆਲਟੀ ਦੀ ਦੇਣ ਦੀ ਲੋੜ ਹੈ। ਇਹ ਧੰਦਾ ਸ਼ੁਰੂ ਕਰਨ ਤੋਂ ਪਹਿਲਾਂ ਇਸਦੀ ਟ੍ਰੇਨਿੰਗ ਲੈਣੀ ਬਹੁਤ ਜ਼ਰੂਰੀ ਹੈ। ਬਿਨ੍ਹਾਂ ਟ੍ਰੇਨਿੰਗ ਕੰਮ ਕਰਨ ਵਾਲੇ ਲੋਕ ਕਾਰੋਬਾਰ ਵਿੱਚ ਫੇਲ੍ਹ ਹੋ ਜਾਂਦੇ ਹਨ। ਉਹਨਾਂ ਕਿਹਾ ਕਿ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਮੱਛੀ ਉਪਰ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਅਕਸਰ ਉਨ੍ਹਾਂ ਦੇ ਫ਼ਾਰਮ ਉਪਰ ਟ੍ਰੇਨਿੰਗ ਲੈਣ ਆਉਂਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਮੱਛੀ ਪਾਲਣ ਦਾ ਧੰਦਾ ਸ਼ੁਰੂ ਹੋਣ ਸਮੇਂ ਸਰਕਾਰ ਵਲੋਂ ਸਬਸਿਡੀ ਜ਼ਰੂਰ ਮਿਲਦੀ ਹੈ। ਉਨ੍ਹਾਂ ਕਿਹਾ ਕਿ ਰਵਾਇਤੀ ਖੇਤੀ ਲਈ ਬਿਜਲੀ ਬਿਲਕੁਲ ਮੁਫ਼ਤ ਹੈ, ਪ੍ਰੰਤੂ ਇਸ ਧੰਦੇ ਲਈ ਬਿਜਲੀ ਮੁਫ਼ਤ ਨਹੀਂ ਹੈ ਅਤੇ ਬਹੁਤ ਮਹਿੰਗੀ ਹੈ। ਇਸ ਕੰਮ ਲਈ ਪਾਣੀ ਦੀ ਵੱਧ ਲੋੜ ਪੈਂਦੀ ਹੈ। ਜਿਸ ਕਰਕੇ ਅਸੀਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਿਜਲੀ ਭਾਵੇਂ ਮੁਫ਼ਤ ਨਾ ਦਿੱਤੀ ਜਾਵੇ, ਪਰ ਬਿਜਲੀ ਦੀ ਯੂਨਿਟ ਜ਼ਰੂਰ ਘੱਟ ਕੀਤੀ ਜਾਵੇ।

ਸਰਪੰਚ ਨੇ ਵੀ ਕੀਤੀ ਸ਼ਲਾਘਾ ਤੇ ਕਿਹਾ- ਮੈਂ ਵੀ ਲੈ ਰਿਹਾ ਟ੍ਰੇਨਿੰਗ: ਇਸ ਮੌਕੇ ਗੱਲਬਾਤ ਕਰਦਿਆ ਪਿੰਡ ਦੇ ਸਰਪੰਚ ਮਨਦੀਪ ਸਿੰਘ ਅਤੇ ਕਿਸਾਨ ਸੁਖਪਾਲ ਸਿੰਘ ਦੇ ਸਾਥੀਆਂ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਸੁਖਪਾਲ ਸਿੰਘ ਮੱਛੀ ਪਾਲਣ ਦਾ ਕੰਮ ਕਰਦੇ ਆ ਰਹੇ ਹਨ। ਇਨ੍ਹਾਂ ਵਲੋਂ ਸਭ ਤੋਂ ਪਹਿਲਾਂ ਆਪਣੇ ਖੇਤ 2 ਏਕੜ ਵਿੱਚ ਮੱਛੀ ਪਾਲਣ ਦਾ ਕੰਮ ਸ਼ੁਰੂ ਕੀਤੀ। ਜਿਸ ਤੋਂ ਬਾਅਦ ਇਨ੍ਹਾਂ ਨੇ ਪਿੰਡ ਦੇ ਗੰਦੇ ਛੱਪੜ ਦੇਣ ਦੀ ਮੰਗ ਕੀਤੀ ਸੀ। ਜਿਸ ਤੋਂ ਬਾਅਦ ਪੰਚਾਇਤ ਨੇ ਇਨ੍ਹਾਂ ਨੂੰ ਛੱਪੜ ਦਿੱਤਾ ਅਤੇ ਕਿਸਾਨ ਸੁਖਪਾਲ ਸਿੰਘ ਨੇ ਖੁਦ ਸਾਫ਼ ਕਰਕੇ ਇੱਥੇ ਮੱਛੀ ਪਾਲਣ ਦਾ ਕੰਮ ਸ਼ੁਰੂ ਕੀਤਾ।

ਇਨ੍ਹਾਂ ਕੋਲ 25 ਏਕੜ ਦੇ ਕਰੀਬ ਮੱਛੀ ਪਾਲਣ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਤੋਂ ਬਹੁਤ ਵਧੀਆ ਕਮਾਈ ਕੀਤੀ ਜਾ ਰਹੀ ਹੈ। ਸਾਡਾ ਵੀ ਮਨ ਹੈ ਕਿ ਇਹ ਕੰਮ ਕੀਤਾ ਜਾਵੇ। ਕਿਸਾਨ ਸੁਖਪਾਲ ਸਿੰਘ ਦੇ ਨਾਲ ਰਹਿ ਕੇ ਇਸ ਧੰਦੇ ਦੀ ਟ੍ਰੇਨਿੰਗ ਵੀ ਲੈ ਰਹੇ ਹਾਂ। ਉਹਨਾਂ ਨੇ ਕਿਹਾ ਕਿ ਰਵਾਇਤੀ ਖੇਤੀ ਤੋਂ ਬਹੁਤ ਮੁਨਾਫ਼ੇ ਵਾਲਾ ਧੰਦਾ ਹੈ। ਇਸ ਧੰਦੇ ਵਿੱਚ ਕੋਈ ਬਹੁਤ ਰਿਸਕ ਵਾਲੀ ਗੱਲ ਨਹੀਂ ਹੈ। ਕਿਸਾਨ ਸੁਖਪਾਲ ਸਿੰਘ ਹੋਰ ਕਿਸਾਨਾਂ ਲਈ ਇੱਕ ਉਦਹਾਰਨ ਹੈ, ਜਿਸ ਤੋਂ ਹੋਰਾਂ ਕਿਸਾਨਾਂ ਨੂੰ ਸੇਧ ਲੈਣ ਦੀ ਲੋੜ ਹੈ।

ਕਾਰੋਬਾਰ ਵਿੱਚ ਕੋਈ ਵੀ ਬੀਮਾਰੀ ਵੀ ਨਹੀਂ ਪੈਂਦੀ : ਉੱਥੇ ਇਸ ਮੌਕੇ ਮੱਛੀ ਪਾਲਣ ਵਿਭਾਗ ਦੇ ਸਹਾਇਕ ਡਾਇਰੈਕਟਰ ਬ੍ਰਿਜ਼ ਭੂਸ਼ਣ ਨੇ ਕਿਹਾ ਕਿ ਸੁਖਪਾਲ ਸਿੰਘ ਵਲੋਂ ਢਾਈ ਏਕੜ ਵਿੱਚ ਆਪਣੈ ਖੇਤ ਮੱਛੀ ਪਾਲਣ ਦਾ ਧੰਦਾ ਸ਼ੁਰੂ ਕੀਤਾ ਗਿਆ ਸੀ। ਇਹ ਕਾਰੋਬਾਰ ਸ਼ੁਰੂ ਕਰਨ ਮੌਕੇ ਕਿਸਾਨ ਨੂੰ ਸਰਕਾਰ ਵਲੋਂ 40 ਫ਼ੀਸਦੀ ਸਬਸਿਡੀ ਦਿੱਤੀ ਗਈ ਸੀ। ਮੌਜੂਦਾ ਸਮੇਂ ਵਿੱਚ ਕਿਸਾਨ ਸੁਖਪਾਲ ਸਿੰਘ ਢਾਈ ਏਕੜ ਆਪਣੀ ਖੇਤ ਦੀ ਜ਼ਮੀਨ ਅਤੇ 25 ਏਕੜ ਪੰਚਾਇਤ ਦੇ ਛੱਪੜ ਲੈ ਕੇ ਮੱਛੀ ਪਾਲਣ ਦਾ ਕੰਮ ਕਰ ਰਿਹਾ ਹੈ। ਉਨ੍ਹਾਂ ਜ਼ਿਲ੍ਹੇ ਦੇ ਹੋਰ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੱਛੀ ਪਾਲਣ ਦਾ ਕੰਮ ਸ਼ੁਰੂ ਕਰ ਸਕਦੇ ਹਨ। ਇਸ ਕਾਰੋਬਾਰ ਵਿੱਚ ਕੋਈ ਵੀ ਬੀਮਾਰੀ ਵੀ ਨਹੀਂ ਪੈਂਦੀ ਅਤੇ ਇਸ ਦੇ ਮੰਡੀਕਰਨ ਦੀ ਵੀ ਕੋਈ ਸਮੱਸਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇ ਵਿੱਚ ਵੀ ਸਰਕਾਰ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨ ਵਾਲਿਆਂ ਲਈ ਵੀ ਸਰਕਾਰ ਨੇ ਸਬਸਿਡੀ ਸਕੀਮ ਸ਼ੁਰੂ ਕੀਤੀ ਹੈ, ਜਿਸ ਦਾ ਕਿਸਾਨ ਲਾਭ ਲੈ ਸਕਦੇ ਹਨ।

Last Updated :Oct 18, 2023, 2:15 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.