Daily Hukamnama 4 June: ੨੧ ਜੇਠ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

author img

By

Published : Jun 4, 2023, 6:39 AM IST

Hukamnama,  Amrit Wele Da Hukamnama
੨੧ ਜੇਠ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ ()

Daily Hukamnama 4 June, 2023: 'ਹੁਕਮਨਾਮਾ' ਸ਼ਬਦ 'ਹੁਕਮ' ਤੇ 'ਨਾਮਾ' ਨੂੰ ਮਿਲ ਕੇ ਬਣਿਆ ਹੈ। 'ਹੁਕਮ' ਦਾ ਮਤਲਬ ਹੈ- ਆਗਿਆ, ਫ਼ੁਰਮਾਨ, ਫ਼ਤਵਾ, ਪਰਵਾਨਾ, ਅਮਰ, ਸ਼ਬਦ ਆਦਿ ਹੈ। 'ਨਾਮਾ' ਦਾ ਮਤਲਬ, ਖਤ, ਪੱਤਰ ਜਾਂ ਚਿੱਠੀ ਹੈ। ਆਮ ਬੋਲਚਾਲ ਦੀ ਭਾਸ਼ਾ 'ਚ ਹੁਕਮਨਾਮਾ ਉਹ ਲਿਖ਼ਤੀ ਸੰਦੇਸ਼ ਜਾਂ ਹੁਕਮ ਹੈ ਜਿਸ ਨੂੰ ਮੰਨਣਾ ਲਾਜ਼ਮੀ ਹੈ। ਇਸ ਦੇ ਲਿਖ਼ਤ ਸਰੂਪ ਨੂੰ ਨਜ਼ਰਅੰਦਾਜ਼ ਵੀ ਨਹੀਂ ਕੀਤਾ ਜਾ ਸਕਦਾ ਹੈ।

ਅੱਜ ਦਾ ਹੁਕਮਨਾਮਾ

ਅੱਜ ਦਾ ਮੁੱਖਵਾਕ: ਸਲੋਕੁ ਮਃ ੩ ॥ ਪੂਰਬਿ ਲਿਖਿਆ ਕਮਾਵਣਾ ਜਿ ਕਰਤੈ ਆਪਿ ਲਿਖਿਆਸੁ ॥ ਮੋਹ ਠਗਉਲੀ ਪਾਈਅਨੁ ਵਿਸਰਿਆ ਗੁਣਤਾਸੁ ॥ ਮਤੁ ਜਾਣਹੁ ਜਗੁ ਜੀਵਦਾ ਦੂਜੈ ਭਾਇ ਮੁਇਆਸੁ ॥ ਜਿਨੀ ਗੁਰਮੁਖਿ ਨਾਮੁ ਨ ਚੇਤਿਓ ਸੇ ਬਹਣਿ ਨ ਮਿਲਨੀ ਪਾਸਿ ॥ ਦੁਖੁ ਲਾਗਾ ਬਹੁ ਅਤਿ ਘਣਾ ਪੁਤੁ ਕਲਤੁ ਨ ਸਾਥਿ ਕੋਈ ਜਾਸਿ ॥ ਲੋਕਾ ਵਿਚਿ ਮੁਹੁ ਕਾਲਾ ਹੋਆ ਅੰਦਰਿ ਉਭੇ ਸਾਸ ॥ ਮਨਮੁਖਾ ਨੋ ਕੋ ਨ ਵਿਸਹੀ ਚੁਕਿ ਗਇਆ ਵੇਸਾਸੁ ॥ ਨਾਨਕ ਗੁਰਮੁਖਾ ਨੋ ਸੁਖੁ ਅਗਲਾ ਜਿਨਾ ਅੰਤਰਿ ਨਾਮ ਨਿਵਾਸੁ ॥੧॥ ਮਃ ੩ ॥ ਸੇ ਸੈਣ ਸੇ ਸਜਣਾ ਜਿ ਗੁਰਮੁਖਿ ਮਿਲਹਿ ਸੁਭਾਇ ॥ ਸਤਿਗੁਰ ਕਾ ਭਾਣਾ ਅਨਦਿਨੁ ਕਰਹਿ ਸੇ ਸਚਿ ਰਹੇ ਸਮਾਇ ॥ ਦੂਜੈ ਭਾਇ ਲਗੇ ਸਜਣ ਨ ਆਖੀਅਹਿ ਜਿ ਅਭਿਮਾਨੁ ਕਰਹਿ ਵੇਕਾਰ ॥ ਮਨਮੁਖ ਆਪ ਸੁਆਰਥੀ ਕਾਰਜੁ ਨ ਸਕਹਿ ਸਵਾਰਿ ॥ ਨਾਨਕ ਪੂਰਬਿ ਲਿਖਿਆ ਕਮਾਵਣਾ ਕੋਇ ਨ ਮੇਟਣਹਾਰੁ ॥੨॥ ਪਉੜੀ ॥ ਤੁਧੁ ਆਪੇ ਜਗਤੁ ਉਪਾਇ ਕੈ ਆਪਿ ਖੇਲੁ ਰਚਾਇਆ ॥ ਤ੍ਰੈ ਗੁਣ ਆਪਿ ਸਿਰਜਿਆ ਮਾਇਆ ਮੋਹੁ ਵਧਾਇਆ ॥ ਵਿਚਿ ਹਉਮੈ ਲੇਖਾ ਮੰਗੀਐ ਫਿਰਿ ਆਵੈ ਜਾਇਆ ॥ ਜਿਨਾ ਹਰਿ ਆਪਿ ਕ੍ਰਿਪਾ ਕਰੇ ਸੇ ਗੁਰਿ ਸਮਝਾਇਆ ॥ ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ ॥੩॥ ਐਤਵਾਰ, ੨੧ ਜੇਠ (ਸੰਮਤ ੫੫੫ ਨਾਨਕਸ਼ਾਹੀ) ੪ ਜੂਨ, ੨੦੨੩ (ਅੰਗ ੬੪੩)

ਪੰਜਾਬੀ ਵਿਆਖਿਆ:-ਸਲੋਕੁ ਮਃ ੩ ॥ ਪਿਛਲੇ ਕੀਤੇ ਕਰਮਾਂ ਅਨੁਸਾਰ ਮੁੱਢ ਤੋਂ ਜੋ ਸੰਸਕਾਰ-ਰੂਪ ਲੇਖ ਲਿਖਿਆ ਭਾਵ, ਉੱਕਰਿਆ ਹੋਇਆ ਹੈ, ਤੇ ਜੋ ਕਰਤਾਰ ਨੇ ਆਪ ਲਿਖ ਦਿੱਤਾ ਹੈ। ਉਹ ਜ਼ਰੂਰ ਕਮਾਉਣਾ ਪੈਂਦਾ ਹੈ। ਉਸ ਲੇਖ ਅਨੁਸਾਰ ਹੀ ਮੋਹ ਦੀ ਠਗਬੂਟੀ ਜਿਸ ਨੂੰ ਮਿਲ ਗਈ ਹੈ ਉਸ ਨੂੰ ਗੁਣਾਂ ਦਾ ਖ਼ਜ਼ਾਨਾ ਹਰੀ ਵਿੱਸਰ ਗਿਆ ਹੈ । ਉਸ ਸੰਸਾਰ ਨੂੰ ਜੀਊਂਦਾ ਨਾ ਸਮਝੋ, ਜੋ ਮਾਇਆ ਦੇ ਮੋਹ ਵਿੱਚ ਮੁਇਆ ਪਿਆ ਹੈ, ਜਿਨ੍ਹਾਂ ਨੇ ਸਤਿਗੁਰੂ ਦੇ ਸਨਮੁਖ ਹੋ ਕੇ ਨਾਮ ਨਹੀਂ ਸਿਮਰਿਆ। ਉਨ੍ਹਾਂ ਨੂੰ ਪ੍ਰਭੂ ਦੇ ਕੋਲ ਬਹਿਣਾ ਨਹੀਂ ਮਿਲਦਾ। ਉਹ ਮਨਮੁਖ ਬਹੁਤ ਹੀ ਦੁੱਖੀ ਹੁੰਦੇ ਹਨ, ਕਿਉਂਕਿ ਜਿਨ੍ਹਾਂ ਦੀ ਖ਼ਾਤਰ ਮਾਇਆ ਦੇ ਮੋਹ ਵਿੱਚ ਮੁਏ ਪਏ ਸਨ, ਉਹ ਪੁੱਤਰ-ਇਸਤਰੀ, ਤਾਂ ਕੋਈ ਨਾਲ ਨਹੀਂ ਜਾਏਗਾ। ਸੰਸਾਰ ਦੇ ਲੋਕਾਂ ਵਿੱਚ ਵੀ, ਉਨ੍ਹਾਂ ਦਾ ਮੂੰਹ ਕਾਲਾ ਹੋਇਆ ਭਾਵ, ਸ਼ਰਮਿੰਦੇ ਹੋਏ ਤੇ ਹਾਹੁਕੇ ਲੈਂਦੇ ਹਨ। ਮਨਮੁਖਾਂ ਦਾ ਕੋਈ ਵਿਸਾਹ ਨਹੀਂ ਕਰਦਾ, ਉਨ੍ਹਾਂ ਦਾ ਇਤਬਾਰ ਮੁੱਕ ਜਾਂਦਾ ਹੈ।

ਹੇ ਨਾਨਕ, ਗੁਰਮੁਖਾਂ ਨੂੰ ਬਹੁਤ ਸੁਖ ਹੁੰਦਾ ਹੈ, ਕਿਉਂਕਿ ਉਨ੍ਹਾਂ ਦੇ ਹਿਰਦੇ ਵਿੱਚ ਨਾਮ ਦਾ ਨਿਵਾਸ ਹੁੰਦਾ ਹੈ ।੧। ਸਤਿਗੁਰੂ ਦੇ ਸਨਮੁਖ ਹੋਏ ਜੋ ਮਨੁੱਖ ਆਪਾ ਨਿਵਾਰ ਕੇ ਪ੍ਰਭੂ ਵਿਚ ਸੁਭਾਵਿਕ ਹੀ ਲੀਨ ਹੋ ਜਾਂਦੇ ਹਨ। ਉਹ ਭਲੇ ਲੋਕ ਹਨ ਤੇ ਸਾਡੇ ਸਾਥੀ ਹਨ, ਜੋ ਸਦਾ ਸਤਿਗੁਰੂ ਦਾ ਭਾਣਾ ਮੰਨਦੇ ਹਨ, ਉਹ ਸੱਚੇ ਹਰੀ ਵਿੱਚ ਸਮਾਏ ਰਹਿੰਦੇ ਹਨ। ਉਨ੍ਹਾਂ ਨੂੰ ਸੰਤ ਜਨ ਨਹੀਂ ਆਖੀਦਾ, ਜੋ ਮਾਇਆ ਦੇ ਮੋਹ ਵਿੱਚ ਲੱਗੇ ਹੋਏ ਅਹੰਕਾਰ ਤੇ ਵਿਕਾਰ ਕਰਦੇ ਹਨ। ਮਨਮੁਖ ਆਪਣੇ ਮਤਲਬ ਦੇ ਪਿਆਰੇ ਹੋਣ ਕਰ ਕੇ ਕਿਸੇ ਦਾ ਕੰਮ ਨਹੀਂ ਸਵਾਰ ਸਕਦੇ; ਪਰ ਹੇ ਨਾਨਕ! ਉਨ੍ਹਾਂ ਦੇ ਸਿਰ ਕੀ ਦੋਸ਼? ਪਿਛਲੇ ਕੀਤੇ ਕੰਮਾਂ ਅਨੁਸਾਰ ਮੁੱਢ ਤੋਂ ਉੱਕਰਿਆ ਹੋਇਆ। ਸੰਸਕਾਰ-ਰੂਪ ਲੇਖ ਕਮਾਉਣਾ ਪੈਂਦਾ ਹੈ, ਕੋਈ ਮਿਟਾਉਣ-ਜੋਗਾ ਨਹੀਂ ।੨।

ਹੇ ਹਰੀ! ਤੂੰ ਆਪ ਹੀ ਸੰਸਾਰ ਰਚ ਕੇ ਆਪ ਹੀ ਖੇਡ ਬਣਾਈ ਹੈ; ਤੂੰ ਆਪ ਹੀ ਮਾਇਆ ਦੇ ਤਿੰਨ ਗੁਣ ਬਣਾਏ ਹਨ ਤੇ ਆਪ ਹੀ ਮਾਇਆ ਦਾ ਮੋਹ ਜਗਤ ਵਿੱਚ ਵਧਾ ਦਿੱਤਾ ਹੈ। ਇਸ ਮੋਹ ਤੋਂ ਉਪਜੇ ਅਹੰਕਾਰ ਵਿੱਚ ਲੱਗਿਆਂ ਦਰਗਾਹ ਵਿੱਚ ਲੇਖਾ ਮੰਗੀਦਾ ਹੈ ਤੇ ਫਿਰ ਜੰਮਣਾ ਮਰਨਾ ਪੈਂਦਾ ਹੈ, ਜਿਨ੍ਹਾਂ ਤੇ ਹਰਿ ਆਪ ਮੇਹਰ ਕਰਦਾ ਹੈ। ਉਨ੍ਹਾਂ ਨੂੰ ਸਤਿਗੁਰੂ ਨੇ ਇਹ ਸਮਝ ਪਾ ਦਿੱਤੀ ਹੈ। ਇਸ ਕਰਕੇ ਮੈਂ ਆਪਣੇ ਸਤਿਗੁਰੂ ਤੋਂ ਸਦਕੇ ਹਾਂ ਤੇ ਸਦਾ ਵਾਰਨੇ ਜਾਂਦਾ ਹਾਂ।੩। (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ)

ETV Bharat Logo

Copyright © 2024 Ushodaya Enterprises Pvt. Ltd., All Rights Reserved.