ETV Bharat / city

ਮੋਬਾਈਲ ਟਾਵਰਾਂ ਦੀ ਤਾਂ ਮੁਰੰਮਤ ਹੋ ਜਾਣੀ ਪਰ ਦਿੱਲੀ ਸਰਹੱਦਾਂ 'ਤੇ ਫੌਤ ਹੋਏ ਕਿਸਾਨ ਵਾਪਸ ਨਹੀਂ ਆਉਣੇ

author img

By

Published : Jan 2, 2021, 8:38 PM IST

Updated : Jan 2, 2021, 9:05 PM IST

ਫ਼ੋਟੋ
ਫ਼ੋਟੋ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬੇ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਦੀ ਸਥਿਤੀ ਉੱਤੇ ਭਾਰਤੀ ਜਨਤਾ ਪਾਰਟੀ ਦੀ ਘਟੀਆ ਅਤੇ ਸਿਆਸਤ ਤੋਂ ਪ੍ਰੇਰਿਤ ਸ਼ਿਕਾਇਤ ਉਪਰ ਕਾਰਵਾਈ ਕਰਦੇ ਹੋਏ ਪੰਜਾਬ ਦੇ ਰਾਜਪਾਲ ਵੱਲੋਂ ਇਸ ਸਬੰਧੀ ਉਨ੍ਹਾਂ (ਕੈਪਟਨ ਅਮਰਿੰਦਰ ਸਿੰਘ) ਪਾਸੋਂ ਸੂਬੇ ਦੇ ਗ੍ਰਹਿ ਮੰਤਰੀ ਹੋਣ ਦੇ ਨਾਤੇ ਰਿਪੋਰਟ ਮੰਗਣ ਦੀ ਬਜਾਏ ਸਿਖਰਲੇ ਅਧਿਕਾਰੀਆਂ ਨੂੰ ਸੱਦਣ ਦਾ ਸਖ਼ਤ ਨੋਟਿਸ ਲਿਆ ਹੈ।

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬੇ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਦੀ ਸਥਿਤੀ ਉੱਤੇ ਭਾਰਤੀ ਜਨਤਾ ਪਾਰਟੀ ਦੀ ਘਟੀਆ ਅਤੇ ਸਿਆਸਤ ਤੋਂ ਪ੍ਰੇਰਿਤ ਸ਼ਿਕਾਇਤ ਉਪਰ ਕਾਰਵਾਈ ਕਰਦੇ ਹੋਏ ਪੰਜਾਬ ਦੇ ਰਾਜਪਾਲ ਵੱਲੋਂ ਇਸ ਸਬੰਧੀ ਉਨ੍ਹਾਂ (ਕੈਪਟਨ ਅਮਰਿੰਦਰ ਸਿੰਘ) ਪਾਸੋਂ ਸੂਬੇ ਦੇ ਗ੍ਰਹਿ ਮੰਤਰੀ ਹੋਣ ਦੇ ਨਾਤੇ ਰਿਪੋਰਟ ਮੰਗਣ ਦੀ ਬਜਾਏ ਸਿਖਰਲੇ ਅਧਿਕਾਰੀਆਂ ਨੂੰ ਸੱਦਣ ਦਾ ਸਖ਼ਤ ਨੋਟਿਸ ਲਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਕਿ ਸੂਬੇ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਨੂੰ ਢਾਹ ਲੱਗਣ ਬਾਰੇ ਭਾਜਪਾ ਦਾ ਕੂੜ ਪ੍ਰਚਾਰ ਖੇਤੀ ਕਾਨੂੰਨਾਂ ਦੇ ਮਸਲੇ ਅਤੇ ਕਿਸਾਨਾਂ ਦੇ ਅੰਦੋਲਨ ਤੋਂ ਧਿਆਨ ਹਟਾਉਣ ਦੇ ਹੱਥਕੰਡੇ ਤੋਂ ਵੱਧ ਕੁਝ ਵੀ ਨਹੀਂ ਪਰ ਫੇਰ ਵੀ ਜੇਕਰ ਰਾਜਪਾਲ ਨੂੰ ਸਥਿਤੀ ਬਾਰੇ ਕਿਸੇ ਤਰ੍ਹਾਂ ਦਾ ਸਰੋਕਾਰ ਸੀ ਤਾਂ ਇਹ ਮਸਲਾ ਗ੍ਰਹਿ ਮਾਮਲਿਆਂ ਦਾ ਨਿਗਰਾਨ ਹੋਣ ਦੇ ਨਾਤੇ ਉਹਨਾਂ (ਕੈਪਟਨ ਅਮਰਿੰਦਰ ਸਿੰਘ) ਕੋਲ ਉਠਾਉਣਾ ਚਾਹੀਦਾ ਸੀ।

ਫ਼ੋਟੋ
ਫ਼ੋਟੋ

ਮੁੱਖ ਮੰਤਰੀ ਨੇ ਇਹ ਪ੍ਰਤੀਕਿਰਿਆ ਕੁਝ ਮੋਬਾਈਲ ਟਾਵਰਾਂ ਨੂੰ ਨੁਕਸਾਨ ਪਹੁੰਚਣ ਦੀਆਂ ਇੱਕਾ-ਦੁੱਕਾ ਘਟਨਾਵਾਂ ਦੇ ਮੱਦੇਨਜ਼ਰ ਸੂਬੇ ਵਿੱਚ ਅਮਨ-ਕਾਨੂੰਨ ਦੀ ਕਥਿਤ ਸਮੱਸਿਆ ਬਾਰੇ ਰਾਜਪਾਲ ਵੱਲੋਂ ਸੂਬੇ ਦੇ ਮੁੱਖ ਸਕੱਤਰ ਅਤੇ ਡੀ.ਜੀ.ਪੀ. ਨੂੰ ਬੁਲਾਉਣ ਉੱਤੇ ਜ਼ਾਹਰ ਕੀਤੀ।

ਭਾਜਪਾ ਲੀਡਰਸ਼ਿਪ ਦੀ ਸਖ਼ਤ ਆਲੋਚਨਾ

ਕੈਪਟਨ ਅਮਰਿੰਦਰ ਸਿੰਘ ਨੇ ਖੇਤੀ ਕਾਨੂੰਨਾਂ ਦੇ ਮੁੱਦੇ ਨੂੰ ਲੈ ਕੇ ਪਹਿਲਾਂ ਹੀ ਭਖੇ ਹੋਏ ਮਾਹੌਲ ਉਤੇ ਗੈਰ-ਜ਼ਿੰਮੇਵਾਰਾਨਾ ਬਿਆਨਬਾਜੀ ਰਾਹੀਂ ਬਲਦੀ ਉਤੇ ਤੇਲ ਪਾਉਣ ਲਈ ਸੂਬੇ ਦੀ ਭਾਜਪਾ ਲੀਡਰਸ਼ਿਪ ਦੀ ਸਖ਼ਤ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਭਾਜਪਾ ਵੱਲੋਂ ਮੋਬਾਈਲ ਟਾਵਰਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਕੁਝ ਘਟਨਾਵਾਂ ਨੂੰ ਅਮਨ-ਕਾਨੂੰਨ ਦੀ ਸਮੱਸਿਆ ਦੱਸ ਕੇ ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਗਿਣੀ-ਮਿੱਥੀ ਘਟੀਆ ਸਾਜਿਸ਼ ਕਰਾਰ ਦਿੱਤਾ।

ਟਾਵਰਾਂ ਦੀ ਮੁਰੰਮਤ ਤਾਂ ਕੀਤੀ ਜਾ ਸਕਦਾ ਹੈ, ਪਰ ਮ੍ਰਿਤਕ ਕਿਸਾਨ ਵਾਪਸ ਨਹੀਂ ਆ ਸਕਦੇ

ਮੁੱਖ ਮੰਤਰੀ ਨੇ ਕਿਹਾ,”ਨੁਕਸਾਨੇ ਗਏ ਟਾਵਰਾਂ ਦੀ ਮੁਰੰਮਤ ਤਾਂ ਕੀਤੀ ਜਾ ਸਕਦਾ ਹੈ ਅਤੇ ਕੀਤੀ ਵੀ ਜਾ ਰਹੀ ਹੈ ਪਰ ਦਿੱਲੀ ਦੀਆਂ ਹੱਦਾਂ, ਜਿੱਥੇ ਕਿਸਾਨਾਂ ਵੱਲੋਂ ਕੇਂਦਰ ਦੀ ਭਾਜਪਾ ਸਰਕਾਰ ਦੇ ਹੱਠਧਰਮੀ ਵਾਲੇ ਰਵੱਈਏ ਵਿਰੁੱਧ ਆਪਣਾ ਹੱਕ ਲੈਣ ਲਈ ਲੜਾਈ ਲੜੀ ਜਾ ਰਹੀ ਹੈ, ਹੱਡ ਚੀਰਵੀਂ ਠੰਢ ਵਿੱਚ ਜਾਨਾਂ ਗੁਆ ਚੁੱਕੇ ਕਿਸਾਨਾ ਵਾਪਸ ਨਹੀਂ ਆ ਸਕਦੇ। ਉਨ੍ਹਾਂ ਨੇ ਇਸ ਗੱਲ ਉੱਤੇ ਹੈਰਾਨੀ ਜ਼ਾਹਰ ਕੀਤੀ ਕਿ ਕਿਸੇ ਵੀ ਭਾਜਪਾ ਨੇਤਾ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਜਿਹਨਾਂ ਵਿੱਚੋਂ ਕੁਝ ਨੇ ਖੁਦਕੁਸ਼ੀ ਕਰ ਲਈ ਸੀ, ਉਪਰ ਚਿੰਤਾ ਜਾਹਰ ਨਹੀਂ ਕੀਤੀ। ਉਹਨਾਂ ਕਿਹਾ,”ਫੌਤ ਹੋ ਚੁੱਕੀਆਂ ਜਿੰਦਗੀਆਂ ਮੁੜ ਇਸ ਜਹਾਨ ਉਤੇ ਨਹੀਂ ਆ ਸਕਦੀਆਂ।“ ਉਨ੍ਹਾਂ ਨੇ ਪੰਜਾਬ ਭਾਜਪਾ ਦੇ ਨੇਤਾਵਾਂ ਨੂੰ ਆਪਣੀ ਘਟੀਆ ਬਿਆਨੀ ਨਾਲ ਸ਼ਾਂਤਮਈ ਅੰਦੋਲਨ ਉੱਤੇ ਸਿਆਸਤ ਨਾ ਖੇਡਣ ਲਈ ਆਖਿਆ।

ਰਾਜਪਾਲ ਦੇ ਸੰਵਿਧਾਨਕ ਅਹੁਦੇ ਨੂੰ ਵੀ ਇਸ ਅਣਸੁਖਾਵੇਂ ਏਜੰਡੇ ਵਿੱਚ ਲਿਆ ਲਪੇਟ

ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੇ ਮੱਥੇ ਉੱਤੇ ਨਕਸਲੀ, ਖਾਲਿਸਤਾਨੀ ਵਰਗੇ ਸ਼ਬਦਾਂ ਦਾ ਕਲੰਕ ਲਾਉਣ ਦੀ ਬਜਾਏ ਭਾਜਪਾ ਨੂੰ ਭਾਰਤ ਸਰਕਾਰ ਵਿੱਚ ਆਪਣੀ ਕੇਂਦਰੀ ਲੀਡਰਸ਼ਿਪ ਉਪਰ ਅੰਨਦਾਤਿਆਂ ਦੀ ਆਵਾਜ਼ ਸੁਣਨ ਅਤੇ ਕਾਲੇ ਖੇਤੀ ਕਾਨੂੰਨ ਕਰਨ ਲਈ ਦਬਾਅ ਪਾਉਣਾ ਚਾਹੀਦਾ ਹੈ ਕਿਉ ਜੋ ਇਹ ਕਾਨੂੰਨ ਕਿਸਾਨ ਭਾਈਚਾਰੇ ਦੇ ਜੀਵਨ ਅਤੇ ਭਵਿੱਖ ਲਈ ਖ਼ਤਰਾ ਬਣੇ ਹੋਏ ਹਨ। ਉਨ੍ਹਾਂ ਕਿਹਾ,”ਜਦੋਂ ਕਿਸਾਨਾਂ ਦੀ ਹੋਂਦ ਤੱਕ ਦਾਅ ਉਤੇ ਲੱਗੀ ਹੋਵੇ ਤਾਂ ਉਸ ਵੇਲੇ ਭਾਜਪਾ ਲੀਡਰ ਘਟੀਆ ਸਿਆਸਤ ਵਿੱਚ ਗਲਤਾਨ ਹਨ ਅਤੇ ਇੱਥੋਂ ਤੱਕ ਕਿ ਰਾਜਪਾਲ ਦੇ ਸੰਵਿਧਾਨਕ ਅਹੁਦੇ ਨੂੰ ਵੀ ਇਸ ਅਣਸੁਖਾਵੇਂ ਏਜੰਡੇ ਵਿੱਚ ਲਪੇਟ ਲਿਆ।“

ਅਮਨ-ਕਾਨੂੰਨ ਦੀ ਵਿਵਸਥਾ ਬਾਰੇ ਭਾਜਪਾ ਲੀਡਰ ਦੀ ਸ਼ਿਕਾਇਤ

ਭਾਜਪਾ ਦੇ ਇਨ੍ਹਾਂ ਹੱਥਕੰਡਿਆਂ ਅੱਗੇ ਰਾਜਪਾਲ ਵੱਲੋਂ ਝੁਕ ਜਾਣ ਨੂੰ ਮੰਦਭਾਗਾ ਕਰਾਰ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਅਮਨ-ਕਾਨੂੰਨ ਦੀ ਵਿਵਸਥਾ ਬਾਰੇ ਭਾਜਪਾ ਲੀਡਰ ਦੀ ਸ਼ਿਕਾਇਤ ਉਤੇ ਰਾਜਪਾਲ ਨੇ ਸਿਰਫ ਇਕ ਦਿਨ ਵਿੱਚ ਹੀ ਪ੍ਰਤੀਕਰਮ ਦੇ ਦਿੱਤਾ ਜੋ ਵਿਧਾਨ ਸਭਾ ਵਿੱਚ ਭਾਜਪਾ ਨੂੰ ਛੱਡ ਕੇ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਪਾਸੇ ਕੀਤੇ ਸੂਬਾਈ ਸੋਧ ਬਿੱਲਾਂ ਨੂੰ ਰਾਸ਼ਟਰਪਤੀ ਦੀ ਮਨਜੂਰੀ ਲਈ ਗਈ ਲੰਮੀ ਦੇਰੀ ਦੇ ਬਿਲਕੁਲ ਉਲਟ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਦੀ ਪੰਜਾਬ ਇਕਾਈ ਵੱਲੋਂ ਕਾਂਗਰਸ ਦੁਆਰਾ ਪੰਜਾਬ ਵਿੱਚ ਜਮਹੂਰੀਅਤ ਉਤੇ ਕੀਤੇ ਹਮਲੇ ਦੇ ਦੋਸ਼ਾਂ ਦਾ ਮਜਾਕ ਉਡਾਉਂਦਿਆਂ ਇਸ ਨੂੰ ਸ਼ਰਮਨਾਕ ਕਾਰਵਾਈ ਕਰਾਰ ਦਿੱਤਾ। ਉਹਨਾਂ ਨੇ ਚੁਟਕੀ ਲੈਂਦਿਆਂ ਕਿਹਾ,”ਇਕ ਪਾਰਟੀ ਜਿਸ ਨੇ ਅਸਲੀਅਤ ਵਿੱਚ ਸੂਬੇ ਦੀ ਹਰੇਕ ਜਮਹੂਰੀ ਸੰਸਥਾ ਨੂੰ ਖੇਰੂੰ-ਖੇਰੂੰ ਕਰ ਦਿੱਤਾ ਹੋਵੇ, ਉਸ ਵੱਲੋਂ ਕਿਸੇ ਹੋਰ ਨੂੰ ਗੈਰ-ਜਮਹੂਰੀ ਦੱਸਣ ਦਾ ਕੋਈ ਹੱਕ ਨਹੀਂ।“

Last Updated :Jan 2, 2021, 9:05 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.