ETV Bharat / state

ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ ਕਰਨ ਵਾਲੇ ਕੰਵਰ ਵਿਜੇ ਪ੍ਰਤਾਪ 'ਤੇ ਸੁਖਰਾਜ ਸਿੰਘ ਨੇ ਚੁੱਕੇ ਸਵਾਲ

author img

By ETV Bharat Punjabi Team

Published : Feb 21, 2024, 12:01 PM IST

ਬਹਿਬਲ ਕਲਾਂ ਗੋਲੀਕਾਂਡ ਮਾਮਲੇ 'ਚ ਇਨਸਾਫ਼ ਲਈ ਪੀੜਤ ਪਿਛਲੇ ਕਰੀਬ ਨੌ ਸਾਲਾਂ ਤੋਂ ਭਟਕ ਰਹੇ ਹਨ। ਇਸ ਵਿਚਾਲੇ ਹੁਣ ਪੀੜਤ ਪੱਖ ਦੇ ਸੁਖਰਾਜ ਸਿੰਘ ਵਲੋਂ ਕੁੰਵਰ ਵਿਜੇ ਪ੍ਰਤਾਪ 'ਤੇ ਸਵਾਲ ਚੁੱਕੇ ਹਨ ਅਤੇ ਨਾਲ ਹੀ ਬਹਿਬਲ ਗੋਲੀਕਾਂਡ ਮਾਮਲੇ ਦੇ ਮੁੱਖ ਮੁਲਜ਼ਮ ਇੰਸਪੈਕਟਰ ਪ੍ਰਦੀਪ ਸਿੰਘ ਨੂੰ ਤਰੱਕੀ ਦੇਕੇ ਡੀਐਸਪੀ ਬਨਾਉਣ 'ਤੇ ਇਤਰਾਜ਼ ਵੀ ਜਤਾਇਆ।

ਬਹਿਬਲ ਗੋਲੀਕਾਂਡ
ਬਹਿਬਲ ਗੋਲੀਕਾਂਡ

ਬਹਿਬਲ ਗੋਲੀਕਾਂਡ ਮਾਮਲੇ ਦੀ ਜਾਂਚ ਕਰਨ ਵਾਲੇ ਕੰਵਰ ਵਿਜੇ ਪ੍ਰਤਾਪ 'ਤੇ ਸੁਖਰਾਜ ਸਿੰਘ ਨੇ ਚੁੱਕੇ ਸਵਾਲ

ਫਰੀਦਕੋਟ: ਬਹਿਬਲ ਗੋਲੀਕਾਂਡ ਮਾਮਲੇ 'ਚ ਮਰਨ ਵਾਲੇ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕਰ ਕਿਹਾ ਕਿ ਸੰਗਤ ਦੇ ਸਹਿਯੋਗ ਨਾਲ ਬਹਿਬਲ ਇਨਸਾਫ ਮੋਰਚਾ ਪਿਛਲੇ ਲੰਬੇ ਸਮੇਂ ਤੋਂ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਦਾ ਇਨਸਾਫ਼ ਲੈਣ ਲਈ ਸੰਘਰਸ਼ ਕਰ ਰਿਹਾ ਹੈ। ਇਸ ਘਟਨਾ ਨੂੰ ਵਾਪਰੇ ਨੌ ਸਾਲ ਦਾ ਸਮਾਂ ਹੋਣ ਵਾਲਾ ਹੈ ਅਤੇ ਹੁਣ ਤੱਕ ਤਿੰਨ ਐਸਆਈਟੀ ਅਤੇ ਦੋ ਕਮਿਸ਼ਨ ਬਣ ਚੁੱਕੇ ਹਨ।

ਜਾਂਚ ਲਈ ਬਣੇ ਤਿੰਨ SIT ਅਤੇ ਦੋ ਕਮਿਸ਼ਨ: ਇਸ ਮਾਮਲੇ ਨੂੰ ਵੇਖਣ ਵਾਲੀ ਪਹਿਲੀ ਸਿਟ ਜਿਹੜੀ ਕਿ ਮੌਕੇ ਦੇ DGP ਇਕਬਾਲ ਪ੍ਰੀਤ ਸਿੰਘ ਸਹੋਤਾ ਦੀ ਅਗਵਾਈ ਵਿੱਚ ਬਣੀ ਸੀ। ਜਿਸ ਨੇ ਇਸ ਮਾਮਲੇ ਵਿੱਚ ਕੁੱਝ ਨਹੀਂ ਕੀਤਾ। ਇਸ ਤੋਂ ਬਾਅਦ ਇਸ ਘਟਨਾ ਦੀ ਜਾਂਚ ਲਈ ਬਣੇ ਜਸਟਿਸ ਜ਼ੋਰਾ ਸਿੰਘ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਕਾਫ਼ੀ ਸੱਚ ਬਾਹਰ ਲਿਆਂਦਾ ਪਰ ਇਸ ਮਾਮਲੇ ਵਿੱਚ ਸਭ ਤੋਂ ਚੰਗਾ ਕੰਮ ADGP ਪ੍ਰਬੋਧ ਕੁਮਾਰ ਦੀ ਅਗਵਾਈ ਵਿੱਚ ਆਈ ਜੀ ਅਰੁਣਪਾਲ ਸਿੰਘ ਅਤੇ SSP ਸਤਿੰਦਰ ਸਿੰਘ ਵੱਲੋਂ ਕੀਤਾ ਗਿਆ। ਉਹਨਾਂ ਇਸ ਮਾਮਲੇ ਵਿੱਚ ਮੋਗੇ ਤੋਂ ਬਹਿਬਲ ਕਲਾਂ ਆ ਕੇ ਕਤਲੇਆਮ ਕਰਨ ਵਾਲੇ SSP ਚਰਨਜੀਤ ਸ਼ਰਮਾਂ ਅਤੇ ਉਸ ਦੇ ਰੀਡਰ ਇੰਸਪੈਕਟਰ ਪ੍ਰਦੀਪ ਸਿੰਘ ਨੂੰ ਮੁੱਖ ਮੁਲਜ਼ਮ ਵੱਜੋਂ ਨਾਮਜ਼ਦ ਕੀਤਾ ਗਿਆ, ਜਿਹੜਾ ਕਿ ਸੱਚ ਦੇ ਬਿਲਕੁਲ ਨੇੜੇ ਸੀ।

ਕੁੰਵਰ ਵਿਜੇ ਪ੍ਰਤਾਪ ਨੇ ਜਾਂਚ ਨੂੰ ਦਿੱਤਾ ਪੁੱਠ ਗੇੜ: ਸੁਖਰਾਜ ਸਿੰਘ ਨੇ ਕਿਹਾ ਕਿ ਇਸ ਤੋਂ ਬਾਅਦ ਇਸ ਮਾਮਲੇ ਦੀ ਤਫ਼ਤੀਸ਼ ਸਾਬਕਾ ਆਈ ਜੀ ਅਤੇ ਮੌਜੂਦਾ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਵੱਲੋਂ ਆਪਣੇ ਸਿਆਸੀ ਮੁਫ਼ਾਦਾਂ ਅਤੇ ਟੀਚਿਆਂ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ ਅਤੇ ਇਸ ਅਧਿਕਾਰੀ/ਸਿਆਸੀ ਨੇਤਾ ਨੇ ਆਪਣੇ ਸਿਆਸੀ ਫ਼ਾਇਦੇ ਲਈ ਪਹਿਲਾ ਹੋਈ ਸਹੀ ਤਫ਼ਤੀਸ਼ ਨੂੰ ਪੁੱਠਾ ਗੇੜਾ ਦਿੰਦੇ ਹੋਏ ਇਸ ਕਤਲੇਆਮ ਦੇ ਮੁੱਖ ਦੋਸ਼ੀਆਂ ਇੰਸਪੈਕਟਰ ਪ੍ਰਦੀਪ ਸਿੰਘ ਅਤੇ SSP ਚਰਨਜੀਤ ਸ਼ਰਮਾਂ ਨੂੰ ਬਚਾਉਣ ਲਈ ਸਾਜ਼ਿਸ਼ ਅਧੀਨ ਮਾਮਲੇ ਦੇ ਮੁੱਖ ਗਵਾਹ ਸੁਹੇਲ ਸਿੰਘ ਬਰਾੜ ਨੂੰ ਗਵਾਹ ਤੋਂ ਮੁਲਜ਼ਮ ਵੱਜੋਂ ਬਦਲ ਦਿੱਤਾ ਗਿਆ ਅਤੇ ਘਟਨਾ ਦੇ ਮੁੱਖ ਮੁਲਜ਼ਮ ਪ੍ਰਦੀਪ ਸਿੰਘ ਨੂੰ ਮੁੱਖ ਮੁਲਜ਼ਮ ਤੋਂ ਮੁੱਖ ਗਵਾਹ ਬਣਾ ਲਿਆ ਅਤੇ ਇਸ ਕੇਸ ਨੂੰ ਖਰਾਬ ਕਰਨ ਦੇ ਮਕਸਦ ਨਾਲ ਕੋਟਕਪੂਰਾ ਥਾਣੇ ਦੇ SHO ਗੁਰਦੀਪ ਸਿੰਘ ਪੰਧੇਰ, DSP ਦਵਿੰਦਰ ਕੁਮਾਰ ਅਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਪਰਮਰਾਜ ਸਿੰਘ ਉਮਰਾਨੰਗਲ ਜਿਹੜੇ ਕਿ ਬਹਿਬਲ ਕਲਾਂ ਆਏ ਹੀ ਨਹੀਂ ਨੂੰ ਇਹਨਾਂ ਨਾਲ ਆਪਣੀ ਨਿੱਜੀ ਕਿੜ ਕੱਢਣ ਲਈ ਬਹਿਬਲ ਕਲਾਂ ਵਿਖੇ ਹਾਜ਼ਰ ਦਿਖਾ ਦਿੱਤਾ। ਗੁਰਦੀਪ ਸਿੰਘ ਪੰਧੇਰ ਦੇ ਮਾਮਲੇ ਵਿੱਚ ਮਾਣਯੋਗ ਹਾਈਕੋਰਟ ਦੇ ਫੈਸਲੇ ਵਿੱਚ ਇਹ ਸਾਬਤ ਵੀ ਹੋ ਗਿਆ।

ਨਾਰਕੋ ਟੈਸਟ ਕਰਵਾਉਣ ਲਈ ਅੱਗੇ ਆਉਣ ਕੁੰਵਰ ਵਿਜੇ ਪ੍ਰਤਾਪ: ਬਹਿਬਲ ਇਨਸਾਫ਼ ਮੋਰਚਾ ਸਰਕਾਰ ਅਤੇ ਮਾਮਲੇ ਦੀ ਤਫ਼ਤੀਸ਼ ਕਰ ਰਹੀ ਜਾਂਚ ਟੀਮ ਤੋਂ ਇਹ ਮੰਗ ਕਰਦਾ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ ਚਰਨਜੀਤ ਸ਼ਰਮਾਂ, ਪ੍ਰਦੀਪ ਸਿੰਘ ਅਤੇ ਬਾਕੀ ਹੱਕੀ ਦੋਸ਼ੀਆਂ ਨੂੰ ਮੁਲਜ਼ਮ ਬਣਾਇਆ ਜਾਵੇ। ਕੁੰਵਰ ਵਿਜੇ ਪ੍ਰਤਾਪ ਜਿਸ ਨੇ ਇਸ ਮਾਮਲੇ ਨੂੰ ਆਪਣੇ ਸਿਆਸੀ ਮੰਤਵ ਲਈ ਵਰਤਿਆ ਹੈ ਅਤੇ ਆਪਣੇ ਸਿਆਸੀ ਪ੍ਰਭਾਵ ਦੀ ਵਰਤੋਂ ਕਰਦੇ ਹੋਏ ਸਰਕਾਰ ਨੂੰ ਬਲੈਕਮੇਲ ਕਰ ਕੇ ਅੰਨੇਵਾਹ ਗੋਲੀਆਂ ਚਲਾ ਕੇ ਦੋ ਸਿੰਘਾਂ ਨੂੰ ਕਤਲ ਕਰਨ ਵਾਲੇ ਬਹਿਬਲ ਕਲਾਂ ਗੋਲੀਕਾਂਡ ਦੇ ਮੁੱਖ ਦੋਸ਼ੀ ਪ੍ਰਦੀਪ ਸਿੰਘ ਨੂੰ ਇੰਸਪੈਕਟਰ ਤੋਂ ਡੀ ਐਸ ਪੀ ਵਜੋਂ ਤਰੱਕੀ ਦਿਵਾਈ ਗਈ ਹੈ। ਇਸ ਦਾ ਨਾਰਕੋ ਟੈਸਟ ਕਰਵਾ ਕੇ ਉਸ 'ਤੇ ਵੀ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮੈਂ ਕੁੰਵਰ ਪ੍ਰਤਾਪ ਨੂੰ ਵੀ ਚੁਣੌਤੀ ਦਿੰਦਾ ਹਾਂ ਕਿ ਜੇਕਰ ਉਹ ਸੱਚੇ ਹਨ ਅਤੇ ਮੇਰੇ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਝੂਠ ਮੰਨਦੇ ਹਨ ਤਾਂ ਉਹ ਸਵੈ ਇੱਛਾ ਨਾਲ ਅੱਗੇ ਆ ਕੇ ਆਪਣਾ ਨਾਰਕੋ ਟੈਸਟ ਕਰਵਾਉਣ ਤਾਂ ਜੋ ਪੰਥਕ ਅਤੇ ਪੰਜਾਬ ਦੇ ਲੋਕਾਂ ਨੂੰ ਸੱਚਾਈ ਦਾ ਪਤਾ ਲੱਗ ਸਕੇ ।

ETV Bharat Logo

Copyright © 2024 Ushodaya Enterprises Pvt. Ltd., All Rights Reserved.