ETV Bharat / state

ਕੌਮਾਂਤਰੀ ਮਾਂ ਬੋਲੀ ਦਿਵਸ: ਸਰਕਾਰਾਂ ਅਤੇ ਭਾਸ਼ਾ ਪ੍ਰੇਮੀਆਂ ਦੀ ਸਖ਼ਤੀ ਦੇ ਬਾਵਜੂਦ ਵੀ ਪੰਜਾਬੀ ਭਾਸ਼ਾ ਨੂੰ ਪਹਿਲੇ ਨੰਬਰ 'ਤੇ ਰੱਖਣ 'ਚ ਹੋਏ ਫੇਲ੍ਹ !

author img

By ETV Bharat Punjabi Team

Published : Feb 21, 2024, 10:40 AM IST

ਕੌਮਾਂਤਰੀ ਮਾਂ ਬੋਲੀ ਦਿਵਸ
ਕੌਮਾਂਤਰੀ ਮਾਂ ਬੋਲੀ ਦਿਵਸ

ਕੌਮਾਂਤਰੀ ਮਾਂ ਬੋਲੀ ਦਿਵਸ ਵਿਸ਼ਵ ਭਰ 'ਚ ਮਨਾਇਆ ਜਾ ਰਿਹਾ ਹੈ, ਜਿਸ ਦੇ ਚੱਲਦੇ ਲੁਧਿਆਣਾ 'ਚ ਵੀ ਪੰਜਾਬੀ ਮਾਂ ਬੋਲੀ ਦਿਵਸ ਵਜੋਂ ਸੈਮੀਨਾਰ ਕਰਵਾਇਆ ਗਿਆ। ਜਿਸ 'ਚ ਵੱਡੇ-ਵੱਡੇ ਸਾਹਿਤਕਾਰ ਅਤੇ ਭਾਸ਼ਾ ਪ੍ਰੇਮੀ ਸ਼ਾਮਲ ਹੋਏ।

ਕੌਮਾਂਤਰੀ ਮਾਂ ਬੋਲੀ ਦਿਵਸ

ਲੁਧਿਆਣਾ: ਅੱਜ ਪੂਰੇ ਵਿਸ਼ਵ ਭਰ ਦੇ ਵਿੱਚ ਪੰਜਾਬੀ ਮਾਂ ਬੋਲੀ ਦਿਵਸ ਮਨਾਇਆ ਜਾ ਰਿਹਾ ਹੈ। ਪੰਜਾਬੀ ਮਾਂ ਬੋਲੀ ਦਿਵਸ ਨੂੰ ਲੈ ਕੇ ਲੁਧਿਆਣਾ ਦੇ ਵਿੱਚ ਵਿਸ਼ੇਸ਼ ਸੈਮੀਨਾਰ ਅਤੇ ਹੋਰ ਸਮਾਗਮ ਵੀ ਕਰਵਾਏ ਜਾ ਰਹੇ ਹਨ। ਇਸੇ ਦੇ ਤਹਿਤ ਆਪਣਾ ਪੰਜਾਬ ਫਾਊਂਡੇਸ਼ਨ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕੌਮਾਂਤਰੀ ਦਿਹਾੜੇ ਮੌਕੇ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਭਾਸ਼ਾ ਪ੍ਰੇਮੀ, ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਅਤੇ ਖਾਸ ਕਰਕੇ ਪੰਜਾਬੀ ਦੇ ਸਾਹਿਤਕਾਰ ਇਸ ਦੌਰਾਨ ਸ਼ਾਮਿਲ ਹੋਏ। ਇਸ 'ਚ ਵਿਸ਼ੇਸ਼ ਤੌਰ 'ਤੇ ਪੰਜਾਬੀ ਦੇ ਉੱਘੇ ਕਵੀ ਸੁਰਜੀਤ ਪਾਤਰ ਇਸ ਮੌਕੇ ਪੁੱਜੇ ਹੋਏ ਸਨ।

ਪੰਜਾਬੀ ਮਾਂ ਬੋਲੀ ਨੂੰ ਲੈਕੇ ਸੈਮੀਨਾਰ: ਇਸ ਦੌਰਾਨ ਪੰਜਾਬੀ ਮਾਂ ਬੋਲੀ 'ਤੇ ਚਿੰਤਾ ਪ੍ਰਗਟ ਕਰਦਿਆਂ ਭਾਸ਼ਾ ਵਿਗਿਆਨੀਆਂ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸਾਹਿਤਕਾਰਾਂ ਨੇ ਕਿਹਾ ਕਿ ਅੱਜ ਪੰਜਾਬੀ ਮਾਂ ਬੋਲੀ ਨੂੰ ਸਾਡੀ ਨੌਜਵਾਨ ਪੀੜੀ ਵਿਸਾਰਦੀ ਜਾ ਰਹੀ ਹੈ ਜੋ ਕਿ ਇੱਕ ਵੱਡਾ ਚਿੰਤਾ ਦਾ ਵਿਸ਼ਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ ਸਾਡੀ ਨੌਜਵਾਨ ਪੀੜੀ ਵਿਦੇਸ਼ਾਂ ਦਾ ਰੁੱਖ ਕਰ ਰਹੀ ਹੈ। ਜਦੋਂ ਕਿ ਸਾਡੇ ਸ਼ਹੀਦਾਂ ਨੇ ਆਪਣੇ ਪੰਜਾਬ ਦੇ ਲਈ ਆਪਣੇ ਦੇਸ਼ ਦੇ ਲਈ ਆਪਣੀਆਂ ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜ਼ਾਦੀ ਦਵਾਈ ਸੀ।

ਪੜਾਈ ਦੇ ਨਾਲ ਕਿੱਤਾ ਮੁਖੀ ਹੋਵੇ ਪੰਜਾਬੀ: ਇਸ ਦੌਰਾਨ ਪੰਜਾਬੀ ਰੇਡੀਓ ਟੋਰਂਟੋ ਤੋਂ ਡਾਇਰੈਕਟਰ ਸਤਿੰਦਰ ਪਾਲ ਸਿੰਘ ਨੇ ਕਿਹਾ ਕਿ ਜਿੰਨੀ ਦੇਰ ਤੱਕ ਅਸੀਂ ਪੰਜਾਬੀ ਭਾਸ਼ਾ ਨੂੰ ਪੜ੍ਹਾਈ ਦੇ ਨਾਲ-ਨਾਲ ਕਿੱਤਾ ਮੁਖੀ ਨਹੀਂ ਬਣਾਉਂਦੇ, ਉਦੋਂ ਤੱਕ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਕੈਨੇਡਾ ਦੇ ਵਿੱਚ ਪਾਰਲੀਮੈਂਟ ਦੇ ਅੰਦਰ ਵੀ ਪੰਜਾਬੀ ਭਾਸ਼ਾ ਤੀਜੇ ਨੰਬਰ 'ਤੇ ਹੈ। ਕੈਨੇਡਾ ਦੀ ਏਅਰਪੋਰਟ ਅਤੇ ਜਨਤਕ ਥਾਵਾਂ 'ਤੇ ਪੰਜਾਬੀ ਨੂੰ ਤਰਜੀਹ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਕਿ ਪੰਜਾਬੀ ਦੇ ਵਿਸ਼ੇ ਨੂੰ ਲਾਜ਼ਮੀ ਬਣਾਉਣਾ ਚਾਹੀਦਾ ਹੈ, ਯੂਨੀਵਰਸਿਟੀ ਦੇ ਵਿੱਚ ਵੀ ਪੰਜਾਬੀ ਨੂੰ ਪਹਿਲ ਦੇਣੀ ਚਾਹੀਦੀ ਹੈ।

ਖੁਦ ਦੇ ਘਰ ਤੋਂ ਸ਼ੁਅਆਤ ਕਰਨ ਦੀ ਲੋੜ: ਦੂਜੇ ਪਾਸੇ ਉੱਗੇ ਸਮਾਜ ਸੇਵੀ ਅਤੇ ਪੰਜਾਬੀ ਮਾਂ ਬੋਲੀ ਪ੍ਰੇਮੀ ਕੁਲਵੰਤ ਸਿੰਘ ਨੇ ਕਿਹਾ ਕਿ ਅਸੀਂ ਸਰਕਾਰਾਂ ਨੂੰ ਦੋਸ਼ ਦੇਣ ਨਾਲੋਂ ਪਹਿਲਾਂ ਆਪਣੇ ਵੱਲ ਝਾਤੀ ਮਾਰੀਏ ਕਿ ਅਸੀਂ ਆਪਣੇ ਘਰ ਦੇ ਵਿੱਚ ਕਿੰਨੀ ਕੁ ਪੰਜਾਬੀ ਬੋਲਦੇ ਹਾਂ। ਉਹਨਾਂ ਕਿਹਾ ਕਿ ਸੈਮੀਨਾਰ ਦੇ ਵਿੱਚ ਜਦੋਂ ਉਹਨਾਂ ਨੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਅਧਿਆਪਕਾਂ ਨੂੰ ਪੁੱਛਿਆ ਕਿ ਕੀ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹਿਆ ਹੈ ਕਿ ਨਹੀਂ ਤਾਂ ਉਹਨਾਂ ਵਿੱਚੋਂ ਕੁਝ ਨੇ ਹੀ ਹੱਥ ਖੜੇ ਕੀਤੇ। ਉਹਨਾਂ ਕਿਹਾ ਕਿ ਇਸ ਤੋਂ ਮਾੜੀ ਗੱਲ ਹੋਰ ਕੀ ਹੋ ਸਕਦੀ ਹੈ। ਉਹਨਾਂ ਕਿਹਾ ਜਦੋਂ ਕਿ ਵਿਦੇਸ਼ੀ ਗੁਰੂ ਗ੍ਰੰਥ ਸਾਹਿਬ ਨੂੰ ਨਾ ਸਿਰਫ ਅੰਗਰੇਜ਼ੀ 'ਚ ਪੜ੍ਹ ਚੁੱਕੇ ਹਨ ਸਗੋਂ ਉਹਨਾਂ ਨੇ ਵਿਸ਼ੇਸ਼ ਤੌਰ 'ਤੇ ਇਸ ਨੂੰ ਪੰਜਾਬੀ ਦੇ ਵਿੱਚ ਵੀ ਪੜ੍ਹਿਆ ਹੈ ਤਾਂ ਜੋ ਇਸ ਨੂੰ ਜਾਣ ਸਕਣ।

ਵਿਰਸੇ ਅਤੇ ਸੱਭਿਆਚਾਰ ਨਾਲ ਜੁੜਨ ਦੀ ਲੋੜ: ਉਹਨਾਂ ਕਿਹਾ ਕਿ ਸਾਨੂੰ ਖੁਦ ਨੂੰ ਇਸ ਦੀ ਸ਼ੁਰੂਆਤ ਕਰਨੀ ਪਵੇਗੀ, ਅਸੀਂ ਗੱਲਾਂ ਤਾਂ ਬਹੁਤ ਕਰਦੇ ਹਾਂ ਪਰ ਜ਼ਮੀਨੀ ਪੱਧਰ 'ਤੇ ਇਸ ਸਬੰਧੀ ਕੰਮ ਨਹੀਂ ਕੀਤੇ ਜਾਂਦੇ। ਉਹਨਾਂ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਪੰਜਾਬੀ ਦਾ ਗਿਆਨ ਦੇਣ ਦੀ ਲੋੜ ਹੈ, ਪੰਜਾਬੀ ਭਾਸ਼ਾ ਨਾਲ ਜੋੜਨ ਦੀ ਲੋੜ ਹੈ। ਜੇਕਰ ਅਸੀਂ ਆਪਣੇ ਘਰ ਤੋਂ ਹੀ ਇਸ ਦੀ ਸ਼ੁਰੂਆਤ ਕਰਾਂਗੇ ਤਾਂ ਫਿਰ ਪੰਜਾਬੀ ਨੂੰ ਕੋਈ ਵੀ ਪਿੱਛੇ ਨਹੀਂ ਧੱਕ ਸਕਦਾ। ਉਹਨਾਂ ਕਿਹਾ ਕਿ ਲੋੜ ਹੈ ਸਾਨੂੰ ਅੱਜ ਆਪਣੇ ਵਿਰਸੇ ਦੇ ਨਾਲ ਜੁੜਨ ਦੀ ਅਤੇ ਆਪਣੇ ਸੱਭਿਆਚਾਰ ਦੇ ਨਾਲ ਜੁੜਨ ਦੀ ਕਿਉਂਕਿ ਅਸੀਂ ਵਿਦੇਸ਼ਾਂ ਦੇ ਵਿੱਚ ਬੈਠੇ ਹਾਂ, ਪਰ ਸਾਨੂੰ ਆਪਣੇ ਪੰਜਾਬ ਦੇ ਨਾਲ ਪਿਆਰ ਹੈ। ਅਸੀਂ ਆਪਣੀ ਪੰਜਾਬੀ ਮਾਂ ਬੋਲੀ ਲਈ ਜਿੰਦੇ ਹਾਂ, ਇਸੇ ਕਰਕੇ ਅਸੀਂ ਇਸ ਦੀ ਲਗਾਤਾਰ ਵਕਾਲਤ ਕਰ ਰਹੇ ਹਾਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.