ETV Bharat / state

ਲੁਧਿਆਣਾ ਦੇ ਵਿੱਚ ਨਹੀਂ ਵਿਖਾਈ ਦਿੱਤਾ ਭਾਰਤ ਬੰਦ ਦਾ ਅਸਰ, ਰੋਜ਼ਾਨਾ ਵਾਂਗ ਖੁੱਲੀਆਂ ਦੁਕਾਨਾਂ ਤੇ ਸਕੂਲ ਜਾ ਰਹੇ ਬੱਚੇ

author img

By ETV Bharat Punjabi Team

Published : Feb 16, 2024, 12:03 PM IST

ਭਾਰਤ ਬੰਦ ਦਾ ਸੱਦਾ
ਭਾਰਤ ਬੰਦ ਦਾ ਸੱਦਾ

ਦੇਸ਼ ਭਰ 'ਚ ਕਿਸਾਨਾਂ ਨੇ ਭਾਰਤ ਬੰਦ ਦਾ ਸੱਦਾ ਦਿੱਤਾ ਹੋਇਆ ਤਾਂ ਉਥੇ ਹੀ ਲੁਧਿਆਣਾ 'ਚ ਇਸ ਬੰਦ ਦਾ ਕੋਈ ਅਸਰ ਨਹੀਂ ਦਿਖਾਈ ਦਿੱਤਾ। ਇਸ ਦੌਰਾਨ ਜਿਥੇ ਦੁਕਾਨਾਂ ਖੁੱਲ੍ਹੀਆਂ ਮਿਲੀਆਂ ਤਾਂ ਉਥੇ ਹੀ ਆਵਾਜ਼ਾਈ ਵੀ ਆਮ ਦਿਨਾਂ ਵਾਂਗ ਚੱਲਦੀ ਦੇਖੀ ਗਈ।

ਲੁਧਿਆਣਾ 'ਚ ਨਹੀਂ ਹੈ ਭਾਰਤ ਬੰਦ

ਲੁਧਿਆਣਾ: ਵੱਖ ਵੱਖ ਮਜ਼ਦੂਰ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਜਿੱਥੇ ਅੱਜ ਪੂਰੇ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ। ਉੱਥੇ ਹੀ ਅੱਜ ਲੁਧਿਆਣਾ ਦੇ ਵਿੱਚ ਜੇਕਰ ਭਾਰਤ ਬੰਦ ਦੇ ਅਸਰ ਦੀ ਗੱਲ ਕੀਤੀ ਜਾਵੇ ਤਾਂ ਬਹੁਤਾ ਵਿਖਾਈ ਨਹੀਂ ਦੇ ਰਿਹਾ ਹੈ। ਰੋਜ਼ਾਨਾ ਦੇ ਵਾਂਗ ਦੁਕਾਨਾਂ ਵੀ ਖੁੱਲ੍ਹੀਆਂ ਹਨ ਅਤੇ ਸਕੂਲ ਦੇ ਬੱਚੇ ਸਕੂਲ ਵੀ ਜਾ ਰਹੇ ਹਨ। ਲੁਧਿਆਣਾ ਵਿੱਚ ਜ਼ਿਆਦਾਤਰ ਸਕੂਲ ਵੀ ਖੁੱਲ੍ਹੇ ਹਨ ਅਤੇ ਦੁਕਾਨਾਂ ਬਾਜ਼ਾਰ ਆਦਿ ਵੀ ਆਮ ਦਿਨਾਂ ਵਾਂਗ ਚੱਲ ਰਹੇ ਹਨ। ਹਾਲਾਂਕਿ ਦੁਕਾਨਾਂ 'ਤੇ ਗ੍ਰਾਹਕ ਘੱਟ ਹਨ ਅਤੇ ਲੋਕਾਂ ਨੇ ਘਰੋਂ ਘੱਟ ਨਿਕਲਣ ਦਾ ਫੈਸਲਾ ਕੀਤਾ ਹੈ, ਪਰ ਇਸ ਦੇ ਬਾਵਜੂਦ ਬਾਜ਼ਾਰਾਂ ਦੇ ਵਿੱਚ ਪੂਰੀ ਰੌਣਕ ਵਿਖਾਈ ਦੇ ਰਹੀ ਹੈ। ਸਾਡੀ ਟੀਮ ਵੱਲੋਂ ਜਦੋਂ ਜਾਇਜ਼ਾ ਲਿਆ ਗਿਆ ਤਾਂ ਲੁਧਿਆਣਾ ਦੇ ਚੌੜਾ ਬਾਜ਼ਾਰ ਘੰਟਾਘਰ ਚੌਂਕ ਦੇ ਵਿੱਚ ਦੁਕਾਨਾਂ ਖੁੱਲ੍ਹੀਆਂ ਸਨ ਅਤੇ ਆਵਾਜਾਈ ਵੀ ਆਮ ਦਿਨਾਂ ਵਾਂਗ ਚੱਲ ਰਹੀ ਸੀ।

ਕਿਸਾਨਾਂ ਦੇ ਨਾਲ ਤੇ ਕੇਂਦਰ ਨੂੰ ਕਰਨਾ ਚਾਹੀਦਾ ਹੱਲ: ਅੱਜ ਬੰਦ ਨੇ ਸਮਰਥਨ ਦੇ ਵਿੱਚ ਸਰਕਾਰੀ ਬੱਸਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਕਰਕੇ ਲੋਕਾਂ ਦੀ ਆਵਾਜਾਈ ਵੀ ਥੋੜੀ ਘੱਟ ਹੋਈ ਹੈ ਪਰ ਦੁਕਾਨਦਾਰਾਂ ਨੇ ਕਿਹਾ ਹੈ ਕਿ ਅਸੀਂ ਕਿਸਾਨਾਂ ਨੂੰ ਤਾਂ ਸਮਰਥਨ ਦਿੰਦੇ ਹਾਂ ਪਰ ਦੁਕਾਨਾਂ ਬੰਦ ਕਰਨ ਦੇ ਨਾਲ ਇਸ ਦਾ ਹੱਲ ਨਹੀਂ ਹੈ। ਉਹਨਾਂ ਦੀ ਲੜਾਈ ਸਰਕਾਰ ਦੇ ਨਾਲ ਹੈ, ਸਰਕਾਰ ਨੂੰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਦੇ ਮਸਲੇ ਹੱਲ ਹੋਣੇ ਚਾਹੀਦੇ ਹਨ। ਦੁਕਾਨਦਾਰਾਂ ਨੇ ਕਿਹਾ ਕਿ ਜ਼ਿਆਦਾਤਰ ਅਸਰ ਪੇਂਡੂ ਇਲਾਕੇ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਸ਼ਹਿਰਾਂ ਦੇ ਵਿੱਚ ਇਸ ਦਾ ਕੋਈ ਜਿਆਦਾ ਅਸਰ ਨਹੀਂ ਹੈ।

ਬੰਦ ਨਾਲ ਦੁਕਾਨਦਾਰਾਂ ਨੂੰ ਹੋ ਰਿਹਾ ਭਾਰੀ ਨੁਕਸਾਨ: ਦੁਕਾਨਦਾਰਾਂ ਨੇ ਕਿਹਾ ਕਿ ਕਿਸਾਨ ਬੰਦ ਦਾ ਸੱਦਾ ਤਾਂ ਦੇ ਰਹੇ ਹਨ ਪਰ ਇਸ ਬੰਦ ਦੇ ਨਾਲ ਉਹਨਾਂ ਨੂੰ ਨੁਕਸਾਨ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਇੱਕ ਦਿਨ ਦੀ ਦੁਕਾਨ ਦਾ ਕਿਰਾਇਆ ਤਿੰਨ ਤੋਂ ਚਾਰ ਹਜ਼ਾਰ ਹੈ। ਇਸ ਤੋਂ ਇਲਾਵਾ ਜੋ ਵਰਕਰ ਰੱਖੇ ਹਨ, ਉਹਨਾਂ ਦੀਆਂ ਇੱਕ ਦਿਨ ਦੀ ਦਿਹਾੜੀ 700 ਤੋਂ ਲੈ ਕੇ 1000 ਰੁਪਏ ਤੱਕ ਦੀ ਹੈ। ਜਿਸ ਨਾਲ ਉਹਨਾਂ ਨੂੰ ਸਿੱਧਾ ਨੁਕਸਾਨ ਹੁੰਦਾ ਹੈ, ਉਹਨਾਂ ਨੇ ਕਿਹਾ ਕਿ ਇਹ ਨੁਕਸਾਨ ਅਸੀਂ ਨਹੀਂ ਝੱਲ ਸਕਦੇ। ਉੱਥੇ ਹੀ ਕੁਝ ਦੁਕਾਨਦਾਰਾਂ ਨੇ ਕਿਹਾ ਕਿ ਸਾਨੂੰ ਅੱਜ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਸੀ। ਉਹਨਾਂ ਨੇ ਕਿਹਾ ਜੇਕਰ ਪੰਜਾਬ ਹੀ ਪੰਜਾਬ ਦੇ ਕਿਸਾਨਾਂ ਨਾਲ ਨਹੀਂ ਖੜੇਗਾ ਤਾਂ ਬਾਕੀ ਦੇਸ਼ ਦੇ ਲੋਕ ਕਿਉਂ ਖੜਨਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.