ETV Bharat / state

ਗਊ ਸੈੱਸ ਕਿੱਥੇ ਗਿਆ ? ਕਰੋੜਾਂ ਰੁਪਏ ਇੱਕਠੇ ਹੋਏ, ਨਗਰ ਨਿਗਮ ਕੋਲ ਪਹੁੰਚੇ ਹੀ ਨਹੀਂ ! RTI 'ਚ ਹੈਰਾਨੀਜਨਕ ਖੁਲਾਸੇ

author img

By ETV Bharat Punjabi Team

Published : Feb 6, 2024, 12:18 PM IST

RTI On Cow Cess Collection: ਸਾਲ 2022-23 'ਚ ਬਿਜਲੀ, ਸੀਮਿੰਟ, ਅੰਗਰੇਜ਼ੀ ਅਤੇ ਦੇਸੀ ਸ਼ਰਾਬ 'ਤੇ ਗਊ ਸੈੱਸ ਵਸੂਲਣ ਤੋਂ ਬਾਅਦ ਵੀ ਨਗਰ ਨਿਗਮ ਬਠਿੰਡਾ ਕੋਲ ਇੱਕ ਰੁਪਿਆ ਵੀ ਜਮਾਂ ਨਹੀਂ ਹੋਇਆ। ਸਵਾਲ ਖੜ੍ਹੇ ਹੋ ਰਹੇ ਹਨ ਕਿ ਇਹ ਪੈਸੇ ਆਖਿਰ ਕਿੱਥੇ ਗਏ? ਇਸ ਤੋਂ ਇਲਾਵਾ, ਅਵਾਰਾ ਪਸ਼ੂ ਅਜੇ ਵੀ ਸੜਕਾਂ ਉੱਤੇ ਅਵਾਰਾ ਘੁੰਮ ਰਹੇ ਹਨ, ਆਖਰ ਨਗਰ ਨਿਗਮ ਵਲੋਂ ਸਾਲ 2022-23 ਵਿੱਚ ਵੱਖ-ਵੱਖ ਗਊ ਸ਼ੈਲਟਰਾਂ ਨੂੰ ਦਿੱਤੇ ਕਰੀਬ 2.91 ਕਰੋੜ ਰੁਪਏ ਕਿੱਥੇ ਲਾਏ ਗਏ? ਅਜਿਹੇ ਖੁਲਾਸੇ ਆਰਟੀਆਈ ਐਕਟੀਵਿਸਟ ਸੰਜੀਵ ਗੋਇਲ ਨੇ ਕੀਤੇ ਹਨ, ਵੇਖੋ ਈਟੀਵੀ ਭਾਰਤ ਦੀ ਸਪੈਸ਼ਲ ਰਿਪੋਰਟ।

RTI On Cow Cess Collection
RTI On Cow Cess Collection

ਗਊ ਸੈੱਸ ਕਿੱਥੇ ਗਿਆ ?

ਬਠਿੰਡਾ: ਸ਼ਹਿਰ ਵਿੱਚ ਬੇਸਹਾਰਾ ਘੁੰਮ ਰਹੇ ਗਊ ਵੰਸ਼ ਦੀ ਦੇਖਰੇਖ ਲਈ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਗਊ ਸੈਸ ਲਗਾਇਆ ਜਾਂਦਾ ਹੈ, ਪਰ ਬਠਿੰਡਾ ਦੇ ਆਰਟੀਆਈ ਐਕਟੀਵਿਸਟ ਨੇ ਖੁਲਾਸਾ ਕੀਤਾ ਹੈ ਕਿ 2,48,23,065.00 ਰੁਪਏ (ਕਰੀਬ 2.5 ਕਰੋੜ ਰੁਪਏ) ਸਾਲ 2022-23 ਵਿੱਚ ਗਊ ਸੈੱਸ ਵਜੋਂ ਨਗਰ ਨਿਗਮ ਕੋਲ ਜਮ੍ਹਾਂ ਕਰਵਾਏ ਗਏ ਹਨ, ਜਦਕਿ ਬਿਜਲੀ, ਸੀਮਿੰਟ, ਅੰਗਰੇਜ਼ੀ ਅਤੇ ਦੇਸੀ ਸ਼ਰਾਬ ਉੱਤੇ ਵਸੂਲੇ ਗਏ ਗਊ ਸੈੱਸ ਵਿੱਚੋਂ ਇੱਕ ਵੀ ਰੁਪਿਆ ਵਸੂਲਿਆ ਨਗਰ ਨਿਗਮ ਨੂੰ ਨਹੀਂ ਪਹੁੰਚਿਆ ਹੈ, ਆਖਿਰ ਇਹ ਪੈਸਾ ਕਿੱਥੇ ਗਿਆ ਹੈ।

ਨਗਰ ਨਿਗਮ ਦੇ ਹੱਥ ਖਾਲੀ ! : ਆਰਟੀਆਈ ਐਕਟੀਵਿਸਟ ਸੰਜੀਵ ਗੋਇਲ ਨੇ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦਿਆ ਕਈ ਹੈਰਾਨੀਜਨਕ ਖੁਲਾਸੇ ਕੀਤੇ ਹਨ। ਆਮ ਲੋਕਾਂ ਵੱਲੋਂ ਬਿਜਲੀ ਦੇ ਬਿੱਲ, ਸੀਮਿੰਟ, ਅੰਗਰੇਜ਼ੀ ਅਤੇ ਦੇਸੀ ਸ਼ਰਾਬ ਆਦਿ 'ਤੇ ਵੀ ਗਊ ਸੈੱਸ ਦਾ ਭੁਗਤਾਨ ਕੀਤਾ ਜਾਂਦਾ ਹੈ, ਪਰ ਉਹ ਗਊ ਸੈੱਸ ਸਾਲ 2022-23 'ਚ ਵੀ ਨਗਰ ਨਿਗਮ ਬਠਿੰਡਾ ਕੋਲ ਜਮ੍ਹਾਂ ਹੀ ਨਹੀਂ ਕਰਵਾਇਆ ਗਿਆ, ਜੇਕਰ ਸੈੱਸ ਸਹੀ ਥਾਂ 'ਤੇ ਜਮ੍ਹਾਂ ਨਹੀਂ ਕਰਵਾਇਆ ਗਿਆ, ਤਾਂ ਫਿਰ ਕਈ ਤਰ੍ਹਾਂ ਦੇ ਸਵਾਲ ਜ਼ਹਿਨ ਵਿੱਚ ਉੱਠਦੇ ਹਨ ਕਿ ਲੋਕਾਂ ਵੱਲੋਂ ਅਦਾ ਕੀਤਾ ਗਊ ਸੈੱਸ ਕਿਸ ਕੋਲ ਹੈ ਅਤੇ ਇਹ ਸਮੇਂ ਸਿਰ ਜਮ੍ਹਾਂ ਕਿਉਂ ਨਹੀਂ ਕੀਤਾ ਜਾਂਦਾ? ਜੇਕਰ ਲੋਕਾਂ ਤੋਂ ਗਊ-ਸੈੱਸ ਵਜੋਂ ਲੱਖਾਂ/ਕਰੋੜਾਂ ਰੁਪਏ ਇਕੱਠੇ ਕੀਤੇ ਜਾਂਦੇ ਹਨ ਅਤੇ ਜਮ੍ਹਾਂ ਨਹੀਂ ਕਰਵਾਏ ਜਾਂਦੇ ਹਨ, ਤਾਂ ਕਿਸੇ ਵੱਡੇ ਘਪਲੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਅਤੇ ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।

RTI On Cow Cess Collection
ਕਿੰਨਾ ਗਊ ਸੈੱਸ ਇੱਕਠਾ ਹੋਇਆ

ਕਿੰਨਾ ਗਊ ਸੈੱਸ ਇੱਕਠਾ ਹੋਇਆ ਤੇ ਕਿੰਨਾ ਵੰਡਿਆ: ਆਰ.ਟੀ.ਆਈ. ਐਕਟੀਵਿਸਟ ਸੰਜੀਵ ਗੋਇਲ ਨੇ ਕਿਹਾ ਕਿ ਗਊ-ਧਨ ਅਤੇ ਆਵਾਰਾ ਪਸ਼ੂਆਂ ਦੀ ਜਾਣਕਾਰੀ ਲੈਣ ਸਬੰਧੀ ਦਰਖਾਸਤ ਨਗਰ ਨਿਗਮ ਬਠਿੰਡਾ ਨੂੰ 17 ਫਰਵਰੀ 2023 ਨੂੰ ਦਿੱਤੀ ਗਈ ਸੀ, ਪਰ ਨਗਰ ਨਿਗਮ ਬਠਿੰਡਾ ਦੇ ਸਬੰਧਤ ਲੋਕ ਸੂਚਨਾ ਅਫ਼ਸਰ ਨੇ 30 ਦਿਨਾਂ ਦੇ ਅੰਦਰ-ਅੰਦਰ ਸੂਚਨਾ ਦੇਣ ਦੀ ਬਜਾਏ ਲਗਭਗ 1 ਸਾਲ ਬਾਅਦ ਆਰਟੀਆਈ ਦਾ ਜਵਾਬ ਦਿੱਤਾ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਨਗਰ ਨਿਗਮ ਬਠਿੰਡਾ ਵਿੱਚ ਸਾਲ 2022-23 ਵਿੱਚ 2,48,23,065.00 ਰੁਪਏ (ਲਗਭਗ 2.5 ਕਰੋੜ) ਦਾ ਗਊ ਸੈੱਸ ਜਮ੍ਹਾਂ ਹੋ ਚੁੱਕਾ ਹੈ ਅਤੇ ਨਗਰ ਨਿਗਮ ਨੇ ਇਸ ਸਬੰਧੀ ਵੱਖਰੇ ਪ੍ਰਬੰਧ ਕੀਤੇ ਹਨ। ਸਾਲ 2022-23 ਵੱਖ-ਵੱਖ (RTI On Cow Cess) ਗਊਆਂ ਦੇ ਆਸਰਾ-ਘਰਾਂ ਨੂੰ 2,91,75,916.00 ਰੁਪਏ (2.91 ਕਰੋੜ ਰੁਪਏ ਤੋਂ ਵੱਧ, ਪਿਛਲਾ ਬਕਾਇਆ ਜੋੜ ਕੇ) ਦਿੱਤੇ ਗਏ ਹਨ। ਸਾਲ 2023 ਵਿੱਚ ਨਗਰ ਨਿਗਮ ਬਠਿੰਡਾ ਵੱਲੋਂ 2258 ਅਵਾਰਾ/ਬੇਸਹਾਰਾ ਪਸ਼ੂਆਂ ਨੂੰ ਫੜ ਕੇ ਵੱਖ-ਵੱਖ ਗਊ ਸ਼ੈਲਟਰਾਂ ਵਿੱਚ ਭੇਜਿਆ ਗਿਆ ਹੈ। ਗੋਇਲ ਨੇ ਕਿਹਾ ਕਿ ਜਦਕਿ, ਗਊ ਸੈੱਸ ਬਿਜਲੀ, ਸੀਮਿੰਟ, ਅੰਗਰੇਜ਼ੀ ਅਤੇ ਦੇਸੀ ਸ਼ਰਾਬ ਉੱਤੇ ਵੀ ਲਾਇਆ ਜਾਂਦਾ ਹੈ, ਜੋ ਕਿ ਨਗਰ ਨਿਗਮ ਤੱਕ ਪਹੁੰਚਿਆਂ ਹੀ ਨਹੀਂ ਹੈ, ਆਖਿਰ ਇਹ ਪੈਸਾ ਕਿੱਥੇ ਗਿਆ ਹੈ?

ਆਰ.ਟੀ.ਆਈ ਪ੍ਰਾਪਤ ਜਾਣਕਾਰੀ ਅਨੁਸਾਰ ਸਾਲ 2022-23 ਵਿੱਚ ਗਊ ਰੱਖਿਅਕਾਂ ਨੂੰ ਦਿੱਤੀ ਗਈ ਰਾਸ਼ੀ ਦੇ ਅੰਕੜੇ ਇਸ ਪ੍ਰਕਾਰ ਹਨ:-

ਗਊ ਸ਼ੈੱਡਾਂ ਨੂੰ ਇਸ ਤਰੀਕੇ ਨਾਲ ਰਾਸ਼ੀ ਦਿੱਤੀ ਗਈ ਹੈ:-

1. ਸੰਤ ਬਾਬਾ ਜਮੀਤ ਜੀ ਚੈਰੀਟੇਬਲ ਟਰੱਸਟ, ਲੋਪੋ, ਜਿਲਾ ਮੋਗਾ ਨੂੰ ਕੁੱਲ ਰਕਮ 13,57,992/- ਰੁਪਏ (13.5 ਲੱਖ ਰੁਪਏ ਤੋਂ ਵੱਧ)

2. ਜ਼ਿਲ੍ਹਾ ਪਸ਼ੂ ਭਲਾਈ ਸੁਸਾਇਟੀ, ਹਰਰਾਏਪੁਰ ਗਊਸ਼ਾਲਾ (ਬਠਿੰਡਾ)।

  • ਮਿਤੀ: 11.05.2022 ਨੂੰ ਰੁ. 29,41,596 /-
  • ਮਿਤੀ: 06.10.2022 ਨੂੰ ਰੁਪਏ. 22,66,772 /-
  • ਮਿਤੀ: 04.01.2023 ਨੂੰ ਰੁਪਏ. 15,08,290 /-
  • ਮਿਤੀ: 02.02.2023 ਨੂੰ ਰੁਪਏ. 14,11,200 /-
  • ਕੁੱਲ ਰਕਮ 81,27,858/- ਰੁਪਏ (81 ਲੱਖ, 27 ਹਜ਼ਾਰ ਰੁਪਏ ਤੋਂ ਵੱਧ)
RTI On Cow Cess Collection
ਆਰ.ਟੀ.ਆਈ. ਐਕਟੀਵਿਸਟ ਸੰਜੀਵ ਗੋਇਲ

3. ਸ਼੍ਰੀ ਬੰਸੀਧਰ ਗਊਸ਼ਾਲਾ ਭੀਸੀਆਣਾ

  • ਮਿਤੀ: 02.02.2023 ਨੂੰ ਕੁੱਲ ਰਕਮ 05,94,760/- ਰੁਪਏ (05 ਲੱਖ, 94 ਹਜ਼ਾਰ ਰੁਪਏ ਤੋਂ ਵੱਧ)

4. ਸ਼੍ਰੀ ਰੂਮੀ ਸਾਹਿਬ ਗਊਸ਼ਾਲਾ, ਭੁੱਚੋ ਕਲਾਂ (ਬਠਿੰਡਾ)

  • ਮਿਤੀ: 04.01.2023 ਨੂੰ ਕੁੱਲ ਰਕਮ: 11,77,402 ਰੁਪਏ (11 ਲੱਖ, 77 ਹਜ਼ਾਰ ਰੁਪਏ ਤੋਂ ਵੱਧ)

5. ਸ਼੍ਰੀ ਗਊਸ਼ਾਲਾ (ਰਜਿ.) ਸਿਰਕੀ ਬਜ਼ਾਰ, ਬਠਿੰਡਾ

  • ਮਿਤੀ: 12.05.2022 ਨੂੰ ਰੁਪਏ 52,77,860 /-
  • ਮਿਤੀ: 06.10.2022 ਨੂੰ ਰੁਪਏ 57,23,892/-
  • ਮਿਤੀ: 30.12.2022 ਨੂੰ ਰੁਪਏ 06,95,652/-
  • ਮਿਤੀ: 09.02.2023 ਨੂੰ ਰੁਪਏ 62,20,500/-
  • ਕੁੱਲ ਰਕਮ 1,79,17,904/- ਰੁਪਏ (1 ਕਰੋੜ, 79 ਲੱਖ ਰੁਪਏ ਤੋਂ ਵੱਧ)
RTI On Cow Cess Collection
ਨਗਰ ਨਿਗਮ ਬਠਿੰਡਾ ਕੋਲ ਇੱਕ ਰੁਪਿਆ ਵੀ ਜਮਾਂ ਨਹੀਂ ਹੋਇਆ !
  1. ਨਗਰ ਨਿਗਮ ਬਠਿੰਡਾ ਨੂੰ ਸਾਲ 2022-23 ਵਿੱਚ ਪ੍ਰਾਪਤ ਹੋਈ 2 ਕਰੋੜ, 48 ਲੱਖ, 23 ਹਜ਼ਾਰ 065 ਰੁਪਏ ਦੀ ਗਊ ਸੈੱਸ ਦੀ ਰਕਮ ਵਿੱਚੋਂ ਸਭ ਤੋਂ ਵੱਧ 1,79,17,904/- ਰੁਪਏ (1 ਕਰੋੜ 79 ਲੱਖ ਰੁਪਏ ਤੋਂ ਵੱਧ) ਦੀ ਰਾਸ਼ੀ ਸ਼੍ਰੀ ਗਊਸ਼ਾਲਾ (ਰਜਿ.) ਬਠਿੰਡਾ ਨੂੰ ਦਿੱਤੀ ਗਈ।
  2. ਦੂਜੇ ਸਥਾਨ 'ਤੇ ਸਭ ਤੋਂ ਵੱਧ 81,27,858/- ਰੁਪਏ (81 ਲੱਖ 27 ਹਜ਼ਾਰ ਤੋਂ ਵੱਧ) ਦੀ ਰਾਸ਼ੀ ਜ਼ਿਲ੍ਹਾ ਪਸ਼ੂ ਭਲਾਈ ਸੁਸਾਇਟੀ ਹਰਿਰਾਏਪੁਰ ਗਊਸ਼ਾਲਾ (ਬਠਿੰਡਾ) ਨੂੰ ਦਿੱਤੀ ਗਈ ਹੈ।

ਅਵਾਰਾ ਪਸ਼ੂਆਂ ਦਾ ਕੋਈ ਹੱਲ ਨਹੀਂ: ਨਗਰ ਨਿਗਮ ਬਠਿੰਡਾ ਨੂੰ ਹਰ ਸਾਲ ਕਰੋੜਾਂ ਰੁਪਏ ਦਾ ਗਊ ਸੈੱਸ ਮਿਲਣ ਦੇ ਬਾਵਜੂਦ ਨਗਰ ਨਿਗਮ ਬਠਿੰਡਾ ਅੱਜ ਤੱਕ ਬਠਿੰਡਾ ਸ਼ਹਿਰ ਦੀਆਂ ਸੜਕਾਂ, ਗਲੀਆਂ, ਮੁਹੱਲਿਆਂ, ਹਾਈਵੇਅ ਆਦਿ 'ਤੇ ਘੁੰਮਦੇ ਅਵਾਰਾ ਪਸ਼ੂਆਂ ਦਾ ਕੋਈ ਠੋਸ ਪ੍ਰਬੰਧ ਕਰਨ ਵਿੱਚ ਨਾਕਾਮ ਰਿਹਾ ਹੈ। ਅਵਾਰਾ/ਬੇਸਹਾਰਾ ਪਸ਼ੂਆਂ ਨੂੰ ਕਈ ਥਾਵਾਂ 'ਤੇ ਝੁੰਡ ਬਣਾ ਕੇ ਘੁੰਮਦੇ ਦੇਖਿਆ ਜਾ ਸਕਦਾ ਹੈ। ਹਰ ਸਾਲ ਵੱਖ-ਵੱਖ ਵਸਤਾਂ 'ਤੇ ਗਊ ਸੈੱਸ ਲਗਾਉਣ ਦੇ ਬਾਵਜੂਦ ਵੀ ਲੋਕਾਂ ਨੂੰ ਅਵਾਰਾ ਪਸ਼ੂਆਂ ਤੋਂ ਛੁਟਕਾਰਾ ਨਹੀਂ ਮਿਲ ਰਿਹਾ ਹੈ, ਜੇਕਰ ਅੱਜ ਗੱਲ ਕਰੀਏ ਤਾਂ ਸ਼ਹਿਰ 'ਚ ਵੱਡੀ ਗਿਣਤੀ 'ਚ ਅਵਾਰਾ ਪਸ਼ੂ ਘੁੰਮ ਰਹੇ ਹਨ। ਇਨ੍ਹਾਂ ਪਸ਼ੂਆਂ ਕਾਰਨ ਕਈ ਲੋਕ ਗੰਭੀਰ ਜ਼ਖਮੀ ਹੋ ਚੁੱਕੇ ਹਨ ਅਤੇ ਕਈਆਂ ਦੀ ਜਾਨ ਵੀ ਜਾ ਚੁੱਕੀ ਹੈ। ਇਸ ਕਾਰਨ ਨਿਗਮ ਦੇ ਖਿਲਾਫ ਸ਼ਹਿਰ ਦੀਆਂ ਵੱਖ-ਵੱਖ ਅਦਾਲਤਾਂ 'ਚ ਕਈ ਮਾਮਲੇ ਚੱਲ ਰਹੇ ਹਨ ਅਤੇ ਕੁਝ ਮਾਮਲੇ ਹਾਈ ਕੋਰਟ 'ਚ ਵੀ ਚੱਲ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.