ETV Bharat / state

ਪੰਜਾਬ ਦੇ ਸਿਹਤ ਮੰਤਰੀ ਵੱਲੋਂ ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਜ਼ ਦੀ ਵੈੱਬਸਾਈਟ ਲਾਂਚ

author img

By ETV Bharat Punjabi Team

Published : Feb 5, 2024, 9:17 PM IST

The website of Punjab Institute of Liver and Biliary Sciences was launched
ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਜ਼ ਦੀ ਵੈੱਬਸਾਈਟ ਲਾਂਚ

ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਅੱਜ ਮੋਹਾਲੀ ਵਿਖੇ ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਜ਼ ਦੀ ਵੈੱਬਸਾਈਟ ਲਾਂਚ ਕੀਤੀ ਗਈ। ਸਿਬਤ ਮੰਤਰੀ ਨੇ ਕਿਹਾ ਕਿ ਭਵਿੱਖ ਵਿੱਚ ਲਿਵਰ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਲੋਕਾਂ ਨੂੰ ਇਸ ਨਾਲ ਮਦਦ ਮਿਲੇਗੀ।

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮੋਹਾਲੀ ਵਿਖੇ ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਰੀ ਸਾਇੰਸਜ਼ (ਪੀਆਈਐਲਬੀਐਸ) ਦੇ ਉਦਘਾਟਨੀ ਸਮਾਰੋਹ ਤੋਂ ਪਹਿਲਾਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਜਨਤਕ ਸਹੂਲਤ ਲਈ ਸੰਸਥਾ ਦੀ ਵੈਬਸਾਈਟ www.pilbs.punjab.gov.in ਲਾਂਚ ਕੀਤੀ। ਇਹ ਵੈੱਬਸਾਈਟ ਸੰਸਥਾ ਦੇ ਡਾਇਰੈਕਟਰ, ਪ੍ਰੋ. ਵਰਿੰਦਰ ਸਿੰਘ, ਜੋ ਕਿ ਹੈਪੇਟੋਲੋਜੀ ਵਿਭਾਗ, ਪੀਜੀਆਈ, ਚੰਡੀਗੜ੍ਹ ਦੇ ਸਾਬਕਾ ਪ੍ਰੋਫੈਸਰ ਅਤੇ ਮੁਖੀ ਹਨ, ਦੀ ਮੌਜੂਦਗੀ ਵਿੱਚ ਲਾਂਚ ਕੀਤੀ ਗਈ।

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਹ ਸੰਸਥਾ, ਜੋ 3ਬੀ1, ਐਸ.ਏ.ਐਸ.ਨਗਰ ਵਿਖੇ ਪਿਛਲੇ 8 ਮਹੀਨਿਆਂ ਤੋਂ ਓ.ਪੀ.ਡੀ ਸੇਵਾਵਾਂ ਮੁਹੱਈਆ ਕਰਵਾ ਰਹੀ ਹੈ, ਜਲਦ ਹੀ ਪੂਰੀ ਤਰ੍ਹਾਂ ਕਾਰਜਸ਼ੀਲ ਹੋ ਜਾਵੇਗੀ ਕਿਉਂਕਿ ਸੰਸਥਾ ਵਿੱਚ ਸਾਰੇ ਅਤਿ-ਆਧੁਨਿਕ ਉਪਕਰਨ ਲਗਾਏ ਜਾ ਰਹੇ ਹਨ ਅਤੇ ਸੁਪਰ-ਸਪੈਸਲਿਸਟ ਡਾਕਟਰਾਂ ਅਤੇ ਹੋਰ ਪੈਰਾ-ਮੈਡੀਕਲ ਸਟਾਫ਼ ਦੀ ਭਰਤੀ ਪ੍ਰਕਿਰਿਆ ਵੀ ਮੁਕੰਮਲ ਹੋ ਚੁੱਕੀ ਹੈ।

ਉਨ੍ਹਾਂ ਕਿਹਾ ਕਿ ਇਸ ਸੰਸਥਾ ਦੇ ਪੂਰੀ ਤਰ੍ਹਾਂ ਕਾਰਜਸ਼ੀਲ ਹੋਣ ਨਾਲ ਲਿਵਰ ਅਤੇ ਬਿਲੀਅਰੀ ਸਬੰਧੀ ਬਿਮਾਰੀਆਂ ਵਾਲੇ ਮਰੀਜ਼ ਪਹਿਲੇ ਦਰਜੇ ਦੀਆਂ ਡਾਕਟਰੀ ਦੇਖਭਾਲ ਸੇਵਾਵਾਂ ਦਾ ਲਾਭ ਲੈ ਸਕਣਗੇ। ਉਨ੍ਹਾਂ ਅੱਗੇ ਕਿਹਾ ਕਿ ਗੰਭੀਰ ਅਤੇ ਪੁਰਾਣੀ ਹੈਪੇਟਾਈਟਸ, ਸਿਰੋਸਿਸ, ਲਿਵਰ ਕੈਂਸਰ, ਸ਼ਰਾਬ ਕਾਰਨ ਹੋਣ ਵਾਲੀ ਲਿਵਰ ਦੀ ਬਿਮਾਰੀ, ਜਲਣ, ਵੱਖ-ਵੱਖ ਪੈਨਕ੍ਰੀਆਟਿਕ ਬਿਮਾਰੀਆਂ ਅਤੇ ਪਿੱਤੇ ਦੀ ਥੈਲੀ ਦੇ ਵਿਕਾਰ ਅਤੇ ਬਿਲੀਅਰੀ ਬਿਮਾਰੀਆਂ ਸਮੇਤ ਵੱਖ-ਵੱਖ ਕਿਸਮਾਂ ਦੀਆਂ ਲਿਵਰ ਦੀਆਂ ਬਿਮਾਰੀਆਂ ਵਾਲੇ ਮਰੀਜ਼ ਇਲਾਜ ਕਰਵਾ ਸਕਣਗੇ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਲੋਕ ਇਸ ਇੰਸਟੀਚਿਊਟ ਵਿੱਚ ਲਿਵਰ ਟਰਾਂਸਪਲਾਂਟ ਦਾ ਵੀ ਲਾਭ ਉਠਾ ਸਕਣਗੇ, ਜੋ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਿਜ਼, ਨਵੀਂ ਦਿੱਲੀ ਦੀ ਤਰਜ਼ ‘ਤੇ ਸਥਾਪਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਲਿਵਰ ਅਤੇ ਬਿਲੀਅਰੀ ਸਬੰਧੀ ਬਿਮਾਰੀਆਂ ਵਾਲੇ ਮਰੀਜ਼ਾਂ ਲਈ ਪਹਿਲੇ ਦਰਜੇ ਦੀਆਂ ਡਾਕਟਰੀ ਦੇਖਭਾਲ ਸੇਵਾਵਾਂ ਦੀ ਪੇਸ਼ਕਸ਼ ਕਰਨ ਵਾਲਾ ਦੇਸ਼ ਦਾ ਦੂਜਾ ਸਰਕਾਰੀ ਸੁਪਰ-ਸਪੈਸ਼ਲਿਟੀ ਇੰਸਟੀਚਿਊਟ ਹੈ।

ਜ਼ਿਕਰਯੋਗ ਹੈ ਕਿ ਇਹ ਵੈੱਬਸਾਈਟ ਮਰੀਜ਼ਾਂ ਨੂੰ ਰੋਗਾਂ ਦੀ ਮੁੱਢਲੀ ਜਾਣਕਾਰੀ, ਰੋਕਥਾਮ ਉਪਾਵਾਂ ਅਤੇ ਸਿਹਤ ਸਿੱਖਿਆ ਦੇ ਨਾਲ-ਨਾਲ ਲੈਬ ਟੈਸਟਾਂ, ਆਨਲਾਈਨ ਰਿਪੋਰਟਿੰਗ, ਪ੍ਰਕਿਰਿਆਵਾਂ ਅਤੇ ਲਿਵਰ ਟ੍ਰਾਂਸਪਲਾਂਟ ਬਾਰੇ ਜਾਣਕਾਰੀ ਪ੍ਰਦਾਨ ਕਰਨ ਵਿੱਚ ਮਦਦ ਕਰੇਗੀ। ਇਸ ਦੇ ਨਾਲ ਹੀ ਆਮ ਲੋਕਾਂ ਦੀ ਸਹੂਲਤ ਲਈ ਹਸਪਤਾਲ ਫੈਕਲਟੀ, ਓਪੀਡੀ ਸੇਵਾਵਾਂ ਵਾਲੇ ਦਿਨ ਅਤੇ ਵਿਸ਼ੇਸ਼ਤਾਵਾਂ ਸਬੰਧੀ ਵੇਰਵੇ ਵੈਬਸਾਈਟ 'ਤੇ ਉਪਲਬਧ ਹੋਣਗੇ। ਇਸ ਵੈੱਬਸਾਈਟ 'ਤੇ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਤੱਕ ਪਹੁੰਚ ਲਈ ਟੈਲੀ-ਮੈਡੀਸਨ ਸਬੰਧੀ ਵੇਰਵੇ ਵੀ ਹੋਣਗੇ। (ਪ੍ਰੈੱਸ ਨੋਟ)

ETV Bharat Logo

Copyright © 2024 Ushodaya Enterprises Pvt. Ltd., All Rights Reserved.