ETV Bharat / state

ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਨੇ ਡੇਰਾ ਬਿਆਸ ਮੁਖੀ ਨਾਲ ਕੀਤੀ ਮੁਲਾਕਾਤ - Manish Tiwari At Dera Beas

author img

By ETV Bharat Punjabi Team

Published : May 10, 2024, 8:43 AM IST

Manish Tiwari At Dera Beas: ਲੋਕ ਸਭਾ ਚੋਣਾਂ 2024 ਨੂੰ ਲੈ ਕੇ ਆਮ ਲੋਕਾਂ ਦੇ ਨਾਲ-ਨਾਲ ਵੱਖ-ਵੱਖ ਪਾਰਟੀਆਂ ਦੇ ਆਗੂ ਡੇਰਿਆਂ 'ਚ ਮੱਥਾ ਟੇਕ ਕੇ ਅਸ਼ੀਰਵਾਦ ਲੈਂਦੇ ਹੋਏ ਨਜ਼ਰ ਆ ਰਹੇ ਹਨ। ਵੀਰਵਾਰ ਨੂੰ ਚੰਡੀਗੜ੍ਹ ਤੋਂ ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਵੀ ਡੇਰਾ ਬਿਆਸ ਪਹੁੰਚੇ। ਪੜ੍ਹੋ ਪੂਰੀ ਖ਼ਬਰ।

Manish Tiwari At Dera Beas
ਮਨੀਸ਼ ਤਿਵਾੜੀ ਨੇ ਡੇਰਾ ਬਿਆਸ ਮੁਖੀ ਨਾਲ ਕੀਤੀ ਮੁਲਾਕਾਤ (ਈਟੀਵੀ ਭਾਰਤ (ਬਿਆਸ, ਅੰਮ੍ਰਿਤਸਰ))

ਬਿਆਸ/ਅੰਮ੍ਰਿਤਸਰ: ਜਦੋਂ ਵੀ ਚੋਣਾਂ ਦਾ ਮਾਹੌਲ ਬਣਿਆ ਹੈ, ਸਿਆਸੀ ਨੇਤਾਵਾਂ ਵਲੋਂ ਸਿਆਸੀ ਰੈਲੀਆਂ ਸਣੇ ਧਾਰਮਿਕ ਤੇ ਹੋਰ ਸੰਸਥਾਨਾਂ ਦਾ ਵੀ ਰੁਖ਼ ਕੀਤਾ ਜਾਂਦਾ ਹੈ। ਇਸੇ ਕੜੀ ਤਹਿਤ ਸ੍ਰੀ ਆਨੰਦਪੁਰ ਸਾਹਿਬ ਤੋਂ ਸਾਬਕਾ ਸੰਸਦ ਮੈਂਬਰ ਅਤੇ ਲੋਕ ਸਭਾ ਹਲਕਾ ਚੰਡੀਗੜ੍ਹ ਤੋਂ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਮਿਲਣ ਲਈ ਪੁੱਜੇ। ਜਾਣਕਾਰੀ ਅਨੁਸਾਰ ਇਸ ਦੌਰਾਨ ਉਹ ਡੇਰਾ ਬਿਆਸ ਮੁਖੀ ਨੂੰ ਮਿਲੇ ਅਤੇ ਕਰੀਬ ਇੱਕ ਘੰਟਾ ਡੇਰਾ ਬਿਆਸ ਵਿੱਚ ਸਮਾਂ ਬਿਤਾਉਣ ਤੋਂ ਬਾਅਦ ਆਪਣੇ ਕਾਫ਼ਲੇ ਸਣੇ ਵਾਪਸ ਰਵਾਨਾ ਹੋ ਗਏ। ਚੰਡੀਗੜ੍ਹ ਤੋਂ ਕਾਂਗਰਸ ਦੇ ਉਮੀਦਵਾਰ ਹਨ ਮਨੀਸ਼ ਤਿਵਾੜੀ: ਚੰਡੀਗੜ੍ਹ ਲੋਕ ਸਭਾ ਸੀਟ ਲਈ ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਭਾਜਪਾ ਦੇ ਸੰਜੇ ਟੰਡਨ ਨੂੰ ਚੋਣ ਮੈਦਾਨ ਵਿੱਚ ਸਖ਼ਤ ਮੁਕਾਬਲਾ ਦਿੰਦੇ ਨਜ਼ਰ ਆਉਣਗੇ।

ਨਿੱਜੀ ਜਿੰਦਗੀ : ਮਨੀਸ਼ ਤਿਵਾੜੀ ਦਾ ਜਨਮ 8 ਦਸੰਬਰ 1965 ਵਿੱਚ ਪੰਜਾਬ ਦੇ ਲੁਧਿਆਣਾ ਵਿੱਚ ਹੋਇਆ ਜੋ, ਸਿਆਸੀ ਨੇਤਾ ਤੇ ਪੇਸ਼ੇ ਵਜੋਂ ਵਕੀਲ ਰਹੇ ਹਨ। ਉਨ੍ਹਾਂ ਦੇ ਪਿਤਾ ਵੀ.ਐਨ. ਤਿਵਾੜੀ ਪੰਜਾਬੀ ਭਾਸ਼ਾ ਦੇ ਲੇਖਕ ਅਤੇ ਪੰਜਾਬ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਸਨ ਅਤੇ ਉਨ੍ਹਾਂ ਦੀ ਮਾਂ, ਅੰਮ੍ਰਿਤ ਤਿਵਾੜੀ, ਦੰਦਾਂ ਦੇ ਡਾਕਟਰ ਸਨ। ਮਨੀਸ਼ ਤਿਵਾੜੀ ਦੇ ਨਾਨਾ ਸਰਦਾਰ ਤੀਰਥ ਸਿੰਘ ਪੰਜਾਬ ਰਾਜ ਦੀ ਕਾਂਗਰਸ ਸਰਕਾਰ ਵਿੱਚ ਇੱਕ ਵਕੀਲ ਅਤੇ ਮੰਤਰੀ ਰਹੇ ਸਨ।

Manish Tiwari At Dera Beas
ਮਨੀਸ਼ ਤਿਵਾੜੀ ਨੇ ਡੇਰਾ ਬਿਆਸ ਮੁਖੀ ਨਾਲ ਕੀਤੀ ਮੁਲਾਕਾਤ (ਈਟੀਵੀ ਭਾਰਤ (ਬਿਆਸ, ਅੰਮ੍ਰਿਤਸਰ))

ਮਨੀਸ਼ ਤਿਵਾਰੀ ਨੇ ਮਾਰਚ 1996 ਵਿੱਚ ਇੱਕ ਪਾਰਸੀ ਕੁੜੀ ਨਾਜ਼ਨੀਨ ਸ਼ਿਫਾ ਨਾਲ ਵਿਆਹ ਕਰਵਾਇਆ ਅਤੇ ਉਨ੍ਹਾਂ ਦੀ ਇੱਕ ਧੀ ਹੈ ਜਿਸ ਦਾ ਨਾਮ ਇਨਕਾ ਤਿਵਾੜੀ ਹੈ। ਤਿਵਾੜੀ, ਪੇਸ਼ੇ ਵਜੋਂ ਵਕੀਲ ਹਨ, ਵਰਤਮਾਨ ਸਮੇਂ ਵਿੱਚ ਭਾਰਤ ਦੀ ਸੁਪਰੀਮ ਕੋਰਟ ਅਤੇ ਦਿੱਲੀ ਦੇ ਨਾਲ-ਨਾਲ ਪੰਜਾਬ ਅਤੇ ਹਰਿਆਣਾ ਦੀਆਂ ਹਾਈ ਕੋਰਟ ਵਿੱਚ ਪ੍ਰੈਕਟਿਸ ਕਰਦੇ ਹਨ।

ਸਿਆਸੀ ਕਰੀਅਰ: ਕਾਂਗਰਸ ਦੇ ਆਗੂ ਮਨੀਸ਼ ਤਿਵਾੜੀ ਨੇ 17ਵੀਂ ਲੋਕ ਸਭਾ ਸੀਟ (2019) ਹਲਕਾ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਨੂੰ 46 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ ਸੀ। ਮਨੀਸ਼ ਤਿਵਾੜੀ ਸਾਲ 2012 ਤੋਂ 2014 ਤੱਕ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਤੇ 2009 ਤੋਂ 2014 ਤੱਕ ਲੁਧਿਆਣਾ ਤੋਂ ਸੰਸਦ ਮੈਂਬਰ ਵੀ ਰਹੇ।

ਹੋਰ ਵੀ ਕਈ ਸਿਆਸੀ ਨੇਤਾ ਆ ਚੁੱਕੇ ਡੇਰਾ ਬਿਆਸ: ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ, ਪਟਿਆਲਾ ਤੋਂ ਭਾਜਪਾ ਮੈਂਬਰ ਪਾਰਲੀਮੈਂਟ ਉਮੀਦਵਾਰ ਪ੍ਰਨੀਤ ਕੌਰ, ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ, ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਸਣੇ ਕਈ ਸਿਆਸੀ ਆਗੂ ਡੇਰਾ ਬਿਆਸ ਤੋਂ ਆਸ਼ੀਰਵਾਦ ਪ੍ਰਾਪਤ ਕਰਨ ਆ ਚੁੱਕੇ ਹਨ।

ਪੰਜਾਬ ਵਿੱਚ ਵੋਟਿੰਗ ਡੇਅ: ਲੋਕ ਸਭਾ ਚੋਣ ਲਈ ਪੰਜਾਬ ਵਿੱਚ ਵੋਟਿੰਗ 7ਵੇਂ ਗੇੜ ਵਿੱਚ ਹੋਵੇਗੀ। ਇਸ ਦੇ ਤਹਿਤ 1 ਜੂਨ ਨੂੰ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਉੱਤੇ ਪੋਲਿੰਗ ਹੋਵੇਗੀ। ਇਸ ਤੋਂ ਇਲਾਵਾ, 4 ਜੂਨ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਉਸੇ ਦਿਨ ਨਤੀਜੇ ਵੀ ਐਲਾਨੇ ਜਾਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.