ETV Bharat / bharat

ਬਰਨਾਲਾ ਵਿੱਚ ਗਾਵਾਂ ਨੂੰ ਲੰਪੀ ਸਕਿਨ ਬਿਮਾਰੀ ਤੋਂ ਬਚਾਉਣ ਲਈ 25800 ਪਸ਼ੂਆਂ ਦਾ ਟੀਕਾਕਰਨ

author img

By ETV Bharat Punjabi Team

Published : Mar 14, 2024, 9:55 PM IST

News of Barnala
News of Barnala

ਲੰਪੀ ਸਕਿਨ ਬਿਮਾਰੀ ਤੋਂ ਬਚਾਉਣ ਪਸ਼ੂ ਪਾਲਣ ਵਿਭਾਗ ਬਰਨਾਲਾ ਵੱਲੋਂ ਟੀਕਾਕਰਨ ਮੁਹਿੰਮ ਤਹਿਤ ਮੁਹਿੰਮ ਸ਼ੁਰੂ ਕੀਤੀ ਹੈ। ਜਿਸ ਵਿੱਚ 18 ਦਿਨ੍ਹਾਂ ਵਿੱਚ 25800 ਪਸ਼ੂਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ।

ਬਰਨਾਲਾ: ਪਸ਼ੂ ਪਾਲਣ ਵਿਭਾਗ ਬਰਨਾਲਾ ਵੱਲੋਂ ਗਾਵਾਂ ਨੂੰ ਲੰਪੀ ਸਕਿਨ ਬਿਮਾਰੀ ਤੋਂ ਬਚਾਉਣ ਲਈ ਸ਼ੁਰੂ ਕੀਤੀ ਗਈ ਟੀਕਾਕਰਨ ਮੁਹਿੰਮ ਤਹਿਤ 18 ਦਿਨਾਂ ਵਿੱਚ 25800 ਪਸ਼ੂਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ ਵਿਭਾਗ ਬਰਨਾਲਾ ਦੇ ਡਿਪਟੀ ਡਾਇਰੈਕਟਰ ਡਾ. ਲਖਬੀਰ ਸਿੰਘ ਨੇ ਦੱਸਿਆ ਕਿ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ, ਪੰਜਾਬ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਪਸ਼ੂ ਪਾਲਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਕਾਸ ਪ੍ਰਤਾਪ ਦੀ ਅਗਵਾਈ ਵਿੱਚ ਤੇਲੰਗਾਨਾ ਸਟੇਟ ਵੈਟਨਰੀ ਬਾਇਓਲੌਜੀਕਲ ਐਂਡ ਰਿਸਰਚ ਇੰਸਟੀਚਿਊਟ, ਹੈਦਰਾਬਾਦ ਤੋਂ 78.75 ਲੱਖ ਰੁਪਏ ਦੀ ਲਾਗਤ ਨਾਲ ਗੋਟ ਪੋਕਸ ਵੈਕਸੀਨ ਦੀਆਂ 25 ਲੱਖ ਖੁਰਾਕਾਂ ਖਰੀਦੀਆਂ ਗਈਆਂ ਹਨ।

ਉਹਨਾਂ ਕਿਹਾ ਕਿ ਡਾ. ਗੁਰਸ਼ਰਨਜੀਤ ਸਿੰਘ ਬੇਦੀ ਨਿਰਦੇਸ਼ਕ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਘਰ ਘਰ ਅੰਦਰ ਜਾ ਕੇ ਗੋਕਿਆਂ ਦਾ ਟੀਕਾਕਰਨ ਕਰਨ ਲਈ ਜ਼ਿਲ੍ਹੇ ਵਿੱਚ 14 ਟੀਮਾਂ ਦਾ ਗਠਨ ਕੀਤਾ ਗਿਆ ਹੈ।

ਡਾ.ਕਰਮਜੀਤ ਸਿੰਘ ਧੂਰੀ ਸਹਾਇਕ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਬਰਨਾਲਾ ਨੇ ਕਿਹਾ ਕਿ ਇਸ ਟੀਕਾਕਰਨ ਮੁਹਿੰਮ ਲਈ ਪਸ਼ੂ ਪਾਲਣ ਵਿਭਾਗ ਵੱਲੋਂ ਜ਼ਿਲ੍ਹਾ ਬਰਨਾਲਾ ਵਿਖੇ ਗੋਟ ਪੋਕਸ ਵੈਕਸੀਨ ਦੀਆਂ 64000 ਖੁਰਾਕਾਂ ਭੇਜੀਆ ਗਈਆਂ ਹਨ। ਉਹਨਾਂ ਨੇ ਕਿਹਾ ਕਿ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਵੱਲੋਂ ਜ਼ਿਲ੍ਹੇ ਦੇ ਸਾਰੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਘਰ-ਘਰ ਜਾ ਕੇ ਗਾਵਾਂ ਦਾ ਟੀਕਾਕਰਨ ਬਿਲਕੁੱਲ ਮੁਫਤ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ਦੀਆਂ ਸਾਰੀਆਂ ਗਊਸ਼ਾਲਾਵਾਂ ਵਿਚਲੇ ਸਾਰੇ ਗਊਵੰਸ਼ ਦਾ ਟੀਕਾਕਰਨ ਵੀ ਬਿਲਕੁੱਲ ਮੁਫਤ ਕੀਤਾ ਜਾ ਰਿਹਾ ਹੈ।

ਡਿਪਟੀ ਡਾਇਰੈਕਟਰ ਡਾ.ਲਖਬੀਰ ਸਿੰਘ ਨੇ ਜ਼ਿਲ੍ਹੇ ਦੇ ਸਮੁੱਚੇ ਸਟਾਫ ਨੂੰ ਗਊਵੰਸ਼ ਦੇ 100 ਫੀਸਦੀ ਟੀਕਾਕਰਨ ਨੂੰ ਮਿੱਥੇ ਸਮੇਂ ਵਿੱਚ ਯਕੀਨੀ ਬਣਾਉਣ ਲਈ ਮੁਹਿੰਮ ਨੂੰ ਹੋਰ ਤੇਜ਼ ਕਰਨ ਦੀ ਹਦਾਇਤ ਕੀਤੀ। ਉਹਨਾਂ ਨੇ ਪਸ਼ੂ ਪਾਲਕਾਂ ਨੂੰ ਇਸ ਮੁਹਿੰਮ ਲਈ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਟੀਕਾਕਰਨ ਦਾ ਪਸ਼ੂਆਂ ਉੱਪਰ ਕੋਈ ਦੁਰਪ੍ਰਭਾਵ ਨਹੀਂ ਪੈਂਦਾ ਸਗੋਂ ਗੋਕਿਆਂ ਨੂੰ ਅਗਾਊਂ ਟੀਕਾਕਰਨ ਕਰਵਾਉਣ ਨਾਲ ਇਸ ਬੀਮਾਰੀ ਨਾਲ ਹੋਣ ਵਾਲੇ ਆਰਥਿਕ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.