ETV Bharat / state

ਮਾਨਸਾ ਦੇ ਪਿੰਡ ਘਰਾਂਗਣਾ ਦਾ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਵੀ ਪਾ ਰਿਹਾ ਮਾਤ

author img

By ETV Bharat Punjabi Team

Published : Mar 14, 2024, 7:19 PM IST

ਕੋਨਵੈਂਟ ਸਕੂਲਾਂ ਨੂੰ ਮਾਤ ਪਾਉਂਦਾ ਸਰਕਾਰੀ ਸਕੂਲ
ਕੋਨਵੈਂਟ ਸਕੂਲਾਂ ਨੂੰ ਮਾਤ ਪਾਉਂਦਾ ਸਰਕਾਰੀ ਸਕੂਲ

ਮਾਨਸਾ ਦੇ ਪਿੰਡ ਘਰਾਂਗਣਾ ਦਾ ਸਰਕਾਰੀ ਪ੍ਰਾਇਮਰੀ ਸਕੂਲ ਅੱਜ ਦੇ ਸਮੇਂ 'ਚ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਪਾ ਰਿਹਾ ਹੈ। ਇਸ ਸਕੂਲ ਦੇ ਵਿੱਚ 200 ਦੇ ਕਰੀਬ ਬੱਚੇ ਪੜ੍ਹਦੇ ਹਨ। ਜਿਥੇ ਬੱਚਿਆਂ ਨੂੰ ਪੜਾਈ ਦੇ ਨਾਲ-ਨਾਲ ਖੇਡਾਂ ਨਾਲ ਜੋੜਿਆ ਜਾਂਦਾ ਹੈ ਅਤੇ ਨਾਲ ਹੀ ਨਵੋਦਿਆ ਦੇ ਟੈਸਟਾਂ ਦੀ ਤਿਆਰੀ ਵੀ ਕਰਵਾਈ ਜਾਂਦੀ ਹੈ।

ਕੋਨਵੈਂਟ ਸਕੂਲਾਂ ਨੂੰ ਮਾਤ ਪਾਉਂਦਾ ਸਰਕਾਰੀ ਸਕੂਲ

ਮਾਨਸਾ : ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਨੂੰ ਊਚਾ ਚੁੱਕਣ ਲਈ ਦਿਨ ਰਾਤ ਮਿਹਨਤ ਕਰ ਰਹੀ ਹੈ, ਜਿਸ ਦੇ ਚੱਲਦੇ ਸਕੂਲਾਂ 'ਚ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹੈ। ਸੂਬੇ ਦੇ ਕਈ ਸਰਕਾਰੀ ਸਕੂਲ ਜੋ ਹੁਣ ਪ੍ਰਾਈਵੇਟ ਸਕੂਲਾਂ ਨੂੰ ਟੱਕਰ ਦੇ ਰਹੇ ਹਨ ਅਤੇ ਵਿਦਿਆਰਥੀ ਮੱਲਾਂ ਮਾਰ ਰਹੇ ਹਨ। ਅਜਿਹਾ ਹੀ ਇੱਕ ਸਕੂਲ ਮਾਨਸਾ ਜ਼ਿਲ੍ਹੇ ਦੇ ਪਿੰਡ ਘਰਾਂਗਣਾ ਦਾ ਵੀ ਹੈ, ਜੋ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾ ਰਿਹਾ ਹੈ।

ਅੰਗਰੇਜ਼ੀ ਮਾਧਿਅਮ ਦਾ ਸਰਕਾਰੀ ਪ੍ਰਾਈਮਰੀ ਸਕੂਲ: ਕਾਬਿਲੇਗੌਰ ਹੈ ਕਿ ਇਹ ਇੱਕ ਅੰਗਰੇਜ਼ੀ ਮਾਧਿਅਮ ਦਾ ਪ੍ਰਾਈਮਰੀ ਸਕੂਲ ਹੈ। ਇਸ ਸਕੂਲ ਦੇ ਚੌਗਿਰਦੇ 'ਚ ਜਿਥੇ ਹਰਿਆਲੀ ਹੈ, ਉਥੇ ਹੀ ਆਸ ਪਾਸ ਦੇ ਪਿੰਡਾਂ ਦੇ ਲੋਕ ਵੀ ਆਪਣੇ ਬੱਚਿਆਂ ਨੂੰ ਘਰਾਂਗਣਾ ਪਿੰਡ ਦੇ ਸਕੂਲ ਵਿੱਚ ਦਾਖਲ ਕਰਵਾਉਣ ਦੇ ਲਈ ਉਤਾਵਲੇ ਰਹਿੰਦੇ ਹਨ ਅਤੇ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਸ ਸਕੂਲ ਵਿੱਚ ਆਪਣੇ ਬੱਚਿਆਂ ਦਾ ਦਾਖਲਾ ਕਰਵਾ ਦਿੰਦੇ ਹਨ। ਇਸ ਸਕੂਲ 'ਚ ਅਧਿਆਪਕ ਬੱਚਿਆਂ ਨੂੰ ਕਿਤਾਬਾਂ ਦੇ ਨਾਲ-ਨਾਲ ਨੈਤਿਕ ਗਿਆਨ ਵੀ ਸਿਖਾਉਂਦੇ ਹਨ।

ਨਵੋਦਿਆ ਦੇ ਟੈਸਟਾਂ ਦੀ ਕਰਵਾਈ ਜਾਂਦੀ ਤਿਆਰੀ: ਮਾਨਸਾ ਜ਼ਿਲ੍ਹੇ ਦਾ ਘਰਾਂਗਣਾ ਪਿੰਡ ਉਹ ਹੈ, ਜਿੱਥੇ ਕੋਈ ਵੀ ਬੱਸ ਨਹੀਂ ਜਾਂਦੀ ਪਰ ਆਸ ਪਾਸ ਦੇ ਪਿੰਡਾਂ ਦੇ ਲੋਕ ਆਪਣੇ ਬੱਚਿਆਂ ਨੂੰ ਇਸ ਪਿੰਡ ਦੇ ਸਕੂਲ ਵਿੱਚ ਦਾਖਲ ਕਰਵਾਉਣ ਦੇ ਲਈ ਜ਼ਰੂਰ ਜਾਂਦੇ ਹਨ। ਸਰਕਾਰੀ ਪ੍ਰਾਇਮਰੀ ਸਕੂਲ ਘਰਾਂਗਣਾ ਦੇ ਵਿੱਚ ਇੰਗਲਿਸ਼ ਮੀਡੀਅਮ 'ਚ ਬੱਚਿਆਂ ਨੂੰ ਪੜਾਇਆ ਜਾਂਦਾ ਹੈ ਤੇ ਨਾਲ ਹੀ ਬੱਚਿਆਂ ਨੂੰ ਨਵੋਦਿਆ ਦੇ ਟੈਸਟਾਂ ਦੀ ਵੀ ਅਧਿਆਪਕਾਂ ਵੱਲੋਂ ਵਾਧੂ ਟਾਈਮ ਲਾ ਕੇ ਤਿਆਰੀ ਕਰਵਾਈ ਜਾਂਦੀ ਹੈ। ਜਿਸ ਦੇ ਚੱਲਦਿਆਂ ਹਰ ਸਾਲ ਇਸ ਸਕੂਲ ਦੇ ਬੱਚੇ ਵੀ ਨਵੋਦਿਆ ਦੇ ਵਿੱਚ ਦਾਖਲਾ ਲੈਂਦੇ ਹਨ।

ਐਜੂਕੇਸ਼ਨ ਪਾਰਕ ਤੇ ਖੇਡਣ ਲਈ ਮੈਦਾਨ: ਘਰਾਂਗਣਾ ਪਿੰਡ ਦੇ ਇਸ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ 200 ਦੇ ਕਰੀਬ ਬੱਚੇ ਪੜਦੇ ਹਨ ਅਤੇ ਇਸ ਪਿੰਡ ਦੇ ਵਿੱਚ ਨਾਲ ਲੱਗਦੇ ਪਿੰਡ ਗੇਹਲੇ, ਦੂਲੋਵਾਲ ਅਤੇ ਨੰਗਲ ਖੁਰਦ ਦੇ ਬੱਚੇ ਵੀ ਸਿੱਖਿਆ ਹਾਸਿਲ ਕਰਨ ਦੇ ਲਈ ਨਰਸਰੀ ਦੇ ਵਿੱਚ ਦਾਖਲਾ ਲੈਂਦੇ ਹਨ। ਇਹਨਾਂ ਬੱਚਿਆਂ ਨੂੰ ਲੈ ਕੇ ਆਉਣ ਦੇ ਲਈ ਸਕੂਲ ਵੈਨ ਦਾ ਵੀ ਵਿਸ਼ੇਸ਼ ਪ੍ਰਬੰਧ ਹੈ। ਬੱਚਿਆਂ ਨੂੰ ਪ੍ਰੋਜੈਕਟ ਦੇ ਜਰੀਏ ਪੜਾਇਆ ਜਾਂਦਾ ਹੈ, ਸਕੂਲ ਦੇ ਵਿੱਚ ਐਜੂਕੇਸ਼ਨ ਪਾਰਕ, ਬੱਚਿਆਂ ਦੇ ਖੇਡਣ ਦੇ ਲਈ ਪਾਰਕ, ਝੂਲੇ ਆਦਿ ਦਾ ਵਿਸ਼ੇਸ਼ ਪ੍ਰਬੰਧ ਹੈ ਅਤੇ ਖੇਡਾਂ ਦੇ ਵਿੱਚ ਵੀ ਇਸ ਸਕੂਲ ਦੇ ਬੱਚੇ ਪੰਜਾਬ ਪੱਧਰ 'ਤੇ ਮੋਹਰੀ ਨਾਮਣਾ ਖੱਟ ਚੁੱਕੇ ਹਨ।

ਸਕੂਲ 'ਚ 200 ਦੇ ਕਰੀਬ ਬੱਚੇ: ਘਰਾਂਗਣਾ ਦੇ ਇਸ ਸਕੂਲ ਨੂੰ ਜ਼ਿਲ੍ਹੇ ਵਿੱਚੋਂ ਡਿਪਟੀ ਕਮਿਸ਼ਨਰ ਵੱਲੋਂ ਵੀ ਬੈਸਟ ਸਕੂਲ ਦਾ ਖਿਤਾਬ ਦਿੱਤਾ ਗਿਆ ਹੈ। ਸਕੂਲ ਅਧਿਆਪਕ ਗੁਰਜੀਵਨ ਸਿੰਘ ਨੇ ਦੱਸਿਆ ਕਿ ਇਸ ਸਕੂਲ ਦੇ ਵਿੱਚ 200 ਦੇ ਕਰੀਬ ਬੱਚੇ ਪੜ੍ਹਦੇ ਹਨ ਅਤੇ ਨਾਲ ਹੀ ਆਸ ਪਾਸ ਦੇ ਪਿੰਡਾਂ ਦੇ ਬੱਚੇ ਵੀ ਇਸ ਸਕੂਲ ਦੇ ਵਿੱਚ ਸਿੱਖਿਆ ਹਾਸਿਲ ਕਰਨ ਦੇ ਲਈ ਨਰਸਰੀ ਦੇ ਵਿੱਚ ਦਾਖਲ ਹੁੰਦੇ ਹਨ। ਉਹਨਾਂ ਦੱਸਿਆ ਕਿ ਇਸ ਸਕੂਲ ਦੇ ਵਧੀਆ ਵਾਤਾਵਰਨ, ਸਕੂਲ ਦੇ ਵਿੱਚ ਪ੍ਰੋਜੈਕਟ ਦੇ ਜਰੀਏ ਪੜ੍ਹਾਈ ਅਤੇ ਇੰਗਲਿਸ਼ ਮੀਡੀਅਮ ਤੋਂ ਇਲਾਵਾ ਬੱਚਿਆਂ ਨੂੰ ਨਵੋਦਿਆ ਦੀ ਤਿਆਰੀ ਕਰਵਾਉਣਾ ਅਤੇ ਖੇਡਾਂ ਦੇ ਵਿੱਚ ਚੰਗਾ ਪ੍ਰਦਰਸ਼ਨ ਕਰਨ ਦੇ ਚੱਲਦਿਆਂ ਇਸ ਸਕੂਲ ਦਾ ਨਾਮ ਜ਼ਿਲ੍ਹੇ ਦੇ ਵਿੱਚ ਮੋਹਰੀ ਸਕੂਲਾਂ ਦੇ ਵਿੱਚ ਆਉਂਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.