ETV Bharat / state

ਮੰਤਰੀ ਮੀਤ ਹੇਅਰ ਵਲੋਂ ਬਰਨਾਲਾ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ

author img

By ETV Bharat Punjabi Team

Published : Mar 14, 2024, 5:56 PM IST

ਪਿੰਡਾਂ ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ
ਪਿੰਡਾਂ ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ

ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਹਲਕੇ ਦੇ ਕਈ ਪਿੰਡਾਂ 'ਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਯਤਨਾਂ ਸਦਕਾ ਟੈਕਸ ਉਗਰਾਹੀ 16 ਫ਼ੀਸਦੀ ਵਧੀ ਹੈ ਜਿਹੜੀ ਕਿ ਪਿਛਲੇ ਸਾਲਾਂ 'ਚ ਸਿਰਫ 6 ਫ਼ੀਸਦੀ ਰਹੀ ਹੈ।

ਪਿੰਡਾਂ ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ

ਬਰਨਾਲਾ: ਖੇਡ ਅਤੇ ਯੁਵਾ ਮਾਮਲੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਹਲਕਾ ਬਰਨਾਲਾ ਵਿੱਚ ਵੱਡੇ ਪੱਧਰ 'ਤੇ ਵਿਕਾਸ ਕੰਮਾਂ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਜ਼ਿਲ੍ਹਾ ਬਰਨਾਲਾ 'ਚ ਵੱਖ-ਵੱਖ ਵਿਕਾਸ ਪ੍ਰੋਜੈਕਟ ਲੋਕਾਂ ਦੀ ਮੰਗ ਅਨੁਸਾਰ ਚਲਾਏ ਜਾ ਰਹੇ ਹਨ। ਪਿਛਲੇ ਕਈ ਦਹਾਕਿਆਂ ਤੋਂ ਜਿੱਥੇ ਜ਼ਿਲ੍ਹਾ ਬਰਨਾਲਾ ਨੂੰ ਅਣਗੌਲਿਆ ਗਿਆ ਸੀ, ਉੱਥੇ ਹੁਣ ਜ਼ਿਲ੍ਹੇ 'ਚ ਵਿਕਾਸ ਕਾਰਜਾਂ ਦੀ ਝੜੀ ਲੱਗੀ ਹੈ।

ਟੈਕਸ ਉਗਰਾਹੀ 16 ਫ਼ੀਸਦੀ ਵਧੀ: ਮੰਤਰੀ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਯਤਨਾਂ ਸਦਕਾ ਟੈਕਸ ਉਗਰਾਹੀ 16 ਫ਼ੀਸਦੀ ਵਧੀ ਹੈ ਜਿਹੜੀ ਕਿ ਪਿਛਲੇ ਸਾਲਾਂ 'ਚ ਸਿਰਫ 6 ਫ਼ੀਸਦੀ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਹ ਸਾਰਾ ਪੈਸਾ ਲੋਕ ਭਲਾਈ 'ਚ ਲਗਾ ਰਹੀ ਹੈ ਜਿਸ ਨਾਲ ਲੋਕਾਂ ਨੂੰ 600 ਯੂਨਿਟ ਮੁਫਤ ਬਿਜਲੀ ਅਤੇ ਹੋਰ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਅੱਜ ਜੋਧਪੁਰ ਵਿਖੇ 74 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਖੇਡ ਸਟੇਡੀਅਮ ਅਤੇ 64 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਥਾਪਰ ਮਾਡਲ ਉੱਤੇ ਅਧਾਰਿਤ ਛੱਪੜ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ।

ਵਧੀਆ ਬੁਨਿਆਦੀ ਢਾਂਚੇ ਬਣਾਏ ਜਾ ਰਹੇ: ਇਸ ਦੇ ਨਾਲ ਹੀ ਵਧੇਰੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪਿੰਡਾਂ 'ਚ ਖੇਡਾਂ ਨੂੰ ਹੁਲਾਰਾ ਦੇਣ ਲਈ ਸਟੇਡੀਅਮ ਉਸਾਰੇ ਜਾ ਰਹੇ ਹਨ ਜਿੱਥੇ ਵਧੀਆ ਬੁਨਿਆਦੀ ਢਾਂਚੇ ਬਣਾਏ ਜਾ ਰਹੇ ਹਨ। ਇਸ ਕੜੀ ਤਹਿਤ ਜੋਧਪੁਰ ਵਿਖੇ 2.5 ਏਕੜ 'ਚ ਖੇਡ ਮੈਦਾਨ ਬਣਾਇਆ ਜਾ ਰਿਹਾ ਹੈ। ਇਸ ਵਿੱਚ 200 ਮੀਟਰ ਸਿੰਡਰ ਟ੍ਰੈਕ, ਓਪਨ ਜਿਮ, ਵਾਲੀਬਾਲ ਮੈਦਾਨ, ਪੀਣ ਵਾਲੇ ਪਾਣੀ ਦਾ ਪ੍ਰਬੰਧ, ਪਖਾਨੇ ਆਦਿ ਉਸਾਰੇ ਜਾਣਗੇ।ਇਸੇ ਦੇ ਨਾਲ ਲੱਗਦੇ 4.5 ਏਕੜ ਰਕਬੇ 'ਚ 65 ਲੱਖ ਦੀ ਲਾਗਤ ਨਾਲ ਛੱਪੜ ਦੀ ਉਸਾਰੀ ਥਾਪਰ ਮਾਡਲ ਤਰਜ਼ ਉੱਤੇ ਕੀਤੀ ਜਾ ਰਹੀ ਹੈ ਤਾਂ ਜੋ ਪਿੰਡ ਵਾਸੀਆਂ ਨੂੰ ਬਦਬੂਦਾਰ ਛੱਪੜ ਤੋਂ ਨਿਜਾਤ ਮਿਲ ਸਕੇ।

ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਨੀਂਹ ਪੱਥਰ: ਇਸ ਤੋਂ ਪਹਿਲਾਂ ਮੀਤ ਹੇਅਰ ਨੇ ਹੰਡਿਆਇਆ ਵਿਖੇ 10.81 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਨੀਂਹ ਪੱਥਰ ਰੱਖਿਆ ਜਿਸ ਨਾਲ ਹੰਡਿਆਇਆ ਵਾਸੀਆਂ ਨੂੰ ਗੰਦੇ ਪਾਣੀ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ। ਉਨ੍ਹਾਂ ਦੱਸਿਆ ਕਿ ਹੰਡਿਆਇਆ 'ਚ 33 ਲੱਖ ਰੁਪਏ ਗੁਰੂ ਤੇਗ ਬਹਾਦਰ ਸਟੇਡੀਅਮ ਲਈ ਅਤੇ 35 ਲੱਖ ਰੁਪਏ ਬੀੜ ਵਿਖੇ ਕ੍ਰਿਕਟ ਸਟੇਡੀਅਮ ਲਈ ਦਿੱਤੇ। ਨਾਲ ਹੀ ਉਨ੍ਹਾਂ ਚਾਰ ਕਲੱਬਾਂ ਨੂੰ 50-50 ਹਜ਼ਾਰ ਦੇ ਚੈੱਕ ਵੰਡੇ।

ਕਰੋੜਾਂ ਦੇ ਵੰਡੇ ਗੱਫ਼ੇ: ਪਿੰਡ ਕੋਠੇ ਰਜਿੰਦਰਪੁਰਾ ਵਿਖੇ ਉਨ੍ਹਾਂ 70 ਲੱਖ ਰੁਪਏ ਦੀ ਲਾਗਤ ਨਾਲ ਜ਼ਮੀਨਦੋਜ਼ ਪਾਇਪ ਲਾਈਨ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਜਿਸ ਦੀ ਮਦਦ ਨਾਲ 850 ਏਕੜ ਤੋਂ ਵੱਧ ਪਿੰਡ ਦੇ ਰਕਬੇ ਦੀ ਸਿੰਜਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਦੀ ਮੰਗ ਨੂੰ ਪੂਰਾ ਕਰਦਿਆਂ ਪਿੰਡ ਦੀ ਸੜਕ 2.75 ਕਰੋੜ ਦੀ ਲਾਗਤ ਨਾਲ 9 ਤੋਂ 18 ਫੁੱਟ ਚੌੜੀ ਕੀਤੀ ਜਾਵੇਗੀ ਜਿਸ ਨਾਲ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਹੋਵੇਗਾ।ਪਿੰਡ ਹਰੀਗੜ੍ਹ ਵਿਖੇ ਉਨ੍ਹਾਂ 58.53 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਜ਼ਮੀਨਦੋਜ਼ ਪਾਇਪ ਲਾਈਨ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਜਿਸ ਨਾਲ 798 ਏਕੜ ਰਕਬੇ ਨੂੰ ਸਿੰਜਾਈ ਲਈ ਪਾਣੀ ਨਹਿਰ ਤੋਂ ਖੇਤਾਂ ਤੱਕ ਪੁੱਜਦਾ ਕੀਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.