ਪੰਜਾਬ

punjab

ਸਾਬਕਾ ਮੰਤਰੀ ਧਰਮਸੋਤ ਦੀ ਗ੍ਰਿਫ਼ਤਾਰੀ 'ਤੇ ਘਿਰੀ ਸਰਕਾਰ, ਵਿਰੋਧੀਆਂ ਨੇ ਕੀਤੀ...

By

Published : Jun 9, 2022, 8:00 AM IST

ਵਿਜੀਲੈਂਸ ਵਿਭਾਗ ਵਲੋਂ ਕਾਂਗਰਸ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ 'ਤੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਜੰਗਲਾਤ ਮਹਿਕਮੇ 'ਚ ਮਿਲੀਆਂ ਉਣਤਾਈਆਂ ਤੋਂ ਬਾਅਦ ਕਾਰਵਾਈ ਕਰਦਿਆਂ ਗ੍ਰਿਫ਼ਤਾਰ ਕੀਤਾ ਹੈ, ਜਿਸ ਨੂੰ ਲੈਕੇ ਵਿਰੋਧੀ ਪਾਰਟੀਆਂ ਵਲੋਂ ਸਰਕਾਰ 'ਤੇ ਸਵਾਲ ਖੜੇ ਕੀਤੇ ਜਾ ਰਹੇ ਹਨ।

ਸਾਬਕਾ ਮੰਤਰੀ ਧਰਮਸੋਤ ਦੀ ਗ੍ਰਿਫ਼ਤਾਰੀ 'ਤੇ ਘਿਰੀ ਸਰਕਾਰ
ਸਾਬਕਾ ਮੰਤਰੀ ਧਰਮਸੋਤ ਦੀ ਗ੍ਰਿਫ਼ਤਾਰੀ 'ਤੇ ਘਿਰੀ ਸਰਕਾਰ

ਲੁਧਿਆਣਾ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ਨੂੰ ਬੀਤੇ ਦਿਨੀਂ ਵਿਜੀਲੈਂਸ ਵੱਲੋਂ ਜੰਗਲਾਤ ਮਹਿਕਮੇ ਦੇ ਵਿੱਚ ਘਪਲੇ ਦੇ ਇਲਜ਼ਾਮਾਂ ਨੂੰ ਲੈ ਕੇ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਨੂੰ ਲੈ ਕੇ ਹੁਣ ਸਿਆਸਤ ਗਰਮਾ ਗਈ ਹੈ।

ਵਿਰੋਧੀਆਂ ਨੇ ਚੁੱਕੇ ਸਵਾਲ: ਕਾਂਗਰਸ ਪਾਰਟੀ ਨੇ ਜਿੱਥੇ ਇਸ ਨੂੰ ਬਦਲਾਖੋਰੀ ਦੀ ਸਿਆਸਤ ਦੱਸਿਆ ਤਾਂ ਉੱਥੇ ਹੀ ਪੰਜਾਬ ਲੋਕ ਕਾਂਗਰਸ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਕਾਰਵਾਈ ਜਿਸ ਸਮੇਂ ਕੀਤੀ ਹੈ, ਉਸ ਨੂੰ ਲੈ ਕੇ ਸ਼ੰਕਾ ਹੋ ਰਹੀ ਹੈ। ਜਦੋਂਕਿ ਅਕਾਲੀ ਦਲ ਦਾ ਕਹਿਣਾ ਹੈ ਕਿ ਮੁਲਜ਼ਮ ਮੰਤਰੀਆਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ ਪਰ ਸਿਆਸੀ ਕਿੜ ਕੱਢਣ ਲਈ ਨਹੀਂ ਸਗੋਂ ਇਨਸਾਫ਼ ਲਈ ਕਾਰਵਾਈ ਹੋਣੀ ਚਾਹੀਦੀ ਹੈ। ਉਥੇ ਹੀ ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਕਿ ਜੋ ਵੀ ਮੁਲਜ਼ਮ ਹੋਵੇਗਾ ਉਸ ਖ਼ਿਲਾਫ਼ ਕਾਰਵਾਈ ਹੋਵੇਗੀ ਇਹ ਸਿਆਸੀ ਬਦਲਾਖੋਰੀ ਦਾ ਨਤੀਜਾ ਨਹੀਂ ਸਗੋਂ ਭ੍ਰਿਸ਼ਟ ਮੰਤਰੀਆਂ ਵੱਲੋਂ ਕੀਤੇ ਕੰਮਾਂ 'ਤੇ ਕਾਰਵਾਈ ਹੈ।

ਸੰਗਰੂਰ 'ਚ ਚੋਣਾਂ ਤੋਂ ਪਹਿਲਾਂ ਕਾਰਵਾਈ ਕਿਉਂ ?: ਸਾਧੂ ਸਿੰਘ ਧਰਮਸੋਤ 'ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਭਾਵੇਂ ਕੋਈ ਨਵੇਂ ਨਹੀਂ ਹਨ। ਜਦੋਂ ਉਹ ਮੰਤਰੀ ਸਨ ਉਦੋਂ ਵੀ ਵਜ਼ੀਫ਼ਾ ਘੋਟਾਲਾ ਨੂੰ ਲੈ ਕੇ ਸਾਧੂ ਸਿੰਘ ਧਰਮਸੋਤ 'ਤੇ ਕਈ ਵਾਰ ਸਵਾਲ ਖੜ੍ਹੇ ਹੋਏ। ਹਾਲਾਂਕਿ ਵਿਜੀਲੈਂਸ ਨੇ ਉਨ੍ਹਾਂ 'ਤੇ ਕਾਰਵਾਈ ਵਜੀਫ਼ੇ ਘੋਟਾਲੇ ਮਾਮਲੇ 'ਚ ਨਹੀਂ ਸਗੋਂ ਜੰਗਲਾਤ ਮਹਿਕਮੇ 'ਚ ਪਾਈਆਂ ਗਈਆਂ ਊਣਤਾਈਆਂ ਨੂੰ ਲੈ ਕੇ ਕੀਤੀ ਗਈ ਹੈ। ਪਰ ਕਾਂਗਰਸ ਅਤੇ ਪੰਜਾਬ ਲੋਕ ਕਾਂਗਰਸ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਜੋ ਕਾਰਵਾਈ ਦਾ ਸਮਾਂ ਚੁਣਿਆ ਗਿਆ ਉਸ ਨੂੰ ਵੇਖ ਕੇ ਲੱਗਦਾ ਹੈ ਕਿ ਉਹ ਸੰਗਰੂਰ ਚੋਣਾਂ ਦੇ ਵਿੱਚ ਪਾਰਟੀ ਦੀ ਹੋ ਰਹੀ ਕਿਰਕਿਰੀ ਨੂੰ ਬਚਾਉਣ ਲਈ ਧਿਆਨ ਬਦਲਣ ਲਈ ਇਹ ਸਭ ਕਰ ਰਹੀ ਹੈ।

ਮੂਸੇਵਾਲਾ ਦੇ ਕਤਲ ਤੋਂ ਹੋਈ ਕਿਰਕਿਰੀ: ਵਿਰੋਧੀ ਪਾਰਟੀਆਂ ਨੇ ਕਿਹਾ ਕਿ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਗ੍ਰਾਫ ਹੇਠਾਂ ਡਿੱਗਿਆ ਹੈ। ਲੋਕ ਉਨ੍ਹਾਂ ਦੇ ਵਿਰੋਧ ਵਿੱਚ ਆ ਰਹੇ ਨੇ ਅਤੇ ਕਿਸੇ ਸਰਕਾਰ ਵੱਲੋਂ ਜ਼ਿਮਨੀ ਚੋਣ ਹਾਰ ਜਾਣਾ ਇੱਕ ਵੱਡਾ ਫੇਲ੍ਹ ਹੁੰਦਾ ਹੈ। ਇਸ ਕਰਕੇ ਸਾਧੂ ਸਿੰਘ ਧਰਮਸੋਤ 'ਤੇ ਕਾਰਵਾਈ ਸਿਰਫ਼ ਸਿਆਸੀ ਬਦਲਾਖੋਰੀ ਦਾ ਹੀ ਨਤੀਜਾ ਹੈ।

ਕੀ ਕਾਰਵਾਈ ਤੋਂ ਡਰੇ ਸਾਬਕਾ ਮੰਤਰੀ ?: ਆਮ ਆਦਮੀ ਪਾਰਟੀ ਵੱਲੋਂ ਸਾਧੂ ਸਿੰਘ ਧਰਮਸੋਤ 'ਤੇ ਕੀਤੀ ਗਈ ਕਾਰਵਾਈ ਅਤੇ ਇਸ ਤੋਂ ਪਹਿਲਾਂ ਪੰਜਾਬ ਦੇ ਕਈ ਸਾਬਕਾ ਮੰਤਰੀ ਭਾਜਪਾ 'ਚ ਸ਼ਾਮਿਲ ਹੋ ਗਏ। ਇਸ ਨੂੰ ਲੈ ਕੇ ਸਿਆਸੀ ਪੰਡਿਤ ਇਹ ਕਿਆਸ ਲਗਾ ਰਹੇ ਨੇ ਕਿ ਕਾਰਵਾਈ ਦੇ ਡਰ ਤੋਂ ਕਾਂਗਰਸ ਦੇ ਮੰਤਰੀਆਂ ਵੱਲੋਂ ਭਾਜਪਾ ਦਾ ਪੱਲਾ ਫੜਿਆ ਗਿਆ ਹੈ, ਕਿਉਂਕਿ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੈ। ਇਹੀ ਕਾਰਨ ਹੈ ਕਿ ਕਾਂਗਰਸ ਦੇ ਸਾਬਕਾ ਮੰਤਰੀ ਭਾਜਪਾ ਵਿਚ ਸ਼ਾਮਿਲ ਹੋਏ ਹਨ। ਉਨ੍ਹਾਂ ਨੂੰ ਕੇਂਦਰੀ ਜਾਂਚ ਏਜੰਸੀਆਂ ਦਾ ਖ਼ਤਰਾ ਸਿਤਾ ਰਿਹਾ ਸੀ।

ਸਾਬਕਾ ਮੰਤਰੀ ਧਰਮਸੋਤ ਦੀ ਗ੍ਰਿਫ਼ਤਾਰੀ 'ਤੇ ਘਿਰੀ ਸਰਕਾਰ

ਬਿਨਾਂ ਡਰ ਤੋਂ ਹੋ ਰਹੇ ਪਾਰਟੀ 'ਚ ਸ਼ਾਮਲ: ਇਸ ਸਬੰਧੀ ਬੀਤੇ ਦਿਨੀਂ ਲੁਧਿਆਣਾ ਪਹੁੰਚੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸ਼ਵੇਤ ਮਲਿਕ ਨੂੰ ਜਦੋਂ ਸਵਾਲ ਪੁੱਛਿਆ ਗਿਆ ਕਿ ਈਡੀ ਦੇ ਡਰ ਕਰਕੇ ਵੀ ਕਾਂਗਰਸੀ ਆਗੂ ਭਾਜਪਾ 'ਚ ਸ਼ਾਮਲ ਹੋਏ ਨੇ ਤਾਂ ਉਹਨਾਂ ਨੇ ਕਿਹਾ ਕਿ ਅਜਿਹਾ ਕੁਝ ਨਹੀਂ ਹੈ। ਈਡੀ ਦਾ ਸਿਰਫ਼ ਡਰ ਉਨ੍ਹਾਂ ਨੂੰ ਹੁੰਦਾ ਜਿਨ੍ਹਾਂ ਨੇ ਗੜਬੜੀਆਂ ਕੀਤੀਆਂ ਹੁੰਦੀਆਂ ਹਨ।

ਕੈਪਟਨ ਅਮਰਿੰਦਰ ਦੀ ਫਾਈਲ ਦੇ ਕੀ ਰਾਜ਼ ?: ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਅਹੁਦੇ ਤੋਂ ਲਾਂਭੇ ਕਰਨ ਤੋਂ ਬਾਅਦ ਕੈਪਟਨ ਜਿੱਥੇ ਇਹ ਬਿਆਨ ਲਗਾਤਾਰ ਦਿੰਦੇ ਰਹੇ ਕਿ ਕਾਂਗਰਸ ਦੇ ਕਈ ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਹਨ ਅਤੇ ਉਹ ਕਾਂਗਰਸ ਛੱਡਣਾ ਚਾਹੁੰਦੇ ਹਨ। ਉਥੇ ਹੀ ਸੁਨੀਲ ਜਾਖੜ ਦੇ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਕਾਂਗਰਸ ਦੇ ਵਿਚ ਸਿਆਸੀ ਭੂਚਾਲ ਆ ਗਿਆ ਹੈ। ਵੱਡੀ ਤਦਾਦ ਵਿੱਚ ਕਾਂਗਰਸੀ ਭਾਜਪਾ 'ਚ ਸ਼ਾਮਿਲ ਹੋ ਗਏ ਹਨ।

ਵਿਜੇ ਸਿੰਗਲਾ ਦੀ ਕਾਰਵਾਈ 'ਤੇ ਕੈਪਟਨ ਦਾ ਟਵੀਟ: ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਬੀਤੇ ਦਿਨੀਂ ਵਿਜੇ ਸਿੰਗਲਾ 'ਤੇ ਕਾਰਵਾਈ ਹੋਈ ਸੀ ਤਾਂ ਇਸ ਸਬੰਧੀ ਟਵੀਟ ਕੀਤਾ ਸੀ ਤੇ ਕਿਹਾ ਸੀ ਕਿ ਉਨ੍ਹਾਂ ਕੋਲ ਭ੍ਰਿਸ਼ਟ ਮੰਤਰੀਆਂ ਦੀ ਵੱਡੀ ਸੂਚੀ ਹੈ। ਇਸ ਸਬੰਧੀ ਜਦੋਂ ਪੰਜਾਬ ਲੋਕ ਕਾਂਗਰਸ ਦੇ ਬੁਲਾਰੇ ਨਾਲ ਅਸੀਂ ਗੱਲ ਕੀਤੀ ਤਾਂ ਉਨਾਂ ਨੇ ਕਿਹਾ ਕਿ ਫਿਲਹਾਲ ਕੈਪਟਨ ਅਮਰਿੰਦਰ ਸਿੰਘ ਦੀ ਸਿਹਤ ਨਾਸਾਜ਼ ਹੈ। ਉਨ੍ਹਾਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਫਾਈਲ ਹਾਲੇ ਸਰਕਾਰ ਨੂੰ ਨਹੀਂ ਸੌਂਪੀ ਗਈ ਹੈ।

'ਕੈਪਟਨ ਦੀ ਫਾਈਲ 'ਚ ਮਾਈਨਿੰਗ ਸਬੰਧੀ ਨਾਂ': ਉਨ੍ਹਾਂ ਕਿਹਾ ਕਿ ਸਾਧੂ ਸਿੰਘ ਧਰਮਸੋਤ ਨੂੰ ਸਿਆਸੀ ਬਦਲਾਖੋਰੀ ਦੇ ਤਹਿਤ ਹੀ ਆਮ ਆਦਮੀ ਪਾਰਟੀ ਨੇ ਗ੍ਰਿਫਤਾਰ ਕਰਵਾਇਆ ਹੈ। ਉਨ੍ਹਾਂ ਕਿਹਾ ਬਾਕੀ ਸਾਬਕਾ ਮੰਤਰੀ ਵੀ ਜੇਕਰ ਭ੍ਰਿਸ਼ਟਾਚਾਰ 'ਚ ਲਿਪਤ ਹੁੰਦੇ ਤਾਂ ਤਿੰਨ ਮਹੀਨੇ ਅੰਦਰ ਆਮ ਆਦਮੀ ਪਾਰਟੀ ਇਸ ਸਬੰਧੀ ਕਾਰਵਾਈ ਜ਼ਰੂਰ ਕਰਦੀ। ਉਨ੍ਹਾਂ ਸਿੱਧੇ ਤੌਰ 'ਤੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਜੋ ਫਾਈਲ ਹੈ, ਉਸ ਵਿਚ ਮਾਈਨਿੰਗ ਨੂੰ ਲੈ ਕੇ ਭ੍ਰਿਸ਼ਟ ਮੰਤਰੀਆਂ ਦੇ ਨਾਂ ਹਨ ਤੇ ਜਿਨ੍ਹਾਂ 'ਤੇ ਬੀਤੇ ਦਿਨਾਂ ਦੇ ਅੰਦਰ ਕਾਰਵਾਈ ਵੀ ਹੋਈ ਸੀ।

ਕੀ ਕਾਰਵਾਈ ਸਿਆਸੀ ਬਦਲਾਖੋਰੀ ?: ਸਾਧੂ ਸਿੰਘ ਧਰਮਸੋਤ 'ਤੇ ਕੀਤੀ ਗਈ ਕਾਰਵਾਈ ਕੀ ਸਿਆਸੀ ਬਦਲਾਖੋਰੀ ਸੀ ਇਕ ਵੱਡਾ ਸਵਾਲ ਹੈ। ਹਾਲਾਂਕਿ ਇਸ ਸਵਾਲ 'ਤੇ ਵਿਰੋਧੀਆਂ ਨੇ ਤਾਂ ਇਸ ਦਾ ਸਮਰਥਨ ਕਰਦਿਆਂ ਕਿਹਾ ਕਿ ਕਾਰਵਾਈ ਬਦਲਾਖੋਰੀ ਦਾ ਨਤੀਜਾ ਹੀ ਲੱਗਦੀ ਹੈ। ਇਸ ਸਬੰਧੀ ਜਦੋਂ ਆਮ ਆਦਮੀ ਪਾਰਟੀ ਦੇ ਬੁਲਾਰੇ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਆਪਣੇ ਮੰਤਰੀ ਨੂੰ ਨਹੀਂ ਬਖ਼ਸ਼ ਰਹੇ ਤਾਂ ਪੁਰਾਣੇ ਮੰਤਰੀ ਜੋ ਭ੍ਰਿਸ਼ਟਾਚਾਰ ਵਿੱਚ ਲਿਪਤ ਨੇ ਉਨ੍ਹਾਂ ਨੂੰ ਕਿਵੇਂ ਬਖ਼ਸ਼ ਸਕਦੀ ਹੈ।

ਵਿਜੀਲੈਂਸ ਵੱਲੋਂ ਕਾਰਵਾਈ: ਇਸ ਸਬੰਧੀ ਆਮ ਆਦਮੀ ਪਾਰਟੀ ਦੇ ਬੁਲਾਰੇ ਅਹਿਬਾਬ ਗਰੇਵਾਲ ਨੇ ਕਿਹਾ ਕਿ ਸਾਧੂ ਸਿੰਘ ਧਰਮਸੋਤ 'ਤੇ ਕੀਤੀ ਕਾਰਵਾਈ ਕੋਈ ਸਿਆਸੀ ਬਦਲਾਖੋਰੀ ਨਹੀਂ ਸਗੋਂ ਬਕਾਇਦਾ ਵਿਜੀਲੈਂਸ ਵੱਲੋਂ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਵਿਜੀਲੈਂਸ ਕੋਲ ਕੋਈ ਸਬੂਤ ਹੈ ਤਾਂ ਹੀ ਗ੍ਰਿਫਤਾਰੀ ਕੀਤੀ ਗਈ ਹੈ।

ਇਹ ਵੀ ਪੜ੍ਹੋ:BSF ਜਵਾਨਾਂ ਨੂੰ ਮਿਲੀ ਵੱਡੀ ਸਫ਼ਲਤਾ, ਗਸ਼ਤ ਦੌਰਾਨ 3.29 ਕਰੋੜ ਰੁਪਏ ਦੀ ਹੈਰੋਇਨ ਕੀਤੀ ਬਰਾਮਦ

ABOUT THE AUTHOR

...view details