ਪੰਜਾਬ

punjab

ਲੁਧਿਆਣਾ ਭਾਜਪਾ ਆਗੂ ਸੁਖਵਿੰਦਰ ਬਿੰਦਰਾ 'ਤੇ ਮਾਮਲਾ ਦਰਜ, ਸੁਰੱਖਿਆ ਵਿੱਚ ਤੈਨਾਤ ਜਿਪਸੀ ਦਾ ਨੰਬਰ ਨਿਕਲਿਆ ਜਾਅਲੀ

By ETV Bharat Punjabi Team

Published : Feb 15, 2024, 4:00 PM IST

ਲੁਧਿਆਣਾ ਦੇ ਦੁਗਰੀ ਥਾਣੇ ਦੀ ਪੁਲਿਸ ਵਲੋਂ ਭਾਜਪਾ ਦੇ ਨੌਜਵਾਨ ਆਗੂ ਸੁਖਵਿੰਦਰ ਬਿੰਦਰਾ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਕਾਬਿਲੇਗੌਰ ਹੈ ਕਿ ਬਿੰਦਰਾ ਦੀ ਸੁਰੱਖਿਆ 'ਚ ਤੈਨਾਤ ਦਾ ਜਿਪਸੀ ਦਾ ਨੰਬਰ ਜਾਅਲੀ ਸੀ, ਜਿਸ ਕਾਰਨ ਇਹ ਕਾਰਵਾਈ ਕੀਤੀ ਗਈ ਹੈ। ਉਧਰ ਪੁਲਿਸ ਨੇ ਜਿਪਸੀ ਨੂੰ ਵੀ ਜ਼ਬਤ ਕਰ ਲਿਆ ਹੈ।

ਭਾਜਪਾ ਆਗੂ ਸੁਖਵਿੰਦਰ ਬਿੰਦਰਾ 'ਤੇ ਮਾਮਲਾ ਦਰਜ
ਭਾਜਪਾ ਆਗੂ ਸੁਖਵਿੰਦਰ ਬਿੰਦਰਾ 'ਤੇ ਮਾਮਲਾ ਦਰਜ

ਪੁਲਿਸ ਅਧਿਕਾਰੀ ਜਾਣਕਾਰੀ ਦਿੰਦੇ ਹੋਏ

ਲੁਧਿਆਣਾ:ਜ਼ਿਲ੍ਹੇ ਤੋਂ ਭਾਜਪਾ ਦੇ ਯੂਥ ਆਗੂ ਸੁਖਵਿੰਦਰ ਸਿੰਘ ਬਿੰਦਰਾ 'ਤੇ ਦੁਗਰੀ ਪੁਲਿਸ ਸਟੇਸ਼ਨ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਦਰਅਸਲ ਸੁਖਵਿੰਦਰ ਬਿੰਦਰਾ ਦੀ ਸੁਰੱਖਿਆ ਵਿੱਚ ਤੈਨਾਤ ਦਸਤੇ ਦੇ ਅੰਦਰ ਚੱਲਣ ਵਾਲੀ ਜਿਪਸੀ ਗੱਡੀ ਦੀ ਨੰਬਰ ਪਲੇਟ ਜਾਅਲੀ ਪਾਈ ਗਈ ਹੈ। ਜਿਸ ਕਾਰਨ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦੇ ਚੱਲਦਿਆਂ ਉਸ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਵਲੋਂ ਸ਼ਹੀਦ ਭਗਤ ਸਿੰਘ ਨਗਰ ਚੌਂਕੀ ਦੇ ਵਿੱਚ ਜਿਪਸੀ ਨੂੰ ਜ਼ਬਤ ਕਰਕੇ ਲਿਆਂਦਾ ਗਿਆ ਹੈ। ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਇਥੋਂ ਤੱਕ ਕਿ ਜਿਪਸੀ 'ਤੇ ਲਾਲ ਬੱਤੀ ਵੀ ਲਗਾਈ ਗਈ ਸੀ। ਹਾਲਾਂਕਿ ਪੁਲਿਸ ਨੇ ਬਾਅਦ ਵਿੱਚ ਉਸ ਨੂੰ ਉਤਾਰ ਦਿੱਤਾ ਹੈ ਪਰ ਨਿਯਮਾਂ ਦੀਆਂ ਧੱਜੀਆਂ ਉਡਾਉਣ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ।

ਜਾਅਲੀ ਨੰਬਰ ਪਲੇਟ ਵਾਲੀ ਜਿਪਸੀ ਜ਼ਬਤ: ਪੁਲਿਸ ਨੇ ਇਹ ਮਾਮਲਾ ਉਦੋਂ ਦਰਜ ਕੀਤਾ ਜਦੋਂ ਪੱਖੋਵਾਲ ਨਹਿਰ ਪੁੱਲ ਦੇ ਨੇੜੇ ਪੁਲਿਸ ਨੂੰ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਉਸ ਦੀ ਪਾਇਲਟ ਜਿਪਸੀ ਰੰਗ ਚਿੱਟਾ ਤੇ ਨੰਬਰ ਪੀਬੀ 38 ਜੀ 4228 ਦੀ ਪੁਲਿਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਨੰਬਰ ਕਿਸੇ ਵੀ ਪਾਈਲਟ ਗੱਡੀ ਦੀ ਸੀਰੀਜ਼ ਦਾ ਨਹੀਂ ਹੈ। ਜਿਸ ਤੋਂ ਬਾਅਦ ਪੁਲਿਸ ਨੇ ਕਾਰ ਨੂੰ ਜ਼ਬਤ ਕਰਕੇ ਆਈਪੀਸੀ ਦੀ ਧਾਰਾ 465 ਅਤੇ 471 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਹਾਲਾਂਕਿ ਸੁਖਵਿੰਦਰ ਬਿੰਦਰਾ ਨੂੰ ਫਿਲਹਾਲ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕਾਰ 'ਤੇ ਲਾਲ ਬੱਤੀ ਵੀ ਲਗਾਈ ਗਈ ਸੀ ਜੋ ਕਿ ਨਿਯਮਾਂ ਦੇ ਖਿਲਾਫ ਸੀ।

ਕਾਂਗਰਸ ਤੋਂ ਭਾਜਪਾ 'ਚ ਗਿਆ ਸੀ ਬਿੰਦਰਾ: ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਸਟੇਸ਼ਨ ਦੁਗਰੀ ਦੇ ਐੱਸਐੱਚਓ ਅਮਨਦੀਪ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਕਿਹਾ ਹੈ ਕਿ ਅਸੀਂ ਕਾਰ ਜ਼ਬਤ ਕਰ ਲਈ ਹੈ ਅਤੇ ਅਗਲੇਰੀ ਜਾਂਚ ਕਰ ਰਹੇ ਹਾਂ। ਉਹਨਾਂ ਕਿਹਾ ਕਿ ਇਹ ਨਿਯਮਾਂ ਦੇ ਖਿਲਾਫ ਹੈ, ਉਹਨਾਂ ਕਿਹਾ ਕਿ ਉਹ ਕਿਸੇ ਪਾਰਟੀ ਦੇ ਨਾਲ ਵੀ ਸੰਬੰਧਿਤ ਕੋਈ ਸਥਾਨਕ ਲੀਡਰ ਹੈ। ਦੱਸਦੇ ਚੱਲੀਏ ਕਿ ਸੁਖਵਿੰਦਰ ਬਿੰਦਰਾ ਕਾਂਗਰਸ ਦੀ ਸਰਕਾਰ ਵੇਲੇ ਨੌਜਵਾਨ ਵਿਕਾਸ ਬੋਰਡ ਦਾ ਚੇਅਰਮੈਨ ਵੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਹੀ ਕਾਂਗਰਸ ਦਾ ਪੱਲਾ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਲਿਆ ਸੀ। ਸੁਖਵਿੰਦਰ ਬਿੰਦਰਾ ਨੂੰ ਸੁਰੱਖਿਆ ਵੀ ਦਿੱਤੀ ਗਈ ਹੈ। ਪੁਲਿਸ ਨੇ ਕਿਹਾ ਹੈ ਕਿ ਅਸੀਂ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਾਂ।

ABOUT THE AUTHOR

...view details