ਲੁਧਿਆਣਾ: ਆਖਿਰਕਾਰ ਬੀਤੇ ਕਈ ਮਹੀਨੇ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਵਿਚਕਾਰ ਚੱਲ ਰਹੇ ਗਠਜੋੜ ਦੀ ਕਿਆਸਰਾਈਆਂ 'ਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਪਾਣੀ ਫੇਰਦੇ ਹੋਏ ਐਲਾਨ ਕਰ ਦਿੱਤਾ ਹੈ ਕਿ ਭਾਜਪਾ ਪੰਜਾਬ ਦੇ ਵਿੱਚ ਇਕੱਲਿਆਂ ਹੀ 2024 ਦੀਆਂ ਲੋਕ ਸਭਾ ਚੋਣਾਂ ਲੜੇਗੀ ਅਤੇ ਕਿਸੇ ਵੀ ਹੋਰ ਪਾਰਟੀ ਦੇ ਨਾਲ ਗਠਜੋੜ ਨਹੀਂ ਕਰੇਗੀ। ਇਹ ਬਿਆਨ ਆਉਣ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵਾਂ ਭੂਚਾਲ ਆ ਗਿਆ, ਜਿਸ ਤੋਂ ਬਾਅਦ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਦੇ ਜੋ ਕਿਆਸ ਲਗਾਏ ਜਾ ਰਹੇ ਸਨ, ਉਹ ਠੰਡੇ ਬਸਤੇ ਦੇ ਵਿੱਚ ਚਲੇ ਗਏ। ਹਾਲਾਂਕਿ ਵਿਰੋਧੀ ਪਾਰਟੀਆਂ ਨੇ ਇਸ ਲਈ ਕਿਸਾਨਾਂ ਨੂੰ ਵੱਡਾ ਕਾਰਨ ਦੱਸਿਆ ਹੈ। ਰਾਜਾ ਵੜਿੰਗ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਹਾਲੇ ਪਿਆਰ ਖਤਮ ਨਹੀਂ ਹੋਇਆ ਹੈ, ਪਿਆਰ ਆਪਸ ਦੇ ਵਿੱਚ ਬਣਿਆ ਹੋਇਆ ਹੈ। ਇਹੀ ਕਾਰਨ ਹੈ ਕਿ ਬਾਦਲ ਪਰਿਵਾਰ ਦੇ ਕੋਲ ਅਜਿਹੀ ਸੁਰੱਖਿਆ ਹੈ ਜੋ ਨਾ ਤਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੋਲ ਹੈ ਅਤੇ ਨਾ ਹੀ ਕਿਸੇ ਹੋਰ ਉਪ ਮੁੱਖ ਮੰਤਰੀ ਕੋਲ ਰਹੀ ਹੈ।
ਗੱਠਜੋੜ ਸੀ ਕਿੰਨਾ ਕਾਮਯਾਬ:ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ 2022 ਦੀਆਂ ਵਿਧਾਨ ਸਭਾ ਚੋਣਾਂ ਵੀ ਵੱਖੋ ਵੱਖਰੀਆਂ ਲੜੇ ਸਨ ਪਰ ਅਕਾਲੀ ਦਲ ਨੇ ਭਾਜਪਾ ਦੀ ਥਾਂ 'ਤੇ ਬਸਪਾ ਦੇ ਨਾਲ ਪੰਜਾਬ ਦੇ ਅੰਦਰ ਗਠਜੋੜ ਕੀਤਾ ਸੀ। ਹਾਲਾਂਕਿ ਇਸ ਗਠਜੋੜ ਨੂੰ ਵੀ ਲੋਕਾਂ ਨੇ ਬਹੁਤਾ ਕਬੂਲ ਨਹੀਂ ਕੀਤਾ, ਜਿਸ ਕਰਕੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ। ਇਸ ਤੋਂ ਬਾਅਦ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਜਦੋਂ ਭਾਜਪਾ ਤੇ ਅਕਾਲੀ ਦਲ ਦੇ ਫਿਰ ਇੱਕਜੁੱਟ ਹੋਣ ਦੀ ਗੱਲ ਚੱਲ ਰਹੀ ਸੀ ਤਾਂ ਪਹਿਲਾਂ ਹੀ ਬਸਪਾ ਨੇ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਨਾਲ ਗਠਜੋੜ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਉਸ ਦੀ ਵਜ੍ਹਾ ਉਹਨਾਂ ਦਾ ਗਠਜੋੜ ਭਾਜਪਾ ਦੇ ਨਾਲ ਹੋਣਾ ਦੱਸਿਆ। ਉਸ ਤੋਂ ਬਾਅਦ ਹੀ ਲਗਾਤਾਰ ਸਿਆਸੀ ਗਲਿਆਰਿਆਂ ਵਿੱਚ ਇਹ ਗੱਲ ਚੱਲ ਰਹੀ ਸੀ ਕਿ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਦੋਵੇਂ ਪਾਰਟੀਆਂ ਦੇ ਵਿਚਕਾਰ ਮੁੜ ਤੋਂ ਪੰਜਾਬ ਦੇ ਅੰਦਰ ਗਠਜੋੜ ਹੋ ਜਾਵੇਗਾ ਪਰ ਆਖਰ ਮੌਕੇ 'ਤੇ ਕਿਸਾਨਾਂ ਵੱਲੋਂ ਮੁੜ ਤੋਂ ਦਿੱਲੀ ਕੂਚ ਕਰਨ ਦਾ ਫੈਸਲਾ ਕੀਤਾ ਗਿਆ। ਕਿਸਾਨਾਂ ਨੇ ਧਰਨੇ ਲਗਾਏ ਅਤੇ ਹਰਿਆਣੇ ਦੇ ਵਿੱਚ ਜੋ ਭਾਜਪਾ ਸਰਕਾਰ ਦੇ ਨਾਲ ਕਿਸਾਨਾਂ ਦੀ ਖਿੱਚੋਤਾਣ ਹੋਈ, ਉਸ ਤੋਂ ਬਾਅਦ ਕਿਸਾਨਾਂ ਨੇ ਐਲਾਨ ਕਰ ਦਿੱਤਾ ਕਿ ਉਹ ਭਾਜਪਾ ਦਾ ਪੰਜਾਬ ਦੇ ਵਿੱਚ ਵਿਰੋਧ ਕਰਨਗੇ ਅਤੇ ਆਖਿਰਕਾਰ ਅਕਾਲੀ ਦਲ ਨੂੰ ਮੁੜ ਤੋਂ ਆਪਣੇ ਕਦਮ ਪਿੱਛੇ ਕਰਨੇ ਪਏ। ਜੇਕਰ ਗੱਲ 2022 ਵਿਧਾਨ ਸਭਾ ਚੋਣਾਂ ਦੀ ਕੀਤੀ ਜਾਵੇ ਤਾਂ 117 ਸੀਟਾਂ ਵਿੱਚੋਂ ਭਾਜਪਾ ਨੂੰ ਸਿਰਫ ਦੋ ਸੀਟਾਂ ਹੀ ਮਿਲੀਆਂ ਸਨ ਅਤੇ ਭਾਜਪਾ ਨੂੰ ਕੁੱਲ 1,27,143 ਵੋਟ ਪਏ ਸਨ। ਪੰਜਾਬ ਦੇ ਵਿੱਚ ਭਾਜਪਾ ਨੇ ਕੁੱਲ 73 ਉਮੀਦਵਾਰ ਉਤਾਰੇ ਸਨ, ਜਦੋਂ ਕਿ ਭਾਜਪਾ ਦਾ ਪੰਜਾਬ ਲੋਕ ਕਾਂਗਰਸ ਦੇ ਨਾਲ ਗਠਜੋੜ ਸੀ, ਜਿਨਾਂ ਨੇ 28 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰੇ ਸਨ। ਇਸ ਦੌਰਾਨ ਭਾਜਪਾ ਦਾ ਵੋਟ ਸ਼ੇਅਰ 7.73 ਫੀਸਦੀ ਰਿਹਾ।
ਕਾਂਗਰਸ ਨੇ ਚੁੱਕੇ ਸਵਾਲ: ਹਾਲਾਂਕਿ ਵਿਰੋਧੀ ਪਾਰਟੀਆਂ ਨੇ ਦੋਵਾਂ ਹੀ ਪਾਰਟੀਆਂ ਦੇ ਗਠਜੋੜ ਟੁੱਟਣ ਨੂੰ ਲੈ ਕੇ ਸਿਆਸੀ ਤੰਜ ਵੀ ਕੱਸੇ ਹਨ। ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਦਵਿੰਦਰ ਯਾਦਵ ਨੇ ਕਿਹਾ ਹੈ ਕਿ ਦੋਵੇਂ ਹੀ ਪਾਰਟੀਆਂ ਇੱਕ ਦੂਜੇ ਨੂੰ ਧੋਖਾ ਦੇ ਰਹੀਆਂ ਹਨ। ਉਹਨਾਂ ਕਿਹਾ ਕਿ ਦੋਵੇਂ ਪਾਰਟੀਆਂ ਹਾਲੇ ਵੀ ਮਿਲੀਆਂ ਹੋਈਆਂ ਹਨ, ਉੱਥੇ ਹੀ ਦੂਜੇ ਪਾਸੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਹੈ ਕਿ ਅਕਾਲੀ ਦਲ ਨੂੰ ਸਾਫ ਪਤਾ ਲੱਗ ਗਿਆ ਹੈ ਕਿ ਭਾਜਪਾ ਦਾ ਵਿਰੋਧ ਪੰਜਾਬ ਦੇ ਵਿੱਚ ਹੋਣ ਵਾਲਾ ਹੈ ਅਤੇ ਕਿਸਾਨਾਂ ਨੇ ਸਾਫ ਕਹਿ ਦਿੱਤਾ ਹੈ ਕਿ ਉਹ ਉਹਨਾਂ ਨੂੰ ਇੱਥੇ ਚੋਣ ਪ੍ਰਚਾਰ ਨਹੀਂ ਕਰਨ ਦੇਣਗੇ, ਜਿਸ ਕਰਕੇ ਅਕਾਲੀ ਦਲ ਪਿੱਛੇ ਹੱਟ ਗਿਆ। ਉਹਨਾਂ ਕਿਹਾ ਹਾਲਾਂਕਿ ਅਕਾਲੀ ਦਲ ਦੇ ਆਪਣੇ ਵੀ ਕੁਝ ਮੁੱਦੇ ਸਨ, ਜਿਨਾਂ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਅਤੇ ਹੋਰ ਕੁਝ ਮੁੱਦਿਆਂ 'ਤੇ ਕੋਈ ਸਹਿਮਤੀ ਨਹੀਂ ਬਣ ਪਾਈ। ਇਸੇ ਤਰ੍ਹਾਂ ਸੀਟਾਂ ਦੀ ਵੰਡ ਨੂੰ ਲੈ ਕੇ ਵੀ ਦੋਵਾਂ ਦੇ ਵਿੱਚ ਮਤਭੇਦ ਸਨ। ਉਹਨਾਂ ਕਿਹਾ ਖਾਸ ਕਰਕੇ ਫਿਰੋਜ਼ਪੁਰ ਦੀ ਸੀਟ ਨੂੰ ਲੈ ਕੇ ਦੋਵੇਂ ਪਾਰਟੀਆਂ ਦੇ ਵਿਚਕਾਰ ਮਤਭੇਦ ਚਲਦੇ ਆ ਰਹੇ ਸਨ। ਜਿਸ ਕਰਕੇ ਸਮਝੌਤਾ ਸਿਰੇ ਨਹੀਂ ਚੜ ਸਕਿਆ ਪਰ ਉਹਨਾਂ ਕਿਹਾ ਕਿ ਅਜਿਹਾ ਨਹੀਂ ਹੈ ਕਿ ਇਸ ਸਮਝੌਤੇ ਟੁੱਟਣ ਦੇ ਨਾਲ ਸੁਖਬੀਰ ਬਾਦਲ ਦਾ ਜਾਂ ਬਾਦਲ ਪਰਿਵਾਰ ਦਾ ਕੇਂਦਰ ਦੇ ਨਾਲ ਪਿਆਰ ਖਤਮ ਹੋ ਗਿਆ ਹੈ। ਵੜਿੰਗ ਨੇ ਕਿਹਾ ਕਿ ਪਿਆਰ ਹਾਲੇ ਵੀ ਹੈ ਜਿਸ ਦੀ ਉਦਾਹਰਨ ਬਾਦਲ ਪਰਿਵਾਰ ਨੂੰ ਮਿਲੀ ਸੁਰੱਖਿਆ ਹੈ।