ETV Bharat / state

ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਛਾਪੇਮਾਰੀ ਦੌਰਾਨ 7000 ਲੀਟਰ ਲਾਹਣ ਬਰਾਮਦ

author img

By

Published : Aug 26, 2020, 8:18 PM IST

Updated : Aug 26, 2020, 8:54 PM IST

ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਛਾਪੇਮਾਰੀ ਦੌਰਾਨ 7000 ਲੀਟਰ ਲਾਹਣ ਬਰਾਮਦ
ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਛਾਪੇਮਾਰੀ ਦੌਰਾਨ 7000 ਲੀਟਰ ਲਾਹਣ ਬਰਾਮਦ

ਤਰਨ ਤਾਰਨ ਦੇ ਹਰੀਕੇ ਮੰਡ ਖੇਤਰ ਵਿੱਚੋਂ ਪੁਲਿਸ ਅਤੇ ਐਕਸਾਈਜ਼ ਵਿਭਾਗ ਦੀ ਟੀਮ ਨੇ 7000 ਲੀਟਰ ਲਾਹਣ ਬਰਾਮਦ ਕੀਤੀ ਹੈ। ਇਸ ਮਾਮਲੇ ਵਿੱਚ 7 ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

ਤਰਨ ਤਾਰਨ: ਰਾਜ ਵਿੱਚ ਚੱਲ ਰਹੇ ਨਾਜਾਇਜ਼ ਤੇ ਜ਼ਹਿਰੀਲੀ ਸ਼ਰਾਬ ਦੇ ਕਾਰੋਬਾਰ ਨੂੰ ਖਤਮ ਕਰਨ ਲਈ ਵੱਡੀ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ ਬੁੱਧਵਾਰ ਨੂੰ ਸਤਲੁਜ ਦਰਿਆ ਦੇ ਨਾਲ ਹਰੀਕੇ ਇਲਾਕੇ ਵਿੱਚ ਕੈਮਰਿਆਂ ਨਾਲ ਲੈਸ ਡਰੋਨਾਂ ਦੀ ਸਹਾਇਤਾ ਨਾਲ ਚਲਾਈ ਗਈ ਮੁਹਿੰਮ ਦੌਰਾਨ ਪਿੰਡ ਮਰੜ ਦੇ ਮੰਡ ਖੇਤਰ ਵਿੱਚੋਂ 7000 ਲੀਟਰ ਲਾਹਣ ਬਰਾਮਦ ਕੀਤੀ ਹੈ।

ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਛਾਪੇਮਾਰੀ ਦੌਰਾਨ 7000 ਲੀਟਰ ਲਾਹਣ ਬਰਾਮਦ

ਇਸ ਮਾਮਲੇ ਵਿੱਚ ਮੁਲਜ਼ਮ ਵਜੋਂ ਨਾਮਜਦ ਸੱਤ ਦੋਸ਼ੀਆਂ ਦੀ ਭਾਲ ਲਈ ਇੱਕ ਛਾਪੇਮਾਰੀ ਸ਼ੁਰੂ ਕੀਤੀ ਗਈ ਹੈ ਅਤੇ ਸਾਰੇ ਸ਼ੱਕੀ ਵਿਅਕਤੀ ਨੇੜਲੇ ਪਿੰਡਾਂ ਦੇ ਹੀ ਵਸਨੀਕ ਹਨ। ਨਾਜਾਇਜ਼ ਸ਼ਰਾਬ ਵਿਰੁੱਧ ਇਹ ਵੱਡੀ ਕਾਰਵਾਈ ਐਸਐਸਪੀ ਤਰਨ ਤਾਰਨ ਦੀ ਅਗਵਾਈ ਹੇਠਲੀ ਟੀਮ ਦੁਆਰਾ ਇੱਕ ਬਹੁਤ ਹੀ ਸੁਚੱਜੇ ਢੰਗ ਨਾਲ ਅਮਲ ਵਿੱਚ ਲਿਆਂਦੀ ਗਈ ਕਾਰਵਾਈ ਦਾ ਨਤੀਜਾ ਸੀ, ਜਿਨਾਂ ਨੇ ਮੌਕੇ ਤੋਂ ਸੱਤ ਕਿਸ਼ਤੀਆਂ ਵੀ ਬਰਾਮਦ ਕੀਤੀਆਂ।

ਡੀਜੀਪੀ ਨੇ ਕਿਹਾ ਕਿ ਮੌਕੇ ਤੋਂ ਛੇ ਚੱਲਦੀਆਂ ਭੱਠੀਆਂ ਵੀ ਬਰਾਮਦ ਕੀਤੀਆਂ ਗਈਆਂ ਅਤੇ ਨਸ਼ਟ ਕਰ ਦਿੱਤੀਆਂ ਗਈਆਂ। ਉਨਾਂ ਦੱਸਿਆ ਕਿ ਜਬਤ ਕੀਤੀ ਲਾਹਣ ਵਿੱਚ 10 ਡਰੱਮ (10x200 = 2000 ਲਿਟਰ) ਅਤੇ 10 ਤਰਪਾਲਾਂ (10x500 = 5000 ਲਿਟਰ) ਸ਼ਾਮਲ ਹਨ। ਉਨਾਂ ਦੱਸਿਆ ਕਿ ਡਰੋਨ ਕੈਮਰਿਆਂ ਰਾਹੀਂ ਪ੍ਰਾਪਤ ਕੀਤੀ ਗਈ ਮਹੱਤਵਪੂਰਣ ਜਾਣਕਾਰੀ ਦੇ ਅਧਾਰ ‘ਤੇ ਤਰਨ ਤਾਰਨ ਪੁਲਿਸ ਦੇ 125 ਪੁਲਿਸ ਅਧਿਕਾਰੀਆਂ ਤੇ ਮੁਲਾਜਮਾਂ ਨੇ ਆਬਕਾਰੀ ਵਿਭਾਗ ਅਤੇ ਪੰਜਾਬ ਦੇ ਜੰਗਲਾਤ ਵਿਭਾਗ ਨਾਲ ਤਾਲਮੇਲ ਰੱਖਦਿਆਂ ਅੱਜ ਸਵੇਰੇ ਮੰਡ ਖੇਤਰ ਵਿੱਚ ਛਾਪੇ ਮਾਰੇ।

ਉਨ੍ਹਾਂ ਦੱਸਿਆ ਕਿ ਖਾਸ ਸੂਹ ਦੇ ਅਧਾਰ 'ਤੇ ਦਰਿਆ ਦੇ ਦਲਦਲ ਵਾਲੇ ਹਿੱਸੇ ਵਿੱਚ ਐਚ ਡੀ ਕੈਮਰਿਆਂ ਨਾਲ ਫਿੱਟ ਡਰੋਨਾਂ ਦੀ ਸਹਾਇਤਾ ਨਾਲ ਇੱਕ ਵਿਸ਼ਾਲ ਤਲਾਸ਼ੀ ਮੁਹਿੰਮ ਚਲਾਈ ਗਈ ਸੀ ਤਾਂ ਜੋ ਉਚੇ ਸਰਕੰਡੇ ਵਿੱਚ ਸ਼ਰਾਬ ਦੀਆਂ ਚਲਦੀਆਂ ਭੱਠੀਆਂ ਦੇ ਥਾਵਾਂ ਦੀ ਸਹੀ ਸਥਿਤੀ ਅਤੇ ਸ਼ੱਕੀ ਵਿਅਕਤੀਆਂ ਦੀ ਗਤੀਵਿਧੀ ਦਾ ਪਤਾ ਲਗਾਇਆ ਜਾ ਸਕੇ। ਇਸ ਲਈ ਸਿਖਲਾਈ ਪ੍ਰਾਪਤ ਡਰੋਨ ਚਾਲਕਾਂ ਨੂੰ ਵਿਸੇਸ਼ ਤੌਰ ‘ਤੇ ਪੰਜਾਬ ਆਰਮਡ ਪੁਲਿਸ, ਜਲੰਧਰ ਤੋਂ ਬੁਲਾਇਆ ਗਿਆ ਸੀ, ਜਿੰਨਾਂ ਨੂੰ ਇਹ ਛਾਪੇਮਾਰੀ ਕਰਨ ਤੋਂ ਇੱਕ ਦਿਨ ਪਹਿਲਾਂ ਕਰੀਬ 2 ਵਰਗ ਕਿਲੋਮੀਟਰ ਖੇਤਰ ਦੇ ਉਸ ਇਲਾਕੇ ਦੀ ਛਾਣਬੀਣ ਕਰਨ ਵਿੱਚ ਲਗਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਦਰਿਆ ਦੇ ਉਸ ਦਲਦਲ ਵਾਲੇ ਇਲਾਕੇ ਵਿੱਚ ਲੰਬਾ ਤੇ ਸੰਘਣਾ ਘਾਹ ਹੋਣ ਕਾਰਨ ਆਮ ਹਾਲਤਾਂ ਵਿੱਚ ਉੱਥੇ ਪਹੁੰਚਣਾ ਔਖਾ ਹੈ ਜਿਸ ਲਈ ਕੈਮਰਿਆਂ ਨਾਲ ਫਿੱਟ ਡਰੋਨਾਂ ਦੀ ਵਰਤੋਂ ਕੀਤੀ ਗਈ। ਡਰੋਨ ਕੈਮਰਿਆਂ ਨਾਲ ਖਿੱਚੀਆਂ ਫੋਟੋਆਂ ਅਤੇ ਵੀਡੀਓ ਦੀ ਫੁਟੇਜ ਨੇੜਲੇ ਪਿੰਡਾਂ ਦੇ ਵਸਨੀਕਾਂ ਨੂੰ ਸ਼ੱਕੀਆਂ ਦੀ ਪਛਾਣ ਲਈ ਦਿਖਾਈ ਗਈ ਸੀ ਅਤੇ ਸਥਾਨਕ ਲੋਕਾਂ ਦੁਆਰਾ ਮੁਹੱਈਆ ਕਰਵਾਈ ਗਈ ਜਾਣਕਾਰੀ ਦੇ ਅਧਾਰ ‘ਤੇ ਦਲੇਰ ਸਿੰਘ, ਕੁਲਬੀਰ ਸਿੰਘ, ਲਾਲੀ, ਮਨਜੀਤ ਸਿੰਘ, ਫੁੰਮਣ ਸਿੰਘ, ਮੋਹਨ ਸਿੰਘ ਅਤੇ ਬਲਵਿੰਦਰ ਸਿੰਘ ਉਰਫ ਨਿੰਮਾ ਨੂੰ ਦੋਸ਼ੀ ਨਾਮਜ਼ਦ ਕੀਤਾ ਗਿਆ ਹੈ। ਇਸ ਸਬੰਧ ਵਿੱਚ ਉਕਤ ਦੋਸ਼ੀਆਂ ਖਿਲਾਫ਼ ਹਰੀਕੇ ਥਾਣੇ ਵਿੱਚ ਆਬਕਾਰੀ ਕਾਨੂੰਨ ਹੇਠ ਐਫਆਈਆਰ ਦਰਜ ਕੀਤੀ ਗਈ ਹੈ।

Last Updated :Aug 26, 2020, 8:54 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.