ETV Bharat / state

ਪੰਜਾਬ ਦੇ ਡੇਅਰੀ ਕਿਸਾਨਾਂ ਨੇ ਮਾਨ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ

author img

By

Published : May 21, 2022, 3:47 PM IST

Updated : May 21, 2022, 5:51 PM IST

ਪੰਜਾਬ ਦੇ ਡੇਅਰੀ ਕਿਸਾਨਾਂ ਨੇ ਮਾਨ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ
ਪੰਜਾਬ ਦੇ ਡੇਅਰੀ ਕਿਸਾਨਾਂ ਨੇ ਮਾਨ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ

ਪੰਜਾਬ ਦੇ ਡੇਅਰੀ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਭਗਵੰਤ ਮਾਨ ਸਰਕਾਰ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਡੇਅਰੀ ਕਿਸਾਨਾਂ ਨੇ ਮੁਹਾਲੀ ਵੇਰਕਾ ਵਿਖੇ ਇਕੱਠੇ ਹੋ ਜੰਮਕੇ ਮਾਨ ਸਰਕਾਰ ਖਿਲਾਫ਼ ਭੜਾਸ ਕੱਢੀ ਹੈ ਅਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ।

ਮੁਹਾਲੀ: ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਹਜ਼ਾਰਾਂ ਡੇਅਰੀ ਕਿਸਾਨ ਮੁਹਾਲੀ ਵੇਰਕਾ ਮਿਲਕ ਪਲਾਂਟ ਵਿਖੇ ਇਕੱਠੇ ਹੋਏ ਅਤੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ। ਧਰਨਾਕਾਰੀ ਕਿਸਾਨਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਵੱਡੇ ਪੱਧਰ 'ਤੇ ਦੁੱਧ ਸੜਕ 'ਤੇ ਡੋਲਿਆ।

ਵੇਰਕਾ ਪਲਾਂਟ ਬਾਹਰ ਡਟੇ ਪ੍ਰਦਰਸ਼ਨਕਾਰੀ: ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ (ਪੀਡੀਐਫਏ) ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਪਿਛਲੇ ਹਫ਼ਤੇ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਕਰਕੇ ਭਗਵੰਤ ਮਾਨ ਸਰਕਾਰ ਨੂੰ ਉਨ੍ਹਾਂ ਦੀਆਂ ਹੱਕੀ ਮੰਗਾਂ ਪੂਰੀਆਂ ਨਾ ਕਰਨ ’ਤੇ ਸਰਕਾਰ ਖ਼ਿਲਾਫ਼ ਮੁਹਿੰਮ ਛੇੜਨ ਦੀ ਚਿਤਾਵਨੀ ਦਿੱਤੀ ਸੀ।

ਡੇਅਰੀ ਕਿਸਾਨਾਂ ਨੇ ਮਾਨ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ

ਪ੍ਰਦਰਸ਼ਨ ਕਰ ਰਹੇ ਡੇਅਰੀ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸਦਰਪੁਰਾ ਨੇ ਕਿਹਾ ਕਿ ਖੇਤੀਬਾੜੀ ਤੋਂ ਬਾਅਦ ਡੇਅਰੀ ਫਾਰਮਿੰਗ ਪੰਜਾਬ ਦੇ ਕਿਸਾਨਾਂ ਲਈ ਰੋਜ਼ੀ-ਰੋਟੀ ਦਾ ਦੂਜਾ ਸਭ ਤੋਂ ਵੱਡਾ ਸਾਧਨ ਹੈ। ਉਨ੍ਹਾਂ ਕਿਹਾ ਕਿ ਰਾਜ ਅੱਜ ਵਪਾਰਕ ਡੇਅਰੀ ਫਾਰਮਿੰਗ ਵਿੱਚ ਦੇਸ਼ ਵਿੱਚ ਪਹਿਲੇ ਸਥਾਨ 'ਤੇ ਹੈ। ਪੂਰੇ ਦੇਸ਼ ਵਿੱਚ ਪੰਜਾਬ ਵਿੱਚ ਸਭ ਤੋਂ ਵੱਧ ਡੇਅਰੀ ਕਿਸਾਨ ਹਨ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਅੱਜ ਹਰ ਡੇਅਰੀ ਕਿਸਾਨ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ, ਚਾਹੇ ਉਹ ਦੁੱਧ ਦਾ ਵੱਡਾ ਉਤਪਾਦਕ ਹੋਵੇ ਜਾਂ ਛੋਟਾ। ਪਿਛਲੇ ਦੋ ਸਾਲਾਂ ਵਿੱਚ, ਅਸੀਂ ਮਹਾਂਮਾਰੀ ਕਾਰਨ ਦੁੱਧ ਦੀਆਂ ਕੀਮਤਾਂ ਵਿੱਚ ਵਾਧੇ 'ਤੇ ਕੋਈ ਮੁੱਦਾ ਨਹੀਂ ਉਠਾਇਆ ਕਿਉਂਕਿ ਅਸੀਂ ਜਾਣਦੇ ਹਾਂ ਕਿ ਡੇਅਰੀ ਕਿਸਾਨਾਂ ਸਮੇਤ ਹਰ ਕੋਈ ਸੰਕਟ ਵਿੱਚੋਂ ਲੰਘ ਰਿਹਾ ਹੈ।

ਪੰਜਾਬ ਦੇ ਡੇਅਰੀ ਕਿਸਾਨਾਂ ਨੇ ਮਾਨ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ

ਦੁੱਧ ਦੇ ਭਾਅ ਵਧਾਉਣ ਦੀ ਮੰਗ: ਉਨ੍ਹਾਂ ਕਿਹਾ ਕਿ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਦੁੱਧ ਦੇ ਰੇਟ ਨਹੀਂ ਵਧਾਏ ਗਏ ਪਰ ਦੁੱਧ ਉਤਪਾਦਨ ਦਾ ਖਰਚਾ ਮੁੱਖ ਤੌਰ 'ਤੇ ਕਣਕ ਅਤੇ ਚਾਰੇ 'ਤੇ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਕੁੱਲ ਖਰਚੇ ਦਾ ਲਗਭਗ 75 ਫੀਸਦੀ ਚਾਰੇ 'ਤੇ ਖਰਚ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਪਸ਼ੂਆਂ ਦੇ ਚਾਰੇ ਦੇ ਰੇਟ ਦੁੱਗਣੇ ਹੋ ਗਏ ਹਨ ਅਤੇ ਇੰਨਾਂ ਵਾਧਾ ਪਿਛਲੇ 25 ਸਾਲਾਂ ਵਿੱਚ ਡੇਅਰੀ ਕਾਰੋਬਾਰ ਵਿੱਚ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਪਸ਼ੂ ਖੁਰਾਕ ਦਾ ਵੱਡਾ ਹਿੱਸਾ ਸੋਇਆਬੀਨ ਹੈ ਜੋ ਇੱਕ ਸਾਲ ਪਹਿਲਾਂ 3200 ਰੁਪਏ ਪ੍ਰਤੀ ਕੁਇੰਟਲ ਸੀ, ਹੁਣ ਮਹਿੰਗਾ ਹੋ ਕੇ 10,000 ਰੁਪਏ ਹੋ ਗਿਆ ਹੈ ਅਤੇ ਹੁਣ ਇਸ ਦੀ ਕੀਮਤ 6500 ਰੁਪਏ ਪ੍ਰਤੀ ਕੁਇੰਟਲ ਹੈ। ਇਸ ਦੀ ਕੀਮਤ ਕਾਰਨ ਸਾਨੂੰ ਬਹੁਤ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਸਾਰੀਆਂ ਗਾਵਾਂ-ਮੱਝਾਂ ਨੂੰ ਗਰਮੀ ਤੋਂ ਬਚਾਉਣ ਲਈ ਪੱਖੇ ਵੀ ਲਗਾਉਣੇ ਪੈਂਦੇ ਹਨ ਅਤੇ ਬਿਜਲੀ ਦੀ ਬੇਤਰਤੀਬੀ ਸਪਲਾਈ ਦੇ ਮੱਦੇਨਜ਼ਰ ਡੀਜ਼ਲ ਦੀਆਂ ਕੀਮਤਾਂ ਵਧਣ ਕਾਰਨ ਜੈਨਰੇਟਰ ਚਲਾਉਣ ਦਾ ਖਰਚਾ ਵੀ ਕਾਫੀ ਵਧ ਗਿਆ ਹੈ। ਡੀਜ਼ਲ ਦੀਆਂ ਕੀਮਤਾਂ ਵਧਣ ਕਾਰਨ ਟਰੈਕਟਰਾਂ ਸਮੇਤ ਮਸ਼ੀਨਰੀ ਚਲਾਉਣ ਦਾ ਖਰਚਾ ਵੀ ਵਧ ਗਿਆ ਹੈ।

ਡੇਅਰੀ ਫਾਰਮ ਬੰਦ ਹੋਣ ਦੇ ਕੰਢੇ: ਪੀਡੀਐਫਏ ਦੇ ਪ੍ਰਧਾਨ ਨੇ ਕਿਹਾ ਕਿ ਡੇਅਰੀ ਫਾਰਮਰਜ਼ ਨੂੰ ਬੈਂਕਾਂ ਨੂੰ ਆਪਣੇ ਕਰਜ਼ੇ ਦੀਆਂ ਕਿਸ਼ਤਾਂ ਦੇਣੀਆਂ ਬੰਦ ਕਰਨ ਲਈ ਮਜ਼ਬੂਰ ਕੀਤਾ ਗਿਆ ਸੀ ਅਤੇ ਲਗਾਤਾਰ ਵੱਧ ਰਹੇ ਘਾਟੇ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ ਅਤੇ ਹੁਣ ਸਾਡੇ ਡੇਅਰੀ ਫਾਰਮ ਬੰਦ ਹੋਣ ਦੇ ਕੰਢੇ ਹਨ, ਜਿਸ ਨਾਲ ਬੇਰੁਜ਼ਗਾਰੀ ਹੀ ਵਧੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਕਾਰਨ ਸੂਬੇ ਵਿੱਚ ਦੁੱਧ ਦੀ ਪੈਦਾਵਾਰ ਵਿੱਚ ਵੀ ਕਮੀ ਆਈ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ ਅਤੇ ਅਜਿਹੇ ਮਾਹੌਲ ਵਿੱਚ ਇਹ ਮਿਲਾਵਟਖੋਰੀ ਨੂੰ ਹੀ ਉਤਸ਼ਾਹਿਤ ਕਰੇਗਾ।

'ਸਰਕਾਰ ਖਿਲਾਫ਼ ਕੱਢੀ ਭੜਾਸ': ਉਨ੍ਹਾਂ ਕਿਹਾ, “ਅਸੀਂ ਨਵੀਂ ਸਰਕਾਰ ਨਾਲ ਕਈ ਮੀਟਿੰਗਾਂ ਕੀਤੀਆਂ ਹਨ ਕਿਉਂਕਿ ਅਸੀਂ ਸੰਕਟ ਵਿੱਚੋਂ ਲੰਘ ਰਹੇ ਹਾਂ ਅਤੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਦੂਜੇ ਰਾਜਾਂ ਦੀ ਤਰਜ਼ 'ਤੇ ਡੇਅਰੀ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਪਰ ਸਰਕਾਰ ਸਾਡੀਆਂ ਮੰਗਾਂ ਵੱਲ ਧਿਆਨ ਦੇਣ ਵਿੱਚ ਅਸਫਲ ਰਹੀ ਹੈ।" ਡੇਅਰੀ ਕਿਸਾਨਾਂ ਨੂੰ ਸੰਘਰਸ਼ ਇਸ ਲਈ ਸ਼ੁਰੂ ਕਰਨਾ ਪਿਆ ਕਿਉਂਕਿ ਡੇਅਰੀ ਕਿਸਾਨਾਂ ਦੇ ਕਈ ਮਸਲਿਆਂ 'ਤੇ ਸਰਕਾਰ ਨਾਲ ਲਗਾਤਾਰ ਮੀਟਿੰਗਾਂ ਕਰਨ ਦੇ ਬਾਵਜੂਦ ਮਸਲਿਆਂ ਦਾ ਹੱਲ ਨਹੀਂ ਹੋਇਆ, ਖਾਸ ਕਰਕੇ ਦੁੱਧ ਦੀਆਂ ਕੀਮਤਾਂ 'ਚ ਵਾਧਾ ਅਤੇ 7 ਰੁਪਏ ਪ੍ਰਤੀ ਲੀਟਰ ਵਿੱਤੀ ਸਹਾਇਤਾ ਦੀ ਮੰਗ। ਇਸ ਸਬੰਧੀ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ।

'ਡੇਅਰੀ ਫਾਰਮ ਦੇ ਧੰਦੇ ਨੇ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕੀਤਾ': ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਅਸੀਂ ਪੰਜਾਬ ਵੱਲ ਝਾਤੀ ਮਾਰੀਏ ਤਾਂ ਪੰਜਾਬ ਵਿੱਚ ਡੇਅਰੀ ਦੇ ਧੰਦੇ ਪ੍ਰਤੀ ਕਿਸਾਨਾਂ ਦੇ ਉਤਸ਼ਾਹ ਨੇ ਵੀ ਅਜੋਕੇ ਸਮੇਂ ਵਿੱਚ ਸੂਬੇ ਵਿੱਚ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕੀਤਾ ਹੈ ਕਿਉਂਕਿ ਡੇਅਰੀ ਕਿਸਾਨਾਂ ਨੇ ਪੰਜਾਬ ਵਿੱਚ ਮੱਕੀ ਅਤੇ ਹੋਰ ਹਰੇ ਚਾਰੇ ਦੀ ਬਿਜਾਈ ਨੂੰ ਉਤਸ਼ਾਹਿਤ ਕੀਤਾ ਹੈ। ਸਦਰਪੁਰਾ ਨੇ ਦੱਸਿਆ ਕਿ ਹੋਰਨਾਂ ਰਾਜਾਂ ਜਿਵੇਂ ਕਿ ਹਰਿਆਣਾ 5 ਰੁਪਏ ਪ੍ਰਤੀ ਲੀਟਰ, ਰਾਜਸਥਾਨ 5 ਰੁਪਏ ਪ੍ਰਤੀ ਲੀਟਰ, ਪੱਛਮੀ ਬੰਗਾਲ 7 ਰੁਪਏ ਪ੍ਰਤੀ ਲੀਟਰ, ਉੱਤਰਾਖੰਡ 4 ਰੁਪਏ ਪ੍ਰਤੀ ਲੀਟਰ ਅਤੇ ਤੇਲੰਗਾਨਾ ਸਰਕਾਰ 4 ਰੁਪਏ ਪ੍ਰਤੀ ਲੀਟਰ ਡੇਅਰੀ ਲਈ ਵਿੱਤੀ ਸਹਾਇਤਾ ਵਜੋਂ ਦਿੰਦੀ ਹੈ।

ਉਨ੍ਹਾਂ ਕਿਹਾ ਕਿ ਇਸੇ ਤਰਜ਼ 'ਤੇ ਪੰਜਾਬ ਸਰਕਾਰ ਮਿਲਕਫੈੱਡ ਦੀ ਅਦਾਇਗੀ ਕਰੇ ਤਾਂ ਜੋ ਪੰਜਾਬ ਮਿਲਕਫੈੱਡ ਨਾਲ ਜੁੜੇ ਕਿਸਾਨਾਂ ਦੇ ਸਹਿਕਾਰੀ ਅਦਾਰਿਆਂ ਨੂੰ ਵਿੱਤੀ ਸੰਕਟ 'ਚੋਂ ਬਾਹਰ ਕੱਢਿਆ ਜਾ ਸਕੇ ਅਤੇ ਨਾਲ ਹੀ ਕਿਸਾਨਾਂ ਨੂੰ ਆਰਥਿਕ ਲਾਭ ਮਿਲ ਸਕੇ। ਅਜਿਹੀ ਮਦਦ ਨਾਲ ਹੀ ਕਿਸਾਨ ਆਪਣੀ ਹੋਂਦ ਨੂੰ ਕਾਇਮ ਰੱਖਣ ਵਿੱਚ ਕਾਮਯਾਬ ਹੋ ਸਕਦੇ ਹਨ। ਸਦਰਪੁਰਾ ਨੇ ਮੰਗ ਕੀਤੀ ਕਿ ਮਿਲਕਫੈੱਡ ਵੱਲੋਂ ਡੇਅਰੀ ਕਿਸਾਨਾਂ ਨੂੰ ਆਪਣਾ ਗੁਜ਼ਾਰਾ ਚਲਾਉਣ ਲਈ ਘੱਟੋ-ਘੱਟ 7 ਰੁਪਏ ਪ੍ਰਤੀ ਲੀਟਰ ਦਾ ਰੇਟ ਵਧਾਇਆ ਜਾਵੇ।

ਵੇਰਕਾ ਪਲਾਂਟ ਤੋਂ ਦੁੱਧ ਦੀ ਸਪਲਾਈ ਬੰਦ ਦਾ ਕੀਤਾ ਐਲਾਨ: ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਦਾ ਕਹਿਣਾ ਹੈ ਕਿ ਦੁੱਧ ਦੀ ਕੀਮਤ ਘੱਟੋ-ਘੱਟ 5 ਰੁਪਏ ਪ੍ਰਤੀ ਲੀਟਰ ਵਧਾਈ ਜਾਵੇ। ਉਨ੍ਹਾਂ ਕਿਹਾ ਕਿ ਅੱਜ ਸ਼ਾਮ ਐਸੋਸੀਏਸ਼ਨ ਦੇ ਬੈਨਰ ਹੇਠ ਧਰਨੇ 'ਤੇ ਬੈਠੇ ਕਿਸਾਨ ਮੁਹਾਲੀ ਵੇਰਕਾ ਪਲਾਂਟ ਤੋਂ ਦੁੱਧ ਨਹੀਂ ਜਾਣ ਦੇਣਗੇ |ਇਸ ਪਲਾਂਟ ਦਾ ਦੁੱਧ ਟ੍ਰਾਈਸਿਟੀ ਨੂੰ ਜਾਂਦਾ ਹੈ। ਦੁੱਧ ਦੀ ਕਮੀ ਕਾਰਨ ਅੱਜ ਮੁਹਾਲੀ, ਚੰਡੀਗੜ੍ਹ ਅਤੇ ਪੰਚਕੂਲਾ ਵਿੱਚ ਲੋਕਾਂ ਨੂੰ ਦੁੱਧ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਹ ਵੀ ਪੜ੍ਹੋ: ਪੰਜਾਬ ਦਾ ਪਾਣੀ ਹੋਇਆ ਜ਼ਹਿਰੀਲਾ ! ਇਨ੍ਹਾਂ ਪਿੰਡਾਂ 'ਚ ਧਰਤੀ ਹੇਠਲੇ ਪਾਣੀ 'ਚੋਂ ਮਿਲੇ ਯੂਨਰੇਨੀਅਮ ਅਤੇ ਅਰਸੈਨਿਕ ਦੇ ਤੱਤ

Last Updated :May 21, 2022, 5:51 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.