ਸੂਬੇ ਦਾ ਹਰ ਆਮ ਆਦਮੀ ਪੰਜਾਬ ਦਾ ਮੁੱਖ ਮੰਤਰੀ: ਚਰਨਜੀਤ ਸਿੰਘ ਚੰਨੀ

author img

By

Published : Sep 21, 2021, 9:19 AM IST

ਹਲਫ਼ ਲੈਣ ਤੋਂ ਬਾਅਦ ਲੋਕਾਂ ਨੂੰ ਸੰਬੋਧਿਤ ਹੋਏ ਸ. ਚਰਨਜੀਤ ਸਿੰਘ ਚੰਨੀ

ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਦੇ ਬਾਅਦ ਸ੍ਰੀ ਚਮਕੌਰ ਸਾਹਿਬ (Sri Chamkaur Sahib) ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਇਸ ਤੋਂ ਬਾਅਦ ਅਨਾਜ ਮੰਡੀ ਵਿਖੇ ਖੁੱਲ੍ਹੇ ਪੰਡਾਲ 'ਚ ਹਲਕਾ ਨਿਵਾਸੀਆਂ ਨੂੰ ਸੰਬੋਧਿਤ ਹੁੰਦਿਆ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਐਲਾਨ ਕੀਤਾ ਕਿ ਸੂਬੇ ਦਾ ਹਰ ਆਮ ਆਦਮੀ ਪੰਜਾਬ ਦਾ ਮੁੱਖ ਮੰਤਰੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਮਨਪ੍ਰੀਤ ਸਿੰਘ ਬਾਦਲ ਅਤੇ ਉਨ੍ਹਾਂ ਦੀ ਸੁਪਤਨੀ ਡਾ. ਕਮਲਜੀਤ ਕੌਰ ਵੀ ਮੌਜੂਦ ਸਨ।

ਸ੍ਰੀ ਚਮਕੌਰ ਸਾਹਿਬ: ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਦੇ ਬਾਅਦ ਸ੍ਰੀ ਚਮਕੌਰ ਸਾਹਿਬ (Sri Chamkaur Sahib) ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਇਸ ਤੋਂ ਬਾਅਦ ਅਨਾਜ ਮੰਡੀ ਵਿਖੇ ਖੁੱਲ੍ਹੇ ਪੰਡਾਲ 'ਚ ਹਲਕਾ ਨਿਵਾਸੀਆਂ ਨੂੰ ਸੰਬੋਧਿਤ ਹੁੰਦਿਆ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਮਨਪ੍ਰੀਤ ਸਿੰਘ ਬਾਦਲ ਅਤੇ ਉਨ੍ਹਾਂ ਦੀ ਸੁਪਤਨੀ ਡਾ. ਕਮਲਜੀਤ ਕੌਰ ਵੀ ਮੌਜੂਦ ਸਨ।

ਸੂਬੇ ਦਾ ਹਰ ਆਮ ਆਦਮੀ ਪੰਜਾਬ ਦਾ ਮੁੱਖ ਮੰਤਰੀ

ਉਨ੍ਹਾਂ ਆਪਣਾ ਅਹੁਦਾ ਸੂਬੇ ਦੇ ਲੋਕਾਂ ਨੂੰ ਸਮਰਪਿਤ ਕਰਦਿਆ ਕਿਹਾ ਕਿ ਸੂਬੇ ਦਾ ਹਰ ਆਮ ਆਦਮੀ ਪੰਜਾਬ ਦਾ ਮੁੱਖ ਮੰਤਰੀ ਹੈ।

ਹਲਫ਼ ਲੈਣ ਤੋਂ ਬਾਅਦ ਲੋਕਾਂ ਨੂੰ ਸੰਬੋਧਿਤ ਹੋਏ ਸ. ਚਰਨਜੀਤ ਸਿੰਘ ਚੰਨੀ
ਹਲਫ਼ ਲੈਣ ਤੋਂ ਬਾਅਦ ਲੋਕਾਂ ਨੂੰ ਸੰਬੋਧਿਤ ਹੋਏ ਸ. ਚਰਨਜੀਤ ਸਿੰਘ ਚੰਨੀ

ਬੇਅਦਬੀ ਦਾ ਇਨਸਾਫ਼ ਲੈਣ ਦਾ ਆ ਗਿਆ ਵੇਲਾ

ਹਲਕਾ ਨਿਵਾਸੀਆਂ ਨੂੰ ਸੰਬੋਧਨ ਹੁੰਦਿਆ ਉਨ੍ਹਾਂ ਨੇ ਐਲਾਨ ਕੀਤਾ ਕਿ ਗੁਰੂ ਸਾਹਿਬ ਦੀ ਹੋਈ ਬੇਅਦਬੀ ਦਾ ਇਨਸਾਫ਼ ਲੈਣ ਦਾ ਵੇਲਾ ਆ ਗਿਆ ਹੈ ਅਤੇ ਇਸ ਮਾਮਲੇ ਦਾ ਕਾਨੂੰਨ ਮੁਤਾਬਕ ਇਨਸਾਫ਼ ਹੋਵੇਗਾ।

ਪੰਜਾਬ ਸਰਕਾਰ ਕਿਸਾਨਾਂ ਦੇ ਨਾਲ

ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਉਹ ਹਰ ਹਾਲ ਕਿਸਾਨਾਂ ਦੇ ਨਾਲ ਹਨ। ਉਹ ਜਲਦੀ ਹੀ ਉਸ ਥਾਂ ਨਤਮਸਤਕ ਹੋਣਗੇ ਜਿੱਥੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਆਪਣੀਆਂ ਹੱਕੀ ਮੰਗਾਂ ਮੰਨਵਾਉਣ ਲਈ ਧਰਨੇ 'ਤੇ ਬੈਠੇ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਸਰਕਾਰ ਵੱਲੋਂ ਕਿਸਾਨ ਵਿਰੋਧੀ ਕਾਨੂੰਨ ਤੁਰੰਤ ਵਾਪਸ ਲੈਣ ਦੀ ਅਪੀਲ ਕਰਦਿਆਂ ਭਰੋਸੇ ਦਿੱਤਾ ਕਿ ਖੇਤੀ ਕਾਨੂੰਨ ਵਾਪਸ ਕਰਵਾਉਣ ਲਈ ਪੰਜਾਬ ਸਰਕਾਰ ਹਰ ਹੀਲੇ ਉਪਰਾਲਾ ਕਰੇਗੀ। ਉਨ੍ਹਾਂ ਇਸ ਮੌਕੇ ਖੇਤੀ ਕਾਨੂੰਨਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਸ੍ਰੋਮਣੀ ਅਕਾਲੀ ਦਲ ਨੂੰ ਆੜੇ ਹੱਥੀਂ ਲਿਆ।

ਹਲਫ਼ ਲੈਣ ਤੋਂ ਬਾਅਦ ਲੋਕਾਂ ਨੂੰ ਸੰਬੋਧਿਤ ਹੋਏ ਸ. ਚਰਨਜੀਤ ਸਿੰਘ ਚੰਨੀ
ਹਲਫ਼ ਲੈਣ ਤੋਂ ਬਾਅਦ ਲੋਕਾਂ ਨੂੰ ਸੰਬੋਧਿਤ ਹੋਏ ਸ. ਚਰਨਜੀਤ ਸਿੰਘ ਚੰਨੀ

ਬਿਜਲੀ ਬਿੱਲ ਮੁਆਫ਼ ਹੋਣਗੇ

ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਜਲ ਸਪਲਾਈ ਦੀਆਂ ਮੋਟਰਾਂ ਦੇ ਪੰਚਾਇਤਾਂ ਵੱਲ ਖੜ੍ਹੇ ਬਿਜਲੀ ਬਿੱਲਾਂ ਦੇ ਬਕਾਇਆ ਤੁਰੰਤ ਮੁਆਫ਼ ਹੋਣਗੇ। ਜਿਹੜੇ ਗਰੀਬ ਲੋਕਾਂ ਦੇ ਬਿਜਲੀ ਕੁਨੈਕਸ਼ਨ ਬਿਲ ਨਾ ਭਰਨ ਕਰਕੇ ਕੱਟੇ ਗਏ ਸਨ ਉਹ ਕੁਨੈਕਸ਼ਨ ਬਹਾਲ ਕਰਕੇ ਬਿਲ ਮੁਆਫ਼ ਕੀਤੇ ਜਾਣਗੇ।

ਚਮਕੌਰ ਸਾਹਿਬ ਬਣੇਗਾ ਸੈਲਾਨੀ ਹੱਬ

ਉਨ੍ਹਾਂ ਕਿਹਾ ਕਿ ਚਮਕੌਰ ਸਾਹਿਬ ਨੂੰ ਸੈਲਾਨੀ ਹਬ ਬਣਾਇਆ ਜਾ ਰਿਹਾ ਹੈ ਅਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਥੀਮ ਪਾਰਕ 06 ਨਵੰਬਰ ਨੂੰ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬੇਲਾ ਤੋਂ ਪਨਿਆਲੀ ਸੜਕ 'ਤੇ 33 ਕਰੋੜ ਰੁਪਏ ਖ਼ਰਚੇ ਜਾ ਰਹੇ ਹਨ ਅਤੇ ਸਤਲੁਜ ਦਰਿਆ ਉੱਤੇ ਪੁੱਲ ਬਣਾਉਣ ਲਈ 114 ਕਰੋੜ ਰੁਪਏ ਖ਼ਰਚੇ ਜਾਣਗੇ। ਉਨ੍ਹਾਂ ਦੱਸਿਆ ਕਿ ਹਲਕੇ 'ਚ ਵੱਖ-ਵੱਖ ਥਾਵਾਂ 'ਤੇ ਕਮਿਊਨਿਟੀ ਸੈਂਟਰ ਅਤੇ ਦੋ ਆਈ.ਟੀ.ਆਈਜ ਦਾ ਨਿਰਮਾਣ ਜੰਗੀ ਪੱਧਰ 'ਤੇ ਜਾਰੀ ਹੈ ਜੋ ਛੇਤੀ ਮੁਕੰਮਲ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਕਿਲ ਯੂਨੀਵਰਸਿਟੀ ਦਾ ਕੰਮ ਵੀ ਜੰਗੀ ਪੱਧਰ 'ਤੇ ਜਾਰੀ ਹੈ। ਇਸ ਮੌਕੇ ਚਰਨਜੀਤ ਸਿੰਘ ਚੰਨੀ ਨੇ ਚਮਕੌਰ ਸਾਹਿਬ ਦੇ ਸੁੰਦਰੀਕਰਨ ਲਈ 50 ਕਰੋੜ ਰੁਪਏ ਹੋਰ ਦੇਣ ਦਾ ਵੀ ਐਲਾਨ ਕੀਤਾ।

ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਪਵਿੱਤਰ ਧਰਤੀ ਦਾ ਵਿਕਾਸ ਜੰਗੀ ਪੱਧਰ 'ਤੇ ਜਾਰੀ ਹੈ ਅਤੇ ਇੱਥੇ ਦੇ ਵਿਕਾਸ ਲਈ ਦਿਲ ਖੋਲ੍ਹ ਕੇ ਫੰਡ ਮੁਹੱਈਆ ਕਰਵਾਉਣ ਲਈ ਉਨ੍ਹਾਂ ਨੇ ਮੰਚ 'ਤੇ ਮੌਜੂਦ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।

ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਮੋਰਿੰਡਾ (Morinda) ਵਿਖੇ ਬਣ ਰਿਹਾ ਰੇਲਵੇ ਅੰਡਰਬ੍ਰਿਜ ਦਿਵਾਲੀ ਮੌਕੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਇਸ ਇਤਿਹਾਸਕ ਨਗਰੀ ਵਿਖੇ ਯਾਦਗਾਰੀ ਗੇਟ ਬਣਾਉਣ ਦਾ ਕੰਮ ਵੀ ਜਾਰੀ ਹੈ।

ਜੱਦੀ ਪਿਛੋਕੜ ਬਾਰੇ...

ਉਨ੍ਹਾਂ ਨੇ ਆਪਣੇ ਜੱਦੀ ਪਿੰਡ ਭਜੌਲੀ ਅਤੇ ਨਾਨਕੇ ਪਿੰਡ ਮਕੜੌਨਾ ਕਲਾਂ ਦਾ ਵਿਸ਼ੇਸ਼ ਜਿਕਰ ਕਰਦਿਆਂ ਕਿਹਾ ਕਿ ਅੱਜ ਵੀ ਜੇ ਕੋਈ ਦੇਖਣਾ ਚਾਹੇ ਤਾਂ ਇਨ੍ਹਾਂ ਦੋਵਾਂ ਪਿੰਡਾਂ ਵਿੱਚ ਸਥਿਤ ਉਨ੍ਹਾਂ ਦੇ ਪਰਿਵਾਰਕ ਘਰਾਂ ਨੂੰ ਦੇਖ ਕੇ ਸਹਿਜੇ ਹੀ ਸਮਝ ਸਕਦਾ ਹੈ ਕਿ ਉਹ ਕਿੰਨੀ ਗਰੀਬੀ ਵਿੱਚੋਂ ਨਿਕਲੇ ਹਨ। ਜਿਸ ਕਰਕੇ ਉਹ ਗਰੀਬਾਂ ਦੇ ਦਰਦ ਨੂੰ ਦਿਲੋਂ ਸਮਝਦੇ ਹਨ ਅਤੇ ਉਨ੍ਹਾਂ ਦੇ ਦਰਵਾਜੇ ਹਰ ਆਮ ਨਾਗਰਿਕ ਅਤੇ ਗਰੀਬਾਂ ਲਈ ਸਦਾ ਖੁੱਲ੍ਹੇ ਹਨ ਪਰ ਬੇਈਮਾਨਾਂ ਲਈ ਪੱਕੇ ਤੌਰ 'ਤੇ ਬੰਦ ਹਨ।

ਵਿਸ਼ੇਸ਼ ਧੰਨਵਾਦ

ਉਨ੍ਹਾਂ ਚਮਕੌਰ ਸਾਹਿਬ ਦੇ ਹਲਕਾ ਨਿਵਾਸੀਆਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸ਼ਹੀਦਾਂ ਦਾ ਅਸ਼ੀਰਵਾਦ ਪ੍ਰਾਪਤ ਹੋਇਆ ਹੈ। ਇੱਥੋਂ ਦੇ ਲੋਕਾਂ ਨੇ ਉਨ੍ਹਾਂ ਨੂੰ ਬਹੁਤ ਮਾਣ ਬਖ਼ਸ਼ਿਆ ਹੈ ਅਤੇ ਹੁਣ ਉਹ ਜਦੋਂ ਸੂਬੇ ਦੇ ਮੁੱਖ ਮੰਤਰੀ ਬਣ ਗਏ ਹਨ ਤੇ ਹਲਕੇ ਦੇ ਹਰ ਪਿੰਡ ਨੂੰ ਦਿਲ ਖੋਲ੍ਹ ਕੇ ਵਿਕਾਸ ਫੰਡ ਪ੍ਰਾਪਤ ਹੋਣਗੇ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਹਾਈ ਕਮਾਂਡ ਅਤੇ ਸ੍ਰੀਮਤੀ ਸੋਨੀਆਂ ਗਾਂਧੀ ਅਤੇ ਸ੍ਰੀ ਰਾਹੁਲ ਗਾਂਧੀ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਸੂਬੇ ਦੇ ਕਾਂਗਰਸ ਪਾਰਟੀ ਦੇ ਵਿਧਾਇਕਾਂ ਵੱਲੋਂ ਦਿੱਤੇ ਭਰਵੇਂ ਸਹਿਯੋਗ ਲਈ ਸਾਰਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ।

ਇਸ ਦੌਰਾਨ ਇਲਾਕਾ ਨਿਵਾਸੀਆਂ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਮਨਪ੍ਰੀਤ ਸਿੰਘ ਬਾਦਲ ਦਾ ਸਨਮਾਨ ਕੀਤਾ ਗਿਆ।

ਇਹ ਵੀ ਪੜ੍ਹੋ:- ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਕੈਬਿਨੇਟ, ਜਾਣੋਂ ਕਿਹੜੇ ਅਹਿਮ ਫੈਸਲੇ ਲਏ

ETV Bharat Logo

Copyright © 2024 Ushodaya Enterprises Pvt. Ltd., All Rights Reserved.