ETV Bharat / state

Sidhu Moose Wala Murder Case: ਸਿੱਧੂ ਮੂਸੇਵਾਲਾ ਕੇਸ ਦੀ ਅਗਲੀ ਪੇਸ਼ੀ 16 ਨਵੰਬਰ ਨੂੰ, ਬਲਕੌਰ ਸਿੰਘ ਨੇ ਪੰਜਾਬ ਸਰਕਾਰ 'ਤੇ ਚੁੱਕੇ ਸਵਾਲ

author img

By ETV Bharat Punjabi Team

Published : Nov 2, 2023, 10:07 PM IST

ਸਿੱਧੂ ਮੂਸੇਵਾਲਾ ਕੇਸ ਦੀ ਸੁਣਵਾਈ
ਸਿੱਧੂ ਮੂਸੇਵਾਲਾ ਕੇਸ ਦੀ ਸੁਣਵਾਈ

ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਅੱਜ ਮਾਨਸਾ ਅਦਾਲਤ 'ਚ ਪੇਸ਼ੀ ਹੋਈ, ਜਿਥੇ 25 ਮੁਲਜ਼ਮ ਵੀਡੀਓ ਕਾਨਫਰੰਸ ਰਾਹੀ ਪੇਸ਼ ਕੀਤੇ ਗਏ। ਜੱਜ ਵਲੋਂ ਇਸ ਮਾਮਲੇ ਦੀ ਅਗਲੀ ਸੁਣਵਾਈ 16 ਨਵੰਬਰ ਤੈਅ ਕੀਤੀ ਗਈ ਹੈ। Sidhu Moose Wala Murder Case

ਬਲਕੌਰ ਸਿੰਘ ਪੇਸ਼ੀ ਸਬੰਧੀ ਜਾਣਕਾਰੀ ਦਿੰਦੇ ਹੋਏ

ਮਾਨਸਾ: ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਕਤਲ ਮਾਮਲੇ ਵਿੱਚ ਅੱਜ ਨਾਮਜ਼ਦ ਵਿਅਕਤੀਆਂ ਦੀ ਮਾਨਸਾ ਦੀ ਮਾਣਯੋਗ ਅਦਾਲਤ ਦੇ ਵਿੱਚ ਪੇਸ਼ੀ ਹੋਈ ਅਤੇ ਸਾਰੇ ਹੀ ਨਾਮਜ਼ਦ ਵਿਅਕਤੀਆਂ ਨੂੰ ਵੀਡੀਓ ਕਾਨਫਰੰਸਿੰਗ ਦੇ ਜਰੀਏ ਪੇਸ਼ ਕੀਤਾ ਗਿਆ। ਮਾਨਯੋਗ ਅਦਾਲਤ ਵੱਲੋਂ ਹੁਣ ਅਗਲੀ ਪੇਸ਼ੀ 16 ਨਵੰਬਰ ਤੈਅ ਕੀਤੀ ਗਈ ਹੈ। ਇਸ ਦੌਰਾਨ ਅੱਜ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੀ ਮਾਨਸਾ ਦੀ ਅਦਾਲਤ 'ਚ ਪੁੱਜੇ ਜਿੱਥੇ ਉਨ੍ਹਾਂ ਮਾਣਯੋਗ ਅਦਾਲਤ 'ਚ ਪੇਸ਼ ਹੋ ਕੇ ਆਪਣੇ ਪੁੱਤਰ ਲਈ ਇਨਸਾਫ਼ ਦੀ ਗੁਹਾਰ ਲਗਾਈ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ । Sidhu Moose Wala Murder Case

ਸਰਕਾਰ 'ਤੇ ਖੜੇ ਕੀਤੇ ਸਵਾਲ: ਪੇਸ਼ੀ ਤੋਂ ਪਹਿਲਾਂ ਮਾਣਯੋਗ ਅਦਾਲਤ ਦੇ ਬਾਹਰ ਆਪਣੇ ਵਕੀਲ ਕੋਲ ਪਹੁੰਚੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅੱਜ ਵੀ ਨਾਮਜ਼ਦ ਵਿਅਕਤੀਆਂ ਨੂੰ ਫਿਜੀਕਲ ਤੌਰ 'ਤੇ ਪੇਸ਼ ਨਾ ਕੀਤੇ ਜਾਣ ਕਾਰਨ ਨਿਰਾਸ਼ ਹੋ ਕੇ ਵਾਪਸ ਪਰਤ ਗਏ ਅਤੇ ਇਸ ਦੌਰਾਨ ਉਹਨਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੇ ਪੁੱਤਰ ਦੇ ਇਨਸਾਫ ਲਈ ਆਉਂਦੇ ਹਨ। ਹਰ ਵਾਰ ਅਦਾਲਤ ਵਿੱਚ ਪਹੁੰਚ ਕੇ ਇਨਸਾਫ਼ ਦੀ ਮੰਗ ਕਰ ਰਹੇ ਹਨ, ਪਰ ਅਜੇ ਤੱਕ ਉਨ੍ਹਾਂ ਦੇ ਹੱਥ ਖਾਲੀ ਹੀ ਹਨ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ 'ਤੇ ਫੇਲ੍ਹ ਹੋ ਚੁੱਕੀ ਹੈ।

ਮੁੱਖ ਮੰਤਰੀ ਦੀ ਖੁੱਲ੍ਹੀ ਬਹਿਸ 'ਤੇ ਵੀ ਆਖੀ ਇਹ ਗੱਲ: ਇਸ ਦੇ ਨਾਲ ਹੀ ਬਲਕੌਰ ਸਿੰਘ ਨੇ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਦੇ ਮੁੱਖ ਮੰਤਰੀ ਖੁੱਲ੍ਹੀ ਬਹਿਸ ਦੀ ਗੱਲ ਕਰਦੇ ਹਨ ਪਰ ਉਨ੍ਹਾਂ ਸਵਾਲ ਉਠਾਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਹਿਸ ਤੱਕ ਨਹੀਂ ਪਹੁੰਚਣ ਦਿੱਤਾ ਗਿਆ ਅਤੇ ਸੀਐੱਮ ਨੇ ਖੁਦ ਹੀ ਸਾਰਾ ਭਾਸ਼ਾਣ ਦੇ ਦਿੱਤਾ। ਉਨ੍ਹਾਂ ਇਸ ਬਹਿਸ ਨੂੰ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਨੇ ਕੁਝ ਸਮਾਂ ਪਹਿਲਾਂ ਗੁਜਰਾਤ ਵਿੱਚ ਮੀਡੀਆ ਨੂੰ ਬਿਆਨ ਦਿੱਤਾ ਸੀ ਕਿ ਗੋਲਡੀ ਬਰਾੜ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਜਲਦ ਹੀ ਉਸ ਨੂੰ ਪੰਜਾਬ ਲਿਆਂਦਾ ਜਾਵੇਗਾ ਪਰ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਗੋਲਡੀ ਬਰਾੜ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਹੈ।

ਲਾਰੈਂਸ ਦੀ ਇੰਟਰਵਊ 'ਤੇ ਸਵਾਲ: ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਅਜੇ ਤੱਕ ਆਪਣੇ ਪੁੱਤਰ ਦੇ ਕਤਲ ਦਾ ਇਨਸਾਫ਼ ਨਹੀਂ ਮਿਲਿਆ ਕਿਉਂਕਿ ਉਹ ਆਪਣੇ ਪੁੱਤਰ ਨੂੰ ਇਨਸਾਫ਼ ਦਿਵਾਉਣ ਲਈ ਦਰ-ਦਰ ਭਟਕ ਰਹੇ ਹਨ। ਉਨ੍ਹਾਂ ਕਿਹਾ ਕਿ ਅਜੇ ਤੱਕ ਗੋਲਡੀ ਬਰਾੜ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਦੇ ਨਾਲ ਹੀ ਉਨ੍ਹਾਂ ਸਵਾਲ ਚੁੱਕਿਆ ਕਿ ਮੇਰੇ ਪੁੱਤ ਦਾ ਐਸਵਾਈਐਲ ਗੀਤ ਤਾਂ ਮਿੰਟਾਂ 'ਚ ਬੈਨ ਕਰ ਦਿੱਤਾ ਗਿਆ, ਜਦਕਿ ਇੰਟਰਨੈਟ 'ਤੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਜਿਉਂ ਦੀ ਤਿਉਂ ਚੱਲ ਰਹੀ ਹੈ, ਉਸ ਵੱਲ ਕਿਸੇ ਦਾ ਵੀ ਧਿਆਨ ਨਹੀਂ ਜਾ ਰਿਹਾ ਤੇ ਨਾ ਕਾਰਵਾਈ ਹੋ ਰਹੀ।

ਵਕੀਲ ਨੇ ਦੱਸੀ ਪੇਸ਼ੀ ਸਬੰਧੀ ਜਾਣਕਾਰੀ: ਇਸ ਸਬੰਧੀ ਸਿੱਧੂ ਮੂਸੇਵਾਲਾ ਦੇ ਵਕੀਲ ਨੇ ਦੱਸਿਆ ਕਿ ਅਦਾਲਤ 'ਚ ਜੱਜ ਵਲੋਂ 16 ਨਵੰਬਰ ਪੇਸ਼ੀ ਦੀ ਤਰੀਕ ਤੈਅ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੱਜ ਨੇ ਹੁਕਮ ਦਿੱਤੇ ਹਨ ਕਿ ਮੁਲਜ਼ਮਾਂ ਦੇ ਵਕੀਲ ਅਗਲੀ ਪੇਸ਼ੀ 'ਤੇ ਅਦਾਲਤ 'ਚ ਪੇਸ਼ ਹੋ ਕੇ ਆਪਣਾ ਪੱਖ ਰੱਖਣ ਤਾਂ ਜੋ ਚਾਰਜ ਫਰੇਮ ਹੋ ਸਕਣ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਫਿਜੀਕਲ ਪੇਸ਼ੀ ਸਬੰਧੀ ਕੋਈ ਜਾਣਕਾਰੀ ਹਾਲੇ ਸਾਹਮਣੇ ਨਹੀਂ ਆਈ।

ETV Bharat Logo

Copyright © 2024 Ushodaya Enterprises Pvt. Ltd., All Rights Reserved.