ETV Bharat / state

Operation Blue Star: ਘੱਲੂਘਾਰਾ ਦਿਵਸ ਨੂੰ ਲੈ ਕੇ ਪੁਲਿਸ ਨੇ ਵੱਖ-ਵੱਖ ਸ਼ਹਿਰਾਂ ਵਿੱਚ ਵਧਾਈ ਚੌਕਸੀ, ਕੱਢੇ ਫਲੈਗ ਮਾਰਚ

author img

By

Published : Jun 4, 2023, 2:00 PM IST

Police have increased vigilance in different cities on Ghallughara Day
ਘੱਲੂਘਾਰਾ ਦਿਵਸ ਨੂੰ ਲੈ ਕੇ ਪੁਲਿਸ ਨੇ ਵੱਖ-ਵੱਖ ਸ਼ਹਿਰਾਂ ਵਿੱਚ ਵਧਾਈ ਚੌਕਸੀ

ਪੰਜਾਬ ਵਿੱਚ ਘੱਲੂਘਾਰਾ ਦਿਵਸ ਦੇ ਮੱਦੇਨਜ਼ਰ ਪੰਜਾਬ ਪੁਲਿਸ ਨੇ ਵੱਖ-ਵੱਖ ਸ਼ਹਿਰਾਂ ਵਿੱਚ ਚੌਕਸੀ ਵਧਾ ਦਿੱਤਾ ਹੈ। ਪੁਲਿਸ ਅਧਿਕਾਰੀਆਂ ਦੀ ਅਗਵਾਈ ਹੇਠ ਮੁਲਾਜ਼ਮਾਂ ਵੱਲੋਂ ਫਲੈਗ ਮਾਰਚ ਕੱਢੇ ਜਾ ਰਹੇ ਹਨ। ਅੰਮ੍ਰਿਤਸਰ ਵਿੱਚ ਪੁਲਿਸ ਦੀ ਨਫ਼ਰੀ ਜ਼ਿਆਦਾ ਵਧਾਈ ਗਈ ਹੈ।

ਘੱਲੂਘਾਰਾ ਦਿਵਸ ਨੂੰ ਲੈ ਕੇ ਪੁਲਿਸ ਨੇ ਵੱਖ-ਵੱਖ ਸ਼ਹਿਰਾਂ ਵਿੱਚ ਵਧਾਈ ਚੌਕਸੀ

ਮਾਨਸਾ/ਮੋਗਾ/ਰੂਪਨਗਰ/ਅੰਮ੍ਰਿਤਸਰ : ਪੰਜਾਬ ਵਿੱਚ 6 ਜੂਨ ਨੂੰ ਘੱਲੂਘਾਰਾ ਦਿਵਸ ਦੇ ਮੱਦੇਨਜ਼ਰ ਵੱਖ-ਵੱਖ ਸ਼ਹਿਰਾਂ ਦੀ ਪੁਲਿਸ ਵੱਲੋਂ ਬੱਸ ਸਟੈਂਡ ਅਤੇ ਭੀੜ ਭਾੜ ਵਾਲੇ ਇਲਾਕਿਆਂ ਵਿਚ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਪੁਲਿਸ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਅਫ਼ਵਾਹਾਂ ਉਤੇ ਧਿਆਨ ਨਾ ਦੇਣ, ਜੇਕਰ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਹੈ ਤਾਂ ਪੁਲਿਸ ਦੀ ਹੈਲਪਲਾਈਨ ਨੰਬਰ ਤੇ ਜਾਣਕਾਰੀ ਦਿੱਤੀ ਜਾਵੇ।

ਮਾਨਸਾ ਵਿੱਚ ਪੁਲਿਸ ਦੀ ਚੈਕਿੰਗ ਮੁਹਿੰਮ : ਮਾਨਸਾ ਪੁਲਿਸ ਵੱਲੋਂ ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਦੇ ਹੁਕਮਾਂ ਤਹਿਤ ਸ਼ਹਿਰ ਦੇ ਬੱਸ ਸਟੈਂਡ ਅਤੇ ਭੀੜ ਭਾੜ ਵਾਲੇ ਇਲਾਕਿਆਂ ਵਿਚ ਚੈਕਿੰਗ ਕੀਤੀ ਗਈ। ਇਸ ਦੌਰਾਨ ਬੱਸ ਸਟੈਂਡ ਵਿਖੇ ਯਾਤਰੀਆਂ ਦੇ ਬੈਗਾਂ ਅਤੇ ਬੱਸਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਡੀਐਸਪੀ ਸੰਜੀਵ ਗੋਇਲ ਨੇ ਦੱਸਿਆ ਕਿ ਘੱਲੂਘਾਰਾ ਦਿਵਸ ਜੋ ਕਿ 1 ਜੂਨ ਤੋਂ ਅੱਠ ਜੂਨ ਤਕ ਚੱਲਦਾ ਹੈ, ਇਸ ਸਬੰਧ ਵਿੱਚ ਡੀਜੀਪੀ ਪੰਜਾਬ ਦੇ ਹੁਕਮਾਂ ਤਹਿਤ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ ।

ਮੋਗਾ ਵਿੱਚ ਵੀ ਪੁਲਿਸ ਅਲਰਟ : ਮੋਗਾ ਪੁਲਿਸ ਵੱਲੋਂ ਵੀ ਮੋਗਾ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਦੀ ਚੈਕਿੰਗ ਕੀਤੀ ਗਈ। ਮੋਗਾ ਦੇ ਐਸਪੀ, ਡੀਐਸਪੀ ਅਤੇ ਥਾਣਾ ਸਦਰ ਦੇ ਐਸਐਚਓ ਵੱਲੋਂ 50 ਦੇ ਕਰੀਬ ਪੁਲਿਸ ਮੁਲਾਜ਼ਮਾਂ ਦੇ ਨਾਲ ਚੈਕਿੰਗ ਮੁਹਿੰਮ ਚਲਾਈ ਗਈ। ਮੌਕੇ 'ਤੇ ਮੌਜੂਦ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 6 ਜੂਨ ਨੂੰ ਘੱਲੂਘਾਰਾ ਦਿਵਸ ਦੇ ਮੱਦੇਨਜ਼ਰ ਮੋਗਾ ਦੇ ਐਸਐਸਪੀ ਦੀਆਂ ਹਦਾਇਤਾਂ 'ਤੇ ਜ਼ਿਲ੍ਹੇ ਦੇ ਸਾਰੇ ਐਂਟਰੀ ਪੁਆਇੰਟਾਂ 'ਤੇ ਨਾਕੇ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਬੀਤੇ ਦਿਨੀਂ ਮੋਗਾ ਦੇ ਬੱਸ ਸਟੈਂਡ ਵਿਚ ਕਈ ਥਾਵਾਂ ਉਤੇ ਸ਼ਰਾਰਤੀ ਅਨਸਰਾਂ ਵਲੋਂ ਖਾਲਿਸਤਾਨ ਪੱਖੀ ਨਾਅਰੇ ਲਿਖੇ ਗਏ ਸਨ ਤੇ ਅੱਜ ਨਿਹਾਲ ਸਿੰਘ ਵਾਲਾ ਤੇ ਪੱਤੋ ਹੀਰਾ ਸਿੰਘ ਪਿੰਡਾ ਵਿਚ ਵੀ ਖਾਲਿਸਤਾਨੀ ਪੱਖੀ ਨਾਅਰੇ ਲਿਖੇ ਗਏ ਹਨ। ਇਸ ਦੇ ਚੱਲਦਿਆਂ ਅੱਜ ਮੋਗਾ ਵਿਚ ਐਸਪੀ ਅਤੇ ਡੀਐਸਪੀ ਦੀਆਂ ਹਦਾਇਤਾਂ ਉਤੇ ਮੋਗਾ ਵਿਚ ਭਾਰੀ ਪੁਲਿਸ ਬਲ ਨਾਲ ਚੈਕਿੰਗ ਕੀਤੀ ਗਈ ਹੈ।

ਰੂਪਨਗਰ ਵਿੱਚ ਵੀ ਸਖ਼ਤੀ : ਜ਼ਿਲ੍ਹਾ ਰੂਪਨਗਰ ਵਿਚ ਐਸਐਸਪੀ ਰੂਪਨਗਰ ਵਿਵੇਕ ਐੱਸ ਸੋਨੀ ਦੀ ਅਗਵਾਈ ਵਿਚ ਸ਼ਹਿਰ ਵਿਚ ਬੇਲਾ ਚੌਕ ਤੋਂ ਮੇਨ ਬਾਜ਼ਾਰ ਰੋਪੜ ਤਕ ਫਲੈਗ ਮਾਰਚ ਕੱਢਿਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਵਿਵੇਕ ਸ਼ੀਲ ਸੋਨੀ ਨੇ ਦੱਸਿਆ ਕਿ ਘੱਲੂਘਾਰੇ ਹਫਤੇ ਨੂੰ ਮੁੱਖ ਰੱਖਦੇ ਹੋਏ ਸ਼ਹਿਰ ਵਿਚ ਸੁਰੱਖਿਆ ਪ੍ਰਬੰਧ ਯਕੀਨੀ ਕਰਨ ਲਈ ਫਲੈਗ ਮਾਰਚ ਕੱਢਿਆ ਗਿਆ ਅਤੇ ਜ਼ਿਲ੍ਹੇ ਵਿਚ ਵੱਖ-ਵੱਖ ਥਾਵਾਂ ਉਤੇ ਨਾਕੇ ਵੀ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਸੁਰੱਖਿਅਤ ਅਤੇ ਸ਼ਾਂਤੀਪੂਰਨ ਮਾਹੌਲ ਪ੍ਰਦਾਨ ਕਰਨਾ ਸਾਡੀ ਪਹਿਲੀ ਜ਼ਿੰਮੇਵਾਰੀ ਹੈ। ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਇਸ ਹਫਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧਾਂ ਨੂੰ ਖਾਸ ਤੌਰ ਉਤੇ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਜ਼ਿਲ੍ਹੇ ਦੀ ਅਮਨ ਸ਼ਾਂਤੀ ਨੂੰ ਕਿਸੇ ਵੀ ਕੀਮਤ ਤੇ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਅੰਮ੍ਰਿਤਸਰ ਵਿੱਚ ਪੁਲਿਸ ਦੀ ਭਾਰੀ ਨਫ਼ਰੀ ਤਾਇਨਾਤ : ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ 6 ਜੂਨ ਨੂੰ ਮਨਾਏ ਜਾ ਰਹੇ ਘੱਲੂਘਾਰੇ ਦਿਵਸ ਸਬੰਧੀ ਅੱਜ ਐਸਐਸਪੀ ਦਿਹਾਤੀ ਸਤਿੰਦਰ ਸਿੰਘ ਦੀ ਅਗਵਾਈ ਹੇਠ ਜੰਡਿਆਲਾ ਗੁਰੂ ਦੇ ਬਾਜ਼ਾਰਾਂ ਵਿਚ ਇਕ ਫਲੈਗ ਮਾਰਚ ਕੱਢਿਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ 7 ਜੂਨ ਤੱਕ ਪੁਲਿਸ ਪੂਰੀ ਸਰਗਰਮ ਰਹੇਗੀ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ। ਐਸਐਸਪੀ ਨੇ ਕਿਹਾ ਕਿ ਸ਼ਰਾਰਤੀ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਥੇ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਐਸਐਸਪੀ ਸਤਿੰਦਰ ਸਿੰਘ ਨੇ ਕਿਹਾ ਕਿ ਕੱਲ੍ਹ ਰਾਤ ਜਿਹੜੀ ਅਟਾਰੀ ਦੇ ਪਿੰਡ ਮਹਾਵਾ ਵਿੱਚ ਗੋਲ਼ੀ ਚੱਲਣ ਦੀ ਘਟਨਾ ਹੋਈ ਉਸ ਵਿੱਚ ਡੀਐਸਪੀ ਅਟਾਰੀ ਨੇ ਸਾਫ ਕਿਹਾ ਹੈ ਕਿ ਕੋਈ ਗੋਲ਼ੀ ਨਹੀਂ ਚੱਲੀ ਆਪਸੀ ਲੜਾਈ ਝਗੜੇ ਦੇ ਕਾਰਨ ਇਹ ਸੱਟਾਂ ਲੱਗਿਆ ਹਣ ਇਸਦੀ ਜਾਂਚ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.