ETV Bharat / state

India Canada Relation: ਭਾਰਤ-ਕੈਨੇਡਾ ਵਿਚਕਾਰ ਤਲਖੀ, ਕੈਨੇਡਾ ਜਾਣ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੀ ਵਧੀ ਚਿੰਤਾ, ਸੁਣੋ ਇਮੀਗਰੇਸ਼ਨ ਮਾਹਿਰਾਂ ਦਾ ਕੀ ਹੈ ਵਿਚਾਰ

author img

By ETV Bharat Punjabi Team

Published : Sep 20, 2023, 8:24 PM IST

ਭਾਰਤ ਖ਼ਾਸਕਰ ਪੰਜਾਬ ਤੋਂ ਕੈਨੇਡਾ ਜਾਣ ਲਈ ਹਰ ਸਾਲ ਲੱਖਾਂ ਵਿਦਿਆਰਥੀ ਬਾਹਰ ਜਾਂਦੇ ਨੇ ਪਰ ਇਨ੍ਹਾਂ ਦਿਨਾਂ ਵਿੱਚ ਭਾਰਤ ਅਤੇ ਕੈਨੇਡਾ ਵਿਚਾਲੇ ਹਰਦੀਪ ਨਿੱਝਰ ਦੇ ਕਤਲ (The murder case of Hardeep Nijhar) ਮਾਮਲੇ ਨੂੰ ਲੈਕੇ ਤਲਖੀ ਵਧੀ ਹੈ। ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਆਈ ਦਰਾਰ ਕਰਕੇ ਹੁਣ ਵਿਦਿਆਰਥੀ ਘਬਰਾਏ ਹੋਏ ਹਨ ਅਤੇ ਮਾਪੇ ਵੀ ਚਿੰਤਾ ਵਿੱਚ ਹਨ। ਪੜ੍ਹੋ ਖਾਸ ਰਿਪੋਰਟ...(India Canada Relation)

Students preparing to go to Canada in Ludhiana have become worried
Students worried: ਭਾਰਤ-ਕੈਨੇਡਾ ਵਿਚਕਾਰ ਤਲਖੀ, ਕੈਨੇਡਾ ਜਾਣ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੀ ਵਧੀ ਚਿੰਤਾ, ਸੁਣੋ ਇਮੀਗਰੇਸ਼ਨ ਮਾਹਿਰਾਂ ਦਾ ਕੀ ਹੈ ਵਿਚਾਰ

ਕੈਨੇਡਾ ਜਾਣ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੀ ਵਧੀ ਚਿੰਤਾ

ਲੁਧਿਆਣਾ: ਭਾਰਤ ਅਤੇ ਕੈਨੇਡਾ ਦੇ ਵਿਚਕਾਰ ਲਗਾਤਾਰ ਵਧ ਰਹੀ ਤਲਖੀ ਦੇ ਕਾਰਣ ਇੱਕ ਪਾਸੇ ਜਿੱਥੇ ਕੈਨੇਡਾ ਦੇ ਵਿੱਚ ਰਹਿ ਰਹੇ ਭਾਰਤੀਆਂ ਉੱਤੇ ਡਿਪੋਰਟ ਦੀ ਤਲਵਾਰ ਲਟਕ ਰਹੀ ਹੈ। ਉੱਥੇ ਹੀ ਦੂਜੇ ਪਾਸੇ ਕੈਨੇਡਾ ਜਾਣ ਲਈ ਲੱਖਾਂ ਰੁਪਏ ਖਰਚ ਕੇ ਵੀਜ਼ਾ ਅਪਲਾਈ ਕਰਨ ਵਾਲੇ ਵਿਦਿਆਰਥੀ ਅਤੇ ਕੈਨੇਡਾ ਜਾਣ ਦੇ ਚਾਹਵਾਨਾਂ ਦੀ ਵੀ ਚਿੰਤਾ ਵੱਧ ਗਈ ਹੈ। ਹਾਲਾਂਕਿ ਫਿਲਹਾਲ ਕੈਨੇਡਾ ਦੇ ਵਿੱਚ ਹਾਲਾਤ ਸਥਿਰ ਨੇ ਪਰ ਇਮੀਗਰੇਸ਼ਨ ਕੇਂਦਰਾਂ ਦੇ ਵਿੱਚ ਆਈਲੈਟਸ ਦੀ ਤਿਆਰੀ ਕਰ ਰਹੇ ਵਿਦਿਆਰਥੀ ਆਪਣੇ ਭਵਿੱਖ ਨੂੰ ਲੈ ਕੇ ਜ਼ਰੂਰ ਚਿੰਤਤ ਵਿਖਾਈ ਦੇ ਰਹੇ ਨੇ। ਇਮੀਗਰੇਸ਼ਨ ਮਾਹਿਰ ਦਾ ਮੰਨਣਾ ਹੈ ਕਿ ਫਿਲਹਾਲ ਤਾਂ ਨਹੀਂ ਪਰ ਅੱਗੇ ਜਾਕੇ ਜੇਕਰ ਭਾਰਤ ਅਤੇ ਕੈਨੇਡਾ ਦੇ ਵਿਚਕਾਰ ਇਸੇ ਤਰ੍ਹਾਂ ਤਲਖੀ ਬਰਕਰਾਰ ਰਹੀ ਤਾਂ ਦੋਵਾਂ ਦੇਸ਼ਾਂ ਦੇ ਇਮੀਗ੍ਰੇਸ਼ਨ ਸਬੰਧਾਂ ਉੱਤੇ ਮਾੜਾ ਅਸਰ ਪੈ ਸਕਦਾ ਹੈ।



ਕੈਨੇਡਾ 'ਚ ਸਭ ਤੋਂ ਜ਼ਿਆਦਾ ਭਾਰਤੀ: ਕੈਨੇਡਾ ਦੀ ਕੁੱਲ ਆਬਾਦੀ ਦਾ 2.6 ਫੀਸਦੀ ਹਿੱਸਾ ਪੰਜਾਬੀ ਹਨ, 3 ਕਰੋੜ ਦੀ ਵਸੋਂ ਵਿੱਚੋਂ ਲਗਭਗ 9 ਲੱਖ 42 ਹਜ਼ਾਰ ਦੇ ਕਰੀਬ ਪੰਜਾਬੀ ਹਨ। ਕੈਨੇਡਾ ਦੇ ਵਿੱਚ ਪੰਜਾਬੀ ਸਿਰਫ਼ ਪੜ੍ਹਨ ਲਈ ਨਹੀਂ ਸਗੋਂ ਉੱਥੇ ਜਾ ਕੇ ਵੱਸਣ ਦੇ ਵੀ ਇੱਛੁਕ ਰਹਿੰਦੇ ਹਨ। ਕੈਨੇਡਾ ਦੇ ਵਿੱਚ ਕਈ ਪੰਜਾਬੀਆਂ ਦਾ ਵਪਾਰ ਚੱਲਦਾ ਹੈ। 2021-22 ਦੇ ਵਿੱਚ ਦੋਵਾਂ ਮੁਲਕਾਂ ਵਿਚਾਲੇ 7 ਅਰਬ ਡਾਲਰ ਦਾ ਵਪਾਰ ਹੋਇਆ ਸੀ। 2022-23 ਦੇ ਵਿੱਚ ਹੁਣ ਤੱਕ ਦੋਵਾਂ ਦੇਸ਼ਾਂ ਵਿਚਾਲੇ 8 ਅਰਬ ਤੋਂ ਵੱਧ ਡਾਲਰ ਦਾ ਵਪਾਰ ਹੋ ਚੁੱਕਾ ਹੈ। ਇਸ ਤੋਂ ਇਲਾਵਾ ਭਾਰਤ ਤੋਂ ਕੈਨੇਡਾ ਜਾ ਕੇ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਵੱਡੀ ਗਿਣਤੀ ਹੈ, ਜਿਸ ਨਾਲ ਕੈਨੇਡਾ ਦੀ ਸਰਕਾਰ ਨੂੰ ਕਾਫੀ ਰੈਵੇਨਿਉ ਪ੍ਰਾਪਤ ਹੁੰਦਾ ਹੈ। ਜੇਕਰ ਦੋਹਾਂ ਦੇਸ਼ਾਂ ਵਿਚਾਲੇ ਤਲਖੀ ਹੋਰ ਵੱਧਦੀ ਹੈ ਤਾਂ ਇਸ ਦਾ ਨੁਕਸਾਨ ਭਾਰਤ ਦੇ ਨਾਲ ਕੈਨੇਡਾ ਨੂੰ ਵੀ ਭੁਗਤਣਾ ਪੈ ਸਕਦਾ ਹੈ।



ਦੋਵਾਂ ਮੁਲਕਾਂ 'ਚ ਵਧੀ ਤਲਖੀ: ਕੈਨੇਡਾ ਦੀ ਸਰਕਾਰ (Government of Canada) ਨੇ ਖਾਲਸਤਾਨੀਆਂ ਦੇ ਨਾਲ ਸਬੰਧਿਤ ਆਗੂਆਂ ਉੱਤੇ ਕਾਰਵਾਈ ਨੂੰ ਲੈ ਕੇ ਭਾਰਤ ਸਰਕਾਰ ਉੱਤੇ ਸਵਾਲ ਖੜ੍ਹੇ ਕੀਤੇ ਸਨ, ਜਿਸ ਦਾ ਜਵਾਬ ਸਰਕਾਰ ਪਹਿਲਾਂ ਹੀ ਦੇ ਚੁੱਕੀ ਹੈ। ਜਿਸ ਤੋਂ ਬਾਅਦ ਕੈਨੇਡਾ ਦੇ ਵਿੱਚ ਸਥਿਤ ਭਾਰਤੀ ਡਿਪਲੋਮੇਟ ਨੂੰ ਕੈਨੇਡਾ ਵੱਲੋਂ ਵਾਪਸ ਜਾਣ ਲਈ ਕਹਿ ਦਿੱਤਾ ਗਿਆ, ਭਾਰਤ ਨੇ ਵੀ ਇਸੇ ਲਹਿਜੇ ਦੇ ਵਿੱਚ ਕੈਨੇਡਾ ਨੂੰ ਜਵਾਬ ਦਿੱਤਾ ਹੈ। ਜਿਸ ਤੋਂ ਬਾਅਦ ਕੈਨੇਡਾ ਦੇ ਪੀਐੱਮ ਜਸਟਿਨ ਟਰੂਡੋ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਰਤ ਦੇ ਵਿੱਚ ਰਹਿਣ ਵਾਲਾ ਕੋਈ ਵੀ ਕੈਨੇਡਾ ਦਾ ਵਾਸੀ ਜੰਮੂ-ਕਸ਼ਮੀਰ ਨਾ ਜਾਵੇ ਕਿਉਂਕਿ ਉੱਥੇ ਮਾਹੌਲ ਸੁਖਾਵਾਂ ਨਹੀਂ ਹੈ। ਲਗਾਤਾਰ ਦੋਵਾਂ ਦੇਸ਼ਾਂ ਵੱਲੋਂ ਇੱਕ ਤੋਂ ਬਾਅਦ ਇੱਕ ਬਿਆਨ ਜਾਰੀ ਕੀਤੇ ਜਾ ਰਹੇ ਹਨ ਜਿਸ ਕਾਰਣ ਵਿਵਾਦ ਵਧਦਾ ਜਾ ਰਿਹਾ ਹੈ।

ਇਮੀਗਰੇਸ਼ਨ ਮਾਹਿਰ ਦੇ ਵਿਚਾਰ
ਇਮੀਗਰੇਸ਼ਨ ਮਾਹਿਰ ਦੇ ਵਿਚਾਰ



ਪੰਜਾਬੀ ਕਮਿਊਨਿਟੀ ਟਾਰਗੇਟ: ਭਾਵੇਂ ਕੈਨੇਡਾ ਦੇ ਵਿੱਚ ਪੰਜਾਬੀਆਂ ਦੀ ਆਬਾਦੀ 2.6 ਫੀਸਦੀ ਹੀ ਹੈ ਪਰ ਪੰਜਾਬੀਆਂ ਦਾ ਕੈਨੇਡਾ ਦੇ ਵਿੱਚ ਸ਼ੁਰੂ ਤੋਂ ਹੀ ਦਬਦਬਾ ਰਿਹਾ ਹੈ। 16 ਮੈਂਬਰ ਪਾਰਲੀਮੈਂਟ ਕੈਨੇਡਾ ਦੇ ਵਿੱਚ ਭਾਰਤੀ ਮੂਲ ਦੇ ਹਨ। ਜਿਨ੍ਹਾਂ ਵਿੱਚੋਂ 8 ਐਮਪੀ ਓਨਟਾਰੀਓ ਦੇ ਵਿੱਚ ਹੀ ਹਨ। ਕੈਨੇਡਾ ਦੇ ਵਿੱਚ ਜਲਦੀ ਹੀ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਜਸਟਿਨ ਟਰੂਡੋ ਨੂੰ ਪੰਜਾਬੀ ਕਮਿਊਨਿਟੀ ਕਾਫੀ ਪਸੰਦ ਕਰਦੀ ਹੈ, ਇਹੀ ਕਾਰਨ ਹੈ ਜਸਟਿਨ ਟਰੂਡੋ ਦੇ ਸਮਰਥਨ ਦੇ ਵਿੱਚ ਪੰਜਾਬੀ ਐੱਮਪੀ ਹਨ। ਪੰਜਾਬੀ ਕਮਿਊਨਿਟੀ ਨੂੰ ਖੁਸ਼ ਕਰਨ ਦੇ ਲਈ ਮਾਹਿਰਾਂ ਦਾ ਮੰਨਣਾ ਹੈ ਕਿ ਕੈਨੇਡੀਅਨ ਪੀਐੱਮ ਵੱਲੋਂ ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਦਾ ਕੁਨੈਕਸ਼ਨ ਭਾਰਤ ਦੇ ਨਾਲ ਜੋੜਿਆ ਜਾ ਰਿਹਾ ਹੈ। ਜੀ 20 ਸੰਮੇਲਨ ਦੇ ਵਿੱਚ ਇਹ ਮੁੱਦਾ ਚੁੱਕਿਆ ਗਿਆ ਹੈ। ਬੀਤੇ ਕੁੱਝ ਸਾਲਾਂ ਦੇ ਵਿੱਚ ਖਾਲੀਸਤਾਨੀ ਸਮਰਥਕਾਂ ਦੀ ਮੌਤ ਹੋ ਜਾਣ ਕਾਰਨ ਇਹ ਵਿਵਾਦ ਵਧਿਆ ਹੈ, ਤਿੰਨ ਖਾਲਿਸਤਾਨੀ ਸਮਰਥਕਾਂ ਦਾ ਕਤਲ ਕੀਤਾ ਗਿਆ ਹੈ, ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਵੱਲੋਂ ਵੀ ਭਾਰਤ ਸਰਕਾਰ ਵੱਲੋਂ ਖਾਲਿਸਤਾਨੀ ਸਮਰਥਕਾਂ ਨੂੰ ਨਿਸ਼ਾਨਾ ਬਣਾਉਣ ਦੇ ਇਲਜ਼ਾਮ ਲਗਾਏ ਗਏ ਸਨ।

ਵਿਦਿਆਰਥੀ ਫ਼ਿਕਰਾਂ 'ਚ: ਲੁਧਿਆਣਾ ਇਮੀਗਰੇਸ਼ਨ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਜ਼ਿਆਦਾ ਸਮੇਂ ਤੱਕ ਦੋਵਾਂ ਮੁਲਕਾਂ ਵਿਚਕਾਰ ਤਲਖੀ ਵਧੀ ਰਹੀ ਤਾਂ ਇਸ ਦਾ ਅਸਰ ਇਮੀਗਰੇਸ਼ਨ ਪਾਲਿਸੀ ਦੇ ਨਾਲ ਵਪਾਰ ਉੱਤੇ ਵੀ ਪਵੇਗਾ। ਮਾਹਿਰਾਂ ਨੇ ਕਿਹਾ ਕਿ ਇਹ ਮਸਲਾ ਮਿਲ ਬੈਠ ਕੇ ਹੱਲ ਕਰ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਰਾਜਨੀਤਕ ਕਾਰਣਾਂ ਕਰਕੇ ਦੋਹਾਂ ਦੇਸ਼ਾਂ ਵਿਚਕਾਰ ਕਲੇਸ਼ ਮੰਦਭਾਗਾ ਹੈ। ਹਾਲਾਂਕਿ ਆਈਲੈਟਸ ਕਰਕੇ ਕੈਨੇਡਾ ਜਾਣ ਦੀ ਤਿਆਰੀ ਕਰ ਰਹੇ, ਵਿਦਿਆਰਥੀਆਂ ਦਾ ਮੰਨਣਾ ਹੈ ਕਿ ਫਿਲਹਾਲ ਕੈਨੇਡਾ ਦੇ ਵਿੱਚ ਹਾਲਾਤ ਠੀਕ ਨੇ, ਉਹਨਾਂ ਦੇ ਰਿਸ਼ਤੇਦਾਰਾਂ ਨਾਲ ਲਗਾਤਾਰ ਉਨ੍ਹਾਂ ਦੀ ਗੱਲ ਹੋ ਰਹੀ ਹੈ। ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਦੀ ਵੀ ਪਹਿਲੀ ਪਸੰਦ ਕੈਨੇਡਾ ਜਾਣਾ ਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.