ETV Bharat / state

ਚਰਚਾ 'ਚ ਲੁਧਿਆਣਾ ਪੁਲਿਸ: ਪੇਸ਼ੀ ਤੋਂ ਪਰਤੇ ਕੈਦੀ ਨਸ਼ੇ 'ਚ ਧੁੱਤ, ਸਿਵਲ ਹਸਪਤਾਲ 'ਚ ਮੈਡੀਕਲ ਦੌਰਾਨ ਕੀਤਾ ਹੰਗਾਮਾ, ਕਹਿੰਦੇ- 15 ਹਜ਼ਾਰ ਦੇ ਕੇ ਪੀਤੀ ਸ਼ਰਾਬ

author img

By ETV Bharat Punjabi Team

Published : Dec 13, 2023, 12:26 PM IST

Trial Prisoners Drunk During Appearance In Court: ਲੁਧਿਆਣਾ ਪੁਲਿਸ ਦੇ ਚਰਚੇ ਪੂਰੀ ਤਰ੍ਹਾਂ ਹੋ ਰਹੇ ਹਨ, ਜਿਥੇ ਜੇਲ੍ਹ 'ਚ ਬੰਦ ਹਵਾਲਾਤੀ ਵਿਆਹ ਸਮਾਗਮਾਂ 'ਚ ਸ਼ਾਮਲ ਹੋ ਰਹੇ ਹਨ, ਤਾਂ ਹੁਣ ਪੇਸ਼ੀ ਲਈ ਆਏ ਕੈਦੀ ਨਸ਼ੇ 'ਚ ਧੁੱਤ ਮਿਲੇ ਹਨ।

Trial Prisoners Drunk During Appearance In Court
ਚਰਚਾ 'ਚ ਲੁਧਿਆਣਾ ਪੁਲਿਸ

ਪੇਸ਼ੀ ਤੋਂ ਪਰਤੇ ਕੈਦੀ ਨਸ਼ੇ 'ਚ ਧੁੱਤ

ਲੁਧਿਆਣਾ: ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਮੈਡੀਕਲ ਲਈ ਆਏ ਅੰਡਰ ਟਰਾਇਲ ਹਵਾਲਾਤੀਆਂ ਵੱਲੋਂ ਜੰਮ ਕੇ ਹੰਗਾਮਾ ਕੀਤਾ ਗਿਆ। ਹਵਾਲਾਤੀਆਂ ਨਸ਼ੇ ਵਿੱਚ ਧੁੱਤ ਸਨ, ਜਿੰਨ੍ਹਾਂ ਨੂੰ ਜੇਲ੍ਹ ਪ੍ਰਸ਼ਾਸਨ ਨੇ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਭੇਜਿਆ ਸੀ। ਇਸ ਦੌਰਾਨ ਹਵਾਲਾਤੀਆਂ ਨੇ ਕਿਹਾ ਕਿ ਪੁਲਿਸ ਨੂੰ 15 ਹਜ਼ਾਰ ਦੇ ਕੇ ਉਹ ਸ਼ਰਾਬ ਪੀਂਦੇ ਹਨ। ਕੇਂਦਰੀ ਜੇਲ੍ਹ ਵਿੱਚ ਰਾਤ 9.30 ਵਜੇ ਦੇ ਕਰੀਬ ਇਨ੍ਹਾਂ ਨੂੰ ਲਿਆਂਦਾ ਗਿਆ ਸੀ, ਜਿਥੇ ਪੁਲਿਸ ਇਨ੍ਹਾਂ ਨੂੰ ਪੇਸ਼ੀ ਲਈ ਲੈਕੇ ਗਈ ਸੀ। ਕੈਦੀਆਂ ਨੂੰ ਜਦੋਂ ਵਾਪਸ ਜੇਲ੍ਹ ਲਿਜਾਇਆ ਗਿਆ ਤਾਂ ਜੇਲ੍ਹ ਪ੍ਰਸ਼ਾਸ਼ਨ ਨੇ ਪੁਲਿਸ ਨੂੰ ਇੰਨ੍ਹਾਂ ਦਾ ਮੈਡੀਕਲ ਕਰਵਾ ਕੇ ਲਿਆਉਣ ਲਈ ਕਿਹਾ, ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਪੰਜ ਨੌਜਵਾਨਾਂ ਨੂੰ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਪਾਇਆ ਅਤੇ ਉਨ੍ਹਾਂ ਨੂੰ ਸਿਵਲ ਹਸਪਤਾਲ ਮੈਡੀਕਲ ਲਈ ਭੇਜ ਦਿੱਤਾ।

ਨਸ਼ੇ 'ਚ ਧੁੱਤ ਪੇਸ਼ੀ ਤੋਂ ਪਰਤੇ ਹਵਾਲਾਤੀ: ਹਸਪਤਾਲ ਪਹੁੰਚੇ ਅੰਡਰ ਟਰਾਇਲ ਇੰਨ੍ਹਾਂ ਹਵਾਲਾਤੀਆਂ ਨੇ ਖੂਬ ਹੰਗਾਮਾ ਕੀਤਾ ਅਤੇ ਕਈ ਵੱਡੇ ਖੁਲਾਸੇ ਕੀਤੇ। ਕੈਦੀਆਂ ਨੇ ਪੁਲਿਸ ’ਤੇ ਪੇਸ਼ੀ ਦੌਰਾਨ ਸ਼ਰਾਬ ਪੀਣ ਦੇ ਗੰਭੀਰ ਦੋਸ਼ ਲਾਏ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁਲਜ਼ਮ ਸਾਹਿਲ ਕੰਡਾ ਨੇ ਦੱਸਿਆ ਕਿ ਉਸ ਖਿਲਾਫ 8 ਤੋਂ 9 ਮਾਮਲੇ ਦਰਜ ਹਨ। ਉਹ ਹੈਬੋਵਾਲ ਦਾ ਰਹਿਣ ਵਾਲਾ ਹੈ। ਉਸ ਦੇ ਹੋਰ ਸਾਥੀਆਂ 'ਤੇ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਅੱਜ ਉਹ ਆਪਣੇ ਚਾਰ ਹੋਰ ਦੋਸਤਾਂ ਨਾਲ ਕਿਸੇ ਕੇਸ ਦੀ ਪੇਸ਼ੀ ਲਈ ਗਿਆ ਹੋਇਆ ਸੀ। ਪੇਸ਼ੀ ਤੋਂ ਬਾਅਦ ਉਸ ਨੇ 15 ਹਜ਼ਾਰ ਰੁਪਏ ਪੁਲਿਸ ਮੁਲਾਜ਼ਮਾਂ ਨੂੰ ਦੇ ਦਿੱਤੇ, ਜਿਨ੍ਹਾਂ ਨੇ ਉਸ ਨੂੰ ਸ਼ਰਾਬ ਪਿਲਾਈ।

ਪੁਲਿਸ 'ਤੇ ਪੈਸੇ ਲੈਣ ਦੇ ਇਲਜ਼ਾਮ: ਸਾਹਿਲ ਮੁਤਾਬਿਕ ਜਦੋਂ ਉਹ ਵਾਪਸ ਜੇਲ੍ਹ ਜਾਣ ਲੱਗਾ ਤਾਂ ਜੇਲ੍ਹ ਪ੍ਰਸ਼ਾਸਨ ਨੇ ਉਸ ਨੂੰ ਅਤੇ ਉਸ ਦੇ ਸਾਥੀਆਂ ਨੂੰ ਰੋਕ ਲਿਆ ਅਤੇ ਟੈਸਟ ਕਰਵਾਉਣ ਲਈ ਸਿਵਲ ਹਸਪਤਾਲ ਭੇਜ ਦਿੱਤਾ। ਸਾਹਿਲ ਨੇ ਦੱਸਿਆ ਕਿ ਅਕਸਰ ਜਦੋਂ ਵੀ ਉਹ ਅਦਾਲਤ ਜਾਂਦਾ ਹੈ ਤਾਂ ਪੁਲਿਸ ਮੁਲਾਜ਼ਮਾਂ ਨੂੰ ਪੈਸੇ ਦਿੰਦਾ ਹੈ ਅਤੇ ਸ਼ਰਾਬ ਆਦਿ ਪੀਂਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਮੀਡੀਆ ਨਾਲ ਇਸੇ ਕਰਕੇ ਗੱਲ ਨਹੀਂ ਕਰਨ ਦਿੱਤੀ ਜਾ ਰਹੀ। ਹਾਲਾਂਕਿ ਮੈਡੀਕਲ ਕਰਵਾਉਣ ਲੈਕੇ ਆਏ ਪੁਲਿਸ ਮੁਲਾਜ਼ਮਾਂ ਨਾਲ ਜਦੋਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਕੁਝ ਵੀ ਬੋਲਣ ਤੋਂ ਇੰਨਕਾਰ ਕਰ ਦਿੱਤਾ।

ਪਿਛਲੇ ਦਿਨੀਂ ਕਾਂਗਰਸੀ ਆਗੂ ਦੀ ਵੀ ਹੋਈ ਸੀ ਵੀਡੀਓ ਵਾਇਰਲ: ਕਬਿਲੇਗੌਰ ਹੈ ਕੇ ਬੀਤੇ ਦਿਨੀਂ ਮੁਲਜ਼ਮ ਲੱਕੀ ਸੰਧੂ ਦੇ ਇੱਕ ਵਿਆਹ 'ਚ ਨੱਚਦੇ ਦੀ ਵੀਡਿਓ ਵਾਇਰਲ ਹੋਈ ਸੀ, ਜਦੋਂ ਕੇ ਉਹ ਜੇਲ੍ਹ ਚ ਬੰਦ ਹੈ। ਪੀਜੀਆਈ ਚੈਕਅੱਪ ਕਰਵਾਉੇਣ ਦਾ ਬਹਾਨਾ ਲਾਕੇ ਉਹ ਵਿਆਹ ਸਮਾਗਮ 'ਚ ਸ਼ਾਮਿਲ ਹੋਇਆ, ਜਿਸ ਤੋਂ ਬਾਅਦ ਲੁਧਿਆਣਾ ਪੁਲਿਸ ਕਮਿਸ਼ਨਰ ਨੇ ਐਕਸ਼ਨ ਲੈਂਦੇ ਹੋਏ 2 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਹੈ। ਹੁਣ ਜੇਲ੍ਹ ਪ੍ਰਸ਼ਾਸ਼ਨ ਵੱਲੋਂ ਸਖ਼ਤੀ ਕੀਤੀ ਗਈ ਹੈ, ਇਸ ਕਾਰਨ ਪੇਸ਼ੀ ਤੋਂ ਵਾਪਿਸ ਆਉਣ ਵਾਲੇ ਹਵਾਲਾਤੀਆਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.