ETV Bharat / state

ਖੰਨਾ 'ਚ ਤਗਮਾ ਜਿੱਤ ਕੇ ਪਰਤੇ ਅੰਤਰਰਾਸ਼ਟਰੀ ਖਿਡਾਰੀ ਦਾ ਅਪਮਾਨ, ਦਿੱਲੀ ਤੋਂ ਰੋਡਵੇਜ਼ ਬੱਸ 'ਚ ਆਇਆ, ਸੰਨਿਆਸ ਦਾ ਐਲਾਨ

author img

By

Published : Jul 26, 2023, 2:09 PM IST

Updated : Jul 26, 2023, 2:19 PM IST

ਪੰਜਾਬ ਦੇ ਖਿਡਾਰੀਆਂ ਨੂੰ ਸਾਂਭਣ ਦਾ ਸੂਬਾ ਸਰਕਾਰ ਦਾਅਵਾ ਕਰਦੀ ਹੈ ਅਤੇ ਸਾਰੇ ਦੇਸ਼ ਦੇ ਖਿਡਾਰੀਆਂ ਨੂੰ ਸੰਭਾਲਣ ਦਾ ਕੇਂਦਰ ਸਰਕਾਰ ਸਿਹਰਾ ਲੈਂਦੀ ਹੈ। ਦੂਜੇ ਪਾਸੇ ਖੰਨਾ ਵਿੱਚ ਸਰਕਾਰੀ ਦਾਅਵਿਆਂ ਦੀ ਪੋਲ ਉਦੋਂ ਖੁੱਲ੍ਹੀ ਜਦੋਂ ਮਲੇਸ਼ੀਆ ਤੋਂ ਦੇਸ਼ ਲਈ ਤਗਮਾ ਜਿੱਤ ਕੇ ਪਰਤੇ ਖਿਡਾਰੀ ਦਾ ਸੁਆਗਤ ਕਰਨ ਲਈ ਕੋਈ ਨਹੀਂ ਪਹੁੰਚਿਆ ਅਤੇ ਉਸ ਨੇ ਰੋਡਵੇਜ਼ ਦੀ ਬੱਸ ਰਾਹੀਂ ਘਰ ਤੱਕ ਸਫਰ ਤੈਅ ਕੀਤਾ।

Insult of an international player who returned after winning a medal in Khanna
ਖੰਨਾ 'ਚ ਤਗਮਾ ਜਿੱਤ ਕੇ ਪਰਤੇ ਅੰਤਰਰਾਸ਼ਟਰੀ ਖਿਡਾਰੀ ਦਾ ਅਪਮਾਨ, ਦਿੱਲੀ ਤੋਂ ਰੋਡਵੇਜ਼ ਬੱਸ 'ਚ ਆਇਆ, ਸੰਨਿਆਸ ਦਾ ਐਲਾਨ

ਸਰਕਾਰ ਤੋਂ ਨਿਰਾਸ਼ ਖਿਡਾਰੀ ਨੇ ਕੀਤਾ ਸੰਨਿਆਸ ਦਾ ਐਲਾਨ

ਲੁਧਿਆਣਾ: ਖੰਨਾ 'ਚ ਅੰਤਰਰਾਸ਼ਟਰੀ ਪੈਰਾ ਕਰਾਟੇ ਖਿਡਾਰੀ ਦਾ ਅਪਮਾਨ ਹੋਇਆ। ਮਲੇਸ਼ੀਆ 'ਚ ਭਾਰਤ ਲਈ ਕਾਂਸੀ ਦਾ ਤਗਮਾ ਜਿੱਤ ਕੇ ਸ਼ਹਿਰ ਪਰਤੇ ਇਸ ਖਿਡਾਰੀ ਦਾ ਸਵਾਗਤ ਵੀ ਨਹੀਂ ਕੀਤਾ ਗਿਆ। ਖਿਡਾਰੀ ਤਰੁਣ ਸ਼ਰਮਾ ਨੇ ਨਿਰਾਸ਼ ਹੋ ਕੇ ਸੰਨਿਆਸ ਲੈਣ ਦਾ ਐਲਾਨ ਕੀਤਾ। ਦੱਸ ਦਈਏ ਕਿ ਤਰੁਣ ਸ਼ਰਮਾ 21 ਤੋਂ 23 ਜੁਲਾਈ ਤੱਕ ਹੋਈ ਦੂਜੀ ਏਸ਼ੀਅਨ ਕਰਾਟੇ ਚੈਂਪੀਅਨਸ਼ਿਪ ਵਿੱਚ ਭਾਰਤ ਵੱਲੋਂ ਭਾਗ ਲੈਣ ਲਈ ਮਲੇਸ਼ੀਆ ਗਿਆ ਸੀ। ਇਸ ਚੈਂਪੀਅਨਸ਼ਿਪ ਵਿੱਚ 43 ਦੇਸ਼ਾਂ ਦੇ ਪੈਰਾ ਖਿਡਾਰੀ ਪਹੁੰਚੇ। ਭਾਰਤ ਦੇ ਦੋ ਹੀ ਖਿਡਾਰੀ ਸਨ, ਇੱਕ ਤਰੁਣ ਸ਼ਰਮਾ ਅਤੇ ਦੂਜਾ ਦਿੱਲੀ ਦਾ ਖਿਡਾਰੀ। ਤਰੁਣ ਨੇ ਮਲੇਸ਼ੀਆ ਵਿੱਚ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ ਅਤੇ ਭਾਰਤ ਨੂੰ ਕਾਂਸੀ ਦਾ ਤਗ਼ਮਾ ਦਿਵਾਇਆ। ਉਸ ਨੂੰ ਉਮੀਦ ਸੀ ਕਿ ਜਦੋਂ ਉਹ ਸ਼ਹਿਰ ਪਹੁੰਚੇਗਾ ਤਾਂ ਉਸ ਦਾ ਸਨਮਾਨ ਕੀਤਾ ਜਾਵੇਗਾ, ਪਰ ਜਦੋਂ ਤਰੁਣ ਬੱਸ ਸਟੈਂਡ 'ਤੇ ਉਤਰਿਆ ਤਾਂ ਉਸ ਦੀ ਉਪਲਬਧੀ ਦੀ ਖੁਸ਼ੀ ਦਾ ਕੋਈ ਨਾਮੋ-ਨਿਸ਼ਾਨ ਤੱਕ ਨਹੀਂ ਸੀ। ਤਰੁਣ ਨੂੰ ਲੈਣ ਉਸ ਦੇ ਕੁਝ ਦੋਸਤ ਹੀ ਪਹੁੰਚੇ ਸਨ। ਇਸ ਦੌਰਾਨ ਤਰੁਣ ਨੇ ਨਿਰਾਸ਼ ਹੋ ਕੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ।

ਤਰੁਣ ਦੀ ਨਾਰਾਜ਼ਗੀ ਦਾ ਕਾਰਨ: ਤਰੁਣ ਸ਼ਰਮਾ ਇੱਕ ਪੈਰਾ ਕਰਾਟੇ ਖਿਡਾਰੀ ਹੈ। ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ। ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਉਹ ਆਪਣੇ ਪਿਤਾ ਨਾਲ ਸਬਜ਼ੀ ਦੀ ਰੇਹੜੀ ਲਾਉਂਦਾ ਸੀ। ਪਿਤਾ ਦੀ ਕੁਝ ਮਹੀਨੇ ਪਹਿਲਾਂ ਮੌਤ ਹੋ ਗਈ। ਹੁਣ ਉਹ ਖੁਦ ਰੇਹੜੀ ਲਗਾ ਰਿਹਾ ਹੈ। ਉਸ ਨੇ ਕਈ ਵਾਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਦੇਸ਼ ਅਤੇ ਸੂਬੇ ਦਾ ਨਾਂ ਰੌਸ਼ਨ ਕੀਤਾ। ਲੰਬੇ ਸਮੇਂ ਤੋਂ ਉਹ ਸਰਕਾਰ ਕੋਲ ਨੌਕਰੀ ਲਈ ਤਰਲੇ ਕੱਢ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਰਕਾਰੀ ਮਦਦ ਨਹੀਂ ਮਿਲਦੀ ਹੈ। ਖੇਡਾਂ ਪ੍ਰਤੀ ਆਪਣੇ ਜਨੂੰਨ ਨੂੰ ਪੂਰਾ ਕਰਨ ਲਈ ਤਰੁਣ ਨੇ ਆਪਣਾ ਘਰ ਗਿਰਵੀ ਰੱਖਿਆ ਹੋਇਆ ਹੈ। 12 ਲੱਖ ਰੁਪਏ ਦਾ ਕਰਜ਼ਾ ਹੈ। ਇਸ ਵਾਰ ਵੀ ਉਹ 1 ਲੱਖ ਰੁਪਏ ਦਾ ਕਰਜ਼ਾ ਲੈ ਕੇ ਮਲੇਸ਼ੀਆ ਗਿਆ ਸੀ। ਇੰਨੀ ਗਰੀਬੀ ਹੈ ਕਿ ਦਿੱਲੀ ਤੋਂ ਰੋਡਵੇਜ਼ ਦੀ ਬੱਸ ਵਿੱਚ ਖੰਨਾ ਵਾਪਸ ਪਰਤਿਆ। ਸ਼ਹਿਰ ਪਹੁੰਚ ਕੇ ਵੀ ਜਦੋਂ ਕਿਸੇ ਨੇ ਤਰੁਣ ਦੀ ਜਿੱਤ ’ਤੇ ਖੁਸ਼ੀ ਨਹੀਂ ਮਨਾਈ ਤਾਂ ਉਹ ਨਿਰਾਸ਼ ਹੋ ਗਿਆ।

ਗੁੱਸੇ ਵਿੱਚ ਕਿਹਾ - ਭੁੱਕੀ, ਅਫੀਮ, ਸ਼ਰਾਬ ਵੇਚਾਂਗਾ: ਅੰਤਰਰਾਸ਼ਟਰੀ ਪੈਰਾ ਕਰਾਟੇ ਖਿਡਾਰੀ ਇੰਨਾ ਨਿਰਾਸ਼ ਸੀ ਕਿ ਉਸ ਨੇ ਗੁੱਸੇ 'ਚ ਆ ਕੇ ਕਿਹਾ ਕਿ ਹੁਣ ਉਹ ਭੁੱਕੀ, ਅਫੀਮ ਅਤੇ ਸ਼ਰਾਬ ਵੇਚੇਗਾ। ਜਿਸ ਤਰੀਕੇ ਨਾਲ ਕਰਜ਼ਾ ਹੈ, ਉਸ ਨੂੰ ਚੁਕਾਉਣਾ ਤਾਂ ਪੈਣਾ ਹੀ ਹੈ। ਥੋੜ੍ਹਾ ਸ਼ਾਂਤ ਹੋਣ ਤੋਂ ਬਾਅਦ ਤਰੁਣ ਨੇ ਕਿਹਾ ਕਿ ਇਹ ਉਸ ਦੀ ਮਜਬੂਰੀ ਹੈ। ਪਰਿਵਾਰ ਦੀ ਦੇਖਭਾਲ ਵੀ ਕਰਨੀ ਹੈ। ਦੇਖਦਾ ਹਾਂ ਕਿ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ, 400 ਰੁਪਏ ਦਿਹਾੜੀ ਕਰਾਂਗਾ। ਸਰਕਾਰ ਕੋਲੋਂ ਤਾਂ ਹੁਣ ਕੋਈ ਉਮੀਦ ਨਹੀਂ ਹੈ।

Last Updated :Jul 26, 2023, 2:19 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.