ETV Bharat / state

ਅੰਮ੍ਰਿਤਸਰ 'ਚ 100 ਸਾਲ ਪੁਰਾਣੀ ਇਮਾਰਤ ਢਹਿ-ਢੇਰੀ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

author img

By

Published : Jul 26, 2023, 1:54 PM IST

ਅੰਮ੍ਰਿਤਸਰ ਦੀ ਕਟੜਾ ਆਹਲੂਵਾਲੀਆ ਗਲ਼ੀ ਵਿੱਚ ਕਰੀਬ 100 ਸਾਲ ਪੁਰਾਣੀ 5 ਮੰਜ਼ਿਲਾ ਇਮਾਰਤ ਢਹਿ-ਢੇਰੀ ਹੋ ਗਈ। ਗਲੀ ਵਿੱਚ ਖੜੇ ਕਈ ਵਾਹਨ ਇਮਾਰਤ ਦੇ ਮਲਬੇ ਹੇਠ ਦਬ ਗਏ। ਸਥਾਨਕਵਾਸੀਆਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

A 100-year-old building collapsed in Amritsar
ਅੰਮ੍ਰਿਤਸਰ 'ਚ 100 ਸਾਲ ਪੁਰਾਣੀ ਇਮਾਰਤ ਢਹਿ-ਢੇਰੀ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

ਲੋਕਾਂ ਨੇ ਪ੍ਰਸ਼ਾਸਨ ਉੱਤੇ ਲਾਏ ਇਲਜ਼ਾਮ

ਅੰਮ੍ਰਿਤਸਰ: ਜ਼ਿਲ੍ਹੇ ਦੀ ਕਟੜਾ ਆਹਲੂਵਾਲੀਆ ਗਲੀ ਲਾਲਿਆ ਵਿੱਚ ਇੱਕ 100 ਸਾਲ ਪੁਰਾਣੀ ਇਮਾਰਤ ਪੂਰੀ ਤਰ੍ਹਾਂ ਨਾਲ ਢਹਿ ਗਈ। ਜਦੋਂ ਇਮਾਰਤ ਢਹਿ-ਢੇਰੀ ਹੋਈ ਤਾਂ ਕੋਈ ਵੀ ਸ਼ਖ਼ਸ ਨਾਂ ਤਾ ਬਿਲਡਿੰਗ ਵਿੱਚ ਮੌਜਦ ਸੀ ਅਤੇ ਨਾ ਹੀ ਇਸ ਦੇ ਕੋਲੋਂ ਦੀ ਲੰਘ ਰਿਹਾ ਸੀ। ਇਸ ਵੱਡੇ ਹਾਦਸੇ ਵਿੱਚ ਰੱਬ ਦੀ ਮਿਹਰ ਸਦਕਾ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਹਾਲਾਂਕਿ ਇਮਾਰਤ ਡਿੱਗਣ ਕਾਰਨ ਹੇਠਾਂ ਖੜ੍ਹੇ ਵਾਹਨਾਂ ਦਾ ਨੁਕਸਾਨ ਜ਼ਰੂਰ ਹੋਇਆ ਹੈ।

ਖਸਤਾ ਹਾਲਤ ਵਿੱਚ ਖੜ੍ਹੀ ਇਮਾਰਤ ਤਾਂ ਢੇਰੀ ਹੋ ਗਈ: ਸਥਾਨਕਵਾਸੀਆਂ ਦਾ ਇਲਜ਼ਾਮ ਹੈ ਕਿ ਇਮਾਰਤ ਦੀ ਖਸਤਾ ਹਾਲਤ ਬਾਰੇ ਪ੍ਰਸ਼ਾਸਨ ਨੂੰ ਕਈ ਵਾਰ ਦੱਸਿਆ ਗਿਆ ਸੀ ਪਰ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਇਮਾਰਤ ਦੀ ਹਾਲਤ ਬਹੁਤ ਮਾੜੀ ਹੈ। ਸਥਾਨਕਵਾਸੀਆਂ ਨੇ ਕਿਹਾ ਕਿ ਉਹ ਪ੍ਰਸ਼ਾਸਨ ਨੂੰ ਅਪੀਲ ਕਰਕੇ ਦੱਸਣਾ ਚਾਹੁੰਦੇ ਨੇ ਕਿ ਖਸਤਾ ਹਾਲਤ ਵਿੱਚ ਖੜ੍ਹੀ ਇੱਕ ਇਮਾਰਤ ਤਾਂ ਢੇਰੀ ਹੋ ਗਈ ਪਰ ਇਸ ਗਲ਼ੀ ਦੇ ਵਿੱਚ ਹੋਰ ਕੁੱਝ ਇਮਾਰਤਾਂ ਵੀ ਬਹੁਤ ਹੀ ਖਸਤਾ ਹਾਲਤ ਵਿੱਚ ਕੰਡਮ ਹੋਈਆਂ ਪਈਆਂ ਹਨ ਅਤੇ ਉਨ੍ਹਾਂ ਦਾ ਵੀ ਕੋਈ ਪਤਾ ਨਹੀਂ ਕਿ ਕਦੋਂ ਹੇਠਾਂ ਡਿੱਗ ਪੈਣ। ਇਨ੍ਹਾਂ ਇਮਾਰਤਾਂ ਵੱਲ ਵੀ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਲੋੜ ਹੈ।

ਸਾਂਝੀਆਂ ਕੰਧਾਂ ਹੋਣ ਕਾਰਨ ਬਾਕੀ ਇਮਾਰਤਾਂ ਨੂੰ ਨੁਕਸਾਨ: ਉਨ੍ਹਾਂ ਦੱਸਿਆ ਕਿ ਇਹ ਪੰਜ ਮੰਜ਼ਿਲਾ ਇਮਾਰਤ ਸੀ ਅਤੇ ਇਸ ਇਮਾਰਤ ਦਾ ਮਾਲਕ ਕਲਕੱਤਾ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਇਮਾਰਤ ਦੇ ਢਹਿ ਜਾਣ ਕਾਰਨ ਇਸ ਦੇ ਨਾਲ ਲੱਗਦੀਆਂ ਇਮਾਰਤਾਂ ਨੂੰ ਵੀ ਕਾਫੀ ਨੁਕਸਾਨ ਹੋਇਆ ਹੈ। ਸਥਾਨਕਵਾਸੀਆਂ ਮੁਤਾਬਿਕ ਸ਼ਹਿਰ ਦੇ ਜ਼ਿਆਦਾਤਰ ਪੁਰਾਣੇ ਮਕਾਨਾਂ ਦੀਆਂ ਸਾਂਝੀਆਂ ਕੰਧਾਂ ਹੋਣ ਕਾਰਨ ਬਾਕੀ ਇਮਾਰਤਾਂ ਨੂੰ ਵੀ ਕਾਫੀ ਨੁਕਸਾਨ ਹੋਇਆ ਹੈ। ਇੱਕ ਸ਼ਖ਼ਸ ਦਾ ਕਹਿਣਾ ਹੈ ਕਿ ਇਮਾਰਤ ਦੇ ਮਲਬੇ ਕਾਰਣ ਉਸ ਦੇ ਘਰ ਬਾਹਰ ਲੱਗਾ ਏਸੀ ਬੁਰੀ ਤਰ੍ਹਾਂ ਨੁਕਸਾਨਿਆਂ ਗਿਆ। ਤਾਕੀਆਂ ਅਤੇ ਦਰਵਾਜ਼ਿਆਂ ਨੂੰ ਵੀ ਮਲਬੇ ਨੇ ਨੁਕਸਾਨ ਪਹੁੰਚਾਇਆ। ਸਥਾਨਕਵਾਸੀਆਂ ਨੇ ਇਹ ਵੀ ਦੱਸਿਆ ਕਿ ਇਮਾਰਤ ਡਿੱਗਣ ਕਰਕੇ ਕੁੱਝ ਲੋਕਾਂ ਦੇ ਘਰ ਦਾ ਰਾਹ ਬੰਦ ਹੋ ਗਿਆ ਹੈ ਅਤੇ ਉਹ ਮਲਬਾ ਚੁੱਕੇ ਜਾਣ ਦੀ ਉਡੀਕ ਵਿੱਚ ਬੈਠੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਵਾਰ-ਵਾਰ ਸ਼ਿਕਾਇਤ ਦੇ ਬਾਵਜੂਦ ਪ੍ਰਸ਼ਾਸਨ ਮਸਲੇ ਦਾ ਹੱਲ ਨਹੀਂ ਕਰਦਾ ਜਿਸ ਕਰਕੇ ਅਜਿਹੇ ਹਾਦਸੇ ਵਾਪਰਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.