ETV Bharat / state

ਆਪ ਦੇ ਭ੍ਰਿਸ਼ਟਾਚਾਰ ਵਿਰੋਧੀ ਮਾਡਲ ਉਤੇ ਵਿਰੋਧੀਆਂ ਦੇ ਸਵਾਲ; "ਕਈ ਸਾਬਕਾ ਮੰਤਰੀਆਂ ਵਿਰੁੱਧ ਦਰਜ ਮਾਮਲੇ, ਪਰ ਸਬੂਤ ਜੁਟਾਉਣ 'ਚ ਨਕਾਮ ਪੰਜਾਬ ਵਿਜੀਲੈਂਸ"

author img

By

Published : Apr 16, 2023, 1:30 PM IST

ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਰਲ ਦੌਰਾਨ ਕਾਂਗਰਸ ਦੇ ਕਈ ਸਾਬਕਾ ਮੰਤਰੀਆਂ ਤੇ ਵਿਧਾਇਕਾਂ ਉਤੇ ਵਿਜੀਲੈਂਸ ਨੇ ਸ਼ਿਕੰਜਾ ਕੱਸਿਆ, ਪਰ ਕਿਸੇ ਖਿਲਾਫ ਵੀ ਪੁਖਤਾ ਸਬੂਤ ਇਕੱਠੇ ਕਰਨ ਵਿੱਚ ਨਾਕਾਮਯਾਬ ਰਹੀ। ਇਸ ਉਤੇ ਵਿਰੋਧੀਆਂ ਨੇ ਸਰਕਾਰ ਉਤੇ ਸਿਆਸੀ ਬਦਲਾਖੋਰੀ ਤਹਿਤ ਕਾਰਵਾਈ ਕਰਵਾਉਣ ਦੇ ਦੋਸ਼ ਲਾਏ ਹਨ।

Opposition on AAP: Cases registered against several ministers of Congress, but Vigilance failed to gather evidence
ਆਪ ਦੇ ਭ੍ਰਿਸ਼ਟਾਚਾਰ ਵਿਰੋਧੀ ਮਾਡਲ ਉਤੇ ਵਿਰੋਧੀਆਂ ਦੇ ਸਵਾਲ; "ਕਾਂਗਰਸ ਦੇ ਕਈ ਸਾਬਕਾ ਮੰਤਰੀਆਂ ਵਿਰੁੱਧ ਦਰਜ ਮਾਮਲੇ, ਪਰ ਸਬੂਤ ਜੁਟਾਉਣ 'ਚ ਨਕਾਮ ਪੰਜਾਬ ਵਿਜੀਲੈਂਸ"

ਲੁਧਿਆਣਾ : ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲਗਾਤਾਰ ਵਿਰੋਧੀਆਂ ਉਤੇ ਰਾਜਨੀਤਕ ਬਦਲਾਖੋਰੀ ਦੇ ਨਿਸ਼ਾਨੇ ਸਾਧੇ ਜਾ ਰਹੇ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੀ ਸਫ਼ਾਈ ਪੇਸ਼ ਕਰਦਿਆਂ ਬੀਤੇ ਦਿਨੀਂ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਭਾਵੁਕ ਹੋ ਗਏ। ਕਾਂਗਰਸ ਦੇ ਇਕ ਦਰਜਨ ਤੋਂ ਵੱਧ ਸਾਬਕਾ ਮੰਤਰੀਆਂ ਅਤੇ ਵਿਧਾਇਕਾਂ ਦੇ ਖਿਲਾਫ਼ ਵਿਜੀਲੈਂਸ ਵੱਲੋਂ ਸ਼ਿਕੰਜਾ ਕੱਸਿਆ ਹੋਇਆ ਹੈ ਪਰ ਇਕ ਦੇ ਖਿਲਾਫ ਵੀ ਹਾਲੇ ਤੱਕ ਨਾ ਤਾਂ ਦੋਸ਼ ਸਾਬਤ ਹੋ ਸਕੇ ਨੇ ਅਤੇ ਨਾ ਹੀ ਵਿਜੀਲੈਂਸ ਵੱਲੋਂ ਲੋੜੀਂਦੇ ਸਬੂਤ ਜੁਟਾਏ ਜਾ ਸਕੇ ਕਿ ਜਿਸ ਨਾਲ ਉਨ੍ਹਾਂ ਨੂੰ ਕਸੂਰਵਾਰ ਸਾਬਿਤ ਕਰ ਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚਾਇਆ ਜਾ ਸਕੇ। ਜ਼ਿਆਦਾਤਰ ਮਾਮਲਿਆਂ ਦੇ ਵਿਚ ਰਾਜਨੀਤਿਕ ਆਗੂ ਜ਼ਮਾਨਤ ਉਤੇ ਬਾਹਰ ਆ ਚੁੱਕੇ ਹਨ, ਭਾਵੇਂ ਭਾਰਤ ਭੂਸ਼ਣ ਆਸ਼ੂ ਸਾਬਕਾ ਮੰਤਰੀ ਹੋਣ ਭਾਵੇਂ ਸਾਧੂ ਸਿੰਘ ਧਰਮਸੋਤ ਹੋਣ ਤੇ ਭਾਵੇਂ ਕੈਪਟਨ ਸੰਦੀਪ ਸੰਧੂ।

ਸਬੂਤਾਂ ਦੀ ਅਣਹੋਂਦ ਉਤੇ ਸਵਾਲ : ਕਾਂਗਰਸੀ ਆਗੂਆਂ ਵੱਲੋਂ ਲਗਾਤਾਰ ਇਹ ਸਵਾਲ ਚੁੱਕੇ ਜਾ ਰਹੇ ਹਨ ਕਿ ਜਿਨ੍ਹਾਂ ਖਿਲਾਫ਼ ਵਿਜੀਲੈਂਸ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਜਾਂ ਫਿਰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ, ਉਨ੍ਹਾਂ ਜ਼ਿਆਦਾਤਰ ਮਾਮਲਿਆਂ ਵਿਚ ਸਬੂਤਾਂ ਦੀ ਅਣਹੋਂਦ ਕਰਕੇ ਆਗੂ ਬਾਹਰ ਆ ਗਏ ਹਨ। ਕਾਂਗਰਸ ਦੇ ਆਗੂ ਲਗਾਤਾਰ ਬਾਹਰ ਆ ਕੇ ਇਹ ਸਵਾਲ ਖੜ੍ਹੇ ਕਰ ਰਹੇ ਹਨ ਕਿ ਜੇਕਰ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿਚ ਵਿਜੀਲੈਂਸ ਉਨ੍ਹਾਂ ਦੀ ਜਾਂਚ ਕਰ ਰਹੀ ਹੈ ਤਾਂ ਕਿਸੇ ਵੀ ਕਾਂਗਰਸੀ ਲੀਡਰ ਦੇ ਕੋਲੋਂ ਹੁਣ ਤਕ ਇਕ ਵੀ ਰੁਪਿਆ ਬਰਾਮਦ ਕਿਉਂ ਨਹੀਂ ਕਰ ਸਕੀ।



ਨਵਜੋਤ ਸਿੱਧੂ ਦੇ ਸਵਾਲ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਵਿਜੀਲੈਂਸ ਵੱਲੋਂ ਕਾਂਗਰਸੀ ਆਗੂਆਂ ਉਤੇ ਕੀਤੀ ਜਾ ਰਹੀ ਕਾਰਵਾਈ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਜੇਕਰ ਵਿਜੀਲੈਂਸ ਦਾਅਵਾ ਕਰ ਰਹੀ ਹੈ ਕਿ ਕਾਂਗਰਸੀ ਆਗੂਆਂ ਨੇ ਆਪਣੇ ਕਾਰਜਕਾਲ ਦੌਰਾਨ ਭ੍ਰਿਸ਼ਟਾਚਾਰ ਕੀਤਾ ਹੈ ਤਾਂ ਤੱਕ ਵਿਜੀਲੈਂਸ ਕਾਂਗਰਸ ਦੇ ਆਗੂਆਂ ਕੋਲ ਇਕ ਵੀ ਰੁਪਿਆ ਬਰਾਮਦ ਕਰਨ ਵਿਚ ਨਾਕਾਮ ਕਿਉਂ ਰਹੀ ਹੈ? ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕਰਦਿਆਂ ਕਾਂਗਰਸ ਦੇ ਸੀਨੀਅਰ ਆਗੂ ਚਰਨਜੀਤ ਸਿੰਘ ਚੰਨੀ, ਪ੍ਰਤਾਪ ਬਾਜਵਾ ਅਤੇ ਰਾਜਾ ਵੜਿੰਗ ਦੇ ਨਾਲ ਹਰੀਸ਼ ਚੌਧਰੀ ਨੇ ਵੀ ਇਹ ਸਵਾਲ ਖੜ੍ਹੇ ਕੀਤੇ ਸਨ। ਪ੍ਰਤਾਪ ਸਿੰਘ ਬਾਜਵਾ ਨੇ ਸਿੱਧੇ ਤੌਰ ਉਤੇ ਕਿਹਾ ਕਿ ਵਾਰੀ ਤੁਹਾਡੀ ਵੀ ਆਵੇਗੀ ਭਗਵੰਤ ਮਾਨ ਫਿਰ ਤਿਆਰ ਰਹਿਣ।


ਕੌਣ ਕੌਣ ਨੇ ਵਿਜੀਲੈਂਸ ਦੀ ਰਡਾਰ ਉਤੇ : ਵਿਜੀਲੈਂਸ ਦੀ ਸੂਚੀ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਸਭ ਤੋਂ ਉੱਪਰ ਹੈ। ਵਿਜੀਲੈਂਸ ਵਲੋਂ ਬੀਤੇ ਦਿਨੀਂ ਚੰਨੀ ਦੇ ਖਿਲਾਫ ਲੁਕਆਊਟ ਨੋਟਿਸ ਜਾਰੀ ਕੀਤਾ ਗਿਆ ਸੀ, ਚੰਨੀ ਦਾ ਨਾਂ ਖੁਦ ਮੁੱਖ ਮੰਤਰੀ ਭਗਵੰਤ ਮਾਨ ਵੀ ਵਿਧਾਨ ਸਭਾ ਵਿੱਚ ਲੈ ਚੁੱਕੇ ਹਨ। ਇਸ ਤੋਂ ਇਲਾਵਾ ਦਲਬੀਰ ਗੋਲਡੀ, ਵਿਧਾਨ ਸਭਾ ਹਲਕਾ ਘਨੌਰ ਤੋਂ ਵਿਧਾਇਕ ਰਹਿ ਚੁੱਕੇ ਮਦਨ ਲਾਲ ਜਲਾਲਪੁਰ ਵੀ ਵਿਜੀਲੈਂਸ ਦੀ ਰਡਾਰ ਉਤੇ ਹੈ। ਜਲਾਲਪੁਰ ਉਤੇ 5 ਪਿੰਡਾਂ ਦੀ ਜ਼ਮੀਨ ਵਿੱਚ ਘੁਟਾਲੇ ਦੇ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲੁਧਿਆਣਾ ਤੋਂ ਕਾਂਗਰਸ ਦੇ ਮੌਜੂਦਾ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾਰ ਵੀ ਵਿਜੀਲੈਂਸ ਦੇ ਨਿਸ਼ਾਨੇ ਉਤੇ ਹਨ। ਇਸ ਤੋਂ ਇਲਾਵਾ ਮੁਲਾਂਪੁਰ ਹਲਕੇ ਤੋਂ ਚੋਣ ਲੜ ਚੁੱਕੇ ਕੈਪਟਨ ਦੇ ਬੇਹੱਦ ਕਰੀਬੀ ਮੰਨੇ ਜਾਂਦੇ ਉਨ੍ਹਾ ਦੇ ਓਐਸਡੀ ਰਹਿ ਚੁੱਕੇ ਕੈਪਟਨ ਸੰਦੀਪ ਸੰਧੂ ਸੋਲਰ ਲਾਈਟਾਂ, ਸਪੋਰਟਸ ਕਿਟਸ ਮਾਮਲੇ ਵਿੱਚ ਵਿਜੀਲੈਂਸ ਦੀ ਰਡਾਰ ਉਤੇ ਹੈ। ਕੈਪਟਨ ਅਮਰਿੰਦਰ ਦੇ ਸਾਬਕਾ ਮੀਡੀਆ ਸਲਾਹਕਾਰ ਰਹਿ ਚੁੱਕੇ ਭਰਤ ਇੰਦਰ ਚਿਹਲ ਉਤੇ ਵੀ ਵਿਜੀਲੈਂਸ ਦਾ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਚਿਹਲ ਨੂੰ 10 ਮਾਰਚ ਨੂੰ ਵਿਜੀਲੈਂਸ ਨੇ ਤਲਬ ਕੀਤਾ ਸੀ, ਉਥੇ ਹੀ ਸਾਬਕਾ ਮੰਤਰੀ ਵਿਜੇਇੰਦਰ ਸਿੰਗਲਾ ਉਤੇ ਵੀ ਵਿਜੀਲੈਂਸ ਵਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।


ਕਿੰਨਿਆਂ ਉਤੇ ਹੋਈ ਕਾਰਵਾਈ : ਵਿਜੀਲੈਂਸ ਵੱਲੋਂ ਮੌਜੂਦਾ ਸਰਕਾਰ ਦੌਰਾਨ ਸਾਬਕਾ ਸਰਕਾਰ ਦੇ ਆਗੂਆਂ ਖ਼ਿਲਾਫ਼ ਅਕਸਰ ਹੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਜਾਂਚ ਕੀਤੀ ਜਾਂਦੀ ਹੈ, ਪਰ ਸਵਾਲ ਇਹ ਹੈ ਕਿ ਕੀ ਅੱਜ ਤੱਕ ਵਿਜੀਲੈਂਸ ਵੱਲੋਂ ਕਿਸੇ ਵੱਡੇ ਆਗੂ ਜਾਂ ਲੀਡਰ ਨੂੰ ਜੇਲ੍ਹ ਵਿਚ ਡੱਕਿਆ ਗਿਆ ਹੈ, ਭਾਵੇਂ ਉਹ ਕਾਂਗਰਸ ਦੀ ਸਰਕਾਰ ਵੇਲੇ ਅਕਾਲੀ ਦਲ ਦੇ ਆਗੂ ਹੋਣ ਤੇ ਭਾਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਕਾਂਗਰਸ ਦੇ ਆਗੂ। ਸਬੂਤਾਂ ਦੀ ਅਣਹੋਂਦ ਅਤੇ ਜਾਂਚ ਦੇ ਵਿੱਚ ਖਲਾਸੇ ਨਾ ਹੋਣ ਕਰਕੇ ਅਕਸਰ ਹੀ ਸਾਰੇ ਆਗੂ ਬਾਹਰ ਆ ਜਾਂਦੇ ਹਨ। ਸਰਕਾਰਾਂ ਬਦਲਦੀਆਂ ਹਨ ਸੱਤਾਧਿਰ ਵਿਚ ਆਉਣ ਵਾਲੇ ਆਗੂ ਵਿਜੀਲੈਂਸ ਤੋਂ ਕਲੀਨ ਚਿੱਟ ਲੈ ਲੈਂਦੇ ਨੇ ਅਤੇ ਮਾਮਲਾ ਰਫਾ ਦਫਾ ਹੋ ਜਾਂਦਾ ਹੈ। ਕਾਂਗਰਸ ਦੀ ਸਰਕਾਰ ਵੇਲੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਜਦੋਂ 2007 ਅਕਾਲੀਆਂ ਦੀ ਸਰਕਾਰ ਆਈ ਤਾਂ ਸਾਰੇ ਮਾਮਲੇ ਰਫਾ-ਦਫਾ ਕਰ ਦਿੱਤੇ ਗਏ। ਇੰਨਾ ਹੀ ਨਹੀਂ ਕੈਪਟਨ ਅਮਰਿੰਦਰ ਸਿੰਘ ਉਤੇ ਵੀ ਅਕਾਲੀ ਦਲ ਦੀ ਸਰਕਾਰ ਬਣਨ ਤੋਂ ਬਾਅਦ ਸਿਟੀ ਸੈਂਟਰ ਘੁਟਾਲੇ ਦੇ ਮਾਮਲੇ ਵਿਚ ਵਿਜੀਲੈਂਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਪਰ ਜਦੋਂ 2017 ਦੇ ਵਿੱਚ ਕਾਂਗਰਸ ਮੁੜ ਸੱਤਾ ਉਤੇ ਕਾਬਜ਼ ਹੋਈ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਕਲੀਨ ਚਿੱਟ ਮਿਲ ਗਈ।

ਇਹ ਵੀ ਪੜ੍ਹੋ : CBI Summons To Kejriwal Live Updates: ਸੀਬੀਆਈ ਦਫ਼ਤਰ ਪਹੁੰਚੇੇ ਕੇਜਰੀਵਾਲ, ਆਪ ਦੇ ਕਈ ਮੰਤਰੀਆਂ, ਵਿਧਾਇਕਾਂ ਤੇ ਵਰਕਰਾਂ ਨੂੰ ਪੁਲਿਸ ਨੇ ਕੀਤਾ ਨਜ਼ਰਬੰਦ



ਕੀ ਬਦਲਾਖੋਰੀ ਲਈ ਵਰਤੀਆਂ ਜਾਂਦੀਆਂ ਨੇ ਏਜੰਸੀਆਂ ? : ਕੀ ਰਾਜਨੀਤਕ ਬਦਲਾਖੋਰੀ ਦੇ ਲਈ ਏਜੰਸੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ? ਇਹ ਸਵਾਲ ਅਕਸਰ ਹੀ ਸੁਰੱਖਿਆ ਵਿਚ ਰਹਿੰਦੇ ਹਨ। ਲੁਧਿਆਣਾ ਤੋਂ ਭਾਜਪਾ ਦੇ ਬੁਲਾਰੇ ਅਨਿਲ ਸਰੀਨ ਨੇ ਕਿਹਾ ਹੈ ਕਿ ਜਦੋਂ ਪੰਜਾਬ ਵਿੱਚ ਸਾਬਕਾ ਕਾਂਗਰਸੀ ਆਗੂਆਂ ਉਤੇ ਕਾਰਵਾਈ ਦੀ ਗੱਲ ਹੋਵੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦਾਅਵਾ ਕਰਦੀ ਹੈ ਕਿ ਭ੍ਰਿਸ਼ਟਾਚਾਰ ਦੇ ਖਿਲਾਫ਼ ਉਹਨਾਂ ਦੀ ਸਰਕਾਰ ਕੰਮ ਕਰ ਰਹੀ ਹੈ, ਉਥੇ ਹੀ ਦੂਜੇ ਪਾਸੇ ਦਿੱਲੀ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੰਤਰੀਆਂ ਉਤੇ ਕਾਰਵਾਈ ਹੁੰਦੀ ਤਾਂ ਇਸ ਨੂੰ ਰਾਜਨੀਤਕ ਬਦਲਾਖੋਰੀ ਦਾ ਨਾਂ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਦੋਹਰੀ ਰਾਜਨੀਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.