ETV Bharat / state

Acupuncture Treatment: ਲੋਕਾਂ ਦਾ ‘ਐਕਿਊਪੰਕਚਰ’ ਵੱਲ ਵੱਧ ਰਿਹਾ ਰੁਝਾਨ, ਹਰ ਇੱਕ ਬਿਮਾਰੀ ਲਈ ਕਾਰਗਰ ਹੈ ਇਹ ਰਿਵਾਇਤੀ ਇਲਾਜ

author img

By ETV Bharat Punjabi Team

Published : Oct 13, 2023, 11:56 AM IST

ਲੁਧਿਆਣਾ ਦੇ ਡਾਕਟਰ ਇੰਦਰਜੀਤ ਢੀਂਗਰਾ ਜੋ ਐਕਿਊਪੰਕਚਰ ਇਲਾਜ ਨਾਲ ਮਰੀਜਾਂ ਨੂੰ ਠੀਕ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦਾ ਦਾਅਵਾ ਹੈ ਕਿ ਇਸ ਰਵਾਇਤੀ ਇਲਾਜ ਨਾਲ ਨਸ਼ੇ ਕਰਨ ਵਾਲੇ ਮਰੀਜ ਤੋਂ ਨਸ਼ਾ ਵੀ ਛਡਵਾਇਆ ਜਾ ਸਕਦਾ ਹੈ। (Acupuncture Treatment)

ਵਿਸ਼ਵ ਸਿਹਤ ਸੰਗਠਨ
ਵਿਸ਼ਵ ਸਿਹਤ ਸੰਗਠਨ

ਡਾਕਟਰ ਇੰਦਰਜੀਤ ਢੀਂਗਰਾ ਜਾਣਕਾਰੀ ਦਿੰਦੇ ਹੋਏ

ਲੁਧਿਆਣਾ: ਡਾਕਟਰ ਕੋਟਨਿਸ ਐਕਿਊਪੰਕਚਰ ਹਸਪਤਾਲ ਦੇ ਡਾਇਰੈਕਟਰ ਡਾਕਟਰ ਇੰਦਰਜੀਤ ਢੀਂਗਰਾ who ਯਾਨੀ ਵਿਸ਼ਵ ਸਿਹਤ ਸੰਗਠਨ ਦੇ ਫਿਲੀਪੀਨਜ਼ 'ਚ 16 ਅਕਤੂਬਰ ਤੋਂ 20 ਅਕਤੂਬਰ ਤੱਕ ਕਰਵਾਏ ਜਾ ਰਹੇ ਖੇਤਰੀ ਸਮਾਗਮਾਂ 'ਚ ਹਿੱਸਾ ਲੈਣ ਵਾਲੇ ਪਹਿਲੇ ਭਾਰਤ ਦੇ ਐਕਿਊਪੰਕਚਰ ਇਲਾਜ ਦੇ ਮਾਹਿਰ ਡਾਕਟਰ ਬਣੇ ਹਨ। ਉਨ੍ਹਾਂ ਦੀ ਇਸ ਖੇਤਰ 'ਚ ਵਡਮੁੱਲੀ ਦੇਣ ਹੈ। ਉਨ੍ਹਾਂ ਨੂੰ 2024 'ਚ ਇਸ ਤਕਨੀਕ ਦੇ ਨਾਲ ਲੋਕਾਂ ਦਾ ਇਲਾਜ ਕਰਦਿਆਂ 50 ਸਾਲ ਹੋ ਜਾਣਗੇ। ਭਾਰਤ ਸਰਕਾਰ ਦੇ ਨਾਲ ਮਿਲ ਕੇ ਡਾਕਟਰ ਢੀਂਗਰਾ ਇੱਕ ਨਸ਼ਾ ਛੁਡਾਊ ਕੇਂਦਰ ਵੀ ਚਲਾ ਰਹੇ ਹਨ, ਜਿਸ ਚ ਨਸ਼ਾ ਕਰਨ ਵਾਲਿਆਂ ਨੂੰ ਬਿਮਾਰੀਆਂ ਤੋਂ ਬਚਣ ਲਈ ਮੁਫ਼ਤ ਸਰਿੰਜਾਂ ਦੇਣ ਦੇ ਨਾਲ ਉਨ੍ਹਾਂ ਨੂੰ ਨਸ਼ਾ ਛੱਡਣ ਲਈ ਐਕਿਊਪੰਕਚਰ ਤਕਨੀਕ ਦੇ ਨਾਲ ਇਲਾਜ ਵੀ ਕੀਤਾ ਜਾਂਦਾ ਹੈ। ਡਾਕਟਰ ਢੀਂਗਰਾ ਰਵਾਇਤੀ ਇਲਾਜ ਦੇ ਨਾਲ ਲੋਕਾਂ ਨੂੰ ਨਸ਼ੇ ਤਿਆਗਣ ਦੇ ਲਈ ਪ੍ਰੇਰਿਤ ਕਰਦੇ ਹਨ, ਉਨ੍ਹਾਂ ਦਾ ਮੰਨਣਾ ਹੈ ਕਿ ਇਸ ਦੇ ਕਮਾਲ ਦੇ ਨਤੀਜੇ ਵੇਖਣ ਨੂੰ ਮਿਲੇ ਹਨ। (Acupuncture Treatment)

ਕੀ ਹੈ ਸਮਾਗਮ: ਮਨੀਲਾ ਫਿਲੀਪੀਨਜ਼ 'ਚ ਆਯੋਜਿਤ ਹੋਣ ਵਾਲਾ 74ਵੇਂ ਖੇਤਰੀ ਸਮਾਗਮ 'ਚ ਡਾਕਟਰ ਢੀਂਗਰਾ ਵਰਲਡ ਫੈਡਰੇਸ਼ਨ ਐਕਿਊਪੰਕਚਰ ਸੁਸਾਇਟੀ ਬੀਜਿੰਗ ਵੱਲੋਂ ਇੱਕ ਪ੍ਰਤਿਨਿਧੀ ਦੇ ਰੂਪ ਦੇ ਵਿੱਚ ਸੰਬੋਧਿਤ ਕਰਨਗੇ। ਇਸ ਸਮਾਗਮ ਦੇ ਵਿੱਚ ਵਿਸ਼ਵ ਭਰ ਦੇ ਮਾਹਰ ਡਾਕਟਰ ਹਿੱਸਾ ਲੈ ਰਹੇ ਹਨ ਜੋ ਵੱਖ-ਵੱਖ ਸਿਹਤ ਨਾਲ ਸੰਬੰਧਿਤ ਮੁੱਦਿਆਂ 'ਤੇ ਰਣਨੀਤੀਆਂ ਸਬੰਧੀ ਵਿਚਾਰ ਵਟਾਂਦਰਾ ਕਰਨਗੇ। ਡਾਕਟਰ ਇੰਦਰਜੀਤ ਢੀਂਗਰਾ ਰਵਾਇਤੀ ਇਲਾਜ ਸਬੰਧੀ ਦੁਨੀਆ ਭਰ ਨੂੰ ਸੰਬੋਧਿਤ ਕਰਨਗੇ। ਇਸ 'ਚ ਖਾਸ ਕਰਕੇ ਐਕਿਊਪੰਕਚਰ ਇਲਾਜ ਦੇ ਰਾਹੀਂ ਲੋਕ ਕਿਵੇਂ ਬਿਨ੍ਹਾਂ ਕਿਸੇ ਸਾਈਡ ਇਫੈਕਟ ਤੋਂ ਬਿਮਾਰੀਆਂ ਨਾਲ ਨਜਿੱਠ ਸਕਦੇ ਨੇ, ਇਸ ਬਾਰੇ ਚਰਚਾ ਹੋਵੇਗੀ।

ਸਾਲ 2020 ਚ ਵਿਸ਼ਵ ਸਿਹਤ ਸੰਗਠਨ ਵੱਲੋਂ 2025 ਤੱਕ ਦਾ ਟੀਚਾ ਮਿੱਥਿਆ ਗਿਆ ਸੀ ਜੋਕਿ ਇੱਕ ਰਿਸਰਚ 'ਤੇ ਅਧਾਰਿਤ ਸੀ, ਜਿਸ 'ਚ 80 ਫ਼ੀਸਦੀ ਲੋਕਾਂ ਨੇ ਐਲੋਪੈਥੀ ਇਲਾਜ ਦੇ ਬਦਲ ਦੇ ਰੂਪ ਦੇ ਵਿੱਚ ਰਵਾਇਤੀ ਇਲਾਜ ਦੀ ਚੋਣ ਕੀਤੀ ਸੀ, ਜਿਸ ਦੇ ਤਹਿਤ ਵਿਸ਼ਵ ਸਿਹਤ ਸੰਗਠਨ ਨੇ ਇਹ ਫੈਸਲਾ ਕੀਤਾ ਸੀ ਕਿ ਸਾਲ 2025 ਤੱਕ ਸਾਰੇ ਹੀ ਦੇਸ਼ਾਂ ਦੇ ਵਿੱਚ ਰਵਾਇਤੀ ਇਲਾਜ ਜਿਸ ਵਿੱਚ ਆਯੁਰਵੇਦ ਦੇ ਨਾਲ ਐਕਿਊਪੰਕਚਰ ਇਲਾਜ ਵੀ ਸ਼ਾਮਲ ਹੈ। ਉਸ ਦੇ ਸਿਖਲਾਈ ਕੇਂਦਰ ਸ਼ੁਰੂ ਕਰਨ ਲਈ ਕਿਹਾ ਸੀ ਪਰ ਕੋਰੋਨਾ ਆਉਣ ਕਰਕੇ 3 ਸਾਲ ਬਰਬਾਦ ਹੋ ਗਏ ਸਨ, ਜਿਸ ਕਰਕੇ ਹੁਣ ਇਨ੍ਹਾਂ ਸਬੰਧੀ ਮੁੜ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ।-ਡਾਕਟਰ ਇੰਦਰਜੀਤ ਢੀਂਗਰਾ, ਐਕਿਊਪੰਕਚਰ ਸਪੈਸ਼ਲਿਸਟ

ਕਦੋਂ ਹੋਈ ਭਾਰਤ ਚ ਸ਼ੁਰੂਆਤ: ਭਾਰਤ 'ਚ ਐਕਿਊਪੰਕਚਰ ਇਲਾਜ ਦੀ ਸ਼ੁਰੂਆਤ ਕਲਕੱਤਾ 'ਚ ਡਾਕਟਰ ਵਿਜੇ ਬਾਸੂ ਵੱਲੋਂ 1948 'ਚ ਕੀਤੀ ਗਈ ਸੀ। ਚਾਈਨਾ ਦੀ ਆਜ਼ਾਦੀ ਤੋਂ ਬਾਅਦ ਉਨ੍ਹਾਂ ਨੇ ਭਾਰਤ ਵਾਪਸ ਆ ਕੇ ਇਸ ਦੀ ਸ਼ੁਰੂਆਤ ਕਰਵਾਈ, ਜਿਸ ਤੋਂ ਬਾਅਦ ਚਾਈਨਾ ਨੇ ਸਾਰੇ ਡਾਕਟਰਾਂ ਨੂੰ ਚਾਈਨਾ ਬੁਲਾਇਆ ਅਤੇ ਇਸ ਇਲਾਜ ਦਾ ਹੋਰ ਵਿਸਥਾਰ ਕੀਤਾ। ਸਾਲ 1958 'ਚ ਭਾਰਤ 'ਚ ਲੋਕ ਇਸ ਨਾਲ ਇਲਾਜ ਕਰਵਾਉਣਾ ਸ਼ੁਰੂ ਹੋਏ ਸਨ ਕਿ 1962 'ਚ ਭਾਰਤ ਅਤੇ ਚਾਈਨਾ ਦੀ ਜੰਗ ਕਰਕੇ ਇਸ 'ਤੇ ਮਾੜਾ ਪ੍ਰਭਾਵ ਪਿਆ। ਫਿਰ 1975 'ਚ ਲੁਧਿਆਣਾ 'ਚ ਇਸ ਕੋਤਨਿਸ ਹਸਪਤਾਲ ਦੀ ਸ਼ੁਰੂਆਤ ਕੀਤੀ ਗਈ। ਇਸ ਨੂੰ 2024 'ਚ 50 ਸਾਲ ਪੂਰੇ ਹੋ ਜਾਣਗੇ। ਉਨ੍ਹਾਂ ਕਿਹਾ ਕਿ ਹਸਪਤਾਲ ਦਾ ਨਾਂਅ ਵੀ ਦੁਆਰਕਾ ਦਾਸ ਜੀ ਦੇ ਨਾਂਅ 'ਤੇ ਰਖਿਆ ਗਿਆ ਸੀ।

ਕਿਵੇਂ ਹੁੰਦਾ ਇਲਾਜ: ਦਰਅਸਲ ਐਕਿਊਪੰਕਚਰ ਨੂੰ ਰਵਾਇਤੀ ਇਲਾਜ ਮੰਨਿਆ ਜਾਂਦਾ ਹੈ। ਇਹ ਇਲਾਜ ਬੁੱਧ ਧਰਮ ਦੇ ਗੁਰੂ ਮਹਾਤਮਾ ਗੌਤਮ ਬੁੱਧ ਜੀ ਦੇ ਮਨੁੱਖੀ ਸਰੀਰ ਦੇ ਸਿਧਾਂਤ 'ਤੇ ਅਧਾਰਿਤ ਹੈ, ਜਿਸ 'ਚ ਮਨੁੱਖ ਦਾ ਸਰੀਰ ਕਈ ਵੱਖ-ਵੱਖ ਸਰੋਤਾਂ ਤੋਂ ਬਣਿਆ ਹੋਇਆ ਹੈ। ਇਸ ਇਲਾਜ 'ਚ ਮਨੁੱਖੀ ਸਰੀਰ ਦੇ ਵੱਖ-ਵੱਖ ਬਿੰਦੂਆਂ 'ਤੇ ਬਰੀਕ ਸੂਈਆਂ ਲਾ ਕੇ ਸਰੀਰ ਦੇ ਉਨ੍ਹਾਂ ਹਿੱਸਿਆਂ ਨੂੰ ਠੀਕ ਕੀਤਾ ਜਾਂਦਾ ਹੈ, ਜਿੰਨ੍ਹਾਂ ਕਾਰਨ ਬਿਮਾਰੀਆਂ ਨਾਲ ਲੜਨ ਦੀ ਸਰੀਰ ਦੀ ਸਮਰਥਾ ਵੱਧਦੀ ਹੈ। ਇਸ ਇਲਾਜ 'ਚ ਕਿਸੇ ਕਿਸਮ ਦੀ ਦਵਾਈ ਨਹੀਂ ਵਰਤੀ ਜਾਂਦੀ ਅਤੇ ਨਾ ਹੀ ਇਹ ਇਲਾਜ ਕਰਵਾ ਰਹੇ ਮਰੀਜ਼ ਨੂੰ ਕੋਈ ਦਵਾਈ ਖਾਣ ਦਾ ਸੁਝਾਅ ਦਿੱਤਾ ਜਾਂਦਾ ਹੈ।

ਨਸ਼ਾ ਛੱਡਣ ਲਈ ਕਾਰਗਰ: ਪੂਰੇ ਦੇਸ਼ ਦੇ ਵਿੱਚ ਨਸ਼ਾ ਲਗਾਤਾਰ ਵੱਧ ਰਿਹਾ ਹੈ, ਖਾਸ ਕਰਕੇ ਪੰਜਾਬ ਦੇ ਵਿੱਚ ਨਸ਼ੇ ਕਾਰਨ ਵੱਡੇ ਪੱਧਰ 'ਤੇ ਨੌਜਵਾਨ ਮੌਤ ਦੇ ਮੂੰਹ 'ਚ ਜਾ ਰਹੇ ਹਨ। ਨਸ਼ੇ 'ਤੇ ਠੱਲ ਪਾਉਣ ਦੇ ਲਈ ਪੀੜਤ ਨੂੰ ਮਨੋਵਿਗਿਆਨ ਤੌਰ 'ਤੇ ਮਜ਼ਬੂਤ ਕਰਨ ਦੇ ਨਾਲ ਐਕਿਊਪੰਕਚਰ ਦੇ ਨਾਲ ਉਸ ਦੇ ਸਰੀਰ ਨੂੰ ਲੱਗਣ ਵਾਲੀ ਨਸ਼ੇ ਦੀ ਤੋੜ ਨੂੰ ਵੀ ਖਤਮ ਕੀਤਾ ਜਾ ਸਕਦਾ ਹੈ। ਇਹ ਦਾਅਵਾ ਡਾਕਟਰ ਇੰਦਰਜੀਤ ਢੀਂਗਰਾ ਨੇ ਕੀਤਾ ਹੈ, ਜੋ ਕਿ ਪਿਛਲੇ ਕਈ ਸਾਲਾਂ ਤੋਂ ਹਸਪਤਾਲ ਦੇ ਵਿੱਚ ਨਸ਼ਾ ਛੁੜਾਊ ਕੇਂਦਰ ਵੀ ਕੇਂਦਰ ਸਰਕਾਰ ਦੇ ਸਹਿਯੋਗ ਦੇ ਨਾਲ ਚਲਾ ਰਹੇ ਹਨ। ਜਿਸ ਦੇ ਵਿੱਚ ਵੱਡੇ ਪੱਧਰ 'ਤੇ ਨਸ਼ੇ ਦੇ ਆਦੀ ਨੌਜਵਾਨਾਂ ਦਾ ਉਹ ਇਲਾਜ ਕਰ ਚੁੱਕੇ ਹਨ। ਉਹਨਾਂ ਨੇ ਕਿਹਾ ਹੈ ਕਿ ਸਾਨੂੰ ਰਵਾਇਤੀ ਢੰਗ ਦੇ ਨਾਲ ਇਲਾਜ ਕਰਕੇ ਹੀ ਆਪਣੀਆਂ ਬਿਮਾਰੀਆਂ ਤੋਂ ਨਿਜਾਤ ਮਿਲ ਸਕਦੀ ਹੈ। ਸਾਡਾ ਸਰੀਰ ਖੁਦ ਹੀ ਬਿਮਾਰੀਆਂ ਨਾਲ ਲੜਨ ਦੇ ਕਾਬਿਲ ਹੁੰਦਾ ਹੈ, ਉਸ ਸਰੀਰ ਨੂੰ ਮਜਬੂਤ ਕਰਨ ਦੀ ਲੋੜ ਹੈ ਤਾਂ ਕਿਸੇ ਵੀ ਬਿਮਾਰੀ ਦੇ ਨਾਲ ਲੜਿਆ ਜਾ ਸਕਦਾ ਹੈ। ਇਥੋਂ ਤੱਕ ਕਿ ਨਸ਼ੇ ਤਿਆਗਣ ਲਈ ਵੀ ਸਾਡਾ ਸਰੀਰ ਖੁਦ ਬੋਲਦਾ ਹੈ, ਜਿਸ ਨਾਲ ਅਸੀਂ ਨਸ਼ੇ ਵੀ ਛੱਡ ਸਕਦੇ ਹਾਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.