ETV Bharat / state

Two Brother Suicide News: ਦੋ ਭਰਾਵਾਂ ਦੀ ਖੁਦਕੁਸ਼ੀ ਦਾ ਮਾਮਲਾ: ਐਚ.ਐਸ.ਓ. ਸਣੇ 3 'ਤੇ ਪਰਚਾ ਦਰਜ, ਦੂਜੇ ਪੁੱਤਰ ਦੀ ਲਾਸ਼ ਮਿਲਣ ਤੱਕ ਨਹੀਂ ਕੀਤਾ ਜਾਵੇਗਾ ਸਸਕਾਰ

author img

By ETV Bharat Punjabi Team

Published : Sep 3, 2023, 1:51 PM IST

Updated : Sep 4, 2023, 6:45 AM IST

ਪਿਛਲੇ ਦਿਨੀਂ ਥਾਣਾ ਨੰਬਰ ਇੱਕ ਡਿਵੀਜ਼ਨ ਜਲੰਧਰ ਦੇ ਸਾਬਕਾ ਐਸਐਚਓ ਨਵਦੀਪ ਸਿੰਘ ਤੋਂ ਦੁਖੀ ਹੋ ਕੇ ਦੋ ਸਕੇ ਭਰਾਵਾਂ ਵਲੋਂ ਦਰਿਆ 'ਚ ਛਾਲ ਮਾਰ ਦਿੱਤੀ ਸੀ, ਜਿਸ 'ਚ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋ ਗਈ ਹੈ। ਉਧਰ ਪੁਲਿਸ ਵਲੋਂ ਐਸਐਚਓ ਅਤੇ ਇੱਕ ਏਐਸਆਈ ਸਣੇ ਮਹਿਲਾ ਪੁਲਿਸ ਮੁਲਾਜ਼ਮ 'ਤੇ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। (Two Brother Suicide News)

Two Brother Suicide News
Two Brother Suicide News

ਪਰਿਵਾਰ ਜਾਣਕਾਰੀ ਦਿੰਦਾ ਹੋਇਆ

ਕਪੂਰਥਲਾ: ਪਿਛਲੇ ਦਿਨੀਂ ਇੱਕ ਮਾਮਲਾ ਸਾਹਮਣੇ ਆਇਆ ਸੀ, ਜਿਸ 'ਚ SHO ਤੋਂ ਦੁਖੀ ਹੋ ਕੇ ਦੋ ਸਕੇ ਭਰਾਵਾਂ ਵਲੋਂ ਗੋਇੰਦਵਾਲ ਪੁਲ ਤੋਂ ਬਿਆਸ ਦਰਿਆ 'ਚ ਛਾਲ ਮਾਰ ਦਿੱਤੀ ਗਈ ਸੀ। ਇਸ 'ਚ ਹੁਣ ਕਰੀਬ 16 ਦਿਨ ਬਾਅਦ ਦੋ ਭਰਾਵਾਂ ਵਿੱਚੋਂ ਜਸ਼ਨਬੀਰ ਸਿੰਘ ਢਿੱਲੋਂ ਦੀ ਲਾਸ਼ ਸ਼ਨੀਵਾਰ ਦੇਰ ਸ਼ਾਮ ਤਲਵੰਡੀ ਚੌਧਰੀਆਂ ਦੇ ਮੰਡ ਖੇਤਰ ਦੇ ਨਜ਼ਦੀਕ ਬਿਆਸ ਦਰਿਆ ਦੇ ਕੰਢੇ ਇੱਕ ਕਿਸਾਨ ਦੀ ਮੋਟਰ ਦੇ ਹੇਠਾਂ ਫਸੀ ਮਿਲੀ ਹੈ। ਜਿਸ 'ਚ ਪਿਤਾ ਅਤੇ ਦੋਸਤ ਨੇ ਹੱਥ 'ਚ ਪਾਏ ਕੜੇ ਅਤੇ ਜੁੱਤੀਆਂ ਤੋਂ ਲਾਸ਼ ਦੀ ਪਛਾਣ ਜਸ਼ਨਬੀਰ ਸਿੰਘ ਢਿੱਲੋਂ ਵਜੋਂ ਕੀਤੀ ਹੈ।

ਪੁਲਿਸ ਨੇ ਇਨਸਾਫ਼ ਦਾ ਦਿੱਤਾ ਭਰੋਸਾ: ਦੱਸਿਆ ਜਾ ਰਿਹਾ ਕਿ ਪੁਲਿਸ ਅਤੇ ਇਲਾਕੇ ਦੇ ਲੋਕਾਂ ਨੇ ਬੜੀ ਮਿਹਨਤ ਨਾਲ ਲਾਸ਼ ਨੂੰ ਕਿਸ਼ਤੀ ਰਾਹੀਂ ਬਾਹਰ ਕੱਢਿਆ ਗਿਆ। ਇਸ 'ਚ ਹੁਣ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ। ਥਾਣਾ ਤਲਵੰਡੀ ਚੌਧਰੀਆਂ ਦੀ ਪੁਲਿਸ ਨੇ ਮ੍ਰਿਤਕ ਦੇ ਪਿਤਾ ਅਤੇ ਦੋਸਤ ਦੇ ਬਿਆਨ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਿਸ 'ਚ ਡੀਐਸਪੀ ਸੁਲਤਾਨਪੁਰ ਲੋਧੀ ਨੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ ਹੈ।

ਐਸਐਚਓ ਸਣੇ ਤਿੰਨ 'ਤੇ ਮਾਮਲਾ ਦਰਜ: ਉਧਰ ਜਸ਼ਨਪ੍ਰੀਤ ਸਿੰਘ ਢਿੱਲੋਂ ਦੀ ਲਾਸ਼ ਮਿਲਣ ਤੋ ਬਾਅਦ ਦੇਰ ਰਾਤ ਥਾਣਾ ਨੰਬਰ ਇੱਕ ਡਿਵੀਜ਼ਨ ਜਲੰਧਰ ਦੇ ਸਾਬਕਾ ਐਸਐਚਓ ਨਵਦੀਪ ਸਿੰਘ, ਇੱਕ ਮਹਿਲਾ ਪੁਲਿਸ ਅਧਿਕਾਰੀ ਜਗਜੀਤ ਕੌਰ ਅਤੇ ਥਾਣੇ ਦੇ ਮੁਨਸ਼ੀ ਬਲਵਿੰਦਰ ਦੇ ਖਿਲਾਫ਼ ਆਈਪੀਸੀ ਦੀ ਧਾਰਾ 306 ਅਤੇ 34 ਰਹਿਤ ਮਾਮਲਾ ਦਰਜ ਕਰ ਦਿੱਤਾ ਗਿਆ। ਇਹ ਐਫਆਈਆਰ ਕਪੂਰਥਲਾ ਦੇ ਥਾਣਾ ਤਲਵੰਡੀ ਚੌਧਰੀਆਂ ਵਿਖੇ ਦਰਜ ਕੀਤੀ ਗਈ ਹੈ,ਕਿਉਂਕਿ ਜਿਸ ਬਿਆਸ ਦਰਿਆ ਦੇ ਪੁੱਲ ਤੇ ਇਹਨਾਂ ਦੋਵਾਂ ਭਰਾਵਾਂ ਮਾਨਵਜੀਤ ਸਿੰਘ ਢਿੱਲੋਂ ਅਤੇ ਜਸ਼ਨਪ੍ਰੀਤ ਸਿੰਘ ਢਿੱਲੋਂ ਨੇ ਛਲਾਂਗ ਲਗਾਈ ਸੀ, ਉਹ ਇਸੇ ਥਾਣੇ ਦੇ ਅਧੀਨ ਪੈਂਦਾ ਹੈ।

ਲਾਸ਼ ਮਿਲਣ ਤੋਂ ਬਾਅਦ ਐਸਐਚਓ ਫ਼ਰਾਰ: ਐਫ ਆਈ ਆਰ ਮ੍ਰਿਤਕਾਂ ਦੇ ਦੋਸਤ ਮਾਨਵਜੀਤ ਸਿੰਘ ਉੱਪਲ ਦੇ ਬਿਆਨਾਂ ਤੇ ਦਰਜ ਕੀਤੀ ਗਈ ਹੈ, ਕਿਉਂਕਿ ਮਾਨਵਜੀਤ ਸਿੰਘ ਉੱਪਲ ਉਸ ਵਕਤ ਉੱਥੇ ਮੌਜੂਦ ਸੀ ਜਦੋਂ ਇਹਨਾਂ ਦੋਵਾਂ ਭਰਾਵਾਂ ਨੇ ਬਿਆਸ ਦਰਿਆ ਵਿੱਚ ਛਾਲ ਮਾਰੀ ਸੀ। ਇੱਥੇ ਇਹ ਗੱਲ ਜਿਕਰਯੋਗ ਹੈ ਕਿ ਐਸਐਚਓ ਨਵਦੀਪ ਸਿੰਘ ਅਤੇ ਉਸਦੇ ਸਾਥੀ ਪੁਲਿਸ ਵਾਲਿਆਂ ਨੇ ਜਸ਼ਨਪ੍ਰੀਤ ਦੇ ਵੱਡੇ ਭਰਾ ਮਾਨਵਜੀਤ ਸਿੰਘ ਢਿੱਲੋਂ ਨੂੰ ਜਲੰਧਰ ਦੇ ਥਾਣਾ ਡਿਵੀਜਨ ਨੰਬਰ ਇੱਕ ਵਿੱਚ ਪਹਿਲਾਂ ਉਸਨੂੰ ਜ਼ਲੀਲ ਕੀਤਾ ਗਿਆ, ਬਾਅਦ ਵਿੱਚ ਉਸਦੀ ਕੁੱਟ ਮਾਰ ਅਤੇ ਪੱਗ ਉਤਾਰ ਕੇ ਉਸ ਨੂੰ ਹਵਾਲਾਤ ਵਿੱਚ ਦੇ ਦਿੱਤਾ ਗਿਆ, ਜਦ ਉਹ ਆਪਣੇ ਦੋਸਤ ਦੀ ਭੈਣ ਦੇ ਝਗੜੇ ਸੰਬੰਧੀ ਥਾਣੇ ਗਿਆ ਹੋਇਆ ਸੀ। ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਬੀਤੀ ਕੱਲ੍ਹ ਜਦ ਜਸ਼ਨਪ੍ਰੀਤ ਸਿੰਘ ਦੀ ਲਾਸ਼ ਦਰਿਆ ਦੇ ਕੰਡੇ ਤੋਂ ਮਿਲੀ ਸੀ ਤਾਂ ਉਸ ਤੋਂ ਬਾਅਦ ਹੀ ਨਵਦੀਪ ਸਿੰਘ ਫਰਾਰ ਹੋ ਗਿਆ ਸੀ।

ਸਰਕਾਰ ਤੇ ਪੁਲਿਸ ਦੀ ਕਾਰਗੁਜ਼ਾਰੀ 'ਤੇ ਚੁੱਕੇ ਸਵਾਲ: ਪੀੜਤ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਪੰਜਾਬ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਉਨ੍ਹਾਂ ਦੇ ਘਰ ਦੇ ਦੀਵੇ ਬੁਝ ਗਏ ਹਨ। ਕਾਂਗਰਸ ਤੇ ਅਕਾਲੀ ਦਲ ਸਮੇਤ ਕਈ ਸਿਆਸੀ ਪਾਰਟੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਪਰ ਆਮ ਆਦਮੀ ਪਾਰਟੀ ਦੇ ਇਕ ਵੀ ਨੁਮਾਇੰਦੇ ਨੇ ਦੁੱਖ ਦਾ ਪ੍ਰਗਟਾਵਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਾਰਾ ਮਾਮਲਾ ਮੁੱਖ ਮੰਤਰੀ ਅਤੇ ਡੀਜੀਪੀ ਦੇ ਧਿਆਨ ਵਿੱਚ ਹੋਣ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋ ਰਹੀ। ਜਦੋਂ ਤੱਕ ਐਸ.ਐਚ.ਓ ਨਵਦੀਪ ਸਿੰਘ ਨੂੰ ਬਰਖ਼ਾਸਤ ਨਹੀਂ ਕੀਤਾ ਗਿਆ ਅਤੇ ਹੋਰ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ, ਉਦੋਂ ਤੱਕ ਉਹ ਚੁੱਪ ਨਹੀਂ ਬੈਠਣਗੇ।

ਮੋਟਰ ਠੀਕ ਕਰਨ ਲੱਗੇ ਪਈ ਲਾਸ਼ 'ਤੇ ਨਜ਼ਰ: ਇਸ ਦੇ ਨਾਲ ਹੀ ਸਥਾਨਕ ਵਾਸੀ ਨੇ ਦੱਸਿਆ ਕਿ ਹੜ੍ਹ ਕਾਰਨ ਮੋਟਰਾਂ ਦਾ ਨੁਕਸਾਨ ਹੋਇਆ ਤੇ ਪਿੰਡ ਦਾ ਇੱਕ ਕਿਸਾਨ ਜਦੋਂ ਆਪਣੀ ਮੋਟਰ ਨੂੰ ਠੀਕ ਕਰਨ ਲਈ ਪੁੱਜਾ ਤਾਂ ਉਸ ਨੇ ਲਾਸ਼ ਨੂੰ ਦੇਖਿਆ, ਜਿਸ ਤੋਂ ਬਾਅਦ ਕਿਸਾਨ ਵਲੋਂ ਉਸ ਨੂੰ ਫੋਨ ਕੀਤਾ ਗਿਆ ਤੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵਲੋਂ ਹੱਥ 'ਚ ਪਾਏ ਕੜੇ ਅਤੇ ਜੁੱਤੀਆਂ ਤੋਂ ਪਛਾਣ ਕੀਤੀ ਗਈ ਹੈ।

ਐਸਐਚਓ ਤੋਂ ਤੰਗ ਆ ਚੁੱਕਿਆ ਸੀ ਕਦਮ: ਜ਼ਿਕਰਯੋਗ ਹੈ ਕਿ ਜਲੰਧਰ ਡਿਵੀਜ਼ਨ ਨੰਬਰ 1 ਦੇ ਐਸਐਚਓ ਨਵਦੀਪ ਸਿੰਘ ਵੱਲੋਂ ਥਾਣੇ ਵਿੱਚ ਕੀਤੀ ਗਈ ਬੇਇੱਜ਼ਤੀ ਤੋਂ ਦੁਖੀ ਹੋ ਕੇ ਦੋ ਭਰਾਵ ਮਾਨਵਜੀਤ ਸਿੰਘ ਢਿੱਲੋਂ ਅਤੇ ਜਸ਼ਨਬੀਰ ਸਿੰਘ ਢਿੱਲੋਂ ਨੇ ਦੋ ਹਫ਼ਤੇ ਪਹਿਲਾਂ ਗੋਇੰਦਵਾਲ ਸਾਹਿਬ ਪੁਲ ਤੋਂ ਬਿਆਸ ਦਰਿਆ ਵਿੱਚ ਛਾਲ ਮਾਰ ਦਿੱਤੀ ਸੀ। ਜਿੰਨ੍ਹਾਂ 'ਚ ਇੱਕ ਦੀ ਲਾਸ਼ ਬਰਾਮਦ ਹੋਣਾ ਹਾਲੇ ਬਾਕੀ ਹੈ।

Last Updated :Sep 4, 2023, 6:45 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.