ETV Bharat / state

ਵਿਦੇਸ਼ ਨੇ ਨਿਗਲਿਆ ਇੱਕ ਹੋਰ ਮਾਂ ਦਾ ਪੁੱਤ, 14 ਸਾਲ ਪਹਿਲਾਂ ਗਿਆ ਸੀ ਇੰਡਲੈਂਡ ਤੇ ਹੁਣ ਆਈ ਮੌਤ ਦੀ ਖ਼ਬਰ, ਸਦਮੇ 'ਚ ਪਰਿਵਾਰ

author img

By ETV Bharat Punjabi Team

Published : Dec 26, 2023, 5:25 PM IST

Updated : Dec 26, 2023, 5:43 PM IST

ਇੰਗਲੈਂਡ 'ਚ ਨੌਜਵਾਨ ਦੀ ਮੌਤ
ਇੰਗਲੈਂਡ 'ਚ ਨੌਜਵਾਨ ਦੀ ਮੌਤ

Punjabi youth dies of heart attack in England: ਰੋਜ਼ੀ ਰੋਟੀ ਤੇ ਚੰਗੇ ਭਵਿੱਖ ਲਈ ਵਿਦੇਸ਼ ਗਏ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਹਲਕੇ ਦੇ ਪਿੰਡ ਤਲਵੰਡੀ ਭਰਤ ਦੇ 35 ਸਾਲਾ ਨੌਜਵਾਨ ਤਲਵਿੰਦਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਵਿਦੇਸ਼ 'ਚ ਹੀ ਮੌਤ ਹੋ ਗਈ। ਜਿਸ ਤੋਂ ਬਾਅਦ ਪਰਿਵਾਰ ਤੇ ਪਿੰਡ 'ਚ ਸੋਗ ਦੀ ਲਹਿਰ ਹੈ।

ਮ੍ਰਿਤਕ ਦੇ ਮਾਂ ਬਾਪ ਜਾਣਕਾਰੀ ਦਿੰਦੇ ਹੋਏ

ਗੁਰਦਾਸਪੁਰ: ਅਕਸਰ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਆਪਣੇ ਚੰਗੇ ਭਵਿੱਖ ਲਈ ਵਿਦੇਸ਼ਾਂ ਨੂੰ ਜਾਂਦੇ ਹਨ ਤਾਂ ਜੋ ਉਥੇ ਮਿਹਨਤ ਕਰਕੇ ਆਪਣੇ ਸੁਫ਼ਨੇ ਪੂਰੇ ਕਰ ਸਕਣ ਅਤੇ ਨਾਲ ਹੀ ਪੰਜਾਬ ਰਹਿੰਦਾ ਪਰਿਵਾਰ ਚਲਾ ਸਕਣ। ਪਰ ਕੁਦਰਤ ਨੂੰ ਕਈ ਵਾਰ ਕੁਝ ਹੋਰ ਹੀ ਮਨਜ਼ੂਰ ਹੁੰਦਾ ਹੈ ਤੇ ਉਹ ਚਾਈ-ਚਾਈ ਜਾਂਦੇ ਤਾਂ ਵਿਦੇਸ਼ ਨੇ ਪਰ ਉਥੋਂ ਵਾਪਸ ਆਉਂਦੀ ਹੈ ਉਨ੍ਹਾਂ ਦੀ ਮ੍ਰਿਤਕ ਦੇਹ। ਅਜਿਹਾ ਹੀ ਕੁਝ ਹੋਇਆ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਹਲਕੇ ਦੇ ਪਿੰਡ ਤਲਵੰਡੀ ਭਰਤ ਦੇ 35 ਸਾਲਾ ਨੌਜਵਾਨ ਤਲਵਿੰਦਰ ਸਿੰਘ ਦੇ ਨਾਲ, ਜੋ ਇੰਗਲੈਂਡ ਗਿਆ ਤਾਂ ਚੰਗੇ ਭਵਿੱਖ ਲਈ ਸੀ ਪਰ ਉਥੇ ਦਿਲ ਦਾ ਦੌਰਾ ਪੈਣ ਕਾਰਨ ਉਸ ਨੌਜਵਾਨ ਦੀ ਮੌਤ ਹੋ ਗਈ।

ਸਾਲ 2009 ਤੋਂ ਗਿਆ ਸੀ ਇੰਗਲੈਂਡ: ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਤਲਵਿੰਦਰ ਸਿੰਘ ਸਾਲ 2009 'ਚ ਇੰਗਲੈਂਡ ਗਿਆ ਸੀ। ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਉਸ ਨੇ ਆਪਣੀ ਰਿਟਾਇਰਮੈਂਟ ਦੇ ਲਾਭਾਂ ਸਮੇਤ ਆਪਣੀ ਸਾਰੀ ਬਚਤ ਆਪਣੇ ਪੁੱਤਰ 'ਤੇ ਲਗਾ ਦਿੱਤੀ। ਪਰਿਵਾਰ ਅਨੁਸਾਰ ਮ੍ਰਿਤਕ ਨੌਜਵਾਨ ਕਹਿੰਦਾ ਸੀ ਕਿ ਉਹ ਇੰਗਲੈਂਡ ਦਾ ਪੱਕਾ ਨਾਗਰਿਕ ਬਣ ਕੇ ਨਵੇਂ ਸਾਲ 'ਤੇ ਵਤਨ ਪਰਤਣਗੇ ਪਰ ਹੁਣ ਉਸ ਦੀ ਮ੍ਰਿਤਕ ਦੇਹ ਨੂੰ ਵਾਪਸ ਲਿਆਉਣਾ ਮੁਸ਼ਕਿਲ ਹੋ ਗਿਆ ਹੈ। ਇਸ ਦੇ ਨਾਲ ਹੀ ਜਾਣਕਾਰੀ ਦਿੰਦਿਆ ਮ੍ਰਿਤਕ ਨੌਜਵਾਨ ਤਲਵਿੰਦਰ ਸਿੰਘ ਦੇ ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤ ਦੀ ਉਮਰ 35 ਸਾਲ ਸੀ ਤੇ ਉਹ ਆਪਣੇ ਮਾਤਾ ਪਿਤਾ ਦੇ ਸੁਫ਼ਨੇ ਪੂਰੇ ਕਰਨ ਲਈ 14 ਸਾਲ ਪਹਿਲਾਂ ਸਾਲ 2009 'ਚ ਇੰਗਲੈਂਡ ਗਿਆ ਸੀ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਜਦੋਂ 14 ਸਾਲ ਪਹਿਲਾਂ ਉਸ ਨੇ ਆਪਣੇ ਪੁੱਤਰ ਨੂੰ ਵਿਦੇਸ਼ ਭੇਜਿਆ ਸੀ ਤਾਂ ਉਸ ਨੇ ਬਿਜਲੀ ਬੋਰਡ ਤੋਂ ਸੇਵਾਮੁਕਤੀ ਸਮੇਂ ਮਿਲੇ ਸਾਰੇ ਪੈਸੇ ਲਗਾ ਦਿੱਤੇ ਸਨ। ਉਸ ਨੂੰ ਵਿਦੇਸ਼ ਭੇਜਣ 'ਤੇ ਕਰੀਬ 16 ਲੱਖ ਰੁਪਏ ਖਰਚ ਕੀਤੇ ਗਏ।

ਵਿਦੇਸ਼ ਤੋਂ ਫੋਨ ਆਏ 'ਤੇ ਮੌਤ ਦਾ ਪਤਾ ਲੱਗਾ: ਮ੍ਰਿਤਕ ਦੇ ਪਿਤਾ ਦਾ ਕਹਿਣਾ ਕਿ ਉਨ੍ਹਾਂ ਨੇ ਸੋਚਿਆ ਕਿ ਉਨ੍ਹਾਂ ਦਾ ਬੇਟਾ ਉਨ੍ਹਾਂ ਦੇ ਘਰ ਦੀ ਆਰਥਿਕ ਹਾਲਤ ਸੁਧਾਰੇਗਾ ਤੇ ਉਨ੍ਹਾਂ ਨੇ 14 ਸਾਲ ਤੋਂ ਆਪਣੇ ਪੁੱਤ ਦਾ ਆਹਮੋ ਸਾਹਮਣੇ ਮੂੰਹ ਤੱਕ ਨਹੀਂ ਦੇਖਿਆ। ਪਿਤਾ ਦਾ ਕਹਿਣਾ ਕਿ ਬੇਟਾ ਤਲਵਿੰਦਰ ਕਹਿੰਦਾ ਸੀ ਕਿ ਉਹ ਇੰਗਲੈਂਡ ਵਿਚ ਸੈਟਲ ਹੋ ਕੇ ਹੀ ਘਰ ਵਾਪਸ ਆਵੇਗਾ। ਫਿਰ ਅਚਾਨਕ ਬੀਤੀ ਰਾਤ 2 ਵਜੇ ਫੋਨ ਆਇਆ ਕਿ ਤਲਵਿੰਦਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਉਨ੍ਹਾਂ ਨੂੰ ਯਕੀਨ ਨਹੀਂ ਆਇਆ ਕਿਉਂਕਿ ਉਨ੍ਹਾਂ ਦੇ ਬੇਟੇ ਨੇ ਕਿਹਾ ਸੀ ਕਿ ਪੀਆਰ ਮਿਲਦੇ ਹੀ ਉਹ ਨਵੇਂ ਸਾਲ 'ਤੇ ਘਰ ਆ ਜਾਵੇਗਾ। ਪਿਤਾ ਨੇ ਦੱਸਿਆ ਕਿ ਉੱਥੇ ਕਿਸੇ ਜਾਣਕਾਰ ਨੂੰ ਫੋਨ ਕੀਤਾ ਤੇ ਉਨ੍ਹਾਂ ਨੂੰ ਪੁੱਛਿਆ ਕਿ ਸੱਚਾਈ ਕੀ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਲੜਕੇ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਪਰਿਵਾਰ ਦਾ ਕਹਿਣਾ ਕਿ ਕਿਸੇ ਵੀ ਸਰਕਾਰੀ ਨੁਮਾਇੰਦੇ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ। ਪਰਿਵਾਰ ਵਲੋਂ ਸਰਕਾਰਾਂ ਤੋਂ ਮਦਦ ਦੀ ਅਪੀਲ ਕੀਤੀ ਜਾ ਰਹੀ ਕਿ ਉਨ੍ਹਾਂ ਦੇ ਪੁੱਤ ਦੀ ਮ੍ਰਿਤਕ ਦੇਹ ਪੰਜਾਬ ਲਿਆਉਂਦੀ ਜਾਵੇ ਤਾਂ ਜੋ ਉਹ ਪੁੱਤ ਦਾ ਆਖਰੀ ਵਾਰ ਮੂੰਹ ਦੇਖ ਸਕਣ ਅਤੇ ਉਸ ਦੀਆਂ ਅੰਤਿਮ ਰਸਮਾਂ ਖੁਦ ਕਰ ਸਕਣ।

ਪਰਿਵਾਰ ਨੇ ਮਦਦ ਦੀ ਕੀਤੀ ਅਪੀਲ: ਉਧਰ ਜਵਾਨ ਪੁੱਤ ਦੀ ਮੌਤ ਦੀ ਖ਼ਬਰ ਸੁਣ ਕੇ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਜਿਸ ਮਾਤਾ ਅਮਰਜੀਤ ਕੌਰ ਦਾ ਕਹਿਣਾ ਕਿ ਉਨ੍ਹਾਂ ਨੇ ਬੜੀ ਮੁਸ਼ਕਿਲ ਨਾਲ 14 ਸਾਲ ਪਹਿਲਾਂ ਸਾਲ 2009 'ਚ ਆਪਣੇ ਪੁੱਤ ਨੂੰ ਵਿਦੇਸ਼ ਭੇਜਿਆ ਸੀ ਤੇ ਉਦੋਂ ਤੋਂ ਹੀ ਉਸ ਦਾ ਮੂੰਹ ਤੱਕ ਨਹੀਂ ਦੇਖਿਆ। ਉਨ੍ਹਾਂ ਦੱਸਿਆ ਕਿ ਪੁੱਤ ਨੇ ਉਥੇ ਸਖ਼ਤ ਮਿਹਨਤ ਕਰਕੇ ਪੈਸੇ ਇਕੱਠੇ ਕੀਤੇ ਸੀ, ਜੋ ਉਸ ਨੇ ਉਥੇ ਪੀਆਰ ਲੈਣ ਲਈ ਹੀ ਖਰਚ ਕਰ ਦਿੱਤੇ ਪਰ ਹੁਣ ਉਨ੍ਹਾਂ ਦਾ ਪੁੱਤ ਹੀ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ। ਪਰਿਵਾਰ ਵਲੋਂ ਸਰਕਾਰਾਂ ਤੋਂ ਮਦਦ ਦੀ ਅਪੀਲ ਕੀਤੀ ਜਾ ਰਹੀ ਕਿ ਉਨ੍ਹਾਂ ਦੇ ਪੁੱਤ ਦੀ ਮ੍ਰਿਤਕ ਦੇਹ ਪੰਜਾਬ ਲਿਆਉਂਦੀ ਜਾਵੇ ਤਾਂ ਜੋ ਉਹ ਪੁੱਤ ਦਾ ਆਖਰੀ ਵਾਰ ਮੂੰਹ ਦੇਖ ਸਕਣ ਅਤੇ ਉਸ ਦੀਆਂ ਅੰਤਿਮ ਰਸਮਾਂ ਖੁਦ ਕਰ ਸਕਣ।

Last Updated :Dec 26, 2023, 5:43 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.