ETV Bharat / state

ਦੀਵਾਨ ਟੋਡਰਮੱਲ ਜੀ ਦੀ 16ਵੀਂ ਪੀੜੀ ਵੀ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਲਗਾ ਰਹੀ ਹੈ ਲੰਗਰ, ਕਿਹਾ- ਸਾਰੀ ਪੀੜ੍ਹੀ ਹੈ ਗੁਰੂਘਰ ਲਈ ਸਮਰਪਿਤ

author img

By ETV Bharat Punjabi Team

Published : Dec 28, 2023, 7:16 AM IST

The 16th generation of Diwan Todarmal
ਦੀਵਾਨ ਟੋਡਰਮੱਲ ਜੀ ਦੀ 16ਵੀਂ ਪੀੜੀ ਵੀ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਲਗਾ ਰਹੀ ਹੈ ਲੰਗਰ

16th generation of Dewan Todermal ji: ਸਿੱਖ ਪੰਥ ਵਿੱਚ ਛੋਟੇ ਸਾਹਿਬਜ਼ਾਦਿਆਂ ਦੇ ਅੰਤਿਮ ਸੰਸਕਾਰ ਲਈ ਦੁਨੀਆਂ ਦੀ ਸਭ ਤੋਂ ਵੱਧ ਕੀਮਤੀ ਜ਼ਮੀਨ ਖਰੀਦਣ ਵਾਲੇ ਦੀਵਾਨ ਟੋਡਰ ਮੱਲ ਦੀ 16 ਵੀਂ ਪੀੜ੍ਹੀ ਵੀ ਗੁਰੂਘਰ ਦੀ ਸੇਵਾ ਵਿੱਚ ਸਮਰਪਿਤ ਹੈ। ਦੀਵਾਨ ਟੋਡਰ ਮੱਲ ਦੇ ਵੰਸ਼ਜ ਗੁਰਮੁਖ ਸਿੰਘ ਦਿੱਲੀ ਤੋਂ ਆਕੇ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਲੰਗਰ ਲਗਾ ਰਹੇ ਹਨ।

ਗੁਰਮੁਖ ਸਿੰਘ, ਦੀਵਾਨ ਟੋਡਰ ਮੱਲ ਦੇ ਵੰਸ਼ਜ

ਸ੍ਰੀ ਫਤਹਿਗੜ੍ਹ ਸਾਹਿਬ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਜਿੱਥੇ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਵੱਖ-ਵੱਖ ਸੰਸਥਾਵਾਂ ਦੇ ਵੱਲੋਂ 500 ਦੇ ਕਰੀਬ ਲੰਗਰ ਲਗਾਏ ਜਾਂਦੇ ਹਨ ਉੱਥੇ ਹੀ ਇਤਿਹਾਸ ਨਾਲ ਜੁੜੇ ਹੋਏ ਪਰਿਵਾਰ ਦੀਵਾਨ ਟੋਡਰਮਾਲ ਜੀ ਦੀ 16ਵੀਂ ਪੀੜ੍ਹੀ ਦੇ ਵਾਰਸਾਂ ਵੱਲੋਂ ਵੀ ਆਉਣ ਵਾਲੀਆਂ ਸੰਗਤਾਂ ਦੇ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੰਗਰ ਲਗਾਇਆ ਗਿਆ ਹੈ।

ਗੁਰੂ ਸਾਹਿਬ ਦੇ ਹੁਕਮ ਮੁਤਾਬਿਕ ਸੇਵਾ: ਲੰਗਰ ਦੀ ਸੇਵਾ ਕਰਨ ਲਈ ਪਹੁੰਚੇ ਦੀਵਾਨ ਟੋਡਰ ਮੱਲ ਦੇ ਵੰਸ਼ਜ ਗੁਰਮੁਖ ਸਿੰਘ ਨੇ ਕਿਹਾ ਕਿ ਉਹ ਹਰ ਸਾਲ ਇਸ ਧਰਤੀ ਉੱਤੇ ਸਿਜਦਾ ਕਰਦੇ ਹਨ ਅਤੇ ਜੋ ਗੁਰੂ ਸਾਹਿਬ ਦਾ ਹੁਕਮ ਹੁੰਦਾ ਉਸ ਮੁਤਾਬਿਕ ਉਹ ਲੰਗਰ ਦੀ ਸੇਵਾ ਹਰ ਸਾਲ ਨਿਭਾਉਂਦੇ ਹਨ। ਇਸ ਲੰਗਰ ਵਿੱਚ ਸੰਗਤਾਂ ਦਾ ਬਹੁਤ ਸਹਿਯੋਗ ਅਤੇ ਪਿਆਰ ਮਿਲਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕੁੱਝ ਨਹੀਂ ਕਰ ਰਹੇ, ਇਹ ਸਭ ਗੁਰੂ ਸਾਹਿਬ ਹੀ ਕਰਵਾ ਰਹੇ ਹਨ। ਅੱਗੇ ਸਾਡੀ ਪੀੜ੍ਹੀ ਦੇ ਬੱਚੇ ਕਰਨ ਨਾ ਕਰਨ, ਮੈਂ ਇਸ ਦੀ ਗਾਰੰਟੀ ਨਹੀਂ ਲੈ ਸਕਦਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਿਰਪਾ ਰਹੀ, ਮੈਨੂੰ ਜੋ ਸੇਵਾ ਮਿਲੀ ਹੈ, ਉਹ ਮੈਂ ਨਿਭਾਉਂਦਾ ਰਹਾਂਗਾ।

ਵਿਸ਼ਵ ਦੀ ਸਭ ਮਹਿੰਗੀ ਜਗ੍ਹਾ ਸੰਸਕਾਰ ਲਈ ਖਰੀਦੀ: ਉੱਥੇ ਹੀ ਸਰਕਾਰ ਵੱਲੋਂ ਦੀਵਾਨ ਟੋਡਰ ਮੱਲ ਦੀ ਜੱਦੀ ਹਵੇਲੀ ਦੀ ਸਾਂਭ ਸੰਭਾਲ ਕੀਤੇ ਜਾਣ ਉੱਤੇ ਉਨ੍ਹਾਂ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਉਸ ਇਤਿਹਾਸ ਨੂੰ ਸਾਂਭਿਆ ਜਾ ਰਿਹਾ ਹੈ। ਦੀਵਾਨ ਟੋਡਰ ਮੱਲ ਜੀ ਨੇ ਸੋਨੇ ਦੀਆਂ ਮੋਹਰਾਂ ਖੜ੍ਹੀਆਂ ਕਰਕੇ ਸਰਹਿੰਦ ਦੇ ਨਵਾਬ ਵਜ਼ੀਰ ਖਾਨ ਤੋਂ ਜ਼ਮੀਨ ਖਰੀਦੀ ਸੀ। ਉਸ ਜ਼ਮੀਨ ਉੱਤੇ ਦੋਵਾਂ ਛੋਟੇ ਸਾਹਿਬਜਾਦਿਆਂ ਬਾਬਾ ਜੋਰਾਵਰ ਸਿੰਘ, ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦਾ ਸੰਸਕਾਰ ਕੀਤਾ ਗਿਆ ਸੀ। ਇਹ ਜਗ੍ਹਾ ਵਿਸ਼ਵ ਦੀ ਸਭ ਤੋਂ ਮਹਿੰਗੀ ਜਗ੍ਹਾ ਹੈ, ਜਿੱਥੇ ਅੱਜ ਦੇ ਸਮੇਂ ਵਿੱਚ ਸਥਿਤ ਹੈ ਗੁਰਦੁਆਰਾ ਸ਼੍ਰੀ ਜਯੋਤੀ ਸਰੂਪ ਸਾਹਿਬ ਅਤੇ ਦੀਵਾਨ ਟੋਡਰ ਮੱਲ ਦੀ ਜੱਦੀ ਹਵੇਲੀ ਅੱਜ ਵੀ ਇਸ ਧਰਤੀ ਉੱਤੇ ਮੌਜੂਦ ਹੈ, ਜੋ ਇਤਿਹਾਸ ਦੀ ਗਵਾਹੀ ਭਰਦੀ ਹੈ। ਇਤਿਹਾਸਕਾਰ ਦੱਸਦੇ ਹਨ ਕਿ ਸੰਸਕਾਰ ਮਗਰੋਂ ਵਜ਼ੀਰ ਖਾਨ ਦਾ ਕਹਿਰ ਦੀਵਾਨ ਟੋਡਰ ਮੱਲ ਉੱਤੇ ਵੀ ਵਰ੍ਹਿਆ। ਇਸ ਮਾਮਲੇ ਬਾਰੇ ਪਤਾ ਲੱਗਣ ਤੋਂ ਬਾਅਦ ਵਜ਼ੀਰ ਖਾਨ ਦੀਵਾਨ ਟੋਡਰ ਮੱਲ ’ਤੇ ਟੁੱਟ ਪਿਆ। ਆਪਣੇ ਪਰਿਵਾਰ ਦੀ ਸੁਰੱਖਿਆ ਲਈ ਦੀਵਾਨ ਟੋਡਰ ਮੱਲ ਨੂੰ ਆਪਣਾ ਘਰ ਅਤੇ ਕਾਰੋਬਾਰ ਛੱਡ ਕੇ ਇੱਥੋ ਜਾਣਾ ਪਿਆ ਸੀ।



ETV Bharat Logo

Copyright © 2024 Ushodaya Enterprises Pvt. Ltd., All Rights Reserved.