ETV Bharat / state

ਗੁਰਦਾਸਪੁਰ ਦੇ ਦੋ ਦਾਅਵੇਦਾਰ ਸਿਆਸੀ ਦੌੜ ਤੋਂ ਬਾਹਰ, ਹੁਣ ਭਾਜਪਾ ਕਿਵੇਂ ਬਚਾਵੇਗੀ ਆਪਣਾ ਸਿਆਸੀ ਕਿਲ੍ਹਾ, ਦੇਖੋ ਖਾਸ ਰਿਪੋਰਟ

author img

By ETV Bharat Punjabi Team

Published : Aug 24, 2023, 11:57 AM IST

Updated : Aug 24, 2023, 2:17 PM IST

ਗੁਰਦਾਸਪੁਰ ਦਾ ਆਪਣਾ ਗੜ੍ਹ ਬਚਾਉਣਾ ਭਾਜਪਾ ਲਈ ਵੱਡੀ ਚੁਣੌਤੀ ਬਣ ਚੁੱਕਿਆ, ਕਿਉਂਕਿ ਸੰਨੀ ਦਿਓਲ ਵਲੋਂ ਸਿਆਸਤ ਛੱਡਣ ਦਾ ਐਲਾਨ ਕੀਤਾ ਗਿਆ ਹੈ, ਜਦਕਿ ਸੁਨੀਲ ਜਾਖੜ ਵਲੋਂ ਚੋਣ ਨਾ ਲੜਨ ਦੇ ਸੰਕੇਤ ਦਿੱਤੇ ਜਾ ਰਹੇ ਹਨ। ਜਿਸ ਕਾਰਨ ਭਾਜਪਾ ਨੂੰ ਇਸ ਵਾਰ ਕੋਈ ਹੋਰ ਉਮੀਦਵਾਰ ਚੋਣ ਮੈਦਾਨ 'ਚ ਖੜਾ ਕਰਨਾ ਪਵੇਗਾ।

Gurdaspur in the Lok Sabha elections
ਗੁਰਦਾਸਪੁਰ ਦੇ ਦੋ ਦਾਅਵੇਦਾਰ ਸਿਆਸੀ ਦੌੜ ਤੋਂ ਬਾਹਰ

ਚੰਡੀਗੜ੍ਹ: ਲੋਕ ਸਭਾ 2024 ਲਈ ਤਰੀਕਾਂ ਦਾ ਐਲਾਨ ਹੋਣਾ ਅਜੇ ਬਾਕੀ ਹੈ ਪਰ ਉਸ ਤੋਂ ਪਹਿਲਾਂ ਹੀ ਪੰਜਾਬ ਦੀ ਸਿਆਸਤ ਵਿਚ ਉੱਥਲ ਪੁੱਥਲ ਸ਼ੁਰੂ ਹੋ ਗਈ ਹੈ। ਲੋਕ ਸਭਾ ਹਲਕਾ ਗੁਰਦਾਸਪੁਰ ਪੰਜਾਬ ਦੇ ਸਾਰੇ ਸਿਆਸੀ ਸਮੀਕਰਨਾਂ ਨੂੰ ਬਦਲਦਾ ਨਜ਼ਰ ਆ ਰਿਹਾ ਹੈ ਜੋ ਕਿ ਭਾਜਪਾ ਲਈ ਚੰਗਾ ਸੰਕੇਤ ਨਹੀਂ ਹੈ। ਇਥੋਂ ਮੌਜੂਦਾ ਲੋਕ ਸਭਾ ਮੈਂਬਰ ਸੰਨੀ ਦਿਓਲ ਨੇ ਸਿਆਸਤ ਤੋਂ ਕਿਨਾਰਾ ਕਰ ਲਿਆ ਹੈ ਅਤੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ। ਇਸ ਹਲਕੇ ਤੋਂ ਕਾਂਗਰਸ ਵਲੋਂ ਲੋਕ ਸਭਾ ਮੈਂਬਰ ਰਹਿ ਚੁੱਕੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੀ ਚੋਣ ਨਾ ਲੜਨ ਦਾ ਇਸ਼ਾਰਾ ਕਰ ਰਹੇ ਹਨ। ਭਾਜਪਾ ਦੇ ਦੋ ਦਾਅਵੇਦਾਰ 2024 ਦੇ ਸਿਆਸੀ ਮੈਦਾਨ ਵਿਚੋਂ ਬਾਹਰ ਹੋ ਗਏ ਹਨ ਤੇ ਹੁਣ ਭਾਜਪਾ ਲਈ ਇਕ ਨਵੀਂ ਚੁਣੌਤੀ ਹੈ ਕਿ ਭਾਜਪਾ ਆਪਣਾ ਕਿਲ੍ਹਾ ਕਿਵੇਂ ਬਚਾਵੇਗੀ ?

Gurdaspur in the Lok Sabha elections
ਲੋਕ ਸਭਾ ਹਲਕਾ ਗੁਰਦਾਸਪੁਰ

ਭਾਜਪਾ ਲਈ ਚੁਣੌਤੀ ਬਣਿਆ ਗੁਰਦਾਸਪੁਰ : ਭਾਜਪਾ ਦੀ ਇਹ ਤ੍ਰਾਸਦੀ ਹੈ ਕਿ ਵਿਨੋਦ ਖੰਨਾ ਦਾ ਬਦਲ ਅਜੇ ਤੱਕ ਪਾਰਟੀ ਨੂੰ ਨਹੀਂ ਲੱਭ ਸਕਿਆ। ਇੱਕ ਦਹਾਕੇ ਤੋਂ ਵੱਧ ਸਮਾਂ 1998 ਤੋਂ 2009 ਤੱਕ ਵਿਨੋਦ ਖੰਨਾ ਲਗਾਤਾਰ ਇਥੋਂ ਲੋਕ ਸਭਾ ਮੈਂਬਰ ਰਹੇ ਅਤੇ 2014 ਵਿਚ ਫਿਰ ਐਮਪੀ ਚੁਣੇ ਗਏ। ਇਸ ਹਲਕੇ ਤੇ ਵਿਨੋਦ ਖੰਨਾ ਦਾ ਚੰਗਾ ਪ੍ਰਭਾਵ ਰਿਹਾ ਹੈ। ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਉਹਨਾਂ ਦੀ ਪਤਨੀ ਨੂੰ ਇਸ ਸੀਟ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਸੀ। ਇਸ ਦਾਆਵੇਦਾਰੀ ਦੇ ਵਿਚਕਾਰ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਸੰਨੀ ਦਿਓਲ ਨੂੰ ਮੁੰਬਈ ਤੋਂ ਲਿਆ ਕੇ ਉਮੀਦਵਾਰ ਬਣਾ ਦਿੱਤਾ ਗਿਆ। ਸੰਨੀ ਦਿਓਲ ਦੀ ਕਾਰਗੁਜ਼ਾਰੀ ਤੋਂ ਗੁਰਦਾਸਪੁਰੀਏ ਇਸ ਤਰ੍ਹਾਂ ਖ਼ਫਾ ਹੋਏ ਕਿ ਸੰਨੀ ਦਿਓਲ ਦੀ ਗੁੰਮਸ਼ੁਦਗੀ ਦੇ ਪੋਸਟਰ ਪੂਰੇ ਜ਼ਿਲ੍ਹੇ ਵਿਚ ਲਗਾ ਦਿੱਤੇ ਗਏ। ਬਤੌਰ ਲੋਕ ਸਭਾ ਮੈਂਬਰ ਸੰਨੀ ਦਿਓਲ ਦੀ ਕਾਰਗੁਜ਼ਾਰੀ ਨੂੰ ਵਿਨੋਦ ਖੰਨਾ ਦੇ ਮੁਕਾਬਲੇ ਚੰਗੀ ਨਹੀਂ ਮੰਨਿਆ ਗਿਆ। ਇਸ ਦਰਮਿਆਨ ਭਾਜਪਾ ਨੂੰ ਸੁਨੀਲ ਜਾਖੜ ਵਜੋਂ ਇਕ ਚੰਗਾ ਬਦਲ ਮਿਲ ਗਿਆ ਸੀ ਤੇ ਹੁਣ ਜਾਖੜ ਦਾ ਵੀ ਮਨ ਚੋਣ ਲੜਨ ਦਾ ਨਹੀਂ ਤੇ ਸੰਨੀ ਦਿਓਲ ਨੇ ਤਾਂ ਸਿਆਸਤ ਤੋਂ ਤੌਬਾ ਹੀ ਕਰ ਦਿੱਤੀ ਹੈ। ਅਜਿਹੇ ਵਿਚ 2024 ਦਾ ਚੋਣ ਮੈਦਾਨ ਗੁਰਦਾਸਪੁਰ ਤੋਂ ਭਾਜਪਾ ਲਈ ਚੁਣੌਤੀ ਭਰਿਆ ਹੋ ਸਕਦਾ ਹੈ।

Gurdaspur in the Lok Sabha elections
ਸੰਨੀ ਦਿਓਲ ਤੇ ਸੁਨੀਲ ਜਾਖੜ

ਜਾਖੜ ਅਤੇ ਸੰਨੀ ਦਿਓਲ ਦਾ ਗੁਰਦਾਸਪੁਰ ਕੁਨੈਕਸ਼ਨ: ਭਾਜਪਾ ਪੰਜਾਬ ਵਿਚ ਅਜੇ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅਜਿਹਾ ਪਹਿਲੀ ਵਾਰ ਹੈ ਕਿ ਭਾਜਪਾ ਪੰਜਾਬ ਵਿਚ ਬਿਨ੍ਹਾਂ ਕਿਸੇ ਗੱਠਜੋੜ ਤੋਂ ਇਕੱਲਿਆਂ ਲੋਕ ਸਭਾ ਚੋਣਾਂ ਲੜ ਸਕਦੀ ਹੈ। ਸੁਨੀਲ ਜਾਖੜ ਹੋਣ ਚਾਹੇ ਸੰਨੀ ਦਿਓਲ ਪਰ ਗੁਰਦਾਸਪੁਰ ਦੋਵਾਂ ਦਾ ਹੀ ਜੱਦੀ ਹਲਕਾ ਨਹੀਂ ਹੈ। ਇਸ ਹਲਕੇ ਲਈ ਦੋਵੇਂ ਹੀ ਬਾਹਰੀ ਹਨ। ਸੰਨੀ ਦਿਓਲ ਦਾ ਪਿਛੋਕੜ ਪੰਜਾਬ ਵਿਚ ਹੋਣ ਕਾਰਨ ਉਸਨੂੰ ਪੰਜਾਬ ਵਿਚ ਪਸੰਦ ਕੀਤਾ ਜਾਂਦਾ ਰਿਹਾ ਅਤੇ ਪੰਜਾਬ ਵਿਚ ਸੰਨੀ ਦਿਓਲ ਦੀ ਫੈਨ ਫੋਲੋਇੰਗ ਚੰਗੀ ਸੀ। ਇਹੀ ਕਾਰਨ ਰਿਹਾ ਕਿ ਪੈਰਾਸ਼ੂਟ ਦੀ ਤਰ੍ਹਾਂ ਚੋਣ ਮੈਦਾਨ ਵਿਚ ਉਤਾਰੇ ਗਏ ਸੰਨੀ ਦਿਓਲ ਨੂੰ ਗੁਰਦਾਸਪੁਰੀਆਂ ਨੇ ਅੱਖਾਂ ਦੀ ਪਲਕਾਂ 'ਤੇ ਬਿਠਾ ਲਿਆ। ਗੁਰਦਾਸਪੁਰ ਜ਼ਿਮਨੀ ਚੋਣਾਂ ਵਿਚ ਜਾਖੜ ਦੀ ਜਿੱਤ ਦਾ ਕਾਰਨ ਉਸ ਵੇਲੇ ਕਾਂਗਰਸ ਦੀ ਸਰਕਾਰ ਦਾ ਸੱਤਾ ਵਿਚ ਹੋਣਾ ਸੀ ਕਿਉਂਕਿ ਜ਼ਿਮਨੀ ਚੋਣਾਂ ਦੇ ਨਤੀਜੇ ਜ਼ਿਆਦਾਤਰ ਸੱਤਾ ਧਿਰ ਦੇ ਹੱਕ ਵਿਚ ਹੀ ਆਉਂਦੇ ਹਨ। ਜਦਕਿ ਲੋਕ ਸਭਾ ਮੈਂਬਰ ਵਜੋਂ ਦੋਵਾਂ ਨੇ ਹੀ ਆਪਣੀਆਂ ਜ਼ਿੰਮੇਵਾਰੀਆਂ ਠੀਕ ਤਰੀਕੇ ਨਾਲ ਨਹੀਂ ਨਿਭਾਈਆਂ। ਜੇਕਰ ਚੰਗੇ ਸਿਆਸਤਦਾਨ ਵਜੋਂ ਆਪਣੀ ਡਿਊਟੀ ਨਿਭਾਈ ਹੁੰਦੀ ਤਾਂ ਜ਼ਰੂਰੀ ਨਹੀਂ ਕਿ ਜਾਖੜ ਨੂੰ ਉਥੋਂ ਹਾਰ ਮਿਲਦੀ। ਸੰਨੀ ਦਿਓਲ ਦੀ ਗੈਰ ਹਾਜ਼ਰੀ ਤਾਂ ਲਗਾਤਾਰ ਗੁਰਦਾਸਪੁਰ ਵਾਸੀਆਂ ਨੂੰ ਖਟਕਦੀ ਰਹੀ।

Gurdaspur in the Lok Sabha elections
ਭਾਜਪਾ ਆਗੂ ਹਰਜੀਤ ਗਰੇਵਾਲ ਦਾ ਰਿਐਕਸ਼ਨ

ਗੁਰਦਾਸਪੁਰ ਦੇ ਸਿਆਸੀ ਸਮੀਕਰਨ ਕੀ ?: ਪੰਜਾਬ ਦਾ ਗੁਰਦਾਸਪੁਰ ਲੋਕ ਸਭਾ ਹਲਕਾ 1952 ਵਿਚ ਲੋਕ ਸਭਾ ਹਲਕੇ ਵਜੋਂ ਹੋਂਦ ਵਿਚ ਆਇਆ। ਗੁਰਦਾਸਪੁਰ ਦੇ 9 ਵਿਧਾਨ ਸਭਾ ਹਲਕਿਆਂ ਵਿਚੋਂ ਮੌਜੂਦਾ ਸਮੇਂ 1 ਹਲਕਾ ਭਾਜਪਾ ਕੋਲ ਹੈ, 2 ਆਮ ਆਦਮੀ ਪਾਰਟੀ ਅਤੇ ਬਾਕੀ 6 ਤੋਂ ਕਾਂਗਰਸੀ ਵਿਧਾਇਕ ਹਨ। 12 ਵਾਰ ਇਥੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਚੁਣੇ ਗਏ ਅਤੇ 5 ਵਾਰ ਭਾਜਪਾ ਨੇ ਇਥੋਂ ਬਾਜ਼ੀ ਮਾਰੀ ਹੈ। 1998 'ਚ ਵਿਨੋਦ ਖੰਨਾ ਦੇ ਐਮਪੀ ਬਣਨ ਤੋਂ ਬਾਅਦ ਇਹ ਹਲਕਾ ਭਾਜਪਾ ਦਾ ਗੜ ਬਣ ਗਿਆ। ਵਿਨੋਦ ਖੰਨਾ ਇਥੋਂ 4 ਵਾਰ ਲੋਕ ਸਭਾ ਮੈਂਬਰ ਬਣੇ ਅਤੇ ਉਹਨਾਂ ਦੀ ਮੌਤ ਤੋਂ ਬਾਅਦ 2017 'ਚ ਜ਼ਿਮਨੀ ਚੋਣ ਜਿੱਤ ਕੇ 2 ਸਾਲ ਲਈ ਜਾਖੜ ਵੀ ਐਮਪੀ ਬਣੇ। 2019 ਵਿਚ ਭਾਜਪਾ ਨੇ ਸੰਨੀ ਦਿਓਲ ਨੂੰ ਚੋਣ ਮੈਦਾਨ 'ਚ ਉਤਾਰਿਆ ਅਤੇ ਭਾਜਪਾ ਮੁੜ ਤੋਂ ਗੁਰਦਾਸਪੁਰ ਜਿੱਤਣ ਵਿਚ ਕਾਮਯਾਬ ਹੋਈ। 2019 ਲੋਕ ਸਭਾ ਚੋਣਾਂ ਮੁਤਾਬਿਕ ਗੁਰਦਾਸਪੁਰ ਵਿਚ ਕੁੱਲ 20,71,844 ਦੀ ਅਬਾਦੀ ਹੈ ਜਿਹਨਾਂ ਵਿਚ 68 ਪ੍ਰਤੀਸ਼ਤ ਅਬਾਦੀ ਪੇਂਡੂ ਹੈ ਅਤੇ 31 ਪ੍ਰਤੀਸ਼ਤ ਸ਼ਹਿਰੀ ਅਬਾਦੀ ਹੈ। ਗੁਰਦਾਸਪੁਰ ਵਿਚ 24 ਪ੍ਰਤੀਸ਼ਤ ਐਸਸੀ ਕੈਟਾਗਿਰੀ ਦੇ ਲੋਕ ਹਨ। ਵੋਟਰਜ਼ ਦੀ ਗੱਲ ਕਰੀਏ ਤਾਂ 2019 ਚੋਣਾਂ ਦੌਰਾਨ ਗੁਰਦਾਸਪੁਰ ਵਿਚ 11,03,887 ਲੋਕਾਂ ਨੇ ਵੋਟਿੰਗ ਕੀਤੀ ਜਿਸ ਲਈ 69 ਪ੍ਰਤੀਸ਼ਤ ਵੋਟਿੰਗ ਹੋਈ।

Gurdaspur in the Lok Sabha elections
ਗੁਰਦਾਸਪੁਰ ਤੋਂ ਦੋ ਸਿਆਸੀ ਦਾਅਵੇਦਾਰ ਰੇਸ ਤੋਂ ਬਾਹਰ

ਆਪਣਾ ਕਿਲ੍ਹਾ ਕਿਵੇਂ ਬਚਾਵੇਗੀ ਭਾਜਪਾ ?: ਸਿਆਸੀ ਮਾਹਿਰ ਬਲਜੀਤ ਮਰਵਾਹਾ ਕਹਿੰਦੇ ਹਨ ਕਿ ਇਹ ਭਾਜਪਾ ਹੀ ਹੈ ਜਿਸਨੇ ਸੈਲੀਬ੍ਰਿਰਟੀ ਕਲਚਰ ਦੀ ਸ਼ੁਰੂਆਤ ਕੀਤੀ ਸੀ ਅਤੇ ਕਲਾਕਾਰਾਂ ਨੂੰ ਚੋਣ ਮੈਦਾਨ ਵਿਚ ਉਤਾਰਣਾ ਸ਼ੁਰੂ ਕੀਤਾ। ਉਸੇ ਨੀਤੀ ਤਹਿਤ ਵਿਨੋਦ ਖੰਨਾ ਅਤੇ ਸੰਨੀ ਦਿਓਲ ਨੂੰ ਵੀ ਚੋਣ ਮੈਦਾਨ ਵਿਚ ਉਤਾਰਿਆ ਗਿਆ। ਹਾਲਾਂਕਿ ਹੁਣ ਬਾਕੀ ਪਾਰਟੀਆਂ ਵੀ ਕੁਝ ਇਸ ਕਲਚਰ ਨੂੰ ਅਪਣਾਉਣ ਲੱਗੀਆਂ ਹਨ। ਅਜਿਹੇ ਵਿਚ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿਚੋਂ ਭਾਜਪਾ ਕੁਝ ਸੀਟਾਂ ਤਾਂ ਹਾਸਲ ਕਰਨੀਆਂ ਹੀ ਚਾਹੇਗੀ। ਜਿਸ ਲਈ ਉਹ ਪੈਰਾਸ਼ੂਟ ਰਾਹੀਂ ਕਿਸੇ ਕਲਾਕਾਰ ਨੂੰ ਵੀ ਮੁੜ ਤੋਂ ਗੁਰਦਾਸਪੁਰ ਦਾ ਉਮੀਦਵਾਰ ਬਣਾ ਸਕਦੀ ਹੈ। ਸੁਨੀਲ ਜਾਖੜ ਲਈ ਵੀ ਇਹ ਪ੍ਰੀਖਿਆ ਦੀ ਘੜੀ ਹੈ ਕਿ ਉਨ੍ਹਾਂ ਦੀ ਪ੍ਰਧਾਨਗੀ ਵਿਚ ਇਸ ਵਾਰ ਭਾਜਪਾ ਨੇ ਪੰਜਾਬ ਦੇ ਚੋਣ ਮੈਦਾਨ 'ਚ ਉਤਰਣਾ ਹੈ। ਚਰਚਾਵਾਂ ਤਾਂ ਇਹ ਵੀ ਹਨ ਕਿ ਸੰਨੀ ਦਿਓਲ ਅਤੇ ਜਾਖੜ ਦੀ ਗੈਰ ਮੌਜੂਦਗੀ ਵਿਚ ਭਾਜਪਾ ਆਪਣਾ ਕਿਲ੍ਹਾ ਬਚਾਉਣ ਲਈ ਕਿਸੇ ਕਲਾਕਾਰ ਨੂੰ ਹੀ ਪੈਰਾਸ਼ੂਟ ਉਮੀਦਵਾਰ ਬਣਾ ਕੇ ਚੋਣ ਮੈਦਾਨ ਵਿਚ ਉਤਾਰ ਸਕਦੀ ਹੈ।



Last Updated :Aug 24, 2023, 2:17 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.